"ਕੁਦਰਤਿ ਦਿਸੈ ਕੁਦਰਤਿ ਸੁਣੀਐ
ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ
ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ
ਕੁਦਰਤਿ ਸਰਬ ਵੀਚਾਰੁ॥
ਕੁਦਰਤ ਖਾਣਾ ਪੀਣਾ ਪੈਨਣੁ
ਕੁਦਰਤਿ ਸਰਬ ਪਿਆਰੁ"॥
ਤੇ ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੀ ਕਿਸਮ ਦੀ ਮੈਲ, ਮੰਦਪੁਣਾ, ਕਰੂਪਤਾ, ਕੋਝ ਸਹਾਰ ਨਾ ਸੱਕੇ। ਇਮਾਰਤ ਭੱਦੀ ਜੇਹੀ, ਭੈੜੀ ਜਿਹੀ ਬਣਾ ਨਾ ਸੱਕੇ, ਗਲੀ ਗੰਦੀ ਹੋ ਨਾ ਸੱਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ, ਨਿਰੀ ਆਪਣੇ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਭੀ ਸੋਹਣਾ ਚਮਕੇ, ਲਕੀਰ ਕੋਈ ਵਾਹੀ ਨਾ ਜਾਵੇ, ਜਿਹੜੀ ਉਸ ਪਿਆਰੇ ਵਲ ਨਾ ਜਾਵੇ। ਸਾਡੀ ਜਾਤੀ ਦੇ ਤੀਰਥ ਵੇਖੋ ਤਦ ਉਹ ਗੰਦੇ, ਸ਼ਹਿਰ ਗੰਦੇ, ਘਰ ਗੰਦੇ, ਸੁਭਾਉ ਗੰਦੇ, ਰਹਿਣ ਬਹਿਣ ਹੈਵਾਨਾਂ ਵਾਲਾ ਤੇ ਓਥੇ ਆਰਟ ਕਿਸ ਤਰਾਂ ਆ ਸਕਦਾ ਹੈ?
ਆਰਟ ਜੀਵਨ ਦਾ ਬੇਚੈਨ ਬਿਹਬਲ ਜਿਹਾ ਭੈੜੀ ਛੋ ਕੋਈ ਸਹ ਨ ਸੱਕਣ ਵਾਲਾ ਕਰਤਾਰੀ ਉਪਜਾਊ ਸੁਭਾਉ ਹੈ, ਪਰ ਜਿਥੇ ਜੀਵਨ ਥੀਂ ਹੀ ਅਪੇਖਯਾ ਸਿਖਾਈ ਜਾਏ, ਸ਼ਕਤੀ ਮੌਤ ਦਾ ਨਾਮ ਹੋਵੇ, ਸੋਹਣਾ ਹੀ ਕੋਈ ਨਾ ਹੋਵੇ, ਰੱਬ ਵੀ ਇਕ ਸ਼ੇਸ਼ ਸ਼ੂਨਯ ਹੋਵੇ, ਓਥੇ ਜੀਵਨ ਦੀ ਇਹ ਕ੍ਰਿਯਾ ਅਸਲ ਵਿੱਚ ਆ ਨਹੀਂ ਸੱਕਦੀ।
ਜੇ ਆਵੇ ਤਦ ਕੋਈ ਸੁਹਣੱਪ ਨੂੰ ਨਹੀਂ ਉਪਜਾ ਸੱਕਦੀ, ਏਸ਼ੀਆ ਦਾ ਆਰਟ ਬੁਧ ਦੇਵ ਦੇ ਸਾਏ ਹੇਠ ਪਲਿਆ, ਵੱਡਾ ਹੋਯਾ ਤੇ ਜੀ ਰਿਹਾ ਹੈ। ਤਿੱਬਤ ਤੇ ਚੀਨ ਵਿੱਚ ਆਰਟ ਹੋਵੇ ਥੋੜ੍ਹਾ ਜਿਹਾ ਤਿੱਬਤ ਦੇ ਆਸਰੇ ਕਸ਼ਮੀਰ ਵਿੱਚ ਵੀ ਹੋਵੇ ਪਰ ਹਿੰਦੁਸਤਾਨ ਵਿੱਚ ਕੋਈ ਰੂਪ ਨਾ ਘੜਨ ਹੋਣ, ਤੇ ਜੇ ਮਥਰਾ ਦੇ ਮੰਦਰਾਂ ਵਿੱਚ ਕ੍ਰਿਸ਼ਨ ਦੀ ਪੂਜਾ ਵੀ ਹੋਵੇ ਤਾਂ ਕੋਈ ਸੋਹਣੇ ਬੁੱਤ ਨਾ ਤ੍ਰਾਸ਼ੇ ਜਾਣ, ਭੈੜੇ ਜਿਹੇ ਕਾਲੇ ਜਿਹੇ ਭੱਦੇ ਜਿਹੇ , ਜਰਮਨੀ ਦੇ ਬਣੇ ਚਿੱਤ੍ਰ ਤੇ ਪੱਥਰ ਦੀਆਂ ਮੂਰਤੀਆਂ ਸਾਡੀ ਦੇਵੀ ਦੇਵਤੇ ਹੋਣ, ਇਹ ਸਭ ਕੁਛ ਦੱਸਦਾ ਹੈ ਕਿ ਸਾਡੀ ਸੁਰਤਿ ਧਿਆਨੀ ਰਸ ਥੀਂ ਖਾਲੀ ਹੈ, ਸ਼ਖਸੀ ਪੂਜਾ ਥੀਂ ਵਾਂਜੀ ਹੋਈ ਹੈ, ਸਾਨੂੰ ਉੱਚੇ ਆਰਟ ਆਦਰਸ਼ ਦਿੱਸ ਹੀ ਕਿਸ ਤਰਾਂ ਸੱਕਦੇ ਹਨ? ਤੇ ਬੁੱਧ ਮਤ ਜੈਸੇ ਆਰਟਿਸਟਕ ਪਿਆਰ ਸਾਡੀ ਵਰਤਣ ਵਿੱਚ ਕਿਸ ਤਰਾਂ ਆ ਸੱਕਦੇ ਹਨ ? ਤੇ ਜੇ ਕੁਛ ਸੀ ਕਦੀ ਤਦ ਓਹ ਹੋ ਚੁੱਕੀ ਕੋਈ ਸ਼ਾਨ ਸੀ:-
ਉਕਾਕਰਾ (ਲੇਖਕ-"Ideal of the East".) ਲਿਖਦਾ ਹੈ, ਅਸ਼ੋਕ ਦੀ ਉੱਚੀ ਸ਼ਾਨ ਤੇ , ਪਾਦਸ਼ਾਹੀ ਜੋ ਏਸ਼ੀਆ ਦੇ ਬਾਦਸ਼ਾਹਾਂ ਦਾ ਇਕ ਆਦ੍ਰਸ਼ ਨਮੂਨਾ ਹੈ, ਜਿਹਦੇ ਅਹਕਾਮ ਐਨਟੀਆਕ ਤੇ ਐਲਗਜ਼ੰਡ੍ਰਾ ਦੇ ਮਹਾਰਾਜਿਆਂ ਥੀਂ ਆਪਣੀ ਈਨ ਮਨਾਉਂਦੇ ਸਨ, ਅਜ ਤਕਰੀਬਨ ਅਸੀ ਭਾਰਹੂਤ ਤੇ ਬੁੱਧ ਗਯਾ ਦੇ ਕਿਰ ਕਿਰ ਕਰਦੇ ਪੱਥਰਾਂ ਵਿੱਚ ਭੁਲ ਚੁੱਕੇ ਹਾਂ। ਵਿਕ੍ਰਮਾਦਿਤ ਦਾ ਜਵਾਹਰਾਤ ਨਾਲ ਸਜਿਆ ਦਰਬਾਰ ਬਸ ਇਕ ਗੁੰਮ ਗਿਆ ਸੁਫਨਾ ਹੈ, ਐਸਾ ਗੁੰਮਿਆ ਹੈ ਕਿ ਕਾਲੀਦਾਸ ਦਾ ਵਾਕਯ ਭੀ ਚੇਤੇ ਨਹੀਂ ਕਰਾ ਸੱਕਦਾ, …