Back ArrowLogo
Info
Profile
ਘਰ ਘਰ ਗਲੀ ਗਲੀ ਮਾਹਵਾਰੀ ਯਾ ਹਫਤੇਵਾਰ ਯਾ ਰੋਜ਼ਾਨਾ ਅਖਬਾਰਾਂ ਦੇ ਵਿੱਚ ਕੂੜਾ ਕਰਕਟ ਛਾਪਣਾ, ਰੋਜਾਨਾ ਜ਼ਿੰਦਗੀ ਦੇ ਝਗੜੇ ਫਸਾਦ ਝੇੜੇ ਰੌਲੇ, ਬਿਖਰੀਆਂ ਤੇ ਖਿੰਡੀਆਂ ਸੁਰਤਾਂ ਦੀਆਂ ਬੇਚੈਨੀਆਂ ਨੂੰ ਅਕਲੀ ਉਕਸਾਵਟਾਂ ਦੇ ਰੂਪ ਵਿੱਚ ਅੰਕਿਤ ਕਰ ਕਰ ਕਦੀ ਉਨ੍ਹਾਂ ਨੂੰ ਕਵਿਤਾ ਦਾ ਲਕਬ ਦੇ ਬਾਹਰ ਟੋਰਨਾ, ਕਦੀ ਪ੍ਰਸਤਾਵ, ਕਦੀ ਲੇਖ ਆਖ ਪਾਣੀ ਉੱਪਰ ਲਕੀਰਾਂ ਵਾਂਗ ਵਾਹ ਠੇਹਲਣਾ। ਇਹ ਸਭ ਸਾਹਿਤ੍ਯ ਸੁੱਚੇ ਸਾਹਿਤ੍ਯ ਦੀ ਉੱਨਤੀ ਵਿੱਚ ਪੱਥਰ ਡਾਹਵਣ ਦਾ ਕੰਮ ਕਰਨਾ ਹੈ ।

ਅਸਲੀ ਤੇ ਸੁੱਚਾ ਸਾਹਿਤ੍ਯ ਮਹਾਤਮਾਂ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ, ਬੰਦੇ ਜਿਸ ਕੌਮ ਵਿੱਚ ਪੈਦਾ ਹੋਣ ਉਸ ਵਿੱਚ ਸਾਹਿਤ੍ਯ ਦਾ ਧਨ, ਆਪ-ਮੁਹਾਰਾ ਮੀਂਹ ਵਾਂਗ ਵਰਦਾ ਹੈ। ਜਿਸ ਤਰਾਂ ਉੱਚੇ ਮਹਿਲਾਂ ਨਾਲ ਕੋਈ ਕੌਮ ਉੱਚੀ ਨਹੀਂ ਹੁੰਦੀ । ਜੇ ਉਹਦੇ ਬੰਦੇ ਵੱਡੇ ਦਿਲਾਂ ਵਾਲੇ ਉੱਚੀਆਂ ਸੁਰਤਾਂ ਵਾਲੇ ਹੋਣ ਤੇ ਭਾਵੇਂ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿਣ, ਉਹ ਕੌਮ ਨੂੰ ਵੱਡਾ ਤੇ ਉੱਚਾ ਕਰਦੇ ਹਨ,  ਇਸੀ ਤਰਾਂ ਸਾਹਿਤ੍ਯ ਵੀ ਉਨ੍ਹਾਂ ਮਹਾਂਪੁਰਖਾਂ ਦੇ ਪ੍ਰਛਾਵਿਆਂ ਵਿੱਚ ਪਲਦੀ ਹੈ। ਪੰਜਾਬੀ ਸਾਹਿਤ੍ਯ ਜੋ ਹੈ ਸੋ ਫਕੀਰਾਂ, ਗੁਰੂ ਪਿਆਰਿਆਂ, ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰਾਂ ਦਾ ਤੀਰ ਬਰਸਾਉਣਾ ਸਾਹਿਤ੍ਯ ਹੈ ਕਿ ਜਿਹੜਾ ਇਹਦਾ ਜਾਣੂ ਹੋਯਾ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ ।ਤੇ ਪੰਜਾਬੀ ਸਾਹਿਤ੍ਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨ੍ਹਦੇ ਹਨ ਅਰ ਪਿਆਰ ਦੇ ਛੇਕ ਵੀ ਕਰਦੇ ਹਨ ਅਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ ॥

ਇਸ ਸਾਹਿਤ੍ਯ ਦੀ ਉੱਨਤੀ ਫਕੀਰ ਦਿਲਾਂ ਦੇ ਡੂੰਘੇ ਤੇ ਅਸਗਾਹ ਵਹਿਣਾਂ ਵਿੱਚ ਹੈ, ਉਹ ਵਹਿਣ ਪੈਣ, ਮਾਮਲੇ ਦਰਪੇਸ਼ ਆਣ, ਕਦੀ ਕਿਸੀ ਦੇ ਦੀਦਾਰ ਹੋਣ, ਨੈਣ ਲਾਲ ਹੋਣ, ਦਿਲ ਨੂੰ ਅਣੀਆਲੇ ਤੀਰ ਚੁੱਬਣ, ਅੱਧੇ ਅੰਦਰ ਹੋਣ ਅੱਧੇ ਬਾਹਰ, ਵਡ੍ਹਿਆਂ ਵਡ੍ਹੇ ਨਾ ਜਾਣ, ਪੀੜ ਹੋਵੇ, ਤੁਣਕੇ ਵੱਜਣ, ਤੇ ਉਨ੍ਹਾਂ ਜੀਵਨ ਦੇ ਪਿਆਰ ਤਜਰਬਿਆਂ, ਉੱਚੀਆਂ ਨੀਦਰਾਂ ਤੇ ਦਿਲ ਦੀਆਂ ਚੀਖਾਂ ਤੇ ਕਸੀਸਾਂ ਵਿੱਚ ਦੀ ਕੋਈ ਨਵੇਂ ਆਵਾਜ ਮਾਰਨ, ਉਹ ਮਿੱਠੇ ਪਿਆਰ ਰਾਗ ਦੇ ਆਪ- ਮੁਹਾਰੇ ਅਲਾਪ, ਪੰਛੀ ਵਤ, ਫੁੱਲ ਦੇ ਚੁੱਪ-ਰੰਗ-ਅਲਾਪ, ਸੁਗੰਧ ਰਾਗ ਵਾਂਗ, ਕੋਈ ਰਚਨਾਂ, ਕੋਈ ਇਲਾਹੀ ਰੰਗ,ਕਦੀ ਕਦੀ ਕਿਧਰੋਂ ਉਪਜੇ, ਹਾਂ ਉਪਜੇ, ਬਣਾਈ ਨਾ ਜਾਵੇ, ਉਹ ਸੁੱਚੇ ਸਾਹਿਤ੍ਯ ਦਾ ਸਮਾਂ ਬੰਨ੍ਹੇ ॥

ਪਰ ਕਿੱਥੇ ? ਜਿੱਥੇ ਕੰਡਿਆਂ ਨੂੰ ਪਾਲਿਆ ਜਾਵੇ, ਫੁੱਲਾਂ ਨੂੰ ਸੁਕਾਇਆ ਜਾਵੇ, ਖੁਦਗਰਜ਼ੀ ਲਾਲਚ, ਮੁਹਰੇ ਹੋ ਸ਼ੋਰ ਪਾਣ, ਕਵੀ ਬਣਨ, ਸਾਹਿਤ੍ਯ ਆਚਾਰਯ ਅਖਵਾਣ ਨਿਰੇ ਅਖਵਾਣ ਲਈ ਲੋਕਾਂ ਦੀ ਸੁਰਤਾਂ ਮਲੀਨ ਅਰ ਚੰਚਲ ਹੋਣ, ਉਥੇ ਸਾਹਿਤ੍ਯ ਦਾ ਰੰਗ ਕਿੱਥੇ ?

ਹਰ ਇਕ ਕੌਮ ਦਾ ਆਪਣਾ ਆਪਣਾ ਸਾਹਿਤ੍ਯ ਹੁੰਦਾ ਹੈ, ਅੰਗਰੇਜੀ ਸਾਹਿਤ੍ਯ ਬਹੁਤ ਕਰਕੇ ਪੋਲੀਟੀਕਲ ਇਤਹਾਸ, ਤੇ ਜੰਗ ਲੜਾਈ, ਤੇ ਕੌਮਾਂ ਨੂੰ ਫਤਹ ਕਰ ਉਨ੍ਹਾਂ ਨੂੰ ਕਿਸ ਤਰਾਂ ਹਕੂਮਤ ਤੇ ਕਾਨੂਨ ਵਿੱਚ ਰੱਖਣਾ, ਕਾਨੂਨ ਆਦਿ ਦਾ ਬਣਿਆ ਹੈ, ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜੀ ਬੋਲੀ ਵਿੱਚ ਕੋਈ ਲਿਰਕ ਤੇ ਸੁੱਚਾ ਰੋਮੈਂਟਕ ਸਾਹਿਤ੍ਯ (Lyrical and Ro- mantic literature) ਹੀ ਨਹੀਂ, ਨਾਟਕ ਚੇਟਕ ਚੰਚਲ ਤੇ ਜਿਹੇ ਲੜਨ ਭਿੜਨ ਤੇ ਦੂਜੀਆਂ ਕੌਮਾਂ ਨੂੰ ਵਾਹੁਣ ਵਾਲੀਆਂ ਬੇਚੈਨ ਸੁਰਤਾਂ ਨੂੰ ਰਤਾਕੂ ਠੰਢ ਪਾਣ ਦੇ ਸਾਮਾਨ ਹਨ । ਅੰਗਰੇਜੀ ਸਾਹਿਤ੍ਯ ਥੀਂ ਪਹਿਲਾਂ ਰੋਮਨ ਐਮਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤ੍ਯ ਸੀ ਤੇ ਇਹੋ ਕੁਛ  (Lyric) ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਅਕੱਠੇ ਹੁੰਦੇ ਸਨ ਤੇ ਸੁਹਣੀਆਂ ਗਹਿਣੇ ਕਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪ੍ਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਤੇ ਜਿਹੜੇ ਕਿਸੀ ਸਵਾਣੀ ਨੂੰ ਭਾ ਜਾਣ ਉਨ੍ਹਾਂ ਦੀ ਇੱਜ਼ਤ ਹੁੰਦੀ ਸੀ । ਇਓਂ ਰੋਮਨ ਐਮਪਾਇਰ ਕੰਡਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ । ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ ਕੋਈ ਪੁੱਛ ਨਹੀਂ ਹੁੰਦੀ ॥

91 / 100
Previous
Next