ਸੋਹਣੀਆਂ ਥਾਵਾਂ ਤੇ ਏਕਾਂਤਾਂ ਵਿੱਚ ਮੰਦਰ ਬਣੇ ਹਨ। ਹਰ ਥਾਂ ਬੁੱਧ ਦੇ ਬੁੱਤ ਮੰਦ ਮੰਦ ਹੱਸ ਰਹੇ ਹਨ ਤੇ ਅਸੀਸਾਂ ਦੇ ਰਹੇ ਹਨ, ਤਾਂ ਵੀ ਜਦ ਸਾਡਾ ਨਵਾਂ ਗੱਭਰੂ ਚਿਤ੍ਰਕਾਰ ਯਾਤ੍ਰੇ ਚੜ੍ਹਿਆ ਤੇ ਹੁਣ ਵੀ ਉਸੀ ਤਰਾਂ ਮੁਲਕ ਦੀ ਕਾਂਯਾ ਤੇ ਨਕਸ਼ਾ ਤੇ ਰੰਗ ਓਹੋ ਹੀ ਹੈ। ਇਹ ਨੌਜਵਾਨ ਸੁਖ ਦਾ ਗੋਲਾ ਨਹੀਂ ਸੀ, ਇਸਨੇ ਸ਼ਰੀਰ ਨੂੰ ਕਮਾਇਆ ਹੋਇਆ ਸੀ ਤੇ ਦੁਖ ਸਹਾਰਣ ਦਾ ਆਦੀ ਸੀ, ਪਰ ਭਾਵੇਂ ਓਹ ਬੜਾ ਚਾਲੜ ਸੀ, ਭਾਵੇਂ ਬੜੀ ਤਤਿਖਯਾ ਵਾਲਾ ਯਾਤਰੂ ਸੀ, ਫਿਰ ਵੀ ਕਦੀ ਕਦਾਂਈ ਕੋਈ ਅੱਗੇ ਨਾ ਡਿੱਠੀ, ਓੜਕ ਇਹੋ ਜਿਹੇ ਸਫਰਾਂ ਵਿੱਚ ਆਣ ਬਣਦੀ ਹੈ। ਸੂਰਜ ਡੁੱਬ ਗਿਆ ਹੈ ਤੇ ਸਾਡਾ ਨੌਜਵਾਨ ਇਕ ਪਹਾੜੀ ਦੀ ਚੋਟੀ ਉੱਪਰ ਆਪਣਾ ਰਾਹ ਤੱਕ ਰਿਹਾ ਹੈ, ਪੈਂਡਾ ਘਟ ਕਰਨ ਲਈ ਓਹ ਹਿਠਾਂਹ ਵਾਦੀ ਵਿੱਚ ਜਾ ਕੇ ਦੂਜੀ ਚੋਟੀ ਉੱਪਰ ਚੜ੍ਹਦਾ ਹੈ ਤੇ ਹਨੇਰਾ ਪੈ ਚੁੱਕਾ ਹੈ ਤੇ ਜੰਗਲ ਵਿੱਚ ਉਸ ਨੂੰ ਰਾਹ ਭੁੱਲ ਗਿਆ ਹੈ।ਜਾਂਦਿਆਂ ਜਾਂਦਿਆਂ ਰਾਤ ਵੇਲੇ ਇਕ ਨਦੀ ਮਿਲੀ ਪਰ ਓਹ ਇੰਨੀ ਤੇਜ਼ ਸੀ ਕਿ ਉਸਦੇ ਪਾਰ, ਜਾ ਨਹੀਂ ਸੀ ਸਕਦਾ । ਮੁੜ ਬਿਨਾ ਕਿਸੀ ਰਾਹ ਦੇ ਬੂਟੇ ਬੂਟੀਆਂ ਦੀਆਂ ਜੜ੍ਹਾਂ ਪੱਤੇ ਫੜਦਾ ਇਕ ਪਹਾੜ ਦੀ ਚੋਟੀ ਤੇ ਚੜ੍ਹਿਆ, ਸ਼ਾਇਦ ਕੋਈ ਦੀਵਾ ਦਿੱਸੇ, ਕੋਈ ਸੇਧ ਲੱਭੇ, ਚੰਨ ਸੀ ਨਹੀਂ ਤੇ ਚੀਲਾਂ ਦੇ ਬ੍ਰਿਛਾਂ ਨੇ ਹੋਰ ਵੀ ਹਨੇਰਾ ਕਾਲਾ ਕਰ ਦਿੱਤਾ ਸੀ। ਹਾਰ ਕੇ ਬ੍ਰਿਛ ਦੇ ਹੇਠ ਰਾਤ ਗੁਜਾਰਨ ਦੀ ਕੀਤੀ, ਬੈਠਾ ਹੀ ਸੀ, ਕਿ ਦੂਰ ਇਕ ਮੱਧਮ ਜਿਹੀ ਪੀਲੀ ਜਿਹੀ ਰੋਸ਼ਨੀ ਦਿਸੀ । ਸਮਝਿਆ ਸ਼ਾਇਦ ਕਿਸੀ ਕ੍ਰਿਸਾਨ ਦਾ ਘਰ ਹੈ ਤੇ ਉਥੇ ਦੀਵਾ ਬਲ ਰਿਹਾ ਹੈ, ਹਿੰਮਤ ਕਰਕੇ ਓਸਦੀ, ਸੇਧ ਤੇ ਗਿਆ । ਅੱਧੀ ਰਾਤ ਦੇ ਨੇੜੇ ਸਮਾ ਅੱਪੜ ਪਿਆ ਹੋਇਆ ਸੀ, ਕਿ ਓਹ ਉਸ ਕੱਖਾਂ ਦੀ ਝੁਗੀ ਦੇ ਦਰਵਾਜੇ ਤੇ ਪਹੁਤਾ, ਵੱਡੇ ਦਰਵਾਜੇ ਜਿਹੜੇ ਪਹਾੜ ਦੀ ਚੋਟੀ ਤੇ ਤੇਜ ਤੁਫਾਨੀ ਹਵਾਵਾਂ ਨੂੰ ਰੋਕਣ ਲਈ ਹੁੰਦੇ ਹਨ, ਬੰਦ ਸਨ, ਤੇ ਝੀਤਾਂ ਵਿੱਚੋਂ ਅੰਦਰੋਂ ਬਲਦੇ ਦੀਵੇ ਦੀ ਪੀਲੀ ਰੋਸ਼ਨੀ ਝਰ ਰਹੀ ਸੀ, ਬੂਹਾ ਕਈ ਵੇਰੀ ਖੜਕਾਇਆ, ਅੰਦਰੋਂ ਕੋਈ ਸੁਰ ਸਰ ਨਹੀਂ ਆਈ। ਕਈ ਵੇਰੀ ਮੁੜ ਜ਼ੋਰ ਨਾਲ ਖੜਕਾਣ ਤੇ ਅੰਦਰੋਂ ਇਕ ਕੋਮਲ ਸੁਰ ਦੀ ਤੀਵੀਂ ਦੀ ਆਵਾਜ ਆਈ, ਜਿਹੜੀ ਪੁੱਛਦੀ ਹੈ ਕਿ ਖੜਕਾਣ ਵਾਲੇ ਨੂੰ ਕੀ ਲੋੜ ਹੈ ? ਨੌਜਵਾਨ ਚਿਤ੍ਰਕਾਰ ਬਝਕ ਰਹਿ ਗਿਆ, ਆਵਾਜ਼ ਬੜੀ ਮਧੁਰ ਸੀ,ਇੰਨੀ ਮਧੁਰ ਬਿਨਾ ਸਿਖਾਏ ਦੇ ਹੋ ਨਹੀਂ ਸਕਦੀ, ਤੇ ਬੋਲੀ ਭੀ ਪੇਂਡੂ ਨਹੀਂ ਸੀ, ਨਿਹਾਇਤ ਸ਼ੁਸਤਾ ਦਾਰੁਲਖਲਾਫੇ ਦੀ ਰਈਸੀ ਬੋਲੀ ਸੀ। ''ਮੈਂ ਹਾਂ ਇਕ ਵਿਦਯਾਰਥੀ ਪਰਬਤਾਂ ਵਿੱਚ ਰਸਤਾ ਭੁੱਲ ਬੈਠਾ ਹਾਂ ਤੇ ਜੇ ਹੋ ਸਕੇ ਤਦ ਰਾਤ ਦਾ ਬਸੇਰਾ ਤੇ ਭਿੱਛਾ ਮੰਗਦਾ ਹਾਂ, ਤੇ ਜੇ ਨਾ ਮਿਲ ਸਕੇ ਤੇ ਕਿਸੀ ਨਜ਼ਦੀਕ ਪਿੰਡ ਦਾ ਰਾਹ ਦੱਸਿਆ ਜਾਵੇ" ਅੰਦਰ ਥੀਂ ਆਵਾਜ਼ ਆਈ ''ਪਰ ਇਧਰ ਤਾਂ ਕਿਸੀ ਪਿੰਡ ਦਾ ਰਾਹ ਹੀ ਨਹੀਂ, ਆਪ ਕਿਸ ਤਰਾਂ ਭੁੱਲ ਗਏ ?" ਉਸ ਨੇ ਕਿਹਾ :-
"ਮੈਂ ਤਾਂ ਵਾਕਫ ਨਹੀਂ। ਮੈਂ ਜਾਤਾ, ਪੈਂਡਾ ਥੋੜ੍ਹਾ ਹੋਊ, ਜੇ ਇਸ ਪਰਬਤ ਥੀਂ ਦੂਜੇ ਪਰਬਤ ਨੂੰ ਸਿੱਧਾ ਲੈ ਲਵਾਂ ਪਰ ਇਸ ਯਤਨ ਵਿੱਚ ਮੇਰਾ ਪੈਂਡਾ ਲੰਮਾ ਤੇ ਨਾਮੁਮਕਨ ਹੋ ਗਿਆ ਹੈ"॥
"ਪਰ ਆਪ ਜਿਸ ਸੇਧੇ ਆਏ ਹੋ, ਉਸ ਸੇਧੇ ਇਥੇ ਅੱਪੜ ਹੀ ਨਹੀਂ ਸੀ ਸੱਕਦੇ॥
"ਠੀਕ ਹੈ, ਪਰ ਸੇਧਾਂ ਸਾਰੀਆਂ ਇਸ ਹਨੇਰੇ ਵਿੱਚ ਮਿਸ ਗਈਆਂ। ਓਸ ਨਦੀ ਤੇ ਅੱਪੜਿਆ ਤੇ ਪਾਰ ਲੰਘ ਹੀ ਨਹੀਂ ਸੀ ਸੱਕਦਾ, ਸੋ ਮਜਬੂਰਨ ਇਸ ਪਰਬਤ ਤੇ ਚੜ੍ਹਿਆ ਤੇ ਪੂਰਬ ਦਾ ਪੱਛਮ ਤੇ ਪੱਛਮ ਦਾ ਉੱਤਰ ਭੌਂਦਾ ਫਿਰਦਾ ਹਾਂ॥"
ਅੰਦਰ ਵੱਸਣ ਵਾਲੀ ਦੀ ਨਿਸ਼ਾ ਹੋ ਗਈ, ਕਿ ਭੁੱਲਿਆ ਹੋਇਆ ਕੋਈ ਅਨਜਾਣ ਵਿਦਯਾਰਥੀ ਹੈ। "ਅੱਛਾ, ਮੈਂ ਹੁਣੇ ਆਈ" ਤੇ ਨਾਲੇ ਕਿਹਾ "ਹੁਣ ਆਪ ਕਿਸੀ ਪਿੰਡ ਅੱਪੜ ਨਹੀਂ ਸੱਕਦੇ ਤੇ ਨਾਲੇ ਰਸਤਾ ਬਿਖੜਾ ਤੇ ਖਤਰਨਾਕ ਹੈ"। ਥੋੜ੍ਹੇ ਚਿਰ ਪਿੱਛੋਂ ਇਕ ਕਾਗਤ ਦੀ ਲਾਲਟੈਣ ਹੱਥ ਵਿੱਚ ਲਈ ਇਕ ਪ੍ਰਿਭਜੋਤ ਸਵਾਣੀ ਆਈ ਓਸ ਵੱਡਾ ਤੂਫਾਨੀ ਬੂਹਾ ਖੋਹਲਿਆ ਤੇ ਲਾਲਟੈਣ ਉੱਚੀ ਕਰਕੇ ਅਜਨਬੀ ਮਹਿਮਾਨ ਦੇ ਚੇਹਰੇ ਨੂੰ ਤੱਕਣ ਦੀ ਕੀਤੀ। ਉਹਦਾ ਆਪਣਾ ਚਿਹਰਾ ਲਾਲਟੈਣ ਦੇ ਹਨੇਰੇ ਪਿੱਛੇ ਛੁਪਿਆ ਰਿਹਾ। ਆਪ ਨੇ ਉਹਨੂੰ ਚੰਗੀ ਤਰਾਂ ਗੌਹ ਨਾਲ ਤੱਕਿਆ, ਤੇ ਸਹੀ ਕੀਤਾ ਕਿ ਇਸ ਵਿੱਚ ਧੋਖਾ ਕੋਈ ਨਹੀਂ॥