“ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀ”।
ਸੋ ਕੰਗਾਲ ਦੁਨੀਆਂ ਦੇ ਧੰਧੇ ਵਿੱਚ ਫਸਿਆਂ, ਦੁਖੀ, ਚੰਚਲ, ਗੰਦੀਆਂ ਮੰਦੀਆਂ, ਦੁਖ ਮਿਧੀਆਂ ਸੁਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤ੍ਯ ਦੇ ਮੰਦਰ ਤਕ ਅੱਪੜ ਵੀ ਸੱਕਨ, ਅੰਦਰ ਵੜਨਾ ਕਿੱਥੇ ? ਇਹ ਪਿਆਰ ਕੁਠੀ ਮਰ ਜਾਣੀ ਸੱਸੀ ਦੀ ਬੋਲੀ ਹੈ:-
“ਉਠੀ ਫਜਰੀ ਪੁਨੂੰ ਨਜਰੀ ਨਹੀਂ ਆਇਆ”।
ਜਿਸ ਕਦੀ ਪੁਨੂੰ ਰਾਵਿਆ ਹੀ ਨਹੀਂ, ਉਸ ਕੀ ਕੂਕਣਾ ਹੈ ?
“ਇਸ਼ਕ ਕਰਨ ਤਲਵਾਰ ਦੀ ਧਾਰ ਕਪਨ,
ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ।
ਇਹ ਕੰਮ ਨਹੀਂ ਅਣਭੰਗੀਆਂ ਦਾ,
ਇਹ ਤਾਂ ਕੰਮ ਹੈ ਸਿਰਾਂ ਥੀਂ ਲੰ ਗਿਆਂ ਦਾ”॥
ਕਦੀ ਭੈਣਾਂ ਦੇ ਭਰਾਵਾਂ ਦੇ ਵਿਜੋਗ ਵਿਚ ਕੀਰਣੇ ਸੁਣੇ ਜੇ ! ਕਦੀ ਮਾਵਾਂ ਦੇ ਪੁਤਾਂ ਦੇ ਸੱਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੀ ਦੀ ਤਾਂਘਾਂ ਦੀਆਂ ਲਹਿਰਾਂ ਦੇ ਕੱਪਰ ਪੈਂਦੇ ਦੇਖੇ ਜੇ ॥
“ਸਾਹਿਤ੍ਯ ਬਨਾਣਾ”, ਉਪਜਣਾ ਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ ਓ ਭੋਲਿਓ! ਅੰਗਰੇਜ਼ਾਂ ਦਾ ਬੰਗਾਲੀਆਂ ਦਾ, ਮੁਲਾਂ ਮਲਵਾਣਿਆਂ ਦਾ ਕੰਮ ਹੋਵੇ ਤਾਂ ਹੋਵੇ, ਸੱਸੀ ਨੇ ਯਾ ਸੋਹਣੀ ਨੇ, ਯਾ ਸਾਹਿਬਾਂ ਨੇ, ਯਾ ਬੁਲ੍ਹੇ ਨੇ, ਯਾ ਸ਼ਾਹ ਹੁਸੈਨ ਨੇ ਸਾਹਿਤ੍ਯ ਕੀ ਬਨਾਉਣਾ ਹੈ, ਉਹ ਤਾਂ ਉਨ੍ਹਾਂ ਦੇ ਦਿਲਾਂ ਨੂੰ ਚੀਰ ਕੇ, ਧਰਾਂ ਨੂੰ ਫਾੜ ਕੇ ਉਨ੍ਹਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓ ਭੋਲਿਓ ! ਸਾਹਿਤ੍ਯ ਉਪਜਦਾ ਹੈ ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ, ਬੀ ਹਰ ਇਕ ਸ਼ੈ ਦਾ ਹੈ ਪਰ ਸਾਹਿਤ੍ਯ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰ੍ਹਦਾ ਹੈ ਤੇ ਇਕ ਇਕ ਕਤਰੇ ਵਿੱਚ ਲਖ ਲਖ ਬਾਗ਼ ਹਨ ॥