ਅਗੇ ਇਕ ਭਲਾਪੁਰਸ਼ ਕੋਈ ਹੁੰਦਾ ਸੀ ਤੇ ਉਹ ਆਪਣੇ ਰੁਹਬ ਨਾਲ ਚੋਣ ਕਰ ਲੈਂਦਾ ਸੀ ਤੇ ਹੁਣ ਕਈ ਭਲੇ ਪੁਰਸ਼ ਹੁੰਦੇ ਹਨ ਜਿਹੜੇ ਆਪਣੀ ਚੋਣ ਮਖਲੂਕ ਪਾਸੋਂ ਆਪਣੀ ਮਰਜੀ ਦੀ ਕਰਾਕੇ ਰਾਜ ਕਰਦੇ ਹਨ । ਗੱਲ ਉੱਥੇ ਦੀ ਉੱਥੇ ਹੀ ਪਰ ਇਕ ਤਰਾਂ ਦਾ ਰੂਪ ਅੰਤਰ ਹੋਕੇ ਲੋਕਾਂ ਨੂੰ ਆਪਣੇ ਬਲ ਦਾ ਕੁਛ ਮੱਧਮ ਜਿਹਾ ਗਿਆਨ ਹੋ ਗਿਆ, ਸਮੇਂ ਪਾਕੇ ਮਖਲੂਕ ਆਪਣੀਆਂ ਜਿਮੇਵਾਰੀਆਂ ਸਮਝ ਕੇ ਇਨ੍ਹਾਂ ਪੁਰਾਣੀਆਂ ਆਦਤਾਂ ਵਾਲੇ ਮੁਲਕੀ ਕਰਮਚਾਰੀਆਂ ਨੂੰ ਸੋਧ ਲੈਣਗੇ, ਸੋ ਜੋ ਗੱਲ ਸਦੀਆਂ ਬਾਹਦ ਵੀ ਹਾਲੇਂ ਯੁਰਪ ਵਿੱਚ ਅੱਧੀ ਪੱਕੀ ਹੈ ਉਹ ਸਾਡੇ ਇਸ ਅਭਾਗੇ ਮੁਲਕ ਵਿੱਚ ਵੀ ਜਰੂਰਤ ਪਈ, ਸਾਡਾ ਰਾਜ ਪਾਠ ਚਰੋਕਣਾ ਖੁਸ ਗਿਆ, ਜਿਹੜੇ ਕੋਈ ਖਡਾਉਣਿਆਂ ਵਰਗੇ ਮੋਮ ਦੇ ਬੁੱਤ ਜਿਹੇ ਰਾਜੇ ਰਹਿ ਗਏ, ਉਹ ਸਦਾ ਸਦੀਆਂ ਥੀਂ ਅੱਗੇ ਭੋਗ ਲਿਪਟ ਸਨ ਤੇ ਹੁਣ ਜਦ ਉਨ੍ਹਾਂ ਦੀਆਂ ਚੰਗੇ ਕੰਮ ਕਰਨ ਦੀਆਂ ਤਾਕਤਾਂ ਹੀ ਖੁਸ ਗਈਆਂ, ਸੋ ਉਹ ਹੋਰ ਵੀ ਖਰਾਬ ਹੋ ਗਏ, ਉਨ੍ਹਾਂ ਤੇ ਅੰਗ੍ਰੇਜਾਂ ਦੇ ਭੇਜੇ ਅਫਸਰਾਂ ਦੀਆਂ ਖੁਦ- ਮੁਖਤਾਰੀਆਂ ਤੇ ਬਦੇਸੀ ਰਾਜ ਦੀਆਂ ਮੰਦੀਆਂ ਖਰਾਬੀਆਂ ਕਰਕੇ ਸਾਡੇ ਮੁਲਕੀ ਕਰਮਚਾਰੀ ਭੀ ਅਤਿ ਦੇ ਗਿਰੇ' ਹੋਏ ਲੋਕ ਹੋ ਗਏ, ਸੋ ਬਾਦਸ਼ਾਹੀ ਥੀਂ ਨਹੀਂ ਬਲਕਿ, ਇਕ ਤਰਾਂ ਦੀ ਬਾਹਰੋਂ ਚੋਪੀ ਚਾਪੜੀ ਕਾਨੀ ਦੇ ਜੁਲਮਾਂ ਥੀਂ ਬਚਣ ਲਈ ਰੌਲਾ ਪਿਆ ਕਿ ਹਿੰਦੁਸਤਾਨ ਵਿਚ ਵੀ ਵੋਟ ਉੱਤੇ ਹਕੂਮਤ ਦੀ ਨੀਂਹ ਰੱਖੀ ਜਾਵੇ, ਤੇ ਅੱਜ ੪੦ ਪੰਜਾਹ ਸਾਲ ਥੀਂ ਬੜੇ ਬੜੇ ਅਕਲ ਦੇ ਕੋਟਾਂ ਨੇ ਇਹ ਸਿੱਧਾ ਕਿਹਾ ਕਿ ਜੇਹੜਾ ਧਨ ਸਾਡੀ ਕੌਮ ਵਿੱਚੋਂ ਅਨੇਕ ਅਨਗਿਣਤ ਨਾਲੀਆਂ ਰਾਹੀਂ ਅਜ ੧੫੦ ਸਾਲ ਥੀਂ ਬਰਾਬਰ ਬਾਹਰ ਜਾ ਰਿਹਾ ਹੈ ਉਸ ਸਾਨੂੰ ਇਕ ਦਿਨ ਬੇਜਾਨ ਕਰ ਦੇਣਾ ਹੈ। ਹੁਣ ਵੀ ਕੁਲ ਦੁਨੀਆਂ ਵਿੱਚ ਸਭ ਥੀਂ ਜਿਆਦਾ ਇਹ ਮੁਲਕ ' ਗਰੀਬ ਹੈ । ਲਾਰਡ ਕਰਜ਼ਨ ਸਾਹਿਬ ਨੇ ਬੜੇ ਆਜ਼ਾਦ ਤੇ ਖੁਲ੍ਹੇ ਐਸਟੀਮੇਟ ਬਣਾ ਕੇ ਕਿਹਾ ਕਿ ਹਿੰਦੁਸਤਾਨ ਵਿੱਚ ਔਸਤ ਕਮਾਈ ਸਿਰ ਪਰਤੀ ਮਾਹਵਾਰੀ ਦੋ ਰੁਪੈ ਹੈ, ਹੁਣ ਇਸ ਵਿੱਚ ਧਨ ਉਪਜਾਊ ਸਿਰ ਵੀ ਹਨ ਤੇ ਧਨ ਖਲੇਰੂ ਸਿਰ ਵੀ ਹਨ । ਇਕ ਹਲਵਾਈ ਦੁੱਧ ਵੇਚਕੇ ਕੁਛ ਕਮਾਂਦਾ ਹੈ, ਉਹ ਕਮਾਂਦਾ ਤੇ ਨਹੀਂ ਉਹ ਤਾਂ ਧਨ ਖਿਲੇਰਦਾ ਹੈ ਸੋ ਹਾਲੇਂ ਇਹ ਐਸਟੀਮੇਟ ਕਿਸੀ ਨਹੀਂ ਲਾਇਆ, ਕਿ ਧਨ ਖਲੇਰੂਆਂ ਦੇ ਸਿਰ ਜੇ ਵਿੱਚੋਂ ਕਢ ਦਈਏ ਤਦ ਧਨ ਉਪਜਾਊ ਸਿਰ ਕਿੰਨੇ ਰਹਿ ਜਾਂਦੇ ਹਨ । ਇਕ ਰੇਲ ਤੇ ਚੜ੍ਹਨਾ ਧਨ ਉਪਜਾਊ ਕੰਮ ਲਈ ਹੈ, ਉਹ ਤਾਂ ਠੀਕ ਰੇਲ ਦੀ ਆਮਦਨ ਹੋਈ, ਉਹ ਧਨ ਉਪਜਾਊ ਕੰਮ ਦਾ ਖਰਚ ਖਾਤਾ ਹੋਇਆ ਇਸ ਤਰਾਂ ਅਸਬਾਬ ਵੇਚਣ ਲਈ ਲਦ ਕੇ ਇਕ ਥਾਂ ਥੀਂ ਦੂਜੇ ਥਾਂ ਲੈ ਜਾਣਾ ਵੀ ਧਨ ਉਪਜਾਊ ਕੰਮ ਵਿੱਚ ਮਜੂਰੀ ਦਾ ਹਿੱਸਾ ਹੋਇਆ ਪਰ ਧਨ ਉਪਜਾਊ ਕੰਮਾਂ ਥੀਂ ਛੁਟ ਹੋਰ ਕੋਈ ਆਮਦਨ ਜੋ ਹੁੰਦੀ ਹੈ ਉਹ ਧਨ ਖਲੇਰੂ ਆਮਦਨ ਹੈ ਉਹ ਸੱਚੀ ਆਮਦਨ ਨਹੀਂ, ਇਕ ਗੌਰਮਿੰਟ ਦੇ ਨੌਕਰ ਦੀ ਤਨਖਾਹ ਧਨ ਉਪਜਾਊ ਆਮਦਨ ਨਹੀਂ ਪਰ ਇਹ ਸਭ ਮਨਾਫੇ ਤੇ ਸਜੂਰੀਆਂ ਖਰਚ ਦੇ ਖਾਤੇ ਕਢਕੇ ਨਿਰੀ ਧਨ ਉਪਜਾਊ ਤਾਕਤ ਜੇ ਸਿਰੇ ਪਰਤੀ ਦੇਖੋਗੇ ਤਦ ਮਹੀਨੇ ਵਿੱਚ ਇਕ ਪੈਸਾ ਵੀ ਮੁਸ਼ਕਲ ਨਾਲ ਬਣੇਗਾ। ਸੋ ਜਿਸ ਮੁਲਕ ਵਿੱਚ ਧਨ ਉਪਜਾਣ ਦੀ ਤਾਕਤ ਇੰਨੀ ਘਟ ਹੋ ਗਈ ਹੋਵੇ ਉਸ ਪਾਸੋਂ ਇਹ ਉਮੈਦ ਕਰਨੀ ਕਿ ਉਹ ਕਦੀ ਆਜ਼ਾਦ ਆਪਣੀਆਂ ਬਾਹਾਂ ਦੇ ਬਲ ਹੋ ਸੱਕਦਾ ਹੈ ਨਿਰਾ ਅਕਲੀ ਪਾਗਲਪਨ ਹੈ। ਇਸ ਕਰਕੇ ਕਿਸੀ ਹੋਰ ਤਾਕਤ ਦੇ ਆਸਰੇ ਸਨ੍ਹੇ ਸਨ੍ਹੇ ਸਮਾ ਪਾ ਕੇ ਸਾਡੇ "ਜਿਹੇ ਮੁਲਕ ਆਜ਼ਾਦ ਹੋ ਸੱਕਦੇ ਹਨ। ਇਹ ਅਸੂਲ ਮੰਨ ਕੇ ਅਗੇ ਵਧਣ ਦੀ ਕਰਨੀ ਚਾਹੀਦੀ ਹੈ। ਰੂਸ ਨੇ ਇਹ ਕੀਤਾ , ਸਾਨੂੰ ਵੀ ਉਨ੍ਹਾਂ ਦੇ ਪੂਰਨਿਆਂ ਉੱਪਰ ਚੱਲਣਾ ਚਾਹੀਦਾ ਹੈ ਇਹ ਸਭ ਗੱਲਾਂ ਕੂੜੀਆਂ ਹਨ।
ਸੋ ਰਾਜਿਆਂ ਦੇ ਵਿਗੜ ਜਾਣ ਕਰਕੇ ਰੋਟੀ ਕਮਾਣੀ ਕਠਨ ਹੋ ਜਾਣ ਕਰਕੇ ਗਰੀਬ ਦਾ ਧਨ ਹੋਰ ਮਹਿੰਗਾ ਹੋ ਜਾਣ ਕਰਕੇ ਉਹੋ ਯੂਰਪ ਵਾਲੀ ਵੋਟ ਸਾਡੇ ਤਕ ਅੱਪੜ ਪਈ ਹੈ ਤੇ ਹਰ ਇਕ ਆਦਮੀ ਇਸ ਵੋਟ ਦੇ ਦੇਣ ਵਿੱਚ ਜੇ ਆਪਣੀ ਜਿੰਮੇਵਾਰੀ ਮਹਸੂਸ ਕਰਕੇ ਆਪਣੀ ਤਾਕਤ ਵਰਤੇਗਾ ਓਹ ਮੁਲਕ ਦੀ ਤੇ ਆਪਣੀ ਸੇਵਾ ਕਰੇਗਾ ਪਰ ਜਿਹੜਾ ਰਿਸ਼ਵਤ ਕਿਸੀ ਸ਼ਕਲ ਵਿੱਚ ਲੈ ਕੇ, ਰੁਹਬ, ਲਾਲਚ, ਭੈ ਵਿੱਚ, ਲਿਹਾਜ਼ ਵਿੱਚ ਆ ਕੇ ਵੋਟ ਦੇਵੇਗਾ ਉਹ ਆਪਣੇ ਮੁਲਕ ਦੀ ਗੁਲਾਮੀ ਦੀ ਤੇ ਮੁਸੀਬਤ ਤੇ ਦੁੱਖ ਤੇ ਭੁੱਖ ਦੀਆਂ ਜੰਜੀਰਾਂ ਹੋਰ ਕਰੜੀਆਂ ਕਰੇਗਾ ।