ਉੱਨ ਦੇ ਗੋਲ਼ੇ
ਪਿੰਡਾਂ ਅਤੇ ਸ਼ਹਿਰਾਂ ਨੂੰ ਬਰਾਬਰ ਮੰਨਿਆ ਜਾਂਦੈ, ਪਰ ਪਿੰਡਾਂ ਦਾ ਰਹਿਣ-ਸਹਿਣ, ਜਿਊਂਣ ਦਾ ਅੰਦਾਜ਼, ਚੀਜ਼ਾਂ ਤੇ ਹਾਲਾਤ ਨੂੰ ਦੇਖਣ ਸਮਝਣ ਦਾ ਤਰੀਕਾ ਸ਼ਹਿਰਾਂ ਨਾਲੋਂ ਵੱਖ ਹੁੰਦਾ ਹੈ, ਇਹ ਪਿੰਡਾਂ ਦੀ ਖੂਬਸੂਰਤੀ ਦਾ ਇੱਕ ਰੰਗ ਹੈ। ਪੂਰੇ ਸ਼ਹਿਰੀਆਂ ਨੂੰ ਪਿੰਡਾਂ 'ਚ ਦੀਆਂ ਖੇਡਾਂ, ਗੁੱਲੀ- ਡੰਡਾ, ਬਾਂਦਰ-ਕਿੱਲਾ, ਪੀਂਘ-ਪਲਾਂਘੜਾ, ਲੂਣ-ਮਿਆਣੀ ਵਰਗੀਆਂ ਖੇਡਾਂ ਬਾਰੇ ਸ਼ਾਇਦ ਹੀ ਪਤਾ ਹੋਵੇ। ਪਰ ਬਹੁਤ ਕੁਝ ਪਿੰਡਾਂ ਤੇ ਸ਼ਹਿਰਾਂ ਦਾ ਸਾਂਝਾ ਵੀ ਹੈ। ਕ੍ਰਿਕੇਟ ਇੰਟਰਨੈੱਟ ਸੋਸ਼ਲ ਮੀਡੀਆ, ਫੇਸਬੁੱਕ, ਇੰਸਟਾਗ੍ਰਾਮ ਆਦਿ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਪਿੰਡ ਤੇ ਸ਼ਹਿਰ ਵਾਸੀਆਂ ਦੀਆਂ ਸਾਂਝੀਆਂ ਨੇ। ਅਜਿਹੀ ਹੀ ਇੱਕ ਸਾਂਝੀ ਚੀਜ਼ ਹੈ ਉੱਨ ਦੇ ਕੱਪੜੇ ਬੁਣਨਾ। ਇਹ ਸ਼ੌਕ ਪਿੰਡਾਂ ਤੇ ਸ਼ਹਿਰਾਂ ਵਾਲੀਆਂ ਬੀਬੀਆਂ ਦੋਵਾਂ ਨੂੰ ਹੁੰਦਾ। ਜਦੋਂ ਮੈਂ ਪਿੰਡ ਰਹਿੰਦਾ ਸੀ ਤਾਂ ਉੱਥੇ ਮੈਂ ਸਾਡੇ ਆਂਢ-ਗੁਆਂਢ ਦੀਆਂ ਔਰਤਾਂ ਨੂੰ, ਉੱਨ ਦੀਆਂ ਕੋਟੀਆਂ-ਸਵੈਟਰ ਬੁਣਦੇ ਦੇਖਿਆ ਕਰਨਾ। ਵੱਖੋ-ਵੱਖ ਰੰਗ ਤੇ ਡਿਜ਼ਾਈਨ ਵਰਤ ਕੇ ਉਹ, ਬਹੁਤ ਖੂਬਸੂਰਤ ਕੱਪੜੇ ਬਣਾਉਂਦੀਆਂ ਸੀ।
ਇਹਨਾਂ ਬਾਰੇ ਤਿੰਨ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਨੇ ਜਿਹੜੀਆਂ ਅਸੀਂ ਕਰਦੇ ਸੀ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਉਂਦੇ ਸੀ। ਪਹਿਲੀ ਤਾਂ ਉਹਨਾਂ ਵਾਂਗ ਬੁਣਤੀ ਪਾਉਣ ਦੀ ਕੋਸ਼ਿਸ਼ ਕਰਨਾ, ਦੋ ਕੁ ਵਾਰੀ ਤੋਂ ਬਾਅਦ ਧਾਗਾ ਪਾਉਣ ਦਾ ਪਤਾ ਨਾ ਲੱਗਣਾ ਤੇ ਫੇਰ ਬੁਣਨ ਵਾਲ਼ੀ ਦਾਦੀ, ਮਾਂ, ਮਾਸੀ, ਚਾਚੀ ਨੇ ਗੁੱਸੇ ਹੋਣਾ ਕਿ ਮੇਰਾ ਟਾਈਮ ਵੀ ਖ਼ਰਾਬ ਕਰਤਾ ਤੇ ਬੁਣਤੀ ਵੀ। ਦੂਜੀ ਚੀਜ਼ ਹੈ ਉੱਨ ਦਾ ਗੋਲ਼ਾ ਚੁੱਕ ਕੇ ਪਤੰਗ ਚੜ੍ਹਾਉਣਾ ਤੇ ਫੇਰ ਉੱਨ ਖ਼ਰਾਬ ਹੋਣ ਪੈਣੀ।
ਤੀਜੀ ਸੀ ਪੱਗ ਬੰਨ੍ਹਣ ਲੱਗੇ ਕੋਟੀ ਦੀ ਬੁਣਤੀ 'ਚੋਂ ਸਲਾਈ ਕੱਢ ਲੈਣੀ, ਪੱਗ 'ਚ ਜ਼ੋਰ ਨਾਲ਼ ਫੇਰਨ ਨਾਲ ਸਲਾਈ ਵਿੰਗੀ ਹੋ ਜਾਣੀ ਤੇ ਫੇਰ ਉਹਦੇ ਪਿੱਛੇ ਵੀ ਕੁੱਟ ਪੈਣੀ। ਬੀਬੀਆਂ ਦਾ ਉੱਨ ਦੇ ਕੱਪੜੇ ਬੁਣਨਾ "ਜਿਸ ਕਾ ਕਾਮ ਉਸੀ ਕੇ ਸਾਜੇ ਵਾਲ਼ੀ ਗੱਲ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਉਹਨਾਂ ਦੀ ਕਲਾ, ਮੁਹਾਰਤ ਤੇ ਮਿਹਨਤ, ਉਹਨਾਂ ਦੇ ਬਣਾਏ ਹਰ ਕੱਪੜੇ 'ਚ ਆਪ-ਮੁਹਾਰੇ ਬੋਲਦੀ ਸੀ। ਉਹਨਾਂ ਵਿੱਚੋਂ ਹਰੇਕ ਕੋਲ ਕਾਰੀਗਰੀ ਦੇ ਨਾਲ-ਨਾਲ ਸਹਿਜ 'ਚ ਰਹਿਣ ਦਾ ਹੁਨਰ ਵੀ ਬਹੁਤ ਹੁੰਦਾ ਸੀ। ਉਹਨਾਂ ਬੀਬੀਆਂ ਦੀ ਕਲਾ ਦੇਖਣ ਦਾ ਵੀ ਆਪਣਾ ਹੀ ਇੱਕ ਅਨੰਦ ਸੀ। ਕਈ ਵਾਰ ਡਿਜ਼ਾਈਨ ਗ਼ਲਤ ਹੋ ਜਾਣਾ, ਤਾਂ ਉਹਨਾਂ ਨੇ ਉਧੇੜ ਲੈਣਾ ਤੇ ਫੇਰ ਹੌਲ਼ੀ-ਹੌਲ਼ੀ ਬੜੇ ਧਿਆਨ ਨਾਲ ਉੱਨ ਦਾ ਗੋਲਾ ਦੁਬਾਰਾ ਬਣਾਉਣਾ, ਪਰ ਬਣਾਉਣਾ ਬੜੇ ਸਹਿਜ ਨਾਲ। ਤੁਸੀਂ ਵੀ ਅਕਸਰ ਉਹਨਾਂ ਨੂੰ ਇਹ ਗੱਲਾਂ ਕਰਦੇ ਸੁਣਿਆ ਹੋਣਾ "ਭੈਣੇ, ਆਹ ਕੁੰਡੇ ਗਲਤ ਚੁੱਕੇ ਗਏ ਬੁਣਤੀ ਗਲਤ ਹੋ ਗਈ!" ਪਰ ਆਪਣੇ ਮਿਹਨਤ ਨਾਲ ਕੀਤੇ ਕੰਮ ਨੂੰ ਢਾਹੁਣ ਲੱਗਿਆਂ ਉਹ ਨਾ ਤਾਂ ਖਿਝਦੀਆਂ ਸੀ, ਨਾ ਇਹਦਾ ਕੋਈ ਦੁੱਖ ਮੰਨਦੀਆਂ ਸੀ। ਹਾਲਾਂਕਿ ਉਧੇੜਨ ਨੂੰ ਓਨਾ ਸਮਾਂ ਨਹੀਂ ਲੱਗਦਾ ਸੀ ਜਿੰਨਾ ਕਿ ਪਹਿਲਾਂ ਉਸ ਕੋਟੀ ਜਾਂ ਸਵੈਟਰ ਨੂੰ ਬੁਣਨ 'ਚ ਲੱਗਦਾ ਸੀ, ਪਰ ਗੋਲ਼ਾ ਬਣਾਉਣ ਦਾ ਕੰਮ ਇਸ ਕਰਕੇ ਧੀਰਜ ਨਾਲ ਪੂਰਾ ਕੀਤਾ ਜਾਂਦਾ ਸੀ, ਤਾਂ ਜੋ ਉਹ ਉੱਨ ਦੁਬਾਰਾ ਕਿਸੇ ਹੋਰ ਕਲਾਕ੍ਰਿਤ ਲਈ ਵਰਤੀ ਜਾ ਸਕੇ। ਆਪਣੀ ਗਲਤੀ ਨੂੰ ਉਹ ਬੜੇ ਅਰਾਮ ਨਾਲ ਕਬੂਲ ਕਰਦੀਆਂ ਸੀ।
ਇਹਨਾਂ ਗੱਲਾਂ ਤੋਂ ਜੋ ਸਿੱਖਿਆ ਉਹ ਅੱਜ ਇਸ ਉਮਰ 'ਚ ਮੇਰੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਕਰ ਰਿਹਾ ਹੈ। ਜ਼ਿੰਦਗੀ ਦੀ ਬੁਣਤੀ ਵੀ ਬਹੁਤ ਵਾਰੀ ਗ਼ਲਤ ਪੈ ਜਾਂਦੀ ਹੈ। ਚੰਗਾ ਡਿਜ਼ਾਈਨ ਪਾਉਣ ਦੀ ਕੋਸ਼ਿਸ਼ 'ਚ ਗਲਤੀ ਵੀ ਹੋ ਜਾਂਦੀ। ਅਜਿਹੇ ਮੌਕਿਆਂ 'ਤੇ ਉਹਨਾਂ ਬੀਬੀਆਂ ਦੇ ਤਰੀਕੇ ਨਾਲ ਸੋਚ ਕੇ ਚੱਲਣਾ, ਗ਼ੁੱਸੇ 'ਚ ਆਉਣ, ਖਿਝ ਜਾਣ ਜਾਂ ਹਾਰ ਮੰਨ ਲੈਣ ਨਾਲ਼ੋਂ ਕਿਤੇ ਚੰਗਾ ਹੈ। ਇਹ ਸੋਚ ਕੇ ਕੰਮ 'ਤੇ ਦੁਬਾਰਾ ਲੱਗੀਏ ਕਿ ਜ਼ਿੰਦਗੀ ਦੀ ਉੱਨ ਮੇਰੀ ਹੈ, ਇਹਦੇ ਡਿਜ਼ਾਈਨ ਮੈਂ ਪਾਉਣੇ ਨੇ, ਤੇ ਜੇ ਮੈਂ ਨਿਰਾਸ਼ ਹੋ ਕੇ ਇਹ ਉੱਨ ਉਲਝਾ ਲਈ ਤਾਂ ਨੁਕਸਾਨ ਵੀ ਮੇਰਾ ਹੈ। ਇਹ ਫੈਸਲਾ ਸਾਡੇ ਹੱਥ ਹੈ ਕਿ ਮੈਂ ਦੁਬਾਰਾ ਡਿਜ਼ਾਈਨ ਦੀ ਬੁਣਤੀ ਪਾ ਕੇ, ਇਹਨੂੰ ਵਧੀਆ ਤੋਂ ਹੋਰ ਵਧੀਆ ਬਣਾਉਣਾ ਜਾਂ ਫੇਰ ਹੌਸਲਾ ਢਹਿ-ਢੇਰੀ ਕਰ ਕੇ, ਉਲਝੀ ਉੱਨ ਨੂੰ ਦੇਖ-ਦੇਖ ਕੇ ਸਾਰੀ ਉਮਰ ਪਛਤਾਉਂਦੇ ਰਹਿਣੈ।
ਆਓ, ਜ਼ਿੰਦਗੀ 'ਚ ਜਦੋਂ ਵੀ ਔਖਾ ਸਮਾਂ ਆਵੇ, ਤਾਂ ਉਹਨਾਂ ਬੀਬੀਆਂ ਦੀ ਕਲਾ ਤੇ ਉਹਨਾਂ