ਪਿਆਰ ਦੀ ਪਾਤਸ਼ਾਹੀ ਰੂਹ ਦੀ ਪਾਤਸ਼ਾਹੀ ਹੈ, ਤੇ ਜਦ ਕਦੀ ਲੋੜ ਹੋਵੇ, ਇਸ ਵਿੱਚ ਉਹ ਬਲ ਆ ਜਾਂਦਾ ਹੈ ਜਿਹੜਾ ਦੁਨੀਆਂ ਦੀਆਂ ਬਾਦਸ਼ਾਹੀਆਂ ਦੇ ਕੂੜ ਦੇ ਦਲਾਂ ਨੂੰ, ਹਾਰ ਦਿੰਦਾ ਹੈ । ਪ੍ਰਹਿਲਾਦ ਨੇ ਆਪਣੇ ਚੱਕ੍ਰਵਰਤੀ ਰਾਜੇ, ਤੇ ਆਪਣੇ ਪਿਤਾ ਦੇ ਦਿੱਤੇ ਤੱਸੀਹੇ ਇਕ ਕਣੀ ਪਿਆਰ ਨਾਲ ਸਹੇ ਤੇ ਸਾਰੀ ਸਲਤਨਤ ਇਕ "ਹਰੀ ਹਰੀ" ਦੀ ਧੁਨੀ ਨਾਲ ਜਿੱਤੀ । ਪਿਆਰ ਉਸ ਮਹਾਂ ਬਲ ਦਾ ਦਾਇਕ ਹੈ, ਜਿਸ ਨਾਲ ਕਮਜ਼ੋਰ ਨਵਾਂ ਜੰਮਿਆ ਵੱਛਾ ਉਠ ਖੜਾ ਹੁੰਦਾ ਹੈ । ਨਿੱਕਾ ਜਿਹਾ ਫੁੱਲ ਲੱਖਾਂ ਤੁਫਾਨ ਤੇ ਝੱਖੜ ਸਹਾਰਦਾ ਹੈ । ਨਿੱਕਾ ਜਿਹਾ ਬਾਲਕ ਆਪਣੀਆਂ ਨਿੱਕੀਆਂ, ਨਿੱਕੀਆਂ ਟੰਗਾਂ ਤੇ ਖੜਾ ਹੋ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਸਣੇ ਉਨ੍ਹਾਂ ਦੇ ਖੂਹਣੀਆਂ ਲਸ਼ਕਰਾਂ ਨੂੰ ਇਕ ਨੈਣ ਮੱਟਕੇ ਨਾਲ ਨੀਵਾਂ ਕਰ ਸੁੱਟਦਾ ਹੈ ॥
ਜਦ ਇਕ ਬੰਦਾ ਦੂਜੇ ਨੂੰ ਅਜ਼ਲ ਦੇ ਰਾਹਾਂ ਤੇ ਮਿਲਦਾ ਹੈ, ਉਹ ਉਹਦੇ ਵੱਲ ਵੇਖਦਾ ਹੈ ਤੇ ਉਹ ਉਹਦੇ ਵੱਲ । ਨੈਣਾਂ ਨੈਣਾਂ ਦਾ ਸੰਬਾਦ ਹੁੰਦਾ ਹੈ, ਉਹਦੇ ਹੱਡ ਕੰਬਦੇ ਹਨ, ਉਹਦੇ ਹੋਠ ਕੰਬਦੇ ਹਨ, ਹੋਠ ਮਿਲਦੇ ਹਨ, ਬਾਹਾਂ ਕੰਬਦੀਆਂ ਹਨ, ਬਾਹਾਂ ਪਸਾਰ ਆਪੇ ਵਿੱਚ ਮਿਲਦੀਆਂ ਹਨ ਤੇ ਉਸ ਨਾ ਕਦੀ ਮਿਲੇ ਬੰਦਿਆਂ ਦੀਆਂ ਜੱਫੀਆਂ ਵਿੱਚ ਅਜ਼ਲ ਦੀਆਂ ਸਿਞਾਣਾਂ ਸਾਂਝਾਂ ਪੈਂਦੀਆਂ ਹਨ, ਇਸ ਮੇਲ ਵਿੱਚ ਪਿਆਰ ਦੀਆਂ ਅਨੇਕ ਮੂਰਤੀਆਂ ਹਨ ॥
ਇਕ ਪੰਛੀ ਜ਼ਖਮੀ ਹੋ ਡਿੱਗਦਾ ਹੈ, ਇਕ ਬਾਲਕ ਉਹਨੂੰ ਉਠਾ ਕੇ ਘਰ ਲਿਆਉਂਦਾ ਹੈ, ਬਾਲਕ ਨੂੰ ਖਬਰ ਨਹੀਂ ਦਰਦ ਕੀ ਚੀਜ਼ ਹੈ? ਉਹ ਉਸੀ ਤਰਾਂ ਦਾ ਜਖਮ ਆਪਣੀ ਬਾਂਹ ਤੇ ਕਰਕੇ, ਉਹਦੀ ਪੀੜ ਦਾ ਅਨੁਭਵ ਕਰਦਾ ਹੈ ਤੇ ਮੁੜ ਉਹਦੇ ਜ਼ਖਮਾਂ ਨੂੰ ਰਾਜ਼ੀ ਕਰਦਾ ਹੈ ॥
ਈਸਾ ਦਾ ਸਿੱਖ ਬਿਹਬਲ ਹੋਇਆ ਈਸਾ ਨੂੰ ਟੋਲਦਾ ਹੈ। ਇਕ ਰਾਹ ਜਾਂਦੇ ਕੁਸ਼ਟੀ ਨੂੰ ਮਿਲਦਾ, ਉਹਦੇ ਜ਼ਖਮਾਂ ਨੂੰ ਆਪਣੇ ਹੋਠਾਂ ਨਾਲ ਚੰਮਦਾ ਹੈ, ਹਰ ਹੱਥ ਵਿੱਚ, ਕੀ ਰੋਗੀ, ਕੀ ਕੁਸ਼ਟੀ, ਕੀ ਸੋਹਣੀ ਤੀਮੀਂ ਦੇ ਹੱਥ ਵਿੱਚ ਈਸਾ ਦੇ ਹੱਥ ਨੂੰ ਚੁੰਮਦਾ ਹੈ। ਪਿਆਰੇ ਬਿਨਾ ਪਿਆਰ ਕਿੱਥੇ? ਪਿਆਰ ਬਿਨਾ ਸੇਵਾ ਸਿਰਦਰਦੀ ਤੇ ਥਕਾਵਟ ਹੈ ॥
ਇਹ ਤੀਬ੍ਰਤਾ ਤੇ ਇੰਨੀ ਤੇਜ਼ ਧਾਰਾ ਰੂਹ ਦਾ ਵੇਗ ਹੈ । ਕਿਸੀ ਅਕਲ ਦਾ ਕੰਮ ਤਾਂ ਨਹੀਂ, ਇਹ ਪਿਆਰ ਦੇ ਕ੍ਰਿਸ਼ਮੇ ਹਨ । ਸੇਂਟ ਥਰੈਸੀ ਵਿਆਹ ਨਹੀਂ ਕੀਤਾ । "ਮੈਂ ਤਾਂ , ਈਸਾ ਨਾਲ ਵਿਆਹੀ ਹਾਂ" ਤੇ ਜਦ ਹੋਰ ਨਾਲ ਦੀਆਂ ਸਾਧਨੀਆਂ ਉਪਕਾਰ ਦੇ ਕੰਮਾਂ ਥੀਂ ਅੱਕ ਕੇ ਥੱਕ ਕੇ, ਤੰਗ ਹੋ ਕੇ ਸੇਂਟ ਥਰੈਸੀ ਪਾਸ ਆਪਣਾ ਰੋਣਾ ਲੈ ਕੇ ਆਈਆਂ ਤੇ ਆਖਣ ਲੱਗੀਆਂ ਅਸੀ ਤਾਂ ਪੁਰ ਪੁਰ ਦੁਖੀ ਹਾਂ। ਫਲਾਣੇ ਇਹ ਗੱਲ ਆਖੀ, ਢਿਮਕੇ ਇਹ ਗੱਲ ਆਖੀ, ਤਾਂ ਸਹਿਜ ਸੁਭਾ ਸੇਂਟ ਥਰੈਸੀ ਉੱਤਰ ਦਿੱਤਾ, "ਭੈਣੇ! ਅਸੀਂ ਤਾਂ ਈਸਾ ਨਾਲ ਵਿਆਹੀਆਂ ਹਾਂ, ਜਦ ਉਹ ਦੁਨੀਆਂ ਦੇ ਦੁਖੜੇ ਦੂਰ ਕਰ ਕਰਕੇ ਤੇ ਦੁਖੀ ਤ੍ਰੀਮਤਾਂ ਦੀਆਂ ਅਰਦਾਸਾਂ ਸੁਣ ਕੇ ਉਨ੍ਹਾ ਦੇ ਅੱਥਰੂ ਪੂੰਝ ਪੂੰਝ ਕੇ ਥੱਕ ਕੇ ਆਪਣੇ ਘਰ ਆਵੇਗਾ ਕੀ ਅਸੀਂ ਵੀ ਹੋਰਨਾਂ ਵਾਂਗ ਉਹਨੂੰ ਰੋਦੀਆਂ ਹੀ ਮਿਲਾਂਗੀਆਂ, ਤੇ ਉਹਨੂੰ ਆਪਣੇ ਘਰ ਵੀ ਕੋਈ ਘੜੀ ਆਰਾਮ ਦੀ ਨਹੀਂ ਮਿਲੇਗੀ? ਸਾਡਾ ਪਿਆਰ ਕੀ, ਜੇ ਸ਼ਕਾਇਤਾਂ ਦਿਲ ਵਿੱਚ ਫੁਰਦੀਆਂ ਹਨ, ਸਾਡਾ ਤਾਂ ਚਾ ਹੀ ਅਮਿਟ ਹੋਣਾ ਲੋੜੀਏ"।
ਭੀਲਣੀ ਆਪਣੇ ਰੱਬ ਲਈ ਮਿੱਠੇ ਬੇਰ ਚੱਖ ਚੱਖ ਕੇ ਰੱਖਦੀ ਰਹੀ, ਤੇ ਜਦ ਉਹ ਆਇਆ ਸੁੱਕੇ ਬੇਰ ਅੱਗੇ ਰੱਖੇ ॥
ਇਕ ਤੀਮੀ ਆਪਣੇ ਚੁਣੇ ਸੋਹਣੇ ਨੂੰ ਚੁੰਮ ਚੁੰਮ ਰੱਬ ਬਣਾ ਦਿੰਦੀ ਹੈ, ਤੇ ਫਿਰ ਸਾਰੀ ਉਮਰ ਸੇਵਾ ਵਿੱਚ ਆਪਾ ਗਾਲ ਦਿੰਦੀ ਹੈ। ਸਹਿਜ ਸੁਭਾ ਅਥਾਹ, ਨਿਰਸੰਕਲਪ, ਸੇਵਾ ਕਰਦੀ ਹੈ, ਜਿਤਨਾ ਵਿਤ ਉਤਨਾਂ ਵਰਤਦੀ ਹੈ, ਹੈ ਤਾਂ ਉਹ ਪਿਆਰ, ਰੱਬੀ ਜੋਤ ਜਿਹੜੀ ਨਿਸਬਾਸਰ ਜਗਦੀ ਹੈ।