ਅਸੀ ਹਿੰਦੁਸਤਾਨ ਵਿੱਚ ਅਕਲੀ ਚਾਲਾਕੀਆਂ ਵਲ ਇਵੇਂ ਪਏ ਹਾਂ ਕਿ ਸਾਨੂੰ ਨਾ ਖੁਦਾ ਹੀ ਮਿਲਿਆ ਹੈ ਨਾ ਸਨਮ, ਨਾ ਇਸ ਜੀਵਨ ਦਾ ਸੁਖ ਪ੍ਰਾਪਤ ਹੋਇਆ ਹੈ ਤੇ ਨਾ ਅਗਲੀ ਦੁਨੀਆਂ ਦਾ ਹੀ ਕੁਛ ਪਤਾ ਲੱਗਾ ਹੈ, ਭਾਵੇਂ ਅਸੀ ਆਪਣੇ ਆਪ ਨੂੰ ਲਗਾਤਾਰ ਸਦੀਆਂ ਥੀਂ ਧੋਖਾ ਦੇਈ ਆ ਰਹੇ ਹਾਂ, ਕਿ ਅਸੀ ਬੜੀ ਅਗੱਮ ਦੀ ਰੂਹਾਨੀਅਤ ਨੂੰ ਪਹੁੰਚ ਪਏ ਹਾਂ । ਇਹ ਸਾਡਾ ਅਕਲੀ ਬੁਖਾਰ ਤਦ ਉਤਰਦਾ ਹੈ ਜਦ ਅਸੀ ਜਾਪਾਨ ਜੈਸੇ ਮੁਲਕ ਜਾ ਕੇ ਦੇਖੀਏ, ਕਿ ਲੋਕੀ ਕਿਸ ਤਰਾਂ ਰਹਿੰਦੇ ਬਹਿੰਦੇ ਹਨ । ਉਨ੍ਹਾਂ ਆਪਣੇ ਬਾਗ ਕਿਸ ਤਰਾਂ ਸੁਰਗ ਦੇ ਨੰਦਨ-ਬਣ ਵਾਂਗ ਸਜਾਏ ਹੋਏ ਹਨ । ਉਨਾਂ ਨੇ ਕੁਦਰਤ ਨੂੰ ਕਿਸ ਤਰਾਂ ਆਪਣੇ ਅੰਦਰ ਵਸਾਯਾ ਹੋਇਆ ਹੈ ਤੇ ਆਪ ਉਸ ਅੰਦਰ ਵੱਸੇ ਹੋਏ ਹਨ ਤੇ ਉਨਾਂ ਦਾ ਜੀਵਨ ਕਿਸ ਤਰਾਂ ਮੌਤ ਥੀਂ ਅਭੈ ਹੈ ਤੇ ਉਨਾਂ ਦੀਆਂ ਰਿਸ਼ਤਾਦਾਰੀਆਂ ਤੇ ਦੋਸਤੀਆਂ ਤੇ ਪਿਆਰ ਆਪੇ ਵਿੱਚ ਕਿਸ ਤਰਾਂ ਫੁਲ ਵਰਗੇ ਕੋਮਲ ਤੇ ਫੁੱਲਾਂ ਵਾਂਗ ਸੁਹਣੇ ਤੇ ਸਬਕ ਹਨ । ਜੇ ਉਨਾਂ ਨੂੰ ਪੁੱਛੋ ਰੱਬ ਕੀ ਹੈ, ਦੁਨੀਆਂ ਕਦ ਬਣੀ ਹੈ, ਕਿੰਝ ਬਣੀ ਹੈ, ਕਿਸ ਬਣਾਈ ਹੈ? ਤਦ ਵੱਡੇ ਥੀਂ ਵੱਡਾ ਜਾਪਾਨ ਦਾ ਦਾਨਾ ਸਿਰ ਨੂੰ ਖੁਰਕ ਕੇ ਬਾਲਕ ਵਾਂਗ ਬਿਹਬਲ ਜਿਹਾ ਹੋ ਜਾਂਦਾ ਹੈ ਤੇ ਹੈਰਾਨ ਹੁੰਦਾ ਹੈ, ਕਿ ਕੋਈ ਇਹੋ ਜਿਹੇ ਵੱਡੇ ਸਵਾਲਾਂ ਤੇ ਗੱਲ ਕਰਨ ਦਾ ਹੀਯਾ ਹੀ ਕੀਕਰ ਕਰਦਾ ਹੈ? ਨਿਮ੍ਰਤਾ, ਮਿੱਠਾ ਬੋਲਣਾ ਤੇ ਅਦਬ ਉਸ ਵਿੱਚ ਦੇਵਤਿਆਂ ਵਰਗਾ ਹੈ। ਉਸਦਾ ਪਰਛਾਵਾਂ ਕੋਈ ਨਹੀਂ, ਤੇ ਉਹਦਾ ਪਿਆਰ ਬ੍ਰਿੱਛਾਂ, ਫੁੱਲਾਂ ਨਾਲ ਤੀਬਰ ਇਸ਼ਕ ਦੇ ਦਰਜੇ ਤਕ ਸਹਿਜ ਸੁਭਾ ਅੱਪੜਿਆ ਹੋਇਆ ਹੈ । ਕੋਈ ਸਵਾਣੀ ਘਰ ਵਿੱਚ ਫੁੱਲਾਂ ਬਿਨਾ ਜੀ ਨਹੀਂ ਸਕਦੀ। ਜਾਪਾਨ ਵਿੱਚੋਂ ਜੇ ਸਾਰੇ ਫੁੱਲ ਪਦਮ ਤੇ ਚੈਰੀ ਉਡਾ ਦਿੱਤੇ ਜਾਣ, ਤਦ ਮੇਰਾ ਖਿਆਲ ਹੈ ਜਾਪਾਨੀ ਕੌਮ ਮਰ ਜਾਏਗੀ। ਕੌਮ ਦੀ ਜਿੰਦ ਫੁੱਲਾਂ ਵਿਚ ਹੈ, ਉਨਾਂ ਦੇ ਪਰਬਤ ਉਨਾਂ ਨੂੰ ਆਪੇ ਵਾਂਗ ਪਿਆਰੇ ਹਨ, ਫੁਜੀਯਾਮਾ ਦੀ ਬਰਫਾਨੀ ਤੇ ਦਿਵਯ ਚੋਟੀ ਜਾਪਾਨੀਆਂ ਦੇ ਪੱਖਿਆਂ ਉੱਪਰ ਹਰ ਇਕ ਦੇ ਹੱਥ ਵਿੱਚ ਹੈ, ਦਿਲ ਵਿੱਚ ਹੈ, ਜਾਪਾਨ ਦੇ ਸਮੁੰਦ੍ਰ ਤੇ ਕਿਸ਼ਤੀਆਂ ਉਨ੍ਹਾਂ ਆਪਣੀ ਸੁਰਤੀ ਵਿਚ ਇਸ ਧਿਆਨ ਨਾਲ ਬੰਨ੍ਹੀਆਂ ਹੋਈਆਂ ਹਨ ਕਿ ਅਜ ਕਲ ਜਿੱਥੇ ਜਾਪਾਨ ਦਾ ਨਾਮ ਜਾਂਦਾ ਹੈ, ਉੱਥੇ ਉਨਾਂ ਦੇ ਸਮੁੰਦਰ ਤੇ ਕਿਸ਼ਤੀਆਂ ਦੇ ਝਾਕੇ ਸੋਹਣੀਆਂ ਤਸਵੀਰਾਂ ਵਿੱਚ ਲਹਿਰਦੇ ਪਹਿਲਾਂ ਅੱਪੜਦੇ ਹਨ। ਆਪ ਦੇ ਪੰਛੀ ਆਪ ਦੇ ਮਨ ਵਿੱਚ ਫਿਰਦੇ ਹਨ, ਉਨਾਂ ਦੇ ਰੰਗਾਂ ਦੀ ਉਲਾਰ, ਉਨਾਂ ਦਾ ਇਲਾਹੀ ਰਾਗ, ਆਪ ਮੂਰਤੀ-ਮਾਨ ਕਰਕੇ ਸਿੱਧੇ ਸਾਦੇ ਖਿੱਚੇ ਚਿਤ੍ਰਾਂ ਨੂੰ ਜਾਨ ਪਾ ਦਿੰਦੇ ਹਨ॥
ਹੱਥ ਕੋਈ ਵੇਹਲਾ ਨਹੀਂ ਰਹਿੰਦਾ। ਬਤਖਾਂ ਪਾਣੀਆਂ ਵਿੱਚ ਤਰਦੀਆਂ, ਚਿੱਤ੍ਰਾਂ ਵਿਚ ਹਿਲਦੀਆਂ ਦਿਸਦੀਆਂ ਹਨ। ਇਉਂ ਜਾਪਾਨ ਦੇ ਹੱਥਾਂ ਵਿਚ ਕਰਤਾਰੀ ਕਿਰਤ ਹੈ, ਪਰ ਸ਼ਾਂਤੀ ਬੁੱਧ ਮਤ ਦੇ ਨਿਵਾਰਨ ਵਾਲੀ ਇੰਨੀ ਹੈ, ਕਿ ਆਪ ਦੇ ਘਰ ਆਏ ਆਪ ਦੇ ਜਜ਼ੀਰੇ ਦੇ ਅੰਦਰ ਆਣ ਲਹਿਰੇ ਸਮੁੰਦ੍ਰ (Inland Sea) ਇਕ ਮਾਨ ਸਰੋਵਰ ਹੈ, ਇਥੇ ਪੱਛਮੀ ਪਾਰਖੀ ਆ ਕੇ ਜਾਪਾਨ ਦੀ ਸ਼ਾਂਤੀ ਦਾ ਭਾਨ ਕਰਦੇ ਹਨ। ਉਹ ਕਿਨਾਰੇ ਪੁਰ ਬਾਂਸ ਤੇ ਕੱਖਾਂ ਦੀਆਂ ਚਮਕਦੀਆਂ ਝੁੱਗੀਆਂ ਜੇਹੜੀਆਂ ਜਾਪਾਨੀ ਚਿੱਤ੍ਰਾਂ ਵਿਚ ਬਰਲਿਨ ਯਾ ਨਿਉਯਾਰਕ ਦੇਖੀਆਂ ਸਨ, ਹੂ-ਬਹੂ ਓਹੋ ਹੀ ਚਿੱਤ੍ਰ ਰੂਪ ਚਮਕਦੀ ਸਾਦਗੀ ਵਿੱਚ ਸਮੁੰਦਰ ਦੇ ਕਿਨਾਰੇ ਪਿੰਡ ਰੂਪ ਵਿਚ ਹਨ। ਕਾਮਾਕੁਰਾ ਤੇ ਏਨੋਸ਼ੀਆ ਆਦਿ, ਨਿਕੋ ਤੇ ਹਾਕੋਨੋ ਆਦਿ ਜਿਸ ਤਰਾਂ ਚਿਤ੍ਰਾਂ ਵਿੱਚ ਦੇਖੇ ਸਨ, ਉਸੀ ਤਰਾਂ ਹਨ।
ਇਕ ਸ਼ਾਂਤੀ, ਜੀਂਦੀ ਸ਼ਾਂਤੀ ਸਾਰੇ ਦੇਸ ਵਿੱਚ ਜਿਵੇਂ ਚੰਨੇ ਦੀ ਚਾਨਣੀ ਰਾਤ ਝੁਗੀਆਂ ਤੇ ਜੰਗਲਾਂ ਉੱਪਰ ਪੈ ਕੇ ਉਨਾਂ ਨੂੰ ਅਪੂਰਵ ਸ਼ਾਂਤੀ ਵਿੱਚ ਧੋ ਦਿੰਦੀ ਹੈ, ਇਸ ਤਰਾਂ ਦਿਨ ਦਿਹਾੜੀ ਉਸ ਅੱਧੀ ਰਾਤ ਚਾਨਣੀ ਦਾ ਸ਼ਾਂਤ ਪ੍ਰਭਾਵ ਹੈ। ਫਜੂਲ ਗੱਲ ਕੋਈ ਨਹੀਂ ਕਰਦਾ, ਖਾਹਮਖਾਹ ਕੋਈ ਜ਼ੋਰ ਨਹੀਂ, ਬੱਚਾ ਕੋਈ ਰੋਂਦਾ ਨਹੀਂ, ਜਨਾਨੀ ਲੜਦੀ ਨਹੀਂ, ਖਾਵੰਦ ਕੋਈ ਜਨਾਨੀ ਤੇ ਗੁੱਸੇ ਨਹੀਂ ਹੁੰਦਾ। ਕਾਮ, ਕ੍ਰੋਧ, ਲੋਭ ਅਹੰਕਾਰ ਸਭ ਹਨ, ਪਰ ਸ਼ਾਂਤ ਰਸ ਦੇ ਹਨ, ਸਗੁਣ ਜੀਵਨ ਵਿੱਚ ਘੁਲਿਆ ਹੋਇਆ ਹੈ, ਰਜੋਗੁਣ ਕਦੀ ਕਦੀ ਆਉਂਦਾ ਹੈ ਤੇ ਉਸ ਦਾ ਜੋਰ ਸਾਰਾ ਕਿਸੀ ਦੀ ਆਪਣੀ ਨਿਮਾਣੀ ਜਿੰਦ ਤੇ ਪੈਂਦਾ ਹੈ, ਤਾਂ ਦੂਸਰੇ ਕਿਸੇ ਨੂੰ ਕੋਈ ਖੇਚਲ ਨਹੀਂ ਦਿੱਤੀ ਜਾਂਦੀ। ਜਾਪਾਨ ਦਾ ਵਜ਼ੀਰ-ਆਜ਼ਮ ਸਾਇਕੋ ਦਾ ਲਿਖਿਆ ਹੈ, ਘੜੀਆਂ ਹੀ ਆਪਣੇ ਮਿਤ੍ਰਾਂ ਦੇ ਦਰਵਾਜੇ ਉੱਪਰ ਜਾ ਕੇ ਬਾਹਰ ਖੜਾ ਰਹਿੰਦਾ ਸੀ ਅਤੇ ਬੂਹਾ ਖੋਹਲਣ ਨਾਲ ਤੇ ਬੂਹੇ ਨਾਲ ਲੱਗ ਪਿੱਤਲ ਦੀ ਘੰਟੀ ਵੱਜਣ ਨਾਲ ਮੇਰੇ ਅੰਦਰ ਬੈਠੇ ਮਿਤ੍ਰਾਂ ਦੇ ਅੰਤ੍ਰੀਵ ਦੇ ਸੁਖ ਤੇ ਚੁੱਪ ਵਿੱਚ ਕੋਈ ਖਲਲ ਪਵੇ । ਆਹਿੰਸਾ ਦੀ ਹਦ ਹੋ ਗਈ, ਨਿਰਵਾਨ ਦਾ ਪਤਾ ਸਾਰੇ ਮੁਲਕ ਦੇ ਨਿੱਕੇ ਵੱਡੇ ਨੂੰ ਲਗ ਗਿਆ, ਮੌਤ ਥੀਂ ਪਰੇ ਦੇਸ਼ ਹਨ । ਉਨ੍ਹਾਂ ਨਾਲ ਸਿਦਕ ਦੇ ਰਾਹੀ ਆਵਾ-ਜਾਵੀ ਸਭ ਲਈ ਖੁੱਲ੍ਹ ਗਈ, ਬਾਗ ਤੇ ਜੰਗਲ ਘਰਾਂ ਵਿੱਚ ਆ ਵੱਸੇ ਤੇ ਆਪਣੀ ਏਕਾਂਤ ਘਰਾਂ ਨੂੰ ਦੇਣ ਲਗ ਪਏ ਤੇ ਘਰ ਉੱਠ ਕੇ ਆਪਣੀ ਫੰਗਾਂ ਵਰਗੀਆਂ ਫੁੱਲਾਂ ਦੀਆਂ ਪੰਖੜੀਆਂ ਵਰਗੀਆਂ ਦੀਵਾਰਾਂ ਸਮੇਤ ਜੰਗਲਾਂ ਤੇ ਨੰਦਨ ਬਾਗਾਂ ਵਿੱਚ ਜਾ ਵੱਸੇ ਤੇ ਓਥੇ ਸ਼ਹਿਰਾਂ ਦੀ ਚਹਿਲ ਬਹਿਲ ਲੱਗਣ ਲਗ ਪਈ ।