

"ਅਜ ਓਹ ਵੱਲ ਨਹੀਂ" "ਅੱਜ ਓਹ ਬੜਾ ਰੁੱਝਾ ਹੋਇਆ ਹੈ" "ਅਜ ਬੜੇ ਮਹਿਮਾਨ ਆਏ ਹੋਏ ਹਨ, ਮਿਲ ਨਹੀਂ ਸੱਕੀਦਾ" ਪਰ ਓਹ ਬੁੱਢੀ ਆਉਂਦੀ ਹੀ ਰਹੀ, ਓਸ ਵੀ ਪਿੱਛਾ ਨਾ ਛੱਡਿਆ, ਤੇ ਹਰ ਰੋਜ ਠੀਕ ਓਸੇ ਵੇਲੇ ਆਉਂਦੀ ਸੀ ਤੇ ਉਹਦੀ ਕਮਰ ਤੇ ਨਿੱਕਾ ਜਿਹਾ ਬੱਝਾ ਹੋਇਆ ਬੁਚਕਾ ਹੁੰਦਾ ਸੀ। ਆਖਰਕਾਰ ਨੌਕਰਾਂ ਨੂੰ ਵੀ ਤਰਸ ਆਇਆ ਤੇ ਉਨ੍ਹਾਂ ਜਾਕੇ ਆਪਣੇ ਮਾਲਕ ਨੂੰ ਕਿਹਾ "ਜਨਾਬ! ਅਜ ਕਿੰਨੇ ਚਿਰਾਂ ਥੀਂ ਇਕ ਬੁੱਢੀ ਰੋਜ ਠੀਕ ਓਸੇ ਵਕਤ ਆਪ ਨੂੰ ਮਿਲਣ ਆਉਂਦੀ ਹੈ, ਅਸਾਂ ਗਰੀਬ ਮੰਗਤੀ ਸਮਝਕੇ ਕਈ ਚਿਰਾਂ ਥੀਂ ਟਾਲਿਆ ਹੈ, ਪਰ ਓਹ ਆਪਦੇ ਮਿਲੇ ਬਗੈਰ ਨਹੀਂ ਰਹੇਗੀ ਤੇ ਓਹ ਕਹਿੰਦੀ ਹੈ, ਕਿ ਜੋ ਗੱਲ ਓਸ ਕਰਨੀ ਹੈ, ਆਪ ਨਾਲ ਕਰਨੀ ਹੈ, ਸਾਨੂੰ ਕੁਛ ਨਹੀਂ ਦੱਸਦੀ, ਜੇ ਓਹ ਫਿਰ ਆਵੇ ਤਾਂ ਆਪ ਦਾ ਕੀ ਹੁਕਮ ਹੈ ?" "ਤੁਸਾਂ ਪਹਿਲੇ ਇਸ ਬਾਬਤ ਮੈਨੂੰ ਕਿਉਂ ਨਹੀਂ ਆ ਕੇ ਦੱਸਿਆ?" ਤੇ ਇਹ ਕਹਿਕੇ ਆਪ ਉਠਕੇ ਦਰਵਾਜਿਓਂ ਬਾਹਰ ਜਾ ਕੇ ਓਸ ਬੁੱਢੀ ਨੂੰ ਬੜੀ ਹੀ ਮੇਹਰਬਾਨੀ ਨਾਲ ਮਿਲਿਆ, ਕਿਉਂਕਿ ਓਹਨੂੰ ਆਪਣੀ ਗਰੀਬੀ ਦੇ ਦਿਹਾੜੇ ਯਾਦ ਸਨ ਤੇ ਪੁੱਛਿਆ, "ਕੀ ਓਸਨੂੰ ਕੋਈ ਚੀਜ਼ ਲੋੜ ਹੈ? ਰੁਪਯੇ ਪੈਸੇ ਕੱਪੜੇ ਖਾਣਾ ਪੀਣਾ ਕੁਛ" ਉਸ ਨੇ ਉੱਤਰ ਦਿੱਤਾ "ਜੀ ਮੈਨੂੰ ਹੋਰ ਕੁਛ ਲੋੜ ਨਹੀਂ, ਮੇਰਾ ਸੰਕਲਪ ਹੈ ਕਿ ਆਪ ਮੈਨੂੰ ਇਕ ਚਿਤ੍ਰ ਬਣਾ ਦੇਵੋ"। ਉਸਦੀ ਇਸ ਕਾਂਖਯਾ ਉੱਪਰ ਚਿੱਤ੍ਰਕਾਰ ਨੂੰ ਅਚਰਜ ਹੋਇਆ ਤੇ ਉਸ ਨੂੰ ਕਿਹਾ, ਕਿ ਅੰਦਰ ਆ ਜਾਓ ਤੇ ਆਪਣੇ ਨਾਲ ਸਤਿਕਾਰ ਨਾਲ ਲੈ ਗਿਆ। ਬੁੱਢੀ ਨੇ ਬਹਿ ਕੇ, ਸਾਹ ਲੈਕੇ ਓਸ ਆਪਣੇ ਬੱਧੇ ਬੁਚਕੇ ਦੀਆਂ ਗੰਢਾਂ ਖੋਹਲੀਆਂ ਤੇ ਉਸ ਵਿੱਚੋਂ ਇਕ ਪੁਰਾਣੀ ਜਰਜਰ ਹੋਈ ਕਿਧਰੋਂ ਫਟੀ, ਕਿਧਰੋਂ ਚਮਕਦੀ ਗੋਟੇ ਕਨਾਰੀ ਵਾਲੀ ਪੁਰਾਣੇ ਜਮਾਨੇ ਦੀ ਪਿਸ਼ਵਾਜ਼ ਕੱਢੀ ਤੇ ਬੜੇ ਪਿਆਰ ਨਾਲ ਉਹਦੇ ਵੱਟਾਂ ਨੂੰ ਸਿੱਧਾ ਕਰਨ ਦੀ ਕੋਸ਼ਸ਼ ਕੀਤੀ ਤੇ ਜਿਉਂ ਜਿਉਂ ਓਹ ਬੁੱਢੀ ਇਸ ਪਿਸ਼ਵਾਜ਼ ਨੂੰ ਖੋਹਲਦੀ ਤੇ ਸਵਾਰਦੀ ਸੀ, ਤਿਉਂ ਤਿਉਂ ਓਹ ਚਿਤ੍ਰਕਾਰ ਉਸਤਾਦ ਨੂੰ ਅਚਾਣਚੱਕ ਆਪਣੇ ਜਵਾਨੀ ਦੀ ਯਾਤ੍ਰਾ ਦਾ ਚੇਤਾ ਆਇਆ, ਓਹਦੇ ਸਾਹਮਣੇ ਯਾਦ ਨੇ ਇਕ ਕੜਾਕਾ ਖਾਧਾ ਤੇ ਓਹੋ ਪਹਾੜ, ਓਹੋ ਰਾਤ, ਓਹੋ ਰਾਹ ਭੁੱਲਣਾ, ਓਹੋ ਦੀਵੇ ਦੀ ਮੱਧਮ ਰੌਸ਼ਨੀ, ਓਹੋ ਉਹਦਾ ਬਾਹਰ ਜਾ ਕੇ ਬੂਹਾ ਠਕੋਰਨਾ, ਓਹੋ ਓਸ ਪ੍ਰਿਭਜੋਤ ਸਵਾਣੀ ਦਾ ਲਾਲਟੈਣ ਲੈ ਕੇ ਬਾਹਰ ਆਉਣਾ, ਓਹ ਸਭ ਕੁਛ ਚੇਤੇ ਆ ਗਿਆ, ਨਹੀਂ ਸਾਹਮਣੇ ਪ੍ਰਤੱਖ ਧਿਆਨ ਵਿਚ ਸਾਖਯਾਤ ਉਹ ਨਜ਼ਾਰਾ ਦਿੱਸ ਪਿਆ । ਉਸ ਬੁੱਢੀ ਨੂੰ ਬੜੀ ਹੀ ਹੈਰਾਨੀ ਹੋਈ, ਜਦ ਯਕਾਯਕ ਚਿਤ੍ਰਕਾਰ ਉਸਤਾਦ, ਜੋ ਹੁਣ ਸ਼ਾਹਜ਼ਾਦਿਆਂ ਤੇ ਬਾਦਸ਼ਾਹਾਂ ਦਾ ਮਾਨਨੀਯ ਉਸਤਾਦ ਸੀ, ਉਸ ਅੱਗੇ ਬੜੇ ਅਦਬ ਨਾਲ ਝੁਕਿਆ ਤੇ ਬੜੀ ਆਜਜ਼ੀ ਨਾਲ ਹੱਥ ਜੋੜਕੇ ਮਾਫੀ ਮੰਗਣ ਲੱਗ ਪਿਆ "ਮੇਰੀ ਬੇਅਦਬੀ ਨੂੰ ਮਾਫ ਕਰਨਾ, ਮੇਰੀ ਕਰਖਤਗੀ ਨੂੰ ਖਿਮਾ ਕਰਨਾ, ਕਿ ਮੈਂ ਇਕ ਖਿਣ ਦੀ ਖਿਣ ਲਈ ਆਪਦਾ ਚੇਹਰਾ ਪਛਾਣ ਨਹੀਂ ਸੱਕਿਆ,ਪਰ ਮੈਂ ਵੀ ਤੇ ਮੇਰੀ ਯਾਦ ਵੀ ਕੀ ਕਰ ਸੱਕਦੀ ਸੀ? ਇਸ ਗੱਲ ਨੂੰ ਅਜ ਚਾਲੀ ਸਾਲ ਲੰਘ ਗਏ ਹਨ, ਜਦ ਇਕ ਦੂਜੇ ਨੂੰ ਅਸੀ ਮਿਲੇ ਸਾਂ। ਹੁਣ ਮੈਨੂੰ ਠੀਕ ਯਾਦ ਆ ਗਿਆ ਹੈ, ਆਪ ਨੇ ਬੜੀ ਮਿੱਠੀ ਕ੍ਰਿਪਾਲਤਾ ਨਾਲ ਮੈਨੂੰ ਆਪਣਾ ਮਿਹਮਾਨ ਕੀਤਾ ਸੀ, ਮੈਂ ਤਦ ਆਪਦਾ ਨਾਚ ਤੱਕਿਆ ਸੀ ਤੇ ਆਪ ਨੇ ਤਦੋਂ ਮੈਨੂੰ ਆਪਣੀ ਵਿਥਿਆ ਸੁਣਾਈ ਸੀ, ਆਪ ਵਿਖਯਾਤ ਤੇ ਅਦੁਤੀ ਨਾਇਕਾ ਹੋ ਤੇ ਮੈਨੂੰ ਆਪਦਾ ਨਾਮ ਹੁਣ ਤਕ ਨਹੀਂ ਭੁੱਲਾ॥" ਜਦ ਓਸ ਇਹ ਗੱਲ ਕਹੀ, ਤਦ ਮਾਈ ਨੂੰ ਕੁਛ ਵੀ ਚੇਤੇ ਨਹੀਂ ਆਉਂਦਾ ਹੈ, ਅਵਸਥਾ ਵਡੇਰੀ ਹੋ ਚੁੱਕੀ ਸੀ, ਯਾਦਦਾਸ਼ਤ ਕਾਇਮ ਨਹੀਂ ਸੀ, ਪਰ ਜਦ ਹੋਰ ਨਰਮੀ ਤੇ ਪਿਆਰ ਨਾਲ ਗੱਲਾਂ ਕਰਨ ਲੱਗਾ, ਤੇ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਉਸ ਚੇਤੇ ਕਰਾਈਆਂ ਤਦ ਆਖਰ ਉਸਨੂੰ ਵੀ ਚੇਤਾ ਆ ਗਿਆ ਤੇ ਨੈਨ ਹੰਝੂਆਂ ਨਾਲ ਭਰ ਕੇ ਬੋਲੀ, ਠੀਕ ਓਹ ਦਿਵਯ ਪੁਰਖ, ਜਿਹੜਾ ਸਾਡੀਆਂ ਅਰਦਾਸਾਂ ਸੁਣਦਾ ਹੈ, ਓਸ ਆਪ ਮੈਨੂੰ ਆਪਦੇ ਘਰ ਦਾ ਰਾਹ ਦੱਸਿਆ ਹੈ,