ਸਭ ਮਨੁੱਖਾਂ ਵਿੱਚ ਥੋਹੜਾ ਬਾਹਲਾ ਕਵੀ-ਚਿੱਤ ਹੈ, ਪਰ ਉਨ੍ਹਾਂ ਆਪਣਾ ਅਕਸ ਸ਼ੀਸ਼ਾ ਗਲਤ ਚੀਜ਼ਾਂ ਦੇ ਪ੍ਰਭਾਵ ਖਿੱਚਣ ਵਲ ਮੋੜਿਆ ਹੋਇਆ ਹੈ । ਦੁਨੀਆਂ ਵਿੱਚੋਂ ਚੋਟੀ ਦੇ ਲੋਕ ਸ਼ੈਕਸਪੀਅਰ ਤੇ ਕਾਲੀਦਾਸ ਵਰਗੇ ਕਵੀ ਉਹੋ ਪਲੇਟ ਕੁਦਰਤ ਜਿਸ ਵਿੱਚ ਹੈਵਾਨ-ਇਨਸਾਨ ਵੀ ਸ਼ਾਮਲ ਹੈ, ਸਿੱਧਾ ਕਰ ਆਦਮੀ ਦੇ ਅੰਦਰ ਦੀ ਅੰਤਯਾਤਮਾ ਦੇ ਕ੍ਰਿਸ਼ਮੇ ਕਰਦੇ ਹਨ, ਪਰ ਇਹ ਵੀ ਹਾਲੇ ਦਿਵ ਕਵਿਤਾ ਦੇ ਰੁਖ਼ ਦੇ ਪ੍ਰਭਾਵ ਨਹੀਂ ਹਨ । ਕੋਈ ਕੋਈ, ਕਦੀ ਕਦੀ ਝਾਵਲਾ ਆਪਮੁਹਾਰਾ ਪੈ ਜਾਂਦਾ ਹੈ, ਅਸਲ ਤਾਂ ਕਵੀ-ਚਿੱਤ ਉਹ ਹੈ, ਜੋ ਆਪਣਾ ਚਿੱਤ ਛੁਪਾ ਲੁਕਾ ਕੇ, ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਤੇ ਪ੍ਰਭਾਵਾਂ ਵੱਲ ਰੁਖ਼ ਕਰ ਉਪਰਲੇ ਹੁਕਮ-ਦੇਸਾਂ ਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਤੇ ਉਨ੍ਹਾਂ ਨੂੰ ਮੂਰਤੀ-ਮਾਨ ਕਰਦੇ ਹਨ, ਇਸ ਅਰਥ ਵਿੱਚ ਸਿਵਾਏ ਮਹਾਂਪੁਰਖਾਂ, ਸਾਧਾਂ ਤੇ ਰੱਬੀ ਅੰਸ਼ ਵਾਲੇ ਨਿਤਯ ਅਵਤਾਰਾਂ ਦੇ ਕੋਈ ਹੋਰ ਕਵੀ-ਸਿੰਘਾਸਨ ਤੇ ਬੈਠ ਨਹੀਂ ਸਕਦਾ, ਤੇ ਧੁਰ ਦੀ ਬਾਣੀ ਕੇਵਲ ਕਵਿਤਾ ਦਾ ਦਰਜਾ ਰੱਖਦੀ ਹੈ, ਬਾਕੀ ਨਹੀਂ ॥
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਗੱਲ ਥੀਂ ਛੁੱਟ ਅਪਣੀ ਪਾਰਖੀ ਚੋਣ ਸਿਰਫ ਬਾਣੀ ਰੂਪ ਕਵਿਤਾ ਦੀ ਕੀਤੀ ਹੈ। ਨਿਰੀ ਕਵਿਤਾ ਨੂੰ ਸੱਚੀ ਬੀੜ ਵਿਚ ਨਹੀਂ ਚਾੜ੍ਹਿਆ, ਪਰ ਗੱਲ ਅਸਲ ਇਹ ਹੈ, ਕਿ ਦਿੱਸਦੀ ਦੁਨੀਆਂ ਦੇ ਕਵੀ ਦਾ ਮਜ਼ਮੂਨ ਬਣੇ ਤਾਂ ਅਫਸੋਸ ਹੈ! ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਤੇ ਜੇ ਜ਼ਰਾ ਵੀ ਇਕਾਗਰ ਹੋ ਕੇ ਦੁਨੀਆਂ ਦੇ ਰੰਗਾਂ ਵਿਚ ਸੈਰ ਕਰਨਾ ਚਾਹੇ ਤਾਂ ਆਪਣੀ ਖੁੱਲ੍ਹ ਵਿਚ ਆ ਕੇ ਖੁੱਲ੍ਹਾ ਕਰ ਸਕਦਾ ਹੈ। ਮੈਂ ਹੀ ਤਾਂ ਤੀਮੀ, ਮਰਦ, ਚੋਰ, ਯਾਰ, ਜਵਾਰੀਆ, ਬਾਦਸ਼ਾਹ, ਅਮੀਰ, ਫਕੀਰ ਹਾਂ। ਭੇਸ ਬਦਲਿਆ ਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦਸ ਸਕਦਾ ਹਾਂ, ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕੁਛ ਬਣ ਕੇ ਉਸੀ ਤਰਾਂ ਦੇ ਕੰਮ ਆਪ-ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦ੍ਰਿਸ਼ਟ ਵਿੱਚ, ਆਪਣੇ ਥੀਂ ਉੱਚੇ ਜੀਵਨ ਦਾ ਜਾਣੂ ਹੋਣਾ, ਉਹਦਾ ਪਤਾ ਕਵੀ ਪਾਸੋਂ ਅਸੀ ਪੁੱਛਣ ਦੇ ਹੱਕਦਾਰ ਹਾਂ, ਪਰ ਉਹ ਨਾ ਸ਼ੈਕਸਪੀਅਰ ਨਾ ਕਾਲੀ ਦਾਸ ਕੋਈ ਹੁੰਦਾ ਹੈ। ਕਾਹਦੇ ਕਵੀ ਹੋਏ ? ਸ਼ੈਕਸਪੀਅਰ ਪ੍ਰਾਸਪੀਰੋ ਥੀਂ ਵੱਧ ਤੇ ਹੈਮਲਿਟ ਦੇ ਆਪਣੇ ਮੋਏ ਹੋਏ ਪਿਉ ਦੇ ਪ੍ਰੇਤ ਦੇਖਣ ਥੀਂ ਵੱਧ ਹੋਰ ਕੋਈ ਅਦ੍ਰਿਸ਼ਟ ਦੇਸਾਂ ਦਾ ਹਾਲ ਨਹੀਂ ਦੱਸ ਸਕਿਆ । ਕਾਲੀਦਾਸ ਇੰਨਾ ਦੱਸਦਾ ਹੈ, ਕਿ ਸੁਹਣੱਪ ਉੱਪਰੋਂ ਆਉਂਦੀ ਹੈ, ਪਰ ਫਿਰ ਸਿਵਾਇ ਸ਼ਿੰਗਾਰ ਰਸ ਦੀਆਂ ਉੱਚੀਆਂ ਤਸਵੀਰਾਂ ਦੇ ਕੀ ਹੋਰ ਖਿੱਚਦਾ ਹੈ । ਇਨ੍ਹਾਂ ਥੀਂ ਤਾਂ ਭਰਥਰੀਹਰੀ ਬੜੇ ਉੱਚ ਪਾਏ ਦਾ ਕਵੀ ਹੈ, ਹੋਰ ਨਹੀਂ ਤਾਂ ਇਨ੍ਹਾਂ ਦੀ ਕਵਿਤਾ ਨੂੰ ਕੰਡ ਦੇਣ ਵਿੱਚ ਤਾਂ ਸ਼ੇਰ ਹੈ ॥