"ਹਰਦਮ ਖਿੜੇ ਮਿਲੋ ਹੇ ਮਿਤ੍ਰੋ!
ਤੁਸਾਂ ਮੱਥੇ ਵੱਟ ਨ ਪਾਏ।
ਸੀਨੇ ਸਾਫ ਕੀਨਿਓਂ ਤੁਹਾਡੇ,
ਤੁਸਾਂ ਵੈਰ ਨ ਕਦੇ ਕਮਾਏ।
ਡਿੱਠਿਆਂ ਖਿੜੇ ਕਾਲਜਾ ਸਾਡਾ,
ਅਸਾਂ ਦੇਖ ਦੇਖ ਸੁਖ ਪਾਏ।
(ਭਾਈ ਵੀਰ ਸਿੰਘ ਜੀ)
ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ । ਈਸਾ ਪਾਣੀ ਭਰਨ ਵਾਲੀਆਂ ਪੈਲਿਸਟੀਨ ਦੀਆਂ ਜਵਾਨ ਕੁੜੀਆਂ ਨੂੰ ਕਹਿੰਦਾ ਹੈ:-"ਬੀਬੀਓ! ਮੇਰੇ ਕੋਲ ਉਹ ਪਾਣੀ ਹੈ, ਜੋ ਸਦਾ ਦੀ ਪਿਆਸ ਬੁਝਾਂਦਾ ਹੈ ਤੇ ਜਦ ਹਵਾਰੀ ਪੁੱਛਦੇ ਹਨ, ਅਸੀ ਜੀਵਨ ਦਾ ਨਿਰਬਾਹ ਕਿਸ ਤਰਾਂ ਕਰਾਂਗੇ, ਤਦ ਉਹ ਕਹਿੰਦਾ ਹੈ "ਵੇਖੋ! ਖੇਤਾਂ ਵਿੱਚ ਲਿਲੀਆਂ ਕਿਸ ਤਰਾਂ ਖਿੜ ਰਹੀਆਂ ਹਨ, ਇਹ ਕਿਥੋਂ ਖਾਂਦੀਆਂ ਹਨ। ਨਾ ਹਲ ਵਾਂਹਦੀਆਂ ਹਨ ਨਾ ਕੱਪੜਾ ਬੁਣਦੀਆਂ ਹਨ ਪਰ ਸੁਲੇਮਾਨ ਆਪਣੇ ਐਸ਼ਵਰਜ ਸਮੇਤ ਇਨ੍ਹਾਂ ਥੀਂ ਵਧ ਫਬਨ ਤਾਂ ਨਹੀਂ ਸੀ ਬਣਾ ਸੱਕਦਾ ਫਿਰ "ਸੱਚਾ ਜੀਵਨ ਤਾਂ ਉਨਾਂ ਨੂੰ ਪ੍ਰਾਪਤ ਹੈ ਜਿਹੜੇ ਜੀਵਨ ਨੂੰ ਗਵਾ ਬੈਠੇ ਹਨ", ਪੂਰਬ ਦੇ ਦੇਸ਼ਾਂ ਵਿੱਚ ਸਾਧਬਚਨਾਂ ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤਯ ਮੰਨਿਆ ਹੈ।ਬਾਕੀ ਵਾਕ ਰਚਨਾ ਮੰਨੀ ਹੈ। ਸਾਹਿਤਯ ਦੇ ਰਸਿਕ ਵਾਕ ਰਚਨਾ ਦੇ ਰਸ ਘੜੀ ਪਲ ਲਈ ਲੈ ਲੈਂਦੇ ਹਨ। ਪਰ ਇਹ ਉਨ੍ਹਾਂ ਦਾ ਨਿਸ਼ਚਾ ਸਦਾ ਅਟੱਲ ਹੁੰਦਾ ਹੈ, ਕਿ ਵਾਕ ਰਚਨਾ ਇਕ ਲਫਜ਼ਾਂ ਦੀ ਮਾਯਾ ਹੈ॥
ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਜਦ ਇਕ ਲਾਜਵੰਤੀ ਦੇ ਪੱਤਿਆਂ ਵਰਗਾ ਨਰਮ ਦਿਲ ਚੜ੍ਹਦੇ ਸੂਰਜ ਨੂੰ ਵੇਖ ਇਕ ਅਕਹਿ ਸੁਖ ਵਿਚ ਜਾਂਦਾ ਹੈ ਤੇ ਜਿਵੇਂ ਨੀਂਦਰ ਆਏ ਵੇਲੇ ਹੱਥ ਪੈਰ ਆਪ-ਮੁਹਾਰੇ ਡਿੱਗ ਪੈਂਦੇ ਹਨ, ਤਿਵੇਂ ਉਸ ਰਸਿਕ ਸੁਖ ਨਾਲ ਬਿਹਬਲ ਹੋ ਓਹਦੇ ਹੱਥ ਪੈਰ ਸਰੀਰ ਮਨ ਆਦਿ ਸਭ ਡਿੱਗ ਪੈਂਦੇ ਹਨ। ਉਹ ਅਕਹਿ ਸੁਖ, ਕਵਿਤਾ ਦੀ ਹਾਲਤ ਹੈ। ਅਸਲ ਵਿੱਚ ਪਾਰਖੀ ਲੋਕਾਂ ਲਈ ਤਾਂ ਬਸ ਉਹ ਦਰਸ਼ਨ ਹੀ ਬਸ ਹਨ, ਐਸੀ ਉੱਚੀ ਅਵਸਥਾ ਵਿੱਚ ਅਰੂੜ ਬੰਦੇ ਦੇ ਦਰਸ਼ਨ ਹੀ ਕਵਿਤਾ ਦੇ ਰਾਗ ਦੇ ਅਲਾਪਨ ਥੀਂ ਵਧ ਕਿਸੀ ਖੁਸ਼ੀ ਦਾ ਅਨੁਭਵ ਹੈ।
ਕਵੀ ਭੀ ਆਪਣੀ ਹਾਲਤ ਥੀਂ ਉਥਾਨ ਹੋ ਕੇ ਕੁਛ ਕਹਿਣਾ ਚਾਹੁੰਦਾ ਹੈ, ਜਿਵੇਂ ਸੂਰਜ ਨੀਲੇ ਸਮੁੰਦ੍ਰ ਵਿੱਚ ਡੁਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦ੍ਰ ਦੀ ਡੋਬ ਉਹਦੇ ਚੜ੍ਹਾਉ ਵਿੱਚ ਡਲ੍ਹਕਦੀ ਹੈ (ਇਹ ਰੰਗ ਸਮੁੰਦ੍ਰ ਵਿੱਚ ਜਹਾਜ ਤੇ ਚੜ੍ਹਿਆ ਸਵੇਰ ਵੇਲੇ ਸੂਰਜ-ਚੜ੍ਹਦੇ ਸਮੇਂ ਦਾ ਹੈ) ਤਿਵੇਂ ਕਵੀ ਦੇ ਦਿਲ-ਸਮੁੰਦ੍ਰ ਦੀ ਰੰਗਣ ਨਾਲ ਡਲ੍ਹਕਦੀ ਕਵਿਤਾ ਉਦਯ ਹੁੰਦੀ ਹੈ। ਇਕ ਅਨੰਤ ਦੀ ਦ੍ਰਵਿਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇਕ ਵੇਰੀ ਇਕ ਅਚੰਬਾ ਕਰ ਦੇਣ ਵਾਲੀ, ਸੁਤਿਆਂ ਦੇ ਰੂਹ ਜਗਾਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਂਦੀ ਹੈ॥
ਉਸੀ ਤਰਾਂ ਜਿਸ ਤਰਾਂ ਇਕ ਹਰਨੀ ਮੂੰਹ ਉੱਚਾ ਕਰਕੇ ਆਪਣੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਿਹਬਲ ਹੁੰਦੀ ਹੈ । ਤਿਵੇਂ ਹੀ ਕਵੀ ਦੇ ਦਿਲ ਦੀ ਅਵਾਜ਼ ਸਦੀਆਂ ਦੇ ਕੰਨ ਖੜੇ ਕਰ ਦਿੰਦੀ ਹੈ।