ਮਜ਼੍ਹਬ ਪਿਆਰ ਵਾਂਗ, ਭਾਵ ਵਾਂਗ, ਸ਼ਰੀਰਕ ਦੁਖ, ਸੁਖ, ਸੁਭਾ ਵਾਂਗ, ਜੀਵਨ-ਹਿਲ ਵਾਂਗ, ਜੀਵਨ ਭੁੱਖ ਵਾਂਗ ਸਭ ਨਾਲ ਕਿਸੇ ਨਾ ਕਿਸੇ ਰੂਪ ਅੰਤਰ, ਅੰਸ਼ ਮਾਤ੍ਰ, ਇਕ ਕਸਰ ਇਸ਼ਾਰਿਆਂ ਵਾਂਗ ਸਭ ਪਾਸ ਹੁੰਦਾ ਹੈ ਤੇ ਓਸੇ ਦੇ ਆਸਰੇ ਜੀਵਨ ਲੰਘਦਾ ਹੈ, ਬਿਨਾ ਸਿਮਰਣ, ਨਾਮ, ਧਿਆਨ, ਦੇ ਕੋਈ ਪ੍ਰਾਣੀ ਜੀ ਹੀ ਨਹੀਂ ਸਕਦਾ, ਪਰ ਹਰ ਇਕ ਦੇ ਹਿੱਸੇ ਓਨਾ ਹੀ ਆਇਆ ਹੋਇਆ ਹੈ ਜਿੰਨੀ ਜੀਵਨ ਦੀ ਅੱਗ ਉਸ ਵਿੱਚ ਪ੍ਰਦੀਪਤ ਹੈ । ਇਕ ਸ਼ੇਰਨੀ ਜਿਹੜੀ ਇੰਨੀ ਭਿਆਨਕ ਹੈ, ਕਿ ਹਿਰਨਾਂ ਨੂੰ ਮਾਰ ਕੇ ਉਨਾਂ ਦੀ ਰੱਤ ਪੈਂਦੀ ਹੈ, ਮੁੜ ਮੁੜ ਪਿੱਛੇ ਮੁੜ ਆਪਣੇ ਬੱਚਿਆਂ ਵਲ ਵੇਖਦੀ ਹੈ, ਉਨਾਂ ਨੂੰ ਦੁੱਧ ਪਿਲਾਂਦੀ ਹੈ, ਉਨ੍ਹਾਂ ਨੂੰ ਕਿਉਂ ਨਹੀਂ ਮਾਰਦੀ? ਓਨੀ ਦਯਾ ਉਸ ਵਿੱਚ ਸਹਿਜ ਸੁਭਾ ਕਿਉਂ ਹੈ ? ਤੇ ਦੂਜੇ ਪਾਸੇ ਹੈਵਾਨਾਂ ਦੇ ਦੇਸ਼ ਵਿੱਚ ਇਕ ਦਯਾ ਦਾ ਇਤਬਾਰ ਆਉਂਦਾ ਹੈ, ਉਹ ਉਸ ਸ਼ਿਕਾਰੀ ਰਾਜਾ ਸ਼ਿਕਾਰੀ ਦੇ ਚਿੱਲੇ ਚਾੜ੍ਹੇ ਬਾਣ ਤੇ ਹਿਰਨ ਦੇ ਵਿੱਚ ਆਪਣਾ ਦਿਵਸ ਪ੍ਰਕਾਸ਼ਮਾਨ ਸਰੀਰ ਰੱਖਦਾ ਹੈ, "ਮੈਨੂੰ ਮਾਰ ਪਰ ਏਹਨੂੰ ! ਨਾ ਮਾਰ'', ਕਹਿੰਦਾ ਨਹੀਂ, ਪਰ ਰਾਜੇ ਦਾ ਬਾਣ ਡਿੱਗ ਪੈਂਦਾ ਹੈ, ਰਾਜੇ ਦਾ ਰੂਹ ਚਰਨ ਸ਼ਰਨ ਆਉਂਦਾ ਹੈ । ਸ਼ੇਰਨੀ ਦੀ ਦਯਾ ਆਪਣੇ ਬੱਚਿਆਂ ਲਈ ਤੇ ਬੁੱਧ ਦੇਵ ਦੀ ਦਯਾ ਹਿਰਨੀ ਦੇ ਬੱਚਿਆਂ ਲਈ, ਦੋਵੇਂ ਕਾਦਰ ਦੀ ਕੁਦਰਤ ਹਨ । ਸ਼ੇਰਨੀ ਦੀ ਜਿੰਦ ਹਿਰਨ ਨੂੰ ਮਾਰ ਕੇ ਖਾਣ ਦੀ ਮਜਬੂਰੀ ਵਿੱਚ ਕੈਦ ਹੈ ਪਰ ਉਸ ਜੇਹਲਖਾਨੇ ਦੀ ਇਕ ਖਿੜਕੀ ਹੈ ਆਪਣੇ ਬੱਚਿਆਂ ਦਾ ਪਿਆਰ, ਉਨ੍ਹਾਂ ਦਾ ਧਿਆਨ, ਸਿਮਰਨ, ਤੇ ਉਸ ਨੂੰ ਭਾਵੇਂ ਕਿੱਥੇ ਚਲੀ ਜਾਵੇ ਆਪਣੇ ਬੱਚੇ ਯਾਦ ਹਨ॥
"ਊਡੇ ਊਡਿ ਆਵੈ ਸੈ ਕੋਸਾ
ਤਿਸੁ ਪਾਛੈ ਬਚਰੇ ਛਰਿਆ।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ
ਮਨ ਮਹਿ ਸਿਮਰਨੁ ਕਰਿਆ" ॥
ਇਹ ਕੁੰਜਾਂ ਜਿਹੜੀਆਂ ਰੂਸ ਦੇ ਠੰਢੇ ਸਾਈਬੇਰੀਆ ਥੀਂ ਉੱਡ ਕੇ ਪੰਜਾਬ ਵਿੱਚ ਆਉਂਦੀਆਂ ਹਨ, ਸ਼ਾਇਦ ਚੋਗਾ ਹੀ ਚੁੱਗਣ, ਇਨਾਂ ਸੋਹਣੇ ਉਡਾਰੂ ਮਹਿਮਾਨਾਂ ਲਈ ਉਪਰਲਾ ਵਚਨ ਹੋਇਆ। ਇਹ ਸਿਮਰਣ ਹੈਵਾਨਾਂ, ਪੰਛੀਆਂ, ਮਨੁੱਖਾਂ ਵਿੱਚ ਸਭ ਵਿੱਚ ਪਾਇਆ ਜਾਂਦਾ ਹੈ। ਇਹ ਮਜ਼੍ਹਬ ਦਾ ਕੰਮ ਹੈ, ਸੁਬਕਤਗੀਨ ਨੂੰ ਜਦ ਹਿਰਨੀ ਘੋੜੇ ਮਗਰ ਆਉਂਦੀ ਉੱਪਰ ਤਰਸ ਆਇਆ ਤੇ ਉਹਦਾ ਬੱਚਾ ਛੱਡ ਦਿੱਤਾ। ਹੋਰ ਉੱਚੇ ਕਿਸੀ ਪਿਆਰੇ ਦੇ ਸਿਮਰਣ ਦੀ ਘੜੀ ਉਸ ਉੱਪਰ ਆਈ, ਉਹਦੀ ਉਹੋ ਨਿਮਾਜ਼ ਦੀ ਘੜੀ ਸੀ । ਦਿਨ ਵਿੱਚ ਪੰਜ ਵੇਰੀ ! ਨਹੀਂ ਜੇ ਜੀਵਨ ਵਿੱਚ ਇਕ ਵੇਰ ਵੀ ਨਿਮਾਜ਼ ਇਹੋ ਜਿਹੀ ਪੜ੍ਹੀ ਜਾਵੇ ਤੇ ਮਾਸ ਦੀਆਂ ਕੈਦਾਂ ਵਿੱਚ ਪਏ ਬੰਦੇ ਸ਼ੇਰਨੀ ਦੀ ਪਿਆਰ ਦੀ ਘੜੀ ਵਾਂਗ ਕਿਸੀ ਖੁੱਲ੍ਹ ਜਾਣ ਵਾਲੀ ਖਿੜਕੀ ਥੀਂ ਅਜਲ ਦੇ ਪਿਆਰ ਦਾ ਝਾਕਾ ਜੇ ਕਦੀ ਆਵੇ ਤਦ ਸਿਮਰਨ ਦਾ ਸਵਾਦ ਬਝਦਾ ਹੈ।
ਰਾਮਕ੍ਰਿਸ਼ਨ ਪਰਮਹੰਸ ਨੇ ਕਿਧਰੇ ਲਿਖਿਆ ਹੈ, ਜੋ ਹਰੀ ਦਾ ਨਾਮ ਲੈ ਇਕ ਵੇਰੀ ਵੀ ਜੀਵਨ ਵਿੱਚ ਰੂਹ ਦੇ ਰੋਮਾਂ ਦੇ ਦਰ ਖੁੱਲ੍ਹ ਜਾਣ ਤਾਂ ਅਹੋ ਭਾਗ! ਜਿਹੜਾ ਟੱਬਰ ਟੋਰ ਵਾਲਾ ਬੰਦਾ ਆਪਣੇ ਟੱਬਰ ਦੀ ਪਾਲਣਾ ਕਰ ਰਿਹਾ ਹੈ, ਆਪਾ ਸਹਿਜ ਸੁਭਾ ਇਕ ਨਿੱਕੀ ਜਿਹੀ ਖਿੱਚ ਵਿੱਚ ਵਾਰ ਰਿਹਾ ਹੈ, ਭਾਵੇਂ, ਸ਼ੇਰਨੀ ਦੇ ਸਹਿਜ ਸੁਭਾ ਮਾਰ ਕੇ ਅਹਾਰ ਕਰਨ ਵਾਂਗ ਉਹਦਾ ਜੀਵਨ ਕਿੰਨਾ ਹੀ ਕੈਦ ਹੈ, ਤਦ ਵੀ ਉਹਦਾ ਆਪਣੇ ਬਾਲ ਬੱਚੇ ਦਾ ਨਿੱਕਾ ਨਿੱਕਾ ਸਿਮਰਣ ਯਾਦ ਭੁੱਲ ਵਿੱਚ ਵੀ ਜਾਰੀ ਹੈ, ਲਗਾਤਾਰ ਹੈ, ਇਹੋ ਹੀ ਓਹਦਾ ਮਜ਼੍ਹਬ ਹੈ ਤੇ ਜਿਹੜਾ ਉਹ ਧੱਕੋ ਧੱਕੀ ਗਿਰਜੇ ਯਾ ਮਸਜਿਦ ਯਾ ਠਾਕਰਦਵਾਰੇ ਜਾਂਦਾ ਹੈ, ਓਹ ਇਕ ਆਪਣੇ ਆਪ ਨਾਲ ਧੋਖਾ ਹੈ ॥
ਅਸੀ ਹੈਰਾਨ ਹਾਂ ਕਿ ਅਲੀ ਜਿਸ ਹਜ਼ਰਤ ਸਾਹਿਬ ਦੇ ਦੀਦਾਰ ਪਹਿਲਾਂ ਕੀਤੇ, ਯਾ ਹੋਰ ਚਾਰ ਯਾਰ ਪਿਆਰੇ ਜਿਨ੍ਹਾਂ ਓਨ੍ਹਾਂ ਦੇ ਦਰਸ਼ਨ ਕੀਤੇ, ਓਨ੍ਹਾਂ ਲਈ ਇਸਲਾਮ ਕੀ ਅਦਭੁਤ ਪਿਆਰ ਹੋਣਾ ਹੈ? ਖਲੀਫਿਆਂ ਦੇ ਨਿਰਮਾਣ ਜੀਵਨ ਨੂੰ ਤੇ ਉਨ੍ਹਾਂ ਦੀਆਂ ਪਿਆਰ ਵਿੱਚ ਤੜਪਦੇ ਦਿਲਾਂ ਦੀ ਬੇਚੈਨ ਚੰਗਾਰੀਆਂ ਥੀਂ ਪਤਾ ਲੱਗਦਾ ਹੈ ਕਿ ਉਨਾਂ ਨੂੰ ਇਸਲਾਮ ਦਾ ਕਿੰਨਾ ਰਸ ਆਇਆ ਹੋਣਾ ਹੈ, ਉਸ ਰਸ ਵਿੱਚ ਉਨ੍ਹਾਂ ਆਪਣਾ ਸਭ ਕੁਛ ਵਾਰ ਦਿੱਤਾ ।