ਉਥੇ ਨਹੀਂ ਤਾਂ ਹੋਰ ਅਗੇ, ਯਾ ਇਹਨੂੰ ਛੋੜ ਓਹਨੂੰ ਫੜ ਦੀ ਚੰਚਲਤਾ ਤੇ ਬਾਹਰ ਮੁਖੀ ਦ੍ਰਿਸ਼ਟੀ ਦੀ ਦੁੱਖ ਕਥਾ ਵਿੱਚ ਮਾਯੂਸ ਹੋ ਹੋ ਮਰ ਜਾਂਦਾ ਹੈ, ਯਾ ਓਹਨੂੰ ਕਦੀ ਅਨੰਤ ਕਿਸੀ ਝਾਕੇ ਦਾ ਲਿਸ਼ਕਾਰਾ ਵੱਜਦਾ ਹੈ ਤੇ ਉਹਦੀ ਸੁਰਤਿ ਜਾਗ ਪੈਂਦੀ ਹੈ, ਤੇ ਉਸ ਨੁਕਤੇ ਨੂੰ ਪਰਾਪਤ ਕਰਦਾ ਹੈ, ਜਿਥੇ ਕੋਈ ਰੂਪ ਵਾਨ ਤੇ ਕੋਝਾ ਨਹੀਂ ਰਹਿੰਦਾ, ਕਿਉਂਕਿ ਹਰ ਇਕ ਚੀਜ ਉੱਪਰ ਉਹਦੀ ਅੱਖ ਵਿੱਚ ਬੈਠਾ ਅਨੰਤ ਨੂਰ ਆਪਣੀ ਕਰਾਮਾਤੀ ਰੂਪ ਪਾ ਪਾ ਉਹਦੇ ਅਮਰ ਮਿਤ੍ਰ ਭਾਵ ਤੇ ਮਿਤ੍ਰਤਾ ਨੂੰ ਪਾਲਦਾ ਹੈ ॥
ਉਸ ਲਈ ਵੈਰੀ ਫਿਰ ਕੋਈ ਰਹਿੰਦਾ ਨਹੀ, ਸਰਬ ਵਸੂਦੇਵ ਕੁਟੰਬ ਹੋ ਜਾਂਦਾ ਹੈ, ਸਭੋ ਮਨੁੱਖ ਮਿਤ੍ਰ ਹੋ ਜਾਂਦੇ ਹਨ, ਹਵਾਵਾਂ ਆਣ ਕੇ ਹਮਦਰਦੀ ਕਰਦੀਆਂ ਹਨ, ਸੁੱਤੇ ਦਾ ਮੂੰਹ ਚੁੰਮਦੀਆਂ ਹਨ, ਦਰਿਯਾ ਨੁਹਲਾਂਦੇ ਹਨ। ਦਰਿਯਾਵਾਂ ਦੇ ਕੰਢੇ ਉੱਪਰ ਨਵੀਂ ਸੱਜਰੀ ਬਜਰੀ ਆਰਾਮ ਬਿਛੌਣੇ ਵਿਛੇ ਮਿਲਦੇ ਹਨ, ਸੁੱਕੇ ਪਰਬਤਾਂ ਵਿੱਚੋਂ ਮਾਂ ਦਾ ਦੁੱਧ ਅਨੇਕ ਧਾਤਾਂ ਵਿੱਚ ਫੁਟ ਕੇ 'ਬੱਚੇ' ਦੇ ਮੂੰਹ ਵਿੱਚ ਪੈਂਦਾ ਹੈ। "ਬੱਚਾ" ਸੀ ਤਾਂ ਕੁੱਲ ਜਹਾਨ ਮਿਤ੍ਰ ਸੀ, ਜਦ ਇਹ ਮਿਹਰ ਹੁੰਦੀ ਹੈ, ਨੈਣਾਂ ਵਿੱਚ ਕੋਈ ਸੱਚ ਆ ਸਮਾਂਦਾ ਹੈ । ਕੋਈ ਦਰਸ਼ਨ ਰੂਹ ਵਿੱਚ ਆਣ ਬਹਿੰਦਾ ਹੈ । ਤਦ ਮੁੜ ''ਬੱਚਾ" ਹੋ ਜਾਂਦਾ ਹੈ, ਇਸ ਬੱਚੇ ਲਈ ਵੀ ਸਭ ਕੁਦਰਤ ਮਿਤ੍ਰ ਹੋ ਜਾਂਦੀ ਹੈ । ਕੁਦਰਤ ਜਦ ਤਕ ਵੈਰੀ ਦਿੱਸਦੀ ਹੈ, ਤਦ ਤਕ ਮਨੁੱਖ ਦਾ ਬੱਚਾ ਹਾਲੇ ਪੂਰਣ ਨਹੀਂ ਹੋਇਆ, ਜਦ ਕੁਦਰਤ ਮਾਂ ਵਾਂਗ ਝੋਲੀ ਵਿੱਚ ਚੁੱਕ ਕੇ ਮੁੜ ਪਾਲਦੀ ਹੈ, ਤਦ ਪੂਰਣ ਮਿਤ੍ਰਤਾ ਰੂਹ ਵਿੱਚ ਫੁੱਲਦੀ ਤੇ ਫਲਦੀ ਹੈ॥
ਸੋ "ਮਿਤ੍ਰ ਅਸਾਡੜੇ ਸੇਈ" ਸੋ ਸੱਚੀ ਮਿਤ੍ਰਤਾ ਇਕ ਕਿਸੀ ਉੱਚੇ ਸਿਦਕ ਵਿੱਚ ਰਹਿਣ ਵਾਲੇ, ਡੂੰਘਿਆਈਆਂ ਵਿੱਚ ਗੜੂੰਦ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ ਅਰ ਓਹੋ ਹੀ ਸਾਡੇ ਮਿਤ੍ਰ ਸੱਚੇ ਹਨ :-
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ
ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਇਹ ਸਭ ਜਗਤ ਦੀਆਂ ਦੋਸਤੀਆਂ ਦਾ ਗੁਣ ਹੈ, ਕਿਉਂਕਿ ਉਨਾਂ ਨੂੰ ਹਾਲੇ ਮਾਸ ਦੇ ਬੁੱਤਾਂ ਦੇ ਰੂਪ ਕਰੂਪ ਤੇ ਆਪਣੀਆਂ ਲੋੜਾਂ ਤੇ ਖੁਦਗਰਜ਼ੀ ਦੀਆਂ ਜਰੂਰਤਾਂ ਤੇ ਸੰਕਲਪਾਂ ਦੀਆਂ ਪੂਰਤੀਆਂ ਥੀਂ ਪਰੇ ਕੁਛ ਦਿੱਸ ਨਹੀਂ ਰਿਹਾ । ਗਉ ਦਾ ਵੱਛੇ ਨੂੰ ਚੱਟਣਾ ਇਕ ਅਪੂਰਣ ਮਿਤ੍ਰਤਾ ਦਾ ਅਮਲ ਹੈਵਾਨੀ ਦੁਨੀਆਂ ਵਿੱਚ ਹੈ ਤੇ ਚਿਰ ਸਥਾਈ ਨਹੀਂ । ਗਊ ਨੂੰ ਇਉਂ ਕਰਨ ਵਿੱਚ ਅਕਹਿ ਜਿਹਾ, ਪਰ ਖਿਣਕ ਸੁਖ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸੁਖਾਂ ਦਾ ਲਾਲਚ ਦੇ ਦੇ ਕੁਦਰਤ ਮਾਂ ਹੈਵਾਨਾਂ ਵਿੱਚ ਸ਼ੇਰਨੀ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਦਯਾ ਧਰਮ ਉਪਜਾਂਵਦੀ ਹੈ । ਇਉਂ ਹੀ ਜਰਵਾਣਿਆਂ ਜ਼ਾਲਮਾਂ ਜਿਹੜੇ ਬੇਗੁਨਾਹ ਲੋਕਾਂ ਨੂੰ ਦੁੱਖ ਦੇ ਦੇ ਮਾਰ ਦਿੰਦੇ ਹਨ, ਓਹ ਆਪਣੇ ਬੱਚਿਆਂ ਲਈ ਦਯਾ ਦਿਲ ਰੱਖਦੇ ਹਨ, ਪਰ ਓਸ ਇਹੇ ਜਿਹੇ ਪੁਰਸ਼ ਕੀ ਵੱਡੇ ਕੀ ਛੋਟੇ ਜਿਹੜੇ ਅਗਮ ਅਥਾਹ, ਅਕਹਿ, ਅਨੰਤ ਦੀ ਜਮੀਨ ਵਿੱਚ ਨਹੀਂ ਉੱਗ ਰਹੇ, ਸਿਰਫ ਆਪਣੀਆਂ ਪੰਜ ਇੰਦ੍ਰੀਆਂ ਦੇ ਗਮਲਿਆਂ ਵਿੱਚ ਖੁਦਗਰਜੀ ਦੇ ਫਲ ਫੁੱਲ ਨੂੰ ਉਗਾ ਰਹੇ ਹਨ, ਓਹ ਹੈਵਾਨ ਹਨ, ਅਰ ਉਨ੍ਹਾਂ ਦੀ ਮਿਤ੍ਰਤਾ ਦੀ ਨੀਂਹ ਸਦਾ ਖੁਦਗਰਜੀ ਦੇ ਸੁਖ ਉੱਪਰ ਹੈ ।