ਕਿੱਸਾ ਦੁੱਲਾ ਭੱਟੀ
ਅਵਾਜ਼ਾਂ ਕਲੀਆਂ ਗੌਣਾਂ ਵਿਚ
ਆਵਾਜ਼ਾਂ ਦੁੱਲਾ ਭੱਟੀ ਦੀਆਂ
ਸ੍ਰੀ ਗੁਰ ਨਾਨਕ ਕੋ ਸਿਮਰਕੇ ਲਈ ਹਥ ਮੇਂ ਕਲਮ ਉਠਾ।
ਫਿਰ ਦਸਮਾ ਗੁਰੂ ਅਰਾਦੀਏ ਜਿਨੇ ਲਈ ਸੀ ਹਿੰਦ ਬਚਾ।
ਤੀਜੇ ਰਾਮ ਨਾਮ ਕੋ ਸਿਮਰੀਏ ਜੇਹੜਾ ਹਰਦਮ ਕਰੇ ਸਹਾ।
ਮਾਰੇ ਰਾਵਣ ਵਰਗੇ ਸੂਰਮੇ ਲੰਕਾ ਦਿਤੀ ਰੇਤ ਰਲਾ ।
ਮਾਰਿਆ ਕੰਸ ਕੋ ਕੇਸੋਂ ਪਕੜਕੇ ਦਿਤਾ ਧਰਤੀ ਤੋਂ ਪਾਪ ਹਟਾ।
ਤੈਨੂੰ ਜੀਬ ਚੁਰਾਸੀ ਸਿਮਰਦੇ ਧੰਨ ਸਾਈਂ ਬੇਪ੍ਰਵਾਹ।
ਮੇਰੀ ਕਬਤਾ ਦੇ ਵਿਚ ਰਸ ਭਰੀਂ ਲਈਂ ਆਪਦੇ ਚਰਨੀ ਲਾ॥੧॥
ਬੇਗਮ ਪੜ੍ਹੇ ਕੁਰਾਨ ਵਿਚ ਮੈਹਲ ਦੇ ਲਗਿਆ ਹੋਇਆ ਖੁਦਾ ਵਿਚ ਧਿਆਨ।
ਨਮਾਜ਼ੀ ਮਸਲੇ ਪੜ੍ਹ ਰਹੀ ਜੇੜ੍ਹੇ ਅਸਲੀ ਵਿਚ ਕੁਰਾਨ।
ਯਾਦ ਆਈ ਮੱਕੇ ਦੇ ਹੱਜ ਦੀ ਤਿਆਰੀ ਰਾਣੀ ਲਗੀ ਜਾਨ ।
ਅਕਬਰ ਸਦਿਆ ਮੈਹਲ ਮੇਂ ਬਾਦਸ਼ਾਹ ਆਖੇ ਸੁਣ ਲੈ ਤੀ ਬਿਆਨ ।
ਮੈਂ ਜਾਣਾ ਮੱਕੇ ਦੇ ਹੱਜ ਨੂੰ ਮੈਨੂੰ ਦੇ ਦੇ ਪੈਂਤੀ ਆਨ ।
ਨਾਲੇ ਦਸ ਬੀ ਦੇਦੇ ਬਾਂਦੀਆਂ ਖਚਰ ਭਰ ਦੇ ਮਾਇਆ ਲਿਆਨ ।
ਮੈਨੂੰ ਪੀਨਸ ਦੇ ਵਿਚ ਤੋਰਦੇ ਲਗਿਆ ਵਿਚ ਖੁਦਾ ਦੇ ਧਿਆਨ।
ਬਾਰਾਂ ਸਾਲ ਲਗਣਗੇ ਮੁਜ ਨੂੰ ਜੀਊਂਦੀ ਰਹੀ ਤਾਂ ਮਿਲੂੰਗੀ ਆਨ ।
ਜੇ ਮੈਂ ਮਰਗੀ ਮੇਰੇ ਖਾਮਦਾ ਦਬ ਦੇਣਗੇ ਘੋਰ ਸਥਾਨ ।
ਸੁਭਾ ਕਰ ਦੇ ਤਿਆਰੀ ਰਾਮ ਚੰਦਾ ਖੁਸ਼ੀ ਰਖਣਗੇ ਗਮਾਨ॥੨॥
ਬੇਗਮ ਤਾਈਂ ਆਖਦਾ ਅਕਬਰ ਬਾਤ ਸੁਨਾ।
ਤੈਂ ਮੰਗੇ ਪੈਂਤੀ ਆਨ ਜੋ ਮੈਂ ਛੇ ਸੌ ਤੋਰਾਂ ਬਨਾ।
ਦੋ ਸੌ ਗੋਲੀ ਬਾਂਦੀਆਂ ਏਨਾ ਬਕੋ ਸਾਥ ਲਜਾ।
ਹਾਥੀ ਘੋੜੇ ਸੰਗ ਹੈ ਹੌਦੇ ਦਿਤੇ ਪਾ ।
ਤੇਰਾਂ ਸਾਲ ਦਾ ਖਰਚ ਜੋ ਰਾਸਣ ਦਿਤਾ ਬਨਾ।
ਸੰਗ ਐਹਲਕਾਰ ਬੀ ਤੋਰਤੇ ਠਾ ਹੌਦੇ ਦਿਬਾਨ ਹੈ ਜਾ।
ਬੇਗਮ ਵਿਚ ਪੈਨਸ ਦੇ ਬੈਠਗੀ ਪੀਨਸ ਲਈ ਕਹਾਰ ਉਠਾ।
ਸ਼ੇਖੂ ਚਿਠੀ ਦੇਬੇ ਮਾਤ ਕੋ ਕਰਦਾ ਅਰਜੀ ਸੀਸ ਨਮਾ ।
ਦੁੱਲਾ ਭਾਈ ਮੇਰਾ ਧਰਮ ਦਾ ਅਸੀਂ ਲਈ ਐ ਪਗ ਬਟਾ।
ਚੁੰਗਿਆ ਸੀਰ ਦੋਹਾਂ ਨੇ ਬੈਠ ਕੇ ਸਾਰੀ ਮਾਤਾ ਕੋ ਦਈ ਸੁਨਾ।
ਪੈਹਲਾ ਡੇਰਾ ਪਿੰਡੀ ਵਿਚ ਲਾਮਣਾ ਦੁੱਲਾ ਦੇਬੇ ਟੈਹਲ ਬਜਾ।
ਦੁੱਲਾ ਤੇਰਾ ਪੁਤ ਧਰਮ ਦਾ ਮੇਰੀ ਚਿਠੀ ਦਈਂ ਦਖਾ ।
ਸੇਬ ਕਰੂ ਦੁੱਲਾ ਮਨ ਲਾਇ ਕੇ ਦੋਮੇ ਪਿਉ ਪੁਤ ਕਰੇਣਾ ਸੁਨਾ।
ਪੂਰੇ ਤੌਰ ਸਮਜਾਕੇ ਤੋਰਤੀ ਬੇਗਮ ਪਾਈ ਪਿੰਡੀ ਦੇ ਰਾ ॥੩॥
ਸਬ ਕਰਕੇ ਸਲਾਮਾ ਜੁੜ ਪਏ ਬੇਗਮ ਹੋਗੀ ਪਿੰਡੀ ਨੂੰ ਤਿਆਰ।
ਮੂਰੇ ਸਗਨ ਕਸੂਤੇ ਹੋ ਗਏ ਸਪ ਰਿਹਾ ਫੁਕਾਰੇ ਮਾਰ।
ਝੋਟੇ ਭਿੜਦੇ ਟੱਕਰੀ ਕੁਤਾ ਮਾਰੇ ਕੰਨ ਫਟਕਾਰ।
ਮੁਸਲਿਮ ਸਗਨ ਬਚਾਰਦ ਮੂਲ ਨਾ ਨਹੀਂ ਕਰਦੇ ਮੂਲ ਬਚਾਰ।
ਬੇਗਮ ਵਿਚ ਪਿੰਡੀ ਦੇ ਆ ਗਈ ਮੂਰੇ ਭੇਜ ਦਿਤਾ ਅਸਬਾਰ ।
ਜਾ ਕੇ ਖਬਰ ਦੁੱਲੇ ਨੂੰ ਕਰ ਦਈਂ ਛੇਤੀ ਘੋੜਾ ਪਾਇਆ ਲਾਰ।
ਜਾ ਅਸਬਾਰ ਦੁੱਲੇ ਨੂੰ ਬੋਲਦਾ ਜਾਕੇ ਅਦਬ ਸੇ ਕਰੀ ਜੁਹਾਰ।
ਦੁਲਿਆ ਤੈਨੂੰ ਬੇਗਮ ਸਦਦੀ ਤੇਰਾ ਪੁਤਰਾਂ ਵਾਂਗੂੰ ਪਿਆਰ ।
ਉਹੋ ਜਾਂਦੀ ਮਕੇ ਦੇ ਹੱਜ ਨੂੰ ਐਥੇ ਕਟੂਗੀ ਰਾਤ ਬਹਾਰ ।
ਜਾ ਕੇ ਤੰਬੂ ਲਬਾ ਦੇ ਦੁਲਿਆ ਨਾਲੇ ਖਾਣਾ ਕਰਨਾ ਤਿਆਰ।
ਸੁਭਾ ਤੁਰਨਾ ਮਕੇ ਦੇ ਹੱਜ ਨੂੰ ਸਾਰੀ ਦੱਸੀ ਗੱਲ ਉਚਾਰ ।
ਦੁੱਲਾ ਤੁਰ ਪਿਆ ਨਾਲ ਅਸਬਾਰ ਦੇ ਕੈਂਦਾ ਰਾਮ ਚੰਦ ਬਾਤ ਬਚਾਰ ॥੪॥
ਦੁੱਲਾ ਨਾਲ ਨਫਰ ਦੇ ਜਾਂਵਦਾ ਚੜ੍ਹ ਗਾਜੀ ਹਥ ਲਗਾਮ ।
ਦੇਖੀ ਬੇਗਮ ਜੀ ਦੀ ਪਾਲਕੀ ਦੁੱਲਾ ਕਰਦਾ ਜਾਏ ਸਲਾਮ।
ਸੁਖ ਸਾਂਦ ਸ਼ੇਖੂ ਦੀ ਪੁਛਦਾ ਨਾਲੇ ਖਤ ਪੜ੍ਹਿਆ ਸਰ ਨਾਮ ।
ਦੁੱਲਾ ਆਖੇ ਨੀ ਮਾਤਾ ਮੇਰੀ ਮੇਰੀਏ ਤੈਂ ਦੇਖਿਆ ਪਿੰਡੀ ਗਾਮ।
ਅਜ ਭਾਗ ਹਮਾਰੇ ਖੁਲ੍ਹਗੇ ਤੇਰਾ ਸੁਣਿਆ ਜਦ ਮੈਂ ਨਾਮ ।
ਸਾਰੇ ਲਸ਼ਕਰ ਤਾਈਂ ਲਗਿਆ ਘੋੜੇ ਬੰਨੇ ਤਬੇਲੇ ਸਾਮ।
ਹਾਥੀ ਬਾੜੇ ਵਿਚ ਹੈ ਬਾਗਲ ਦੇ ਸੰਗਲ ਮਾਰੇ ਨੇ ਸਰੇਆਮ।
ਜੇਹੜੇ ਨੌਕਰ ਗੋਲੀ ਬਾਂਦੀਆਂ ਸਬ ਕੋ ਜਗਾ ਦਬਾਈ ਲਾਮ ।
ਲੋਹੇ ਚਾੜ੍ਹੀ ਰੋਟੀ ਕਰ ਦਈ ਉਤੇ ਰਾਤ ਜੋ ਪੈਗੀ ਸਿਆਮ ।
ਹੁਣ ਸੇਬਾ ਰਾਣੀ ਦੀ ਹੋਮਦੀ ਪਿਸਤਾ ਔਰ ਬਦਾਮ ।
ਰਾਮ ਚੰਦਾ ਦੁੱਲਾ ਹੁਸ਼ਿਆਰ ਸੀ ਸਾਰਾ ਧਨ ਜੋ ਕਰ ਦੁਖਾਮ ॥੫॥
ਸਬ ਕੋ ਦਾਣਾ ਨੀਰਾ ਦੇ ਦਿਤਾ ਜੇਹੜੇ ਘੋੜੇ ਹਾਥੀ ਨਾਲ।
ਖਾਣਾ ਖਾ ਕੇ ਸਾਰੇ ਸੌਂ ਗਏ ਨਹੀਂ ਦਿਲ ਵਿਚ ਕੋਈ ਖਿਆਲ ।
ਬੇਗਮ ਦੁੱਲਾ ਗੱਲਾਂ ਮਾਰਦੇ ਦੁਖ ਸੁਖ ਪੁਛੇ ਕੋਲ ਬਹਾਲ ।
ਬੇਗਮ ਦਿੰਦੀ ਜੇਬਰ ਲਾਇਕੇ ਦੁੱਲਾ ਲੈਂਦਾ ਤੁਰਤ ਸੰਭਾਲ।
ਜੇਹੜਾ ਧਨ ਸੀ ਖਚਰ ਲਦਿਆ ਓਬੀ ਸਾਂਭਿਆ ਭੱਟੀ ਦਲਾਲ ।
ਉੱਤੋਂ ਰਾਤ ਜੋ ਅੱਧੀ ਬੀਤਗੀ ਸਾਰੇ ਸੌਂਗੇ ਸੁਰਤ ਨਾ ਡਾਲ।
ਦੁੱਲਾ ਆਖੇ ਮਾਤਾ ਸੌਂ ਜਾਓ ਸੁਭਾ ਉਠਣਾ ਪ੍ਰਾਤਾਕਾਲ।
ਰਾਮ ਚੰਦਾ ਬੇਗਮ ਸੌਂ ਗਈ ਹੁਣ ਖੇਲੂ ਦੁੱਲਾ ਚਾਲ ॥੬॥
ਕਹੇ ਦੁੱਲੇ ਦੇ ਬੇਗਮ ਸੌਂ ਗਈ ਦਿਤੀ ਨੀਂਦ ਨੇ ਲੇਰੀ ਆਨ।
ਧੰਨ ਜੇਬਰ ਕਢਿਆ ਨਾਰ ਦਾ ਰਖਿਆ ਕੋਠੀ ਦੇ ਵਿਚ ਜਾਨ ।
ਨਾਲੇ ਮੋਹਰਾਂ ਦੀ ਗੂਣ ਉਠਾ ਲਈ ਰਾਣੀ ਸੁਤੀ ਚਾਦਰ ਤਾਨ ।
ਘੋੜੇ ਖੋਲੇ ਤਬੇਲਿਓ ਸੂਰਮਾ ਵਡੇ ਸਦ ਕੇ ਆਪਣੇ ਜੁਆਨ ।
ਸਾਰੇ ਦੋਸਤ ਯਾਰ ਬੁਲਾ ਲਏ ਭੱਟੀ ਸੂਰੇ ਤਾਕਤ ਬਾਨ ।
ਪੰਜੇ ਹਾਥੀ ਖੋਲੇ ਸੂਰਮਾ ਬੰਨੇ ਆਪਣੇ ਕਿੱਲੇ ਦਰਮਿਆਨ।
ਜਿੰਨੇ ਸ਼ਸਤਰ ਬੇਗਮ ਨਾਲ ਸੀ ਰਫਲਾਂ ਭਾਲੇ ਕਿਰਚ ਕ੍ਰਿਪਾਨ।
ਸਾਰੇ ਚੁਕਕੇ ਦੁੱਲਾ ਲੈ ਗਿਆ ਖਾਲੀ ਕੀਤਾ ਸਾਫ ਮਦਾਨ ।
ਸਬ ਤੇ ਨੀਂਦ ਨੇ ਘੇਰਾ ਪਾ ਲਿਆ ਬੀਰਾ ਅਗੇ ਸੁਣੋ ਬਿਆਨ ॥੭॥
ਸੁਤੀ ਬੇਗਮ ਬੈਠਗੀ ਚੜ੍ਹਦੇ ਸੂਰਜ ਨਾਲ।
ਹੁਕਮ ਸੁਣਾਇਆ ਨਫਰ ਕੋ ਕਰੋ ਤਿਆਰੀ ਸਾਂਭੋ ਮਾਲ ।
ਪੈਹਲਾਂ ਲਿਆ ਦੁੱਲੇ ਨੂੰ ਸਦਕੇ ਨੌਕਰ ਚਲਿਆ ਫੁਰਤੀ ਨਾਲ।
ਨੌਕਰ ਜਾ ਦੁੱਲੇ ਨੂੰ ਬੋਲਦਾ ਤੈਨੂੰ ਸੱਦੇ ਬੇਗਮ ਲਾਲ ।
ਦੁੱਲਾ ਝੱਟ ਬੇਗਮ ਪਾਸ ਆ ਗਿਆ ਰਾਣੀ ਲੈਂਦੀ ਪਾਸ ਬਹਾਲ।
ਬੇਟਾ ਕਰ ਦੇ ਤਿਆਰੀ ਜਾਣ ਦੀ ਚੰਗੀ ਲਈ ਮੈਂ ਰਾਤ ਨਕਾਲ ।
ਮੇਰਾ ਜੇਬਰ ਮਾਇਆ ਲਿਆਨ ਦੇ ਮਕੇ ਪੌਂਚਾਂ ਖੁਸ਼ੀਆਂ ਨਾਲ।
ਮੇਰੇ ਹਾਥੀ ਘੋੜੇ ਪੀੜ ਦੇ ਸਾਰੇ ਦੇ ਦੇ ਹਥਿਆਰ ਨਿਕਾਲ।
ਦਿਨ ਚੜ੍ਹ ਗਿਆ ਛੇਤੀ ਤੋਰ ਦੇ ਜਿਉਂਦੀ ਰਹੀ ਮਿਲੂੰ ਮੈਂ ਬਾਲ।
ਤੈਂ ਸੇਬਾ ਕੀਤੀ ਮੁਜਦੀ ਰਾਮ ਚੰਦਾ ਸਿਮਰ ਗੋਪਾਲ ॥੮॥
ਦੁੱਲਾ ਭੱਟੀ ਮੁਰੋ ਬੋਲਦਾ ਕਹੇ ਬੇਗਮ ਤਾਈਂ ਪੁਕਾਰ।
ਕੇਹੜਾ ਧੰਨ ਜੇਬਰ ਤੈਂ ਬਖਸ਼ਿਆ ਘੜੀ ਘੜੀ ਕਰੇਂ ਤਕਰਾਰ ।
ਨਾਲੇ ਸੇਬਾ ਕੀਤੀ ਤੁਧ ਦੀ ਐਮੇ ਰਹੀ ਹੈ ਚੂੰਨਾ ਮਾਰ।
ਕੇਹੜੇ ਹਾਥੀ ਘੋੜੇ ਸੰਗ ਥੇ ਜੇੜੇ ਮਕੇ ਨੂੰ ਪਾਮਾਂ ਲਾਰ।
ਐਮੇ ਨਿਮਕ ਹਰਾਮੀ ਕਰ ਰਹੀ ਤੰਗ ਕਰਦੀ ਹੈ ਲਖਬਾਰ ।
ਤੁਸੀਂ ਨਾਰਾਂ ਟੂਣੇ ਹਾਰੀਆਂ ਛਡ ਖਸਮਾਂ ਨੂੰ ਰਖਣ ਯਾਰ।
ਕੱਟੀ ਰਾਤ ਜੋ ਤੋਮਤ ਲਾਮਦੀ ਬੋਲੇ ਝੂਠ ਤੂੰ ਖੜੀ ਬਦਕਾਰ ।
ਏਥੋਂ ਲੈ ਕੇ ਇਜਤ ਨਿਕਲ ਜਾ ਨਹੀਂ ਸੋਟੇ ਲਾਦੂੰ ਚਾਰ।
ਕਿਥੇ ਸਿਆਣੂ ਦੁੱਲੇ ਦੀ ਆ ਗਈ ਪਟ ਗੁਤ ਨੀ ਧਕੇ ਚਾਰ ।
ਰਾਮਚੰਦਾ ਜੋ ਦੁੱਲਾ ਘੂਰਦਾ ਨਹੀਂ ਰੰਨਾਂ ਦਾ ਅਤਬਾਰ ॥੯॥
ਚੰਗਾ ਕੰਮ ਨੀ ਕੀਤਾ ਦੁਲਿਆ ਜੇਹੜਾ ਮਾਂ ਨੂੰ ਕਰਦਾ ਤੰਗ ।
ਧੰਨ ਜੇਬਰ ਮੇਰਾ ਲਿਆਨ ਦੇ ਨਹੀਂ ਭਾਰੀ ਹੋਣਗੇ ਜੰਗ ।
ਜਿਮੇ ਆਏ ਹਾਂ ਮਕੇ ਨੂੰ ਤੋਰਦੇ ਕੱਸ ਘੋੜੇ ਹਾਥੀ ਸੰਗ।
ਡਰ ਮੰਨ ਲੈ ਅਕਬਰ ਭੂਪ ਦਾ ਤੂੰ ਸਕਦਾ ਨਹੀ ਮੂਰੇ ਖੰਗ।
ਤੂੰ ਦੁਲਿਆ ਤੁਖਮ ਹਰਾਮ ਦੀ ਫਿਰਦਾ ਪਿੰਡੀ ਵਿਚ ਮਲੰਗ ।
ਨਾਲੇ ਸੇਖੂ ਨੂੰ ਖਾਮਾ ਭੁੰਨਕੇ ਤੈਨੂੰ ਆਖੇ ਬੀਰ ਨਸੰਗ ।
ਤੈਨੂੰ ਪਾਪੀਆ ਫਾਹੇ ਟੰਗਾਮਣਾਂ ਮੇਰਾ ਡਰ ਨੀ ਮੰਨਦਾ ਨੰਗ ।
ਸਾਰੇ ਸੰਗਦੇ ਨੌਕਰ ਸੋਚਦੇ ਹਥੋਂ ਖਾਲੀ ਕਰੇ ਮਲੰਗ।
ਸ਼ੋਰ ਪੈਗੀ ਪਿੰਡੀ 'ਚ ਰਾਮਚੰਦ ਸਾਥੀ ਦੁੱਲੇ ਦੇ ਰਹੇ ਨੇ ਖੰਗ ॥੧੦॥
ਦੋਖੀ ਬੇਗਮ ਗਾਲਾਂ ਦੇਮਦੀ ਦੁੱਲਾ ਗਜਿਆ ਸ਼ੇਰ ਜੁਆਨ ।
ਮਦਤ ਦਿੰਦੇ ਦੁੱਲੇ ਦੇ ਯਾਰ ਜੋ ਜੇਹੜੇ ਬੈਕੇ ਕਠੇ ਖਾਨ।
ਨੌਕਰ ਬੇਗਮ ਦੇ ਸਾਰੇ ਭਜਗੇ ਖਾਲੀ ਕਰਕੇ ਸਾਫ ਮਦਾਨ।
ਸੰਗ ਰਾਣੀ ਦੋ ਗੋਲੀਆਂ ਬਾਂਦੀਆਂ ਦੁੱਲਾ ਲਗਿਆ ਜੇਬਰ ਲਾਨ ।
ਚੰਗੀ ਟੈਲਣ ਸੋਣੀ ਖਿਚ ਲੀ ਲੈਗੇ ਮਿਤਰ ਦੁੱਲੇ ਦੇ ਆਨ ।
ਸਬ ਛੜੇ ਕੁਮਾਰੇ ਨਾ ਰਹੇ ਘਰ ਘਰ ਲਈ ਬੰਡ ਰਕਾਨ ।
ਫੇਰ ਬੇਗਮ ਦੀ ਗੁਤ ਨੀ ਮੁਨਤੀ ਕਾਲਾ ਕੀਤਾ ਮੁਖ ਬੇ ਸਾਨ।
ਕੰਨੋ ਬੁਚੀ ਕਰਕੇ ਤੋਰਤੀ ਦਿਤਾ ਰਾਣੀ ਦਾ ਤੋੜ ਗੁਮਾਨ ।
ਵਿਚ ਡੋਲੀ ਦੇ ਰੋਂਦੀ ਸਿਟਤੀ ਨੌਕਰ ਸਾਰੇ ਪਿਟਦੇ ਜਾਨ ।
ਸਾਰੇ ਜਾਂਦੇ ਧਾਹਾਂ ਮਾਰਦੇ ਪੌਂਚ ਵਿਚ ਲਾਹੌਰ ਦੇ ਆਨ ।
ਜਾਕੇ ਵਿਚ ਕਚੈਹਰੀ ਪਿਟਦੇ ਪੈ ਗਿਆ ਭਾਰੀ ਜੋ ਘਮਸਾਨ ।
ਤਖਤੋਂ ਉਠਿਆ ਅਕਬਰ ਬਾਦਸ਼ਾਹ ਜਾਕੇ ਬੇਗਮ ਦੇਖੀ ਆਨ।
ਏ ਜ਼ੁਲਮ ਜੋ ਭਾਰੀ ਹੋ ਗਿਆ ਗਾਬੇ ਰਾਮ ਚੰਦ ਜੋ ਗਾਨ ॥੧੧॥
ਬੇਗਮ ਅਕਬਰ ਮੂਰੇ ਪਿੱਟਦੀ ਖੜਕੇ ਰੋਬੇ ਕਰੇ ਪੁਕਾਰ ।
ਰਾਜਾ ਧਰਿਗ ਤੁਮਾਰਾ ਜੀਮਣਾ ਜੀਦੀ ਦੁਖੀਆ ਹੋਬੇ ਨਾਰ ।
ਮੈਂ ਪਿੰਡੀ ਦੁੱਲੇ ਨੇ ਲੁਟਲੀ ਤੇਰਾ ਡਰ ਨਾ ਹੈ ਸਰਕਾਰ ।
ਐਮੇ ਲਸ਼ਕਰ ਫੌਜਾਂ ਰਖੀਆਂ ਗੁਤ ਮੁਨਤੀ ਐਨ ਸਮਾਰ।
ਮੇਰੀਆਂ ਟੈਹਲਣਾਂ ਘਰੇ ਬਸਾਲੀਂ ਜੇਹੜੇ ਰੰਡੇ ਥੇ ਬਦਕਾਰ।
ਮੇਰਾ ਮੂੰਹ ਸਿਰ ਕਾਲਾ ਕਰ ਦਿਤਾ ਪੈਦਲ ਆਏ ਤੁਰ ਅਸਬਾਰ।
ਮੇਰੇ ਜੇਬਰ ਮਾਇਆ ਲੁਟ ਲਏ ਰੋਂਦੀ ਟੈਹਲਣਾਂ ਜਾਰੋ ਜਾਰ ।
ਖਾਮਾ ਸੇਖੂ ਪੂਤ ਦਾ ਕਾਲਜਾ ਜੀਨੇ ਪੱਗ ਬਗ ਬਟਾਈ ਸਮਾਰ ।
ਘੋੜੇ ਹਾਥੀ ਮੇਰੇ ਰਖ ਲਏ ਨਾਲੇ ਖੋ ਲਏ ਸਬ ਹਥਯਾਰ।
ਮੇਰੀ ਚਮੜੀ ਲਾਤੀ ਕੁਟਕੇ ਦੁੱਲਾ ਭਰਿਆ ਨਾਲ ਹੰਕਾਰ।
ਰਾਮਚੰਦ ਖੋਰ ਦੁੱਲੇ ਨੇ ਕਢਿਆ ਦੁਖੀ ਰੋਬੇ ਬੇਗਮ ਨਾਰ ॥ ੧੨ ॥
ਅਕਬਰ ਨੇ ਸੇਖੂ ਸਦਿਆ ਕੋਲੇ ਲਿਆ ਬੁਲਾ।
ਰਾਜਾ ਸੇਖੂ ਨੂੰ ਤੜਾਂ ਦੇਮਦਾ ਲਈ ਦੁੱਲੇ ਸੇ ਪੱਗ ਬਟਾ ।
ਤੈਨੂੰ ਸ਼ਰਮ ਨਾ ਆਈ ਗੰਦਿਆ ਦਿਤਾ ਬਾਪ ਨੂੰ ਦਾਗ ਲਗਾ ।
ਤੇਰੀ ਮਾਂ ਦੀ ਗੁਤ ਨੀ ਮੁਨਤੀ ਦਿਤਾ ਕਾਲਾ ਮੂੰਹ ਕਰਬਾ।
ਜੇਬਰ ਮਾਇਆ ਸਾਰੇ ਲੁਟ ਲਏ ਘੋੜੇ ਹਾਥੀ ਲਏ ਲੁਕਾ।
ਸਾਰੇ ਖੋ ਲਏ ਨੇ ਹਥਿਆਰ ਨੇ ਬਾਂਦੀਆਂ ਲਈਆਂ ਘਰੇ ਬਸਾ ।
ਬੇਗਮ ਗਈ ਸੀ ਮਕੇ ਦੇ ਹਜ ਨੂੰ ਦਿੱਤਾ ਪਿੰਡੀ ਹਜ ਕਰਾ।
ਓਹਨੂੰ ਭਾਈ ਧਰਮ ਦਾ ਆਖਦਾ ਪਗ ਦੁੱਲੇ ਸੇ ਲਈ ਬਟਾ।
ਮੇਰੀ ਚਰਚਾ ਹੋ ਗਈ ਦੇਸ ਮੇਂ ਤੇਰੀ ਦੇਮਾਂ ਖੱਲ ਲੁਹਾ ।
ਅੱਗੇ ਲੇਖੂ ਖਤਰੀ ਲੁਟਿਆ ਨਾਲੇ ਚੰਦੂ ਬਾਣੀਆ ਜਾ ।
ਨਾਲੇ ਗੁਰਸੁਖ ਰੋੜਾ ਲੁਟਿਆ ਬਿਰਜੂ ਆਇਆ ਸੁਨਿਆਰ ਲੁਟਾ।
ਹੋਰ ਬਹੁਤ ਦੁੱਲੇ ਨੇ ਲੁਟ ਲਏ ਤੈਂ ਦਿਤੇ ਮਾਫ ਕਰਾ।
ਹੁਣ ਤੇਰੀ ਮਾਂ ਤੇ ਹਥ ਫੇਰਤਾ ਰਾਮਚੰਦ ਕਥਕੇ ਗਾਹਾਂ ਸੁਨਾ ।੧੩।
ਬੇਗਮ ਰਾਣੀ ਚੁਪਕੀ ਬੈਠਗੀ ਦੇਕੇ ਪੁਤ ਨੂੰ ਗਾਲ ਹਜਾਰ।
ਐਹਲਕਾਰ ਸਬ ਸਦ ਲਏ ਲਾਇਆ ਅਕਬਰ ਨੇ ਦਰਬਾਰ।
ਨੇਤਰ ਮਚਦੇ ਬਾਂਗ ਮਸਾਲ ਦੇ ਰਾਜੇ ਚੜਿਆ ਜੋਸ਼ ਅਪਾਰ।
ਅਕਬਰ ਸਦੇ ਛਾਂਟ ਜੁਆਨ ਜੋ ਗਿਣਤੀ ਵਿਚ ਸੀ ਡੇਢ ਹਜਾਰ।
ਸਬ ਚੜ੍ਹ ਘੋੜਿਆਂ ਤੇ ਤੁਰ ਪਏ ਪੰਜੇ ਲਾ ਲਾ ਕੇ ਹਥਯਾਰ।
ਜਾਕੇ ਵਿਚ ਪਿੰਡੀ ਦੇ ਪੌਂਚ ਗਏ ਜੇਹੜੀ ਸੱਦਨ ਦੁੱਲੇ ਦੀ ਬਾਰ।
ਤੰਬੂ ਲਾਤਾ ਹੈ ਵਿਚ ਬਾਗ ਦੇ ਰਾਜਾ ਖੇਲੇ ਮਿਰਗ ਸ਼ਕਾਰ।
ਦੁਖੀ ਕੀਤਾ ਜੰਗਲੀ ਜਾਨਬਰ ਬਾਗ ਪਟਿਆ ਬੇਸ਼ੁਮਾਰ।
ਅਕਬਰ ਆਖੇ ਖੇਲ ਸ਼ਕਾਰ ਜੋ ਫੇਰ ਫੜਨਾ ਦੁੱਲਾ ਬਦਕਾਰ ।
ਓਨੇ ਦੁੱਲਾ ਮਾਮੂਲੀ ਸਮਝਿਆ ਖੇਲੇ ਤੀਰਾਂ ਨਾਲ ਸ਼ਕਾਰ ।
ਦੁਖੀ ਮਿਰਗ ਦੁੱਲੇ ਦੇ ਭੱਜ ਗਏ ਮਾਲੀ ਰੋਬੇ ਧਾਹਾਂ ਮਾਰ।
ਸਾਰਾ ਬਾਗ ਦੁੱਲੇ ਦਾ ਉਜਾੜਤਾ ਮਾਲੀ ਕੁਟਿਆ ਬੇਸ਼ੁਮਾਰ।
ਅਕਬਰ ਬੀਰਬਲ ਦੋਮੇਂ ਬੋਲਦੇ ਸੁਣ ਮਾਲੀ ਅਰਜ ਗੁਮਾਰ ।
ਜਾਕੇ ਕੋਲ ਦੁੱਲੇ ਦੇ ਦਸਦੇ ਚੜਕੇ ਆਗੀ ਹੈ ਸਰਕਾਰ ।
ਅਕਬਰ ਆਗਿਆ ਫੜਨੇ ਤੁਝ ਨੂੰ ਦਿੰਦੇ ਪਿਠ ਨਾ ਮਰਦ ਹਕਾਰ ।
ਬੰਨਕੇ ਲੈਜੂ ਪਿੰਡੀ ਦੀਆਂ ਨਾਰੀਆਂ ਬਣਕੇ ਬੈਠਾ ਹੈ ਬਲਕਾਰ ।
ਐਨੀ ਕੈਹਕੇ ਮਾਲੀ ਤੋਰਤਾ ਰਾਮਚੰਦ ਗਹਾਂ ਤੂੰ ਹਾਲ ਉਚਾਰ ॥ ੧੪ ॥
ਮੂਰੇ ਦੁੱਲੇ ਦੇ ਮਾਲੀ ਪਿਟਦਾ ਖੜਕੇ ਰੋਬੇ ਧਾਹਾਂ ਲਾ।
ਚੜਕੇ ਆਗਿਆ ਅਕਬਰ ਬਾਦਸ਼ਾਹ ਦਿਤਾ ਬਾਗ ਦਾ ਨਾਸ ਬਨਾ।
ਸਹੇ ਮੋਰ ਕਲੈਰੀ ਉਡ ਗਏ ਤੇ ਮਿਰਗਾਂ ਦੇ ਹੋਸ਼ ਭੁਲਾ।
ਨਾਲੇ ਕੁਟਿਆ ਮੈਨੂੰ ਬੰਨਕੇ ਕੈਂਹਦਾ ਦੁੱਲੇ ਨੂੰ ਦਸੀਂ ਜਾ ।
ਬੰਨਕੇ ਲੈ ਜੂ ਪਿੰਡੀ ਦੀਆਂ ਨਾਰੀਆਂ ਲੈਜੂ ਸਬ ਨੂੰ ਕੈਦ ਕਰਾ ।
ਸੁਣ ਮਾਲੀ ਦੀ ਸਾਰੀ ਬਾਤ ਨੂੰ ਦੁੱਲਾ ਛਾਤੀ ਸੇ ਲੈਂਦਾ ਲਾ ।
ਚੰਗੀ ਦਸੀ ਤੈਂ ਆਕੇ ਮਾਲੀਆ ਦੁੱਲਾ ਦਿੰਦਾ ਧੀਰ ਧਰਾ।
ਦੁੱਲਾ ਉਠਕੇ ਲਦੀ ਕੋਲ ਆਮਦਾ ਕੈਂਹਦਾ ਮਾਤ ਕੋ ਸੀਸ ਨਮਾ।
ਚੜ੍ਹ ਕੇ ਆਗਿਆ ਅਕਬਰ ਬਾਦਸ਼ਾਹ ਮਾਤਾ ਦੇਮਾਂ ਜੰਗ ਮਚਾ ।
ਬਾਪ ਦਾਦੇ ਦੀਆਂ ਸਾਂਗਾਂ ਬਖਸ਼ਦੇ ਮੈਨੂੰ ਕੁੰਜੀਆਂ ਤੁਰਤ ਫ਼ੜਾ ।
ਜਿੰਦਾ ਖੋਲ੍ਹ ਪੁਰਾਣੇ ਕਿਲੇ ਦਾ ਮੈਨੂੰ ਤੋਪਾਂ ਦੇ ਮੁਖ ਦਖਾ ।
ਲਦੀ ਨੇ ਕੁੰਜੀਆਂ ਦੇਤੀਆਂ ਸ਼ਾਮੀ ਬੇਟਾ ਤੇਰਾ ਦਾ।
ਮਿੱਤਰ ਪਿਆਰੇ ਦੁੱਲੇ ਨੇ ਸਦ ਲਏ ਬੈਠਕ ਲਏ ਬਠਾ।
ਨੈ ਕਨੀ ਦੇ ਸਚੇ ਡੋਗਰੇ ਲਏ ਪਿੰਡਾਂ ਦੇ ਹੋਰ ਰਲਾ।
ਕਠੇ ਤਿੰਨ ਹਜਾਰ ਹੋਏ ਸੂਰਮੇ ਸਬ ਦੇ ਦਿਤੇ ਹਥਿਆਰ ਲਬਾ।
ਪੂਰੀ ਦੁੱਲੇ ਤਿਆਰੀ ਕਰ ਲਈ ਰਾਮਚੰਦ ਦੇਣਾ ਜੰਗ ਮਚਾ॥੧੫॥
ਜੋਧਾ ਭੱਟੀ ਦੁੱਲਾ ਚੜ੍ਹ ਗਿਆ ਭਾਰੀ ਕਰਕੇ ਜੋਸ਼ ਹੰਕਾਰ।
ਸਾਰੇ ਸਾਥੀ ਦੁੱਲੇ ਰਾਠ ਦੇ ਤੁਰਤੇ ਸਾਰੇ ਲਾ ਹਥਿਆਰ।
ਤੋਪਾਂ ਤੀਰ ਕਿਰਚ ਤਲਵਾਰ ਜੋ ਰਫਲਾਂ ਢਾਲਾਂ ਬੇ ਸ਼ੁਮਾਰ ।
ਜਾਕੇ ਘੇਰਾ ਪਾ ਲਿਆ ਬਾਗ ਨੂੰ ਲਈ ਖਾਈ ਦੀ ਆਡ ਸਮਾਰ ।
ਸਿਧੇ ਗੋਲੇ ਸਿਟਦੇ ਬਾਗ ਨੂੰ ਛਡੇ ਤੀਰ ਜ ਬੇਸ਼ੁਮਾਰ ।
ਸਾਰੇ ਬਾਗ ਨੂੰ ਗੋਲੇ ਛਾਣਗੇ ਜਿਥੇ ਲੜਦੀ ਸੀ ਸਰਕਾਰ ।
ਥਾ ਅਸਮਾਨਾਂ ਥੋੜਾ ਜੰਗ ਦਾ ਮੂਰੇ ਅਕਬਰ ਚਲਿਆ ਹਾਰ।
ਦੁੱਲੇ ਪਾਸ ਤਿਆਰੀ ਡਬਲ ਸੀ ਪੂਰੇ ਜੰਗ ਦਾ ਜੋਸ਼ ਅਪਾਰ ।
ਪੰਜ ਸੌ ਮਾਰਿਆ ਜੁਆਨ ਲਾਹੌਰ ਦਾ ਮੇਰੇ ਦੁੱਲੇ ਦੇ ਪੰਜ ਅਸਬਾਰ।
ਫੌਜੀ ਅਕਬਰ ਜੀ ਦੇ ਭਜ ਗਏ ਜਾਂਦੇ ਭਜੇ ਬੇਸ਼ਮਾਰ।
ਅਕਬਰ ਜਾ ਕੇ ਮੂਰੇ ਘੇਰਿਆ ਰਾਜਾ ਡਰ ਸਿਟੇ ਹਥਿਆਰ।
ਸਭ ਦੇ ਘੋੜੇ ਸ਼ਸਤਰ ਖਸਲੇ ਅਕਬਰ ਹੋਕੇ ਖੜਾ ਲਚਾਰ।
ਦੋਮੇ ਰਾਜਾ ਮੰਤਰੀ ਪਿੱਟਦੇ ਰਾਮਚੰਦਾ ਸਿਮਰੋ ਕ੍ਰਿਸ਼ਨ ਮੁਰਾਰ ।।੧੬॥
ਜਾਕੇ ਦੁੱਲੇ ਨੇ ਘੇਰਾ ਪਾ ਲਿਆ ਅਕਬਰ ਜਾਂਦਾ ਸੀ ਚੌੜ ਚਪੱਟ ।
ਦੁੱਲਾ ਮੂਰੇ ਜਾ ਕੇ ਘੇਰਦਾ ਨਹੀਂ ਦਿਤਾ ਟਪਣ ਬੱਟ।
ਫੜਕੇ ਬਾਹੋਂ ਹੇਠਾਂ ਸਿਟਿਆ ਛਾਤੀ ਉਤੇ ਬਹਿ ਗਿਆ ਜੱਟ।
ਛਾਤੀ ਉਤੇ ਛਾਲਾਂ ਮਾਰਦਾ ਜਿਮੇ ਚੜੇ ਸੁਹਾਗੇ ਜੱਟ।
ਦਾਹੜੀ ਖਿਚਤੀ ਦੁੱਲੇ ਰਾਠ ਨੇ ਪੱਟੀ ਮੁਛ ਹੈ ਦੇ ਕੇ ਬੱਟ।
ਦਾਹੜੀ ਮੁਛਾਂ ਦੋਮੇ ਰਗੜੀਆਂ ਨਾਲੇ ਸਿਰ ਤੋਂ ਖਿਚੀ ਲੱਟ ।
ਸਾਰਾ ਮੂੰਹ ਸਿਰ ਕਾਲਾ ਕਰ ਦਿਤਾ ਜਿਮੇ ਗੀਠੀ ਚੜਿਆ ਮੱਟ ।
ਰਾਜਾ ਮੰਤਰੀ ਧਾਹਾਂ ਮਾਰਦੇ ਰਹੇ ਨਾਮ ਦੁੱਲੇ ਦਾ ਰੱਟ॥੧੭॥
ਦੋਮੇ ਦੁੱਲੇ ਦੇ ਪੈਰੀ ਪੈ ਗਏ ਹਥ ਬੰਨ ਕਰਦੇ ਖੜੇ ਜੁਹਾਰ ।
ਸਰਨ ਆਏ ਨੂੰ ਸੂਰਾ ਬਖਸ਼ਦਾ ਰਾਜਾ ਮਿੰਨਤਾਂ ਕਰੇ ਹਜਾਰ।
ਸਾਰੇ ਬਸਤਰ ਸ਼ੱਸਤਰ ਲਾਹ ਲਏ ਤੋਰੇ ਦੁੱਲੇ ਨੇ ਧੱਕੇ ਮਾਰ।
ਦੋਮੇ ਪੈਦਲ ਰੋਂਦੇ ਜਾਮਦੇ ਕੈਂਦੇ ਬਖਸ਼ੀ ਜਿੰਦ ਮੁਰਾਰ ।
ਦੋਮੇ ਜਾਂਦੇ ਠੋਕਰ ਖਾਮਦੇ ਪੌਂਹਚੇ ਸ਼ੈਹਰ ਮੇਂ ਹੋ ਲਚਾਰ।
ਦਿਨ ਛਿਪ ਗਿਆ ਸ਼ਰਮ ਜੋ ਆਮਦੀ ਉਤੇ ਹੋ ਗਿਆ ਨ੍ਹੇਰ ਗੁਬਾਰ।
ਚੁਪ ਕੀਤੇ ਮੈਹਲ ਮੇਂ ਆ ਬੜੇ ਬੇਗਮ ਕਹੇ ਆਈ ਸਰਕਾਰ।
ਜਦ ਮੂੰਹ ਸਿਰ ਕਾਲਾ ਦੇਖਿਆ ਦਾਹੜੀ ਮੁੰਨੀ ਖੂਬ ਸਮਾਰ।
ਬੇਗਮ ਆਖੇ ਇਕੋ ਜੇਹੀ ਹੋ ਗਈ ਦੋਮੇ ਮਾਂਜੇ ਮਰਦ ਤੇ ਨਾਰ।
ਕਦੇ ਰੋਂਦੇ ਦੋਮੇ ਹਸਦੇ ਦੁੱਲਾ ਭਰ ਗਿਆ ਨਾਲ ਹੰਕਾਰ ।
ਚੁਪ ਕਰਕੇ ਰਾਤ ਲੰਘਾ ਲਈ ਚੜਿਆ ਸੂਰਜ ਮਿਟੇ ਅੰਦਾਰ।
ਸੁਭੇ ਉਠ ਕੇ ਕਰ ਅਸ਼ਨਾਨ ਕੋ ਮੁਖ ਤੇ ਠਾਠੀ ਬੰਨ੍ਹੀ ਸਮਾਰ ।
ਪਾ ਕੇ ਬਰਦੀ ਰਾਜਾ ਆਮਦਾ ਰਾਮ ਚੰਦਾ ਲਾ ਲੀਨਾ ਦਰਬਾਰ ॥੧੮॥
ਲਾ ਕੇ ਤੇ ਦਰਬਾਰ ਨੂੰ ਅਕਬਰ ਸੇਖੂ ਨੂੰ ਬੁਲਵਾਏ।
ਸੇਖੂ ਆਇਆ ਹੈ ਦਰਬਾਰ ਮੇ ਦਿਤੀ ਪਿਤਾ ਸਲਾਮ ਬੁਲਾਏ।
ਅਕਬਰ ਸੇਖੂ ਤਾਈਂ ਤਾੜਦਾ ਦੁਸ਼ਟਾ ਮੁਖ ਨਾ ਮੁਝੇ ਦਖਾਏ।
ਤੈਨੂੰ ਸ਼ਰਮ ਨਾ ਔਂਦੀ ਐ ਮੂਰਖ ਦਿਤੀ ਬਾਪ ਦੀ ਝੰਡ ਲਹਾਏ।
ਅਗੇ ਬੇਗਮ ਰਾਣੀ ਲੁਟ ਲਈ ਦੁੱਲਾ ਲੈਂਦਾ ਇਜ਼ਤ ਲਾਏ।
ਜੇ ਹੈਂ ਤੂੰ ਮੇਰੀ ਤੁਖਮ ਦਾ ਜਾ ਕੇ ਦੁੱਲੇ ਨੂੰ ਬੰਨ੍ਹ ਲਿਆਏ।
ਜਿਊਂਦਾ ਲਿਆ ਦੇ ਦੁੱਲੇ ਨੂੰ ਬੰਨ੍ਹ ਕੇ ਚੜ੍ਹ ਜਾ ਹੱਥ ਤਲਵਾਰ ਉਠਾਏ।
ਜਾ ਕੇ ਲਾ ਦੇ ਪਿੰਡੀ ਵਿਚ ਮੋਰਚਾ ਸਣੇ ਨਾਰਾਂ ਨੂੰ ਬੰਨ੍ਹ ਲਿਆਏ।
ਚਾਹੇ ਲਿਆਈਂ ਦਗੇ ਫਰੇਬ ਸੇ ਕਹਿਕੇ ਭਾਈ ਲਈਂ ਬਨਾਏ।
ਕੇਰਾਂ ਲਿਆ ਦੁੱਲੇ ਨੂੰ ਸਾਹਮਣੇ ਦੇਮਾਂ ਕੁਤਿਆਂ ਤੋਂ ਤੜਵਾਏ।
ਹੁਣ ਤੁਰ ਜਾ ਮੇਰੇ ਪੁਤਰਾ ਰਾਮ ਚੰਦਾ ਦੁੱਲੇ ਨੂੰ ਐਥੇ ਲਿਆਏ ॥੧੯॥
ਸੇਖੂ ਸੁਣਕੇ ਪਿਤਾ ਦੀ ਤੁਰ ਪਿਆ ਨੇਤਰ ਲੀਨੇ ਲਾਲ ਬਨਾ।
ਨੰਗੀ ਤੇਗ ਤੇ ਬੀੜਾ ਚਕਿਆ ਮੈਂ ਦੁੱਲੇ ਨੂੰ ਫੜਨਾ ਜਾ।
ਚਾਹੇ ਲਿਆਮਾ ਬਹਾਨਾ ਲਾਇ ਕੇ ਕੇਰਾਂ ਦੇਮਾ ਲਾਹੌਰ ਪੁਚਾ।
ਚਾਹੇ ਬੀਰ ਬਣਾ ਕੇ ਲਿਆਮਣਾ ਚਾਹੇ ਖੇਲਾਂ ਕੋਈ ਦਾ।
ਮੈਂ ਖਾਲੀ ਨਾ ਮੁੜਕੇ ਆਮਦਾ ਮੈਂ ਆਖਾਂ ਐਨਾ ਚਾ।
ਕਹਿ ਕੇ ਸੇਖੂ ਤੁਰ ਪਿਯਾ ਲਏ ਛਾਂਟ ਮੈਂ ਜੁਆਨ ਰਲਾ ।
ਲੈ ਕੇ ਸੇਖੂ ਮੂਰੇ ਘੋੜਦਾ ਲਾਮਦਾ ਯਾਰੋ ਪੈ ਗਿਆ ਪਿੰਡੀ ਦੇ ਰਾ।
ਜਾਕੇ ਬਾਰ ਦੁੱਲੇ ਦੀ ਜਾ ਬੜਿਆ ਰਾਮ ਚੰਦ ਗਹਾਂ ਦਾ ਹਾਲ ਸੁਨਾ ॥ ੨੦ ॥
ਸੇਖੂ ਬਾਹਰ ਫੌਜ ਨੂੰ ਛਡ ਕੇ ਕਲਾ ਬੜਿਆ ਪਿੰਡੀ ਜਾਏ।
ਜਾ ਕੇ ਲਦੀ ਨੂੰ ਮੱਥਾ ਟੇਕਦਾ ਮਾਂ ਨੂੰ ਦਿਤੀ ਸਲਾਮ ਬੁਲਾਏ।
ਖੁਸ਼ਖਬਰੀ ਪੁਛੀ ਕੁਲ ਦੀ ਝੱਟ ਦੁੱਲਾ ਮਿਲਿਆਏ।
ਹੱਸ ਹੱਸ ਕੇ ਦੋਮੇ ਮਿਲ ਰਹੇ ਦੋਮੇ ਲੈਂਦੇ ਹਥ ਮਲਾਏ।
ਪੈਹਲਾਂ ਸੇਖੂ ਮੂਹਰੇ ਬੋਲਦਾ ਦੁੱਲੇ ਨੂੰ ਅਦਬ ਬਜਾਏ ।
ਸ਼ੇਖੂ ਆਖੇ ਦੁਲਿਆ ਬੀਰ ਨਾ ਦਿਤੀ ਪਿਤਾ ਦੀ ਆਣ ਬਦਾਏ।
ਬੀਰਾ ਬਾਪ ਦੀ ਦਾੜ੍ਹ ਪਟਤੀ ਮਾਂ ਦੀ ਗੁਤ ਨੀ ਖੇੜੀ ਜਾਏ ।
ਮੂੰਹ ਸਿਰ ਕਾਲਾ ਕਰਕੇ ਤੋਰਤੇ ਮੇਰੇ ਨਾਲ ਲਈ ਸੀ ਪਗ ਬਟਾਏ।
ਆਪਾਂ ਕੱਠਾ ਸੀ ਦੁਧ ਚੁੰਘਿਆ ਦਿਤਾ ਧਰਮ ਨੂੰ ਬੱਟਾ ਲਾਏ।
ਸਭ ਤੋਂ ਚੰਗੀ ਕੀਤੀ ਦੁਲਿਆ ਹੁਣ ਤੂੰ ਸੁਲ੍ਹਾ ਜੋ ਲਈ ਕਰਾਏ।
ਪਿਛਲੇ ਔਗਣ ਸਾਰੇ ਬਖਸ਼ਤੇ ਹੁਣ ਬੈਠੇ ਮੇਲ ਮਿਲਾਏ ॥ ੨੧॥
ਦੁੱਲਾ ਸੇਖੂ ਤਾਈਂ ਬੋਲਦਾ ਮੇਰੀ ਸੁਣ ਲੈ ਅਰਜ ਅਪਾਰ।
ਜੇ ਦਿਲ ਸਚੇ ਨਾਲ ਆ ਗਿਆ ਤੂੰ ਬੀਰ ਮੈਂ ਹਾਂ ਦਿਲਦਾਰ ।
ਜੇ ਫਰਕ ਹੈ ਤੇਰੇ ਦਿਲ ਬਿਖੇ ਤਾਂ ਮੇਰੇ ਹੱਥ ਤਲਵਾਰ ।
ਦੁੱਲਾ ਨਾਮ ਮੈਂ ਭੱਟੀ ਗੋਤ ਦਾ ਜੰਗ ਕਰ ਲੈ ਤਿੱਖੀ ਧਾਰ।
ਜੇ ਆ ਗਿਆ ਮਿਲਣ ਪਰੇਮ ਸੇ ਤਾਂ ਪਕੇ ਹਾਂ ਦਿਲਦਾਰ ।
ਜੇਹੜਾ ਸੰਗ ਤੂੰ ਲਿਆਇਆ ਫੌਜ ਨੂੰ ਏ ਜਾਣਗੇ ਐਥੇ ਹਾਰ।
ਜੇਕਰ ਦਿਲ ਦਾ ਸਾਫ ਤੂੰ ਸੇਖੂਆ ਬਹਿ ਜਾ ਤੇਰਾ ਸਭ ਘਰ ਬਾਰ ।
ਸੇਖੂ ਦਿਲ ਦਾ ਭੇਤ ਨਾ ਦੇਮਦਾ ਉਤੋਂ ਮਿੱਠਾ ਦਿਲ ਵਿਚ ਖਾਰ।
ਦੋਮੇਂ ਹੱਸ ਕੇ ਗੱਲਾਂ ਮਾਰਦੇ ਰਾਮ ਚੰਦਾ ਸਿਮਰੇ ਕ੍ਰਿਸ਼ਨ ਮੁਰਾਰ ॥੨੨॥
ਸੇਖੂ ਦੁੱਲੇ ਤਾਈਂ ਬੋਲਦਾ ਬੀਰਾ ਛਡਦੇ ਬਿਚਲਾ ਖਿਆਲ ।
ਤੇਰੇ ਔਗਣ ਸਭ ਬਖਸ਼ਾ ਦੇਮਾ ਪਿਤਾ ਅਕਬਰ ਹੈ ਖੁਸ਼ਹਾਲ ।
ਐਨੀ ਕਹਿ ਕੇ ਜੱਫੀ ਪਾ ਲਈ ਸੇਖੂ ਮਿਲਦਾ ਦੁੱਲੇ ਨਾਲ ।
ਮੈਂ ਆਇਆ ਖੇਲਣ ਸ਼ਕਾਰ ਨੂੰ ਤਾਹੀਂ ਫੌਜ ਮੈਂ ਲਿਆਂਦੀ ਨਾਲ ।
ਮੈਨੂੰ ਸੰਦਲ ਬਾਰ ਦਖਾਲ ਦੇ ਜੰਗ ਕਰਨਾ ਸ਼ੇਰਾਂ ਨਾਲ ।
ਸੁਣ ਸੇਖੂ ਦੀ ਦੁੱਲੇ ਰਾਠ ਨੇ ਤਿਆਰੀ ਕਰਦਾ ਸੇਖੂ ਨਾਲ ।
ਦੁੱਲੇ ਨੇ ਆਪਣੇ ਸਾਥੀ ਸਦ ਲਏ ਹਾਥੀ ਘੋੜੇ ਕਸ ਲਹੇ ਨਾਲ ।
ਸ਼ਸਤਰ ਲਾ ਕੇ ਸਾਰੇ ਤੁਰ ਪਏ ਦੁੱਲਾ ਜੋਰ ਹੌਸਲੇ ਨਾਲ।
ਜਾ ਕੇ ਬੜਗੇ ਸੰਦਲ ਬਾਰ ਮੇ ਜਮਾ ਫਰਕ ਨਾ ਦਿਲ ਮੇਂ ਡਾਲ।
ਮੂਰੇ ਬੱਬਰ ਸ਼ੇਰ ਇਕ ਮਿਲ ਗਿਆ ਮਾਰੇ ਬੋਹੜਾਂ ਗੂੰਜੇ ਤਾਲ ।
ਟੈਰ ਫੇਰਦਾ ਸ਼ੇਰ ਜੋ ਆਮਦਾ ਸੇਖੂ ਡਰ ਕੇ ਹੋਇਆ ਮਲਾਲ ।
ਦੁਲਿਆ ਜਾਨ ਬਚਾ ਦੇ ਮੁਝ ਦੀ ਮੇਰਾ ਆ ਗਿਆ ਨੇੜੇ ਕਾਲ॥ ੨੩॥
ਸੇਖੂ ਡਰਿਆ ਦੇਖ ਸ਼ੇਰਨੂੰ ਪਿਛੇ ਲੁਕਿਆ ਹੌਸਲਾ ਗੇਰ।
ਦੁੱਲਾ ਬਿਸਕੀ ਬੋਤਲ ਖੋਲਦਾ ਸਾਰੀ ਅੰਦਰ ਲੈਂਦਾ ਗੇਰ ।
ਪੀ ਦਾਰੂ ਦੁੱਲਾ ਗੱਜਦਾ ਸਜੇ ਹੱਥ ਫੜੇ ਸ਼ਮਸ਼ੇਰ ।
ਭਟੀ ਘੋੜੇ ਉਤੋਂ ਉਤਰਿਆ ਜਾਂਦਾ ਹੋ ਕੇ ਬੜਾ ਦਲੇਰ ।
ਜਾ ਕੇ ਮੂਰਾ ਰੋਕਿਆ ਸ਼ੇਰ ਦਾ ਕੇਰੀ ਰਿਹਾ ਟੈਰ ਨੂੰ ਫੇਰ।
ਆਇਆ ਸ਼ੇਰ ਦੁੱਲੇ ਕੰਨੀ ਗੱਜ ਕੇ ਭਟੀ ਖੜਿਆ ਹੋ ਕੇ ਦਲੇਰ ।
ਪੰਜਾ ਸ਼ੇਰ ਦਾ ਰੋਕਿਆ ਢਾਲ ਤੇ ਕੇਰੀ ਛਡ ਸੰਦਲ ਦੀ ਮੇਰ।
ਫੇਰੀ ਕਟਾਰੀ ਕਾਲਜੇ ਸ਼ੇਰ ਤਾਂ ਲਿਆ ਧਰਤ ਤੇ ਗੇਰ।
ਸ਼ੇਰ ਜਿੰਦ ਜੋ ਰਸਤੇ ਪੈ ਗਈ ਕਢ ਆਂਦਰਾਂ ਦਾ ਕੀਤਾ ਢੇਰ।
ਸੇਖੂ ਦੁੱਲੇ ਨੂੰ ਦੇਬੇ ਥਾਪੀਆਂ ਰਾਮਚੰਦ ਤੂੰ ਮਾਲਾ ਫੇਰ ॥੨੪॥
ਸਾਰੇ ਦੁੱਲੇ ਨੂੰ ਦਿੰਦੇ ਥਾਪੀਆਂ ਆਖਣ ਮਾਤ ਪਿਤਾ ਨੂੰ ਧੰਨ ।
ਸ਼ੇਰ ਚੱਕ ਹਾਥੀ ਤੇ ਲਦਿਆ ਦਿਤਾ ਹੌਦੇ ਨਾਲ ਜੋ ਬੰਨ੍ਹ।
ਸਾਰੇ ਮੁੜ ਪਿੰਡੀ ਵਿਚ ਆ ਬੜੇ ਜਿਮੇ ਬੜਦੀ ਰਾਬ ਦੀ ਜੰਨ।
ਸੇਖੂ ਦਿੰਦਾ ਘੋੜੇ ਇਨਾਮ ਦੇ ਚੌਦਾਂ ਕੋਤਲ ਪੈਂਦੇ ਗੰਨ ।
ਸੇਖੂ ਦਿੰਦਾ ਖੁਸ਼ੀ ਵਿਚ ਆਇਕੇ ਦੁੱਲਾ ਕੀਲੇ ਲੈਂਦਾ ਬੰਨ।
ਸੇਖੂ ਫੇਰ ਦੁੱਲੇ ਨੂੰ ਬੋਲਦਾ ਬੀਰ ਕੈਹਣਾ ਮੇਰਾ ਮੰਨ ।
ਚਲ ਮੇਰੇ ਨਾਲ ਲਾਹੌਰ ਨੂੰ ਆਖਾਂ ਰਾਮ ਚੰਦ ਦਾ ਮੰਨ॥੨੫॥
ਤੂੰ ਭਾਈ ਦੁਲਿਆ ਧਰਮ ਦਾ ਅਸਾਂ ਲਈ ਹੈ ਪੱਗ ਬਟਾ।
ਮੈਨੂੰ ਕਸਮ ਹੈ ਮਾਈ ਬਾਪ ਦੀ ਤੇਰੇ ਔਗਣ ਦੇਮਾਂ ਬਖਸ਼ਾ ।
ਤੂੰ ਤੁਰ ਪੈ ਨਾਲ ਲਾਹੌਰ ਨੂੰ ਦਈਂ ਪਿਤਾ ਕੋ ਸੀਸ ਨਿਮਾ।
ਮੈਂ ਪਿਛੋਂ ਆਪੇ ਸਾਂਭ ਲੂੰ ਦੇਮਾਂ ਸਿਰ ਦੇ ਨਾਲ ਨਿਭਾ ।
ਪਿਤਾ ਅਕਬਰ ਦੇਖ ਸ਼ੇਰ ਤੈਨੂੰ ਦੇਮਾਂ ਇਨਾਮ ਦਿਬਾ।
ਜੇਹੜਾ ਕੀਤਾ ਤੰਗ ਮਾਂ ਬਾਪ ਨੂੰ ਪਿਛਲੀ ਦੇਣਗੇ ਸਭ ਭੁਲਾ।
ਐਨੀ ਸੁਣ ਕੇ ਦੁੱਲਾ ਬੋਲਦਾ ਤੈਨੂੰ ਦੇਮਾਂ ਸਚ ਸੁਨਾ ।
ਮੈਂ ਕਰਨੀ ਮੂਲ ਸਲਾਮ ਨਾ ਚਾਹੇ ਕਿੰਨੇ ਬਹਾਨੇ ਲਾ ।
ਸੇਖੂ ਚਲੂੰ ਸਾਥ ਲਾਹੌਰ ਨੂੰ ਕਿਤੇ ਦਗਾ ਨਾ ਲਈਂ ਕਮਾ ।
ਅਸੀਂ ਹਾਂ ਬੱਚੇ ਰਾਜਪੂਤ ਦੇ ਕਿਤੇ ਲਮਾਂ ਨਾ ਜੰਗ ਮਚਾ ।
ਐਨੀ ਆਖ ਸੇਖੂ ਨਾਲ ਤੁਰ ਪਿਆ ਸਾਰੇ ਪੈਗੇ ਲਾਹੌਰ ਦੇ ਰਾ ।
ਬੱਢ ਕੰਨ ਸ਼ੇਰ ਦੇ ਤੁਰ ਪਏ ਅਕਬਰ ਤਾਈਂ ਦਈਂ ਦਖਾ।
ਸਾਰੇ ਆ ਗਏ ਵਿਚ ਲਾਹੌਰ ਦੇ ਦੁੱਲਾ ਸੇਖੂ ਨੇ ਲਿਆ ਰਲਾ ।
ਅਗੇ ਰਾਮ ਚੰਦ ਤੇਰੀ ਗੌਣ ਤੂੰ ਦੇਮਾ ਦੁੱਲੇ ਦਾ ਹਾਲ ਸੁਨਾ ॥ ੨੬॥
ਸੇਖੂ ਨੌਕਰ ਤਾਈਂ ਬੋਲਦਾ ਦਿਤੀ ਸਾਰੀ ਬਾਤ ਸਮਝਾ।
ਤੂੰ ਜਾ ਕੇ ਪਿਤਾ ਨੂੰ ਆਖ ਦੇ ਕਲ ਕੋ ਲਈਂ ਦਰਬਾਰ ਲਵਾ।
ਸਾਰੇ ਬੂਹੇ ਬੰਦ ਕਰਬਾ ਦਈਂ ਇਕ ਮੇਰੀ ਦਿਓ ਰਖਬਾ ।
ਦੁੱਲਾ ਆਕੜ ਬਾਜ ਹੈ ਏਨੂੰ ਮੋਰੀ ਦੇਮਾ ਲਖਾ।
ਦੁੱਲਾ ਕਰੇ ਨਾ ਸਲਾਮ ਰਬ ਨੂੰ ਮੋਰੀ ਲਖੂਗਾ ਸੀਸ ਝੁਕਾ ।
ਫੇਰ ਹੋਜੇ ਆਪ ਸਲਾਮ ਜੋ ਸਬ ਦਾ ਰੈਹਜੂ ਪੜਦਾ ਆ।
ਅਸੀਂ ਰਹਾਂਗੇ ਸਲੇ ਬਾਗ ਮੇਂ ਸੁਭੇ ਬੜਾਂ ਕਚੈਹਰੀ ਜਾ ।
ਐਨੀ ਕਹਿ ਕੇ ਨੌਕਰ ਤੋਰਤਾ ਦਿਤਾ ਨੌਕਰ ਐਨ ਪਕਾ ॥ ੨੭ ॥
ਖਤ ਲਿਖ ਸੇਖੂ ਦੇਮਦਾ ਲੈ ਨੌਕਰ ਹੂਆ ਰਵਾਨ।
ਜਿਮੇ ਦੁੱਲੇ ਨੇ ਮਾਰਿਆ ਸ਼ੇਰ ਨੂੰ ਬਚਾਈ ਸੇਖੂ ਦੀ ਹੈ ਜਾਨ।
ਨੌਕਰ ਖਤ ਅਕਬਰ ਨੂੰ ਦੇਮ ਦਾ ਨਾਲੇ ਮੁਖ ਸੇ ਕਰ ਬਿਆਨ ।
ਅਕਬਰ ਰਾਜਾ ਖਤ ਨੂੰ ਬਾਚਦਾ ਹੈ ਦੂਲੇ ਦੇ ਕੁਰਬਾਨ ।
ਸੇਖੂ ਪੁਤ ਸ਼ੇਰ ਤੋਂ ਰਖਿਆ ਕਢੀ ਸਿਹ ਦੀ ਦੁੱਲੇ ਨੇ ਜਾਨ ।
ਰਾਜਾ ਦਿਲ ਮੇਂ ਕਚੀਚੀ ਖਾਮਦਾ ਦੂਲਾ ਮੈਨੂੰ ਕਰ ਬਰਾਨ।
ਸੁਭਾ ਉਠ ਕੇ ਲਾਇਆ ਦਰਬਾਰ ਕੋ ਅਕਬਰ ਬੈਠਾ ਤਖਤ ਸੁਜਾਨ।
ਬੰਦ ਕਰ ਦਰਵਾਜੇ ਬੈਠ ਗਏ ਸਾਰੇ ਸੂਬੇ ਔਰ ਦੀਵਾਨ ।
ਦੁੱਲੇ ਖਾਤਰ ਮੋਰੀ ਰਖਤੀ ਜਿਸ ਵਿਚ ਲਖੇਗਾ ਦੁੱਲਾ ਜੁਆਨ ।
ਦੋ ਕੋਲ ਜਲਾਦ ਖੜਵਾ ਦਿਤੇ ਦੇਕੇ ਹੱਥ ਵਿਚ ਕਿਰਪਾਨ ।
ਜਬ ਦੁੱਲਾ ਮੋਰੀ ਚੋਂ ਸਿਰ ਕਢ ਲੇ ਖੰਡਾ ਮਾਰ ਤੇ ਖਿਚ ਪਰਾਨ ।
ਸਬ ਮਤਾ ਮਤਾ ਕੇ ਭੂਪ ਨੇ ਬੂਹੇ ਕਰੋ ਬੰਦ ਸਬ ਆਨ ॥੨੮॥
ਦਿਨ ਚੜ੍ਹਿਆ ਦੋਮੇ ਤੁਰ ਪਏ ਦੁੱਲਾ ਸੇਖੂ ਪਤਾ ਪਕਾ ।
ਪਕੇ ਲੋਹੇ ਬਰਦੀ ਪਾ ਲਈ ਚਲਿਆ ਦੁੱਲਾ ਸਾਂਗ ਉਠਾ।
ਜਾ ਕੇ ਕੋਲ ਕਚੈਹਰੀ ਪੌਂਚ ਗਏ ਦਿਤਾ ਮੋਰੀ ਪਾਸ ਖੜਾ।
ਸੇਖੂ ਆਂਹਦਾ ਲਖਜਾ ਦੁਲਿਆ ਮੋਰੀ ਬਿਚਦੀ ਸੀਸ ਨਮਾ।
ਦੁੱਲਾ ਚਾਰ ਸੌ ਬੀਸ ਨੂੰ ਜਾਣ ਗਿਆ ਲੈਂਦਾ ਦਿਲ ਨੂੰ ਜੋਸ਼ ਚੜ੍ਹਾ ।
ਮਾਰੀ ਸਾਂਗ ਜੋ ਮੋਰੀ ਚਗਾਠ ਦੇ ਦਸ ਕਦਮਾਂ ਤੇ ਡਿਗਦੀ ਜਾ।
ਦਸ ਗਜ ਬੀਰਾ ਦੁਆਲ ਹਲਾ ਦਿਤੀ ਲੌਣੇ ਖੜੇ ਜਲਾਦ ਹੈ ਜਾ ।
ਡਰਦਾ ਦੁੱਲੇ ਤੋਂ ਕੋਈ ਨਾ ਖੰਗਦਾ ਪੌਂਚਿਆ ਵਿਚ ਕਚੈਹਰੀ ਜਾ ।
ਦੁੱਲਾ ਮੂਰੇ ਭੂਪ ਦੇ ਜਾ ਖੜਾ ਦਿਤੀ ਤਰਤੀ ਸਾਂਗ ਗਡਾ।
ਫੋੜੀ ਤਬੀ ਲੋਹੇ ਦੀ ਸਾਂਗ ਨੇ ਜੇਹੜੀ ਅਕਬਰ ਰਖੀ ਜੜਾ ।
ਸਾਰੇ ਐਹਲਕਾਰ ਸਬ ਕੰਬ ਗਏ ਬੜਿਆ ਸ਼ੇਰ ਇਜੜ ਵਿਚ ਆ॥ ੨੯॥
ਦੁੱਲਾ ਭਟੀ ਗੱਜਦਾ ਅਕਬਰ ਨੂੰ ਆਖੇ ਗੱਲ ।
ਜੇੜਾ ਸੂਰਾ ਤੇਰੀ ਫ਼ੌਜ ਮੇਂ ਨਾਲੇ ਸ਼ਹਿਰ ਦੇ ਮੱਲ ।
ਜੇਹੜਾ ਸਾਂਗ ਮੇਰੀ ਨੂੰ ਕੱਢ ਦੂ ਮੈਂ ਸਮਜੂੰ ਪੂਰਾ ਬਲ ।
ਰਾਜਾ ਸਦ ਸ਼ੈਹਰ ਦੇ ਸੂਰਮੇ ਮੇਰੇ ਨਾਲ ਘੁਲਾ ਦੇ ਮਲ ।
ਮੂਰੇ ਕੰਨ ਸ਼ੇਰ ਦੇ ਸਿਟ ਤੇ ਜੇੜਾ ਮਾਰਿਆ ਪਿੰਡੀ ਵਿਚ ਕੱਲ੍ਹ ।
ਰਾਜਾ ਨਹੀਂ ਲੜਾ ਦੇ ਸੂਰਮਾ ਕੱਢ ਦੇਮਾਂ ਸਾਲੇ ਦੀ ਖੱਲ ।
ਅਸੀਂ ਭਟੀ ਗੋਤ ਰਾਜਪੂਤ ਹਾਂ ਤੈਨੂੰ ਸਿਟਾਂ ਤਖਤ ਤੋਂ ਥਲ।
ਅਕਬਰ ਸੁਣ ਦੁੱਲੇ ਦੀ ਸੋਚਦਾ ਸੇ ਕਰਦੂ ਜਲ ਤੇ ਥੱਲ।
ਸੈਨਾਂ ਸੇਖੂ ਤਾਈਂ ਮਾਰਦਾ ਅਕਬਰ ਝਾਕੇ ਸੇਖੂ ਦੀ ਬੱਲ ।
ਏਨੂੰ ਲੈ ਜਾ ਐਥੋਂ ਟਾਲ ਕੇ ਮੇਰੇ ਪੈਣ ਕਾਲਜੇ ਸੱਲ ॥ ੩੦॥
ਸੇਖੂ ਤਾਈਂ ਅਕਬਰ ਆਖੇ ਦੁੱਲੇ ਤੋਂ ਕੰਬਣ ਸਾਰੇ ।
ਲੈ ਜਾ ਏਨੂੰ ਟਾਲ ਪੁਤਰਾ ਨਹੀਂ ਹੋਣਗੇ ਕਾਰੇ।
ਗਡੀ ਖੜਾ ਸਾਂਗ ਹੈ ਦੁੱਲਾ ਮਾਰ ਰਿਹਾ ਲਲਕਾਰੇ ।
ਸੇਖੂ ਆਖੇ ਦੁੱਲੇ ਤਾਈਂ ਸੁਣ ਲੈ ਬੀਰ ਪਿਆਰੇ ।
ਸਾਂਗ ਤੂੰ ਕਢ ਲੈ ਤਬੀਆਂ ਬਿਚੋਂ ਚੱਲ ਸੈਲ ਕਰਾਮਾ ਸਾਰੇ ।
ਸੁਣਕੇ ਬਾਤ ਦੁੱਲਾ ਸੇਖੂ ਦੀ ਦਿਲ ਦੇ ਬਿੱਚ ਬਚਿਆਰੇ ।
ਸਾਂਗ ਕਢ ਲੀ ਝੱਟ ਦੇ ਕੇ ਸ਼ੇਰ ਬਾਂਗ ਲਲਕਾਰੇ।
ਨਾਲ ਸੇਖੂ ਦੇ ਗਿਆ ਸ਼ੈਹਰ ਨੂੰ ਸ਼ੁਕਰ ਮਨੌਂਦੇ ਸਾਰੇ ।
ਚੌਕ ਚਾਨਣੀ ਦੇ ਬਿੱਚ ਦੁੱਲਾ ਖਾਂਦਾ ਖੜਾ ਹੁਲਾਰੇ ॥੩੧ ॥
ਦੁੱਲਾ ਖੜਾ ਸੀ ਚੌਕ ਮੇਂ ਇਕ ਪੰਡਤ ਪੌਂਚਿਆ ਜਾ।
ਸਬ ਖਤਰੀ ਮਹਾਜਨ ਆ ਗਏ ਲਈ ਦੁੱਲੇ ਦੀ ਸਰਨ ਤਕਾ।
ਸੁਣ ਦੁਲਿਆ ਬਾਤ ਅਖੀਰ ਦੀ ਤੂੰ ਸਾਡਾ ਦੁਖ ਬੰਡਾ।
ਤੇਰਾ ਜੱਸ ਗੌਂਦੇ ਸਬ ਦੇਸ ਮੇਂ ਤੂੰ ਭਟੀ ਰਿਹਾ ਕਹਾ।
ਸਾਨੂੰ ਤੰਗ ਕਸਾਈ ਕਰ ਰਹੇ ਦੇਣੇ ਹਾਤੇ ਬੰਦ ਕਰਾ ।
ਕਾਂ ਇੱਲਾਂ ਹੱਡ ਚੱਕ ਲਿਆਮਦੇ ਚੁਲ੍ਹੇ ਦਿਤੇ ਪਲੀਤ ਬਨਾ।
ਗਊ ਸਨਤਾਂ ਦੇ ਰਾਖੇ ਹੋਮਦੇ ਜੇਹੜੇ ਤਾਕਤ ਰਹੇ ਜਤਾ।
ਜੇੜੇ ਗਊ ਦੀ ਸੇਬਾ ਕਰ ਗਏ ਜਸ ਦੁਨੀਆਂ ਤੇ ਗਏ ਪਾ।
ਓਹ ਵਿਚ ਸੁਰਗਾਂ ਦੇ ਜਾਂਮਦੇ ਜੀਦੇ ਪੱਲੇ ਧਰਮ ਸਮਾ।
ਦੁਲਿਆ ਹਾਤਾ ਕਰ ਜਾ ਬੰਦ ਤੂੰ ਤੇਰੀ ਸਰਨ ਤਕਾਈ ਆ।
ਸੁਣ ਦੁੱਲਾ ਗੱਜੇ ਸ਼ੇਰ ਜਿਉਂ ਕਬਤਾ ਰਾਮ ਚੰਦ ਰਿਹਾ ਬਣਾ॥੩੨॥
ਦੁੱਲਾ ਸੁਣ ਕੇ ਧਰਮ ਦੀ ਬਾਤ ਕੋ ਝੱਟ ਕਰਲੇ ਨੇਤਰ ਲਾਲ।
ਦਾਰੂ ਪੀਤੀ ਰੱਜਕੇ ਦੁੱਲਾ ਮਿਤਰ ਰਲਾਏ ਨਾਲ ।
ਧਰ ਸਾਂਗ ਮੋਢੇ ਤੇ ਤੁਰ ਪਿਆ ਨਾਲੇ ਲਈ ਤਲਵਾਰ ਤੇ ਢਾਲ।
ਪੈਹਲਾਂ ਖਾਧੀ ਮਠਿਆਈ ਰੱਜ ਕੇ ਚੱਕ ਚੱਕ ਸਿਟੇ ਹੱਟੀ ਤੇ ਥਾਲ।
ਹੱਥ ਜੋੜ ਹਲਬਾਈ ਬੋਲਦੇ ਦੁਲਿਆ ਖਾ ਲੈ ਖ਼ੁਸ਼ੀਆਂ ਨਾਲ ।
ਸਾਡੀ ਇਕ ਬਮਾਰੀ ਚੱਕ ਦੇ ਛੁਡਾ ਦੇ ਗਊਆਂ ਮਾਈ ਲਾਲ ।
ਬੁਚੜ ਖ਼ਾਨੇ ਦੁੱਲਾ ਜਾ ਬੜਿਆ ਜਾਂਦਾ ਜਿਮੇ ਹਾਥੀ ਦੀ ਚਾਲ ।
ਨੂੜੀ ਬੈਠੇ ਕਸਾਈ ਗਊਆਂ ਨੂੰ ਦੁੱਲਾ ਚੜ੍ਹਿਆ ਗਲ ਦਲਾਲ ॥੩੩॥
ਦੁੱਲਾ ਬੁਚੜਖਾਨੇ ਦੇਖਦਾ ਗਊਆਂ ਬਨ੍ਹੀਆਂ ਬੇਸ਼ੁਮਾਰ।
ਚੜ੍ਹ ਗਿਆ ਜੋਸ਼ ਹੈ ਦੁੱਲੇ ਰਾਠ ਨੂੰ ਗੋਲੀ ਛੱਡੀ ਮਾਰੋ ਮਾਰ।
ਢੇਰੀ ਲਾਤੀ ਬੁਚੜ ਮਾਰ ਕੇ ਜਿਮੇ ਬਢੇ ਜਟ ਜਮਾਰ।
ਸੱਤਰ ਮਾਰੇ ਕਸਾਈ ਰਾਠ ਨੇ ਤੋਰੇ ਕਿਆਮਤ ਪਾਪੀ ਗਮਾਰ।
ਧਰਮੀ ਜਾਂਦੇ ਭਿਸਤ ਮੇਂ ਪਾਪੀ ਜਾਂਦੇ ਨਰਕ ਮੁਜਾਰ।
ਬਾਕੀ ਰੈਂਹਦੇ ਡਰਦੇ ਭਜ ਗਏ ਘਰ ਨੂੰ ਹੋਏ ਝੱਟ ਫਰਾਰ ।
ਮਗਰੇ ਜਾਬੇ ਦੁੱਲਾ ਸੂਰਮਾ ਜੇਹੜਾ ਮਿਲਦਾ ਕਰਦਾ ਪਾਰ ।
ਦੁੱਲਾ ਬੁਚੜ ਮਹੱਲੇ ਜਾ ਬੜਿਆ ਘਰ ਬਾਰ ਲੁਟੇ ਖੂਬ ਸਮਾਰ । ੩੪॥
ਦੁੱਲੇ ਖੂਬ ਕਸਾਈ ਲੁਟ ਲਏ ਥੋਨੂੰ ਗਹਾਂ ਸੁਣਾਮਾਂ ਬਿਆਨ ।
ਗੁਤਾਂ ਨਾਲ ਉਸਤਰੇ ਮੁੰਨੀਆਂ ਕਸੈਣਾਂ ਰੋਵਣ ਤੇ ਕੁਰਲਾਣ।
ਲੁਟ ਕੇ ਦੁੱਲਾ ਤੁਰ ਪਿਆ ਬੜਿਆ ਸ਼ੈਹਰ ਮੇਂ ਆਣ।
ਜਾਂਦੇ ਦੋ ਸੁਨਿਆਰੇ ਲੁਟ ਲਏ ਮਾਇਆ ਧਰੀ ਖਚਰ ਤੇ ਲਿਆਨ।
ਦੁੱਲਾ ਲੁਟ ਕੇ ਪਿੰਡੀ ਨੂੰ ਤੁਰ ਪਿਆ ਕਠੇ ਹੋ ਕੇ ਸਾਰੇ ਜਾਨ।
ਦਾਰੂ ਪੀਂਦੇ ਪਿੰਡੀ ਵਿਚ ਆ ਬੜੇ ਘਰ ਆ ਕੇ ਖੁਸ਼ੀ ਮਨਾਣ ।
ਦੁੱਲਾ ਖਾੜਾ ਆਣ ਲਬਾਮਦਾ ਸਾਕੇ ਰਾਜਪੂਤਾਂ ਦੇ ਗਾਣ।
ਰਾਮ ਚੰਦਾ ਹਾਲ ਸੁਣਾ ਦੇ ਗਾਹਾਂ ਦਾ ਅਕਬਰ ਲਗਿਆ ਮਤਾ ਪਕਾਣ ॥੩੫॥
ਅਕਬਰ ਮੂਰੇ ਜਾਕੇ ਰੋਂਦੀਆਂ ਦੁੱਲਾ ਪਾ ਗਿਆ ਕਲੇਜੇ ਸੱਲ।
ਕਸੈਣਾਂ ਰੋ ਰੋ ਧਾਹਾਂ ਮਾਰਦੀਆਂ ਸਾਡੇ ਪਤੀ ਮਾਰਤੇ ਕੱਲ੍ਹ ।
ਓਨੇ ਸੱਤਰ ਕਸਾਈ ਮਾਰਤੇ ਗਏ ਕਬਰਾਂ ਦੇ ਵਿਚ ਰਲ।
ਨਾਲੇ ਗੁਤਾਂ ਸਭ ਦੀਆਂ ਮੁੰਨੀਆਂ ਘਰ ਲੁਟ ਲਏ ਨਾ ਲਾਈ ਪਲ।
ਜੂਨ ਖੋਤੀ ਦੁੱਲੇ ਰਾਠ ਨੇ ਅਸੀਂ ਤਕੀਏ ਲੈਣੇ ਮਲ ।
ਮਰ ਜਾਮਾਂਗੀਆਂ ਸਿਰ ਫੋੜ ਕੇ ਐਥੇ ਜਾਣਾ ਮੂਲ ਨਾ ਹਲ।
ਨਹੀਂ ਦੁੱਲੇ ਨੂੰ ਲਿਆ ਦੇ ਬੰਨ੍ਹ ਕੇ ਸਿਟ ਭੌਣ ਕੀੜਿਆਂ ਦੇ ਥਲ ।
ਦੁੱਲਾ ਹੋਬੇ ਕਤਲ ਸਾਡੇ ਸਾਹਮਣੇ ਫੇਰ ਖਾਮਾਂਗੀ ਅੰਨ ਜਾਂ ਜਲ ।
ਅਕਬਰ ਮੂਰੇ ਨਾਰਾਂ ਰੋਂਦੀਆਂ ਰਾਮ ਚੰਦਾ ਚਾੜ੍ਹ ਪਿੰਡੀ ਨੂੰ ਦਲ ॥ ੩੯ ॥
ਅਕਬਰ ਸੁਣ ਨਾਰਾਂ ਦੇ ਰੁਧਨ ਕੋ ਸਣੇ ਕਪੜੇ ਮਚਿਆ ਸਰੀਰ।
ਅਕਬਰ ਲਾ ਲੀਨਾ ਦਰਬਾਰ ਕੋ ਨਾਲੇ ਅਖਾਂ ਤੋਂ ਸਿਟਦਾ ਨੀਰ।
ਸਾਰੇ ਜਿਲੇ ਮੇਂ ਪੈਗੀ ਹਲਚਲੀ ਬੈਠ ਅਕਬਰ ਧਿਆਬੇ ਪੀਰ ।
ਨੰਗੀ ਤੇਗ ਤੇ ਬੀੜਾ ਪਾਨ ਦਾ ਕੋਈ ਚੱਕੇ ਜੋਧਾ ਬੀਰ।
ਐਨੀ ਸੁਣ ਕੇ ਮਿਰਜਾ ਉਠਿਆ ਨਜਾਮ ਦੀਨ ਸੀ ਓਹਦਾ ਬੀਰ।
ਗੱਜੇ ਦੋਮੇ ਸੂਰਮੇ ਦੁੱਲੇ ਦਾ ਸਿਟੀਏ ਪਾੜ ਸਰੀਰ।
ਰਾਜਾ ਦੁੱਲੇ ਨੂੰ ਲਿਆਏ ਬੰਨ੍ਹ ਕੇ ਗੱਡੀ ਧਰਤੀ ਕਰੀਏ ਲੀਰ ।
ਲਿਆਮਾਂ ਬੰਨ ਪਿੰਡੀ ਦੀਆਂ ਨਾਰੀਆਂ ਆਮਣ ਡੋਲੇ ਘਤ ਬਹੀਰ ।
ਤਾਂਹੀ ਮਿਰਜ਼ਾ ਨਜਾਮ ਦੀਨ ਜਾਣਨਾ ਚਕਾਂ ਪੜਦੇ ਕਰਦਿਆਂ ਲੀਰ ।
ਰਾਮ ਚੰਦਾ ਸੂਰਮੇ ਸਮਝਣਾ ਪਟਿਆ ਲੰਕਾ ਨੂੰ ਮਹਾਂਬੀਰ ॥੩੭ ॥
ਮਿਰਜਾ ਨਜਾਮ ਦੀਨ ਗੱਜ ਕੇ ਲਈ ਫ਼ੌਜਾਂ ਸੰਗ ਰਲਾ ।
ਲਏ ਹਾਥੀ ਘੋੜੇ ਕੁਲ ਨੇ ਤੋਪਾਂ ਲਈਆਂ ਮੂਰੇ ਲਾ ।
ਪੱਜੇ ਸ਼ੱਸਤਰ ਲਾਏ ਫੌਜ ਨੇ ਗੋਲੀ ਸਿੱਕਾ ਰਫਲ ਉਠਾ।
ਚੜ੍ਹਿਆ ਇਕ ਲਖ ਭਾਰੀ ਸੂਰਮੇ ਦਿਤੀ ਗਰਦ ਅਕਾਸ਼ ਚੜ੍ਹਾ ।
ਜਾ ਕੇ ਪਿੰਡੀ ਨੂੰ ਘੇਰਾ ਪਾ ਲਿਆ ਦਿਤੇ ਮਿਰਜੇ ਨੇ ਤੰਬੂ ਲਾ।
ਦਾਰੂ ਪਿਆਈ ਹਾਥੀਆਂ ਨੂੰ ਰਜਮੀ ਘੋੜੇ ਰਹੇ ਕੰਡਿਆਲ ਤੁੜਾ।
ਮਿਰਜੇ ਰਫਲਾਂ ਛਡੀਆਂ ਫੋਕੀਆਂ ਦਿਤੀ ਪਿੰਡੀ 'ਚ ਖ਼ਬਰ ਪੁਚਾ ॥ ੩੮ ॥
ਪਿੰਡੀ ਘੇਰੀ ਦੁੱਲੇ ਨੂੰ ਪਤਾ ਲਗਿਆ ਚੜ੍ਹ ਕੇ ਆ ਗਿਆ ਮਿਰਜਾ ਖਾਨ।
ਨਾਲੇ ਲਸ਼ਕਰ ਭਾਰੀ ਆ ਗਿਆ ਸੰਗ ਜ਼ਾਲਮ ਐਨ ਪਠਾਨ ।
ਦੁੱਲਾ ਕਾਜੀ ਕੋਲ ਹੈ ਆਮਦਾ ਮੀਆਂ ਛੇਤੀ ਖੋਲ ਕੁਰਾਨ।
ਮੀਆਂ ਹਾਰ ਤੇ ਜਿੱਤ ਮੈਨੂੰ ਦਸਣਾ ਕਾਜੀ ਦੱਸੀਂ ਸਚ ਬਿਆਨ ।
ਕਾਜੀ ਖੋਲ੍ਹ ਕੁਰਾਨ ਹੈ ਦਸਦਾ ਦੁਲਿਆ ਮੁਸ਼ਕਲ ਬਚਣੀ ਜਾਨ।
ਏ ਦਿਨ ਤਿੰਨ ਲੁਕ ਕੇ ਕੱਟ ਲੈ ਫੇਰ ਆ ਕਰ ਲੜੀਂ ਮਦਾਨ।
ਮਾੜਾ ਬਾਰਮਾ ਸਤਾਰਾ ਤੇਰੇ ਸੀਸ ਤੇ ਐਥੇ ਹੋਜਾ ਝੱਟ ਰਵਾਨ ।
ਸੁਣ ਕਾਜੀ ਦੀ ਦੁੱਲਾ ਮੁੜ ਪਿਆ ਲਗਿਆ ਘੋੜੇ ਤੇ ਕਾਠੀ ਪਾਨ।
ਮਾਤਾ ਲਦੀ ਨੂੰ ਪਤਾ ਜਾ ਲਗਿਆ ਦੁੱਲਾ ਲਗਿਆ ਨਾਨਕੀ ਜਾਨ ।
ਲਦੀ ਮੋੜਦੀ ਦੁੱਲੇ ਨੂੰ ਰਾਮ ਚੰਦਾ ਬਿਤੇ ਅਗਲਾ ਤੋਰ ਬਿਆਨ ॥ ੩੯॥
ਲਦੀ ਦੁੱਲੇ ਨੂੰ ਜਾ ਕੇ ਘੇਰਦੀ ਬਚਾ ਮੁੜ ਪੈ ਕਲੇਜਾ ਨਾ ਸਾੜ ।
ਚੜ ਮਿਰਜ਼ਾ ਨਜ਼ਾਮ ਦੀਨ ਆ ਗਏ ਬੇਟਾ ਦੇਣਗੇ ਪਿੰਡੀ ਕੋ ਜਾੜ।
ਰਾਖੀ ਕੌਣ ਪਿੰਡੀ ਦੀ ਬਚਿਆ ਖੇਤ ਬਚਦਾ ਨਹੀਂ ਬਿਨਾ ਬਾੜ।
ਨਾਲੇ ਦੁੱਲੇ ਦੀ ਬਹੂ ਭੁਲਰ ਪਿਟਦੀ ਦਿਲ ਤੱਪਦਾ ਰਬੀ ਜਿਮੇ ਹਾੜ।
ਤੂੰ ਨਾ ਜਾ ਬਾਲਮ ਮੇਰਿਆ ਦੇਵੇ ਮਿਰਜ਼ਾ ਪਿੰਡੀ ਨੂੰ ਰਾੜ।
ਸਾਡੇ ਪੜਦੇ ਪਠਾਣ ਆ ਕੇ ਲੌਹਣਗੇ ਇਜ਼ਤ ਜਾਬੇ ਤੇ ਪੜਦੇ ਪਾੜ।
ਤੇਰੇ ਨਾਲ ਪਤੀ ਚੜਾਂ ਜੰਗ ਨੂੰ ਸਿਟੂ ਬੈਰੀ ਮਦਾਨ ਵਿਚ ਰਾੜ।
ਸੱਸ ਨੂੰਹ ਦਾ ਆਖਾ ਨਹੀਂ ਮੰਨਿਆ ਦੁੱਲਾ ਚਲਿਆ ਦੋਹਾਂ ਨੂੰ ਤਾੜ।
ਘੋੜਾ ਛੇੜਕੇ ਨਾਨਕੀਂ ਜਾ ਬੜਿਆ ਦੇਮਾਂ ਦੁੱਲੇ ਦਾ ਹਾਲ ਪੂਰ ਚਾੜ ॥ ੪੦ ॥
ਦੁੱਲਾ ਬੜਿਆ ਜਾ ਕੇ ਨਾਨਕੀ ਲੈ ਗਿਆ ਦੋਸਤ ਅਪਣੇ ਨਾਲ ।
ਕੱਲਾ ਮੇਰੂ ਪੋਸਤੀ ਰੈ ਗਿਆ ਹੋਰ ਅਮਲੀ ਰਹੇ ਬਹਾਲ।
ਲਿਖਾਂ ਹਾਲ ਮੈਂ ਮਿਰਜੇ ਖਾਨ ਦਾ ਫੌਜਾਂ ਸਿੱਟੀਆਂ ਬੰਨ੍ਹ ਕੇ ਪਾਲ ।
ਮਿਰਜਾ ਨਜਾਮ ਦੀਨ ਗਜਦੇ ਲੁਟੇ ਪਿੰਡੀ ਨੂੰ ਮੌਜ ਦੇ ਨਾਲ।
ਇਕ ਪਿੰਡੀ ਦੀ ਗੁਜਰੀ ਸੁੰਦਰੀ ਦੁਧ ਬੇਚੇ ਮੌਜਾਂ ਨਾਲ।
ਓਦੀ ਕਾਰ ਸੀ ਦੁਧ ਨਿਤ ਬੇਚਣਾ ਚਕੇ ਮਟਕੀ ਕਦਮ ਸੰਭਾਲ ।
ਇੰਦਰ ਖਾੜੇ ਦੀ ਪਰੀ ਸੁੰਦਰੀ ਚੰਦ ਚੌਦਮੀ ਤੇ ਰੂਪ ਕਮਾਲ ।
ਦੁਧ ਬੇਚਦੀ ਫੌਜ ਵਿਚ ਆ ਬੜੀ ਦੇਬੇ ਹੋਕਾ ਮੌਜ ਦੇ ਨਾਲ ।
ਜਾ ਕੇ ਮਿਰਜੇ ਦੇ ਤੰਬੂ ਵਿਚ ਜਾ ਬੜੀ ਮਿਰਜਾ ਦੇਖ ਕੇ ਹੋਇਆ ਨਿਹਾਲ ।
ਏ ਹੂਰਾਂ ਪਰੀ ਹੈ ਗੁਜਰੀ ਹੈ ਪਰੀਆਂ ਦੇ ਵਾਂਗਰ ਚਾਲ।
ਕੋਲ ਸੱਦ ਲੀ ਮਿਰਜੇ ਖਾਨ ਨੇ ਹਡੀਂ ਰਚ ਗਿਆ ਹੈ ਇਸ਼ਕ ਦਲਾਲ।
ਮਿਰਜਾ ਸੁੰਦਰੀ ਦੀ ਚਾਲ ਨੇ ਪਟਿਆ ਨੇਤਰ ਕਰਗੇ ਪਰੀ ਦੇ ਹਲਾਲ ।
ਰਾਮ ਚੰਦਾ ਪਰੀ ਨੇ ਚਾਲ ਖੇਲਣੀ ਨਮੀ ਚਲੂਗੀ ਗੁਜਰੀ ਚਾਲ ॥੪੧॥
ਗੁਜਰੀ ਆਂਹਦੀ ਮਿਰਜੇ ਨੂੰ ਹੱਸਕੇ ਏ ਕੀ ਹੈ ਮੇਰੇ ਦਿਲਦਾਰ।
ਏ ਸੰਗਲੀ ਜੀ ਕਿਸ ਕੰਮ ਆਂਵਦੀ ਐਮੇ ਚੁਕਿਆ ਲੋਹੇ ਦਾ ਭਾਰ ।
ਏ ਲੋਹੇ ਦੀ ਜੋੜੀ ਕੀ ਕੰਮ ਹੈ ਮੈਨੂੰ ਦਸਣਾ ਜੀ ਬਾਤ ਉਚਾਰ।
ਬਾਤ ਗੁਜਰੀ ਦੀ ਸੁਣ ਮਿਰਜਾ ਹਸਿਆ ਕੈਦ ਕਰਨਾ ਦੁੱਲਾ ਸਰਦਾਰ ।
ਪਈ ਪੈਰਾਂ ਦੀ ਬੇੜੀ ਹੈ ਸੁੰਦਰੀ ਏ ਹਥਕੜੀ ਹੁਕਮ ਸਰਕਾਰ।
ਪੈਰੀਂ ਬੇੜੀ ਹਥੀਂ ਲਾਮਾ ਹਥਕੜੀ ਲਾ ਦੁੱਲੇ ਨੂੰ ਕਰਾਂ ਗਰਿਫਤਾਰ ।
ਕਹੇ ਸੁੰਦਰੀ ਜੀ ਮੇਰੇ ਦਿਖਾ ਦੇਬੇ ਕਿਮੇਂ ਪੈਂਦੀ ਹੈ ਸੋਬਾਕਾਰ ।
ਮੈਂ ਕਦੇ ਨਾ ਦੇਖੀ ਖਾਨ ਜੀ ਕਿਮੇਂ ਲੈਂਦੇ ਤੇ ਖੋਲੇ ਕਿਮੇ ਤਾਰ ।
ਮਿਰਜਾ ਗਲ ਸੁਣ ਗੁਜਰੀ ਦੀ ਹਸਿਆ ਰਾਮ ਚੰਦਾ ਹੈ ਗੁਜਰੀ ਹੁਸ਼ਿਆਰ ॥੪੨॥
ਮਿਰਜਾ ਆਖੇ ਸੁੰਦਰੀ ਤੈਨੂੰ ਏਨਾਂ ਦਾ ਵਡਾ ਚਾ।
ਲੈ ਤੂੰ ਮੇਰੇ ਲਾਕੇ ਦੇਖਲੈ ਬਾਹਾਂ ਮੂਰੇ ਕਰੀਆਂ ਜਾ ।
ਹਥਾਂ ਚ ਪਾਲੀ ਹਥਕੜੀ ਜਿੰਦਾ ਗੁਜਰੀ ਨੇ ਦਿੱਤਾ ਲਾ ।
ਫੇਰ ਪੈਰ ਜੇ ਮੂਰੇ ਕਰ ਦਿੱਤੇ ਬੇੜੀ ਸੁੰਦਰੀ ਨੇ ਠੋਕੀ ਆ।
ਚਕ ਮਿਰਜਾ ਪਟਾਂ ਤੇ ਸਿਟਿਆ ਮੂੰਹ ਕਪੜਾ ਦਿਤਾ ਪਾ ।
ਤੰਬੂ ਵਿਚ ਨਾ ਦੂਜਾ ਹੋਰ ਸੀ ਚਲਿਆ ਮਿਰਜੇ ਤੇ ਪੂਰਾ ਦਾ ।
ਪਾ ਕੁੰਜੀਆਂ ਜੇਬ ਵਿਚ ਤੁਰ ਪਈ ਦੁਧ ਮਟਕੀ ਸਿਰ ਤੇ ਠਾ ।
ਬੋਲਿਆ ਜਾਂਦਾ ਨੀ ਮਿਰਜੇ ਖਾਨ ਤੋਂ ਬੜੀ ਗੁਜਰੀ ਪਿੰਡੀ ਵਿਚ ਜਾ ।
ਜਾਕੇ ਲਦੀ ਨੂੰ ਹਾਲ ਸਾਰਾ ਦਸਿਆ ਬੈਰੀ ਸਿਟਿਆ ਧਰਤੀ ਉਲਟਾ ।
ਆਦ ਅੰਤ ਤੋਂ ਕਹਾਣੀ ਦਸੀ ਸੁੰਦਰੀ ਲਦੀ ਕਰਲੈ ਤੂੰ ਹੋਰ ਉਪਾ।
ਭਾਰੀ ਮੁਗਲ ਪਠਾਣ ਆ ਗਏ ਚੜ੍ਹਕੇ ਗਾਹਾਂ ਰਾਮਚੰਦ ਤੂੰ ਹਾਲ ਸੁਣਾ ॥੪੩॥
ਲਦੀ ਗੁਜਰੀ ਦੀ ਬਾਤ ਸੁਣ ਤੁਰ ਪਈ ਦੇਖੇ ਮੇਰੂ ਨੂੰ ਕਰਕੇ ਖਿਆਲ ।
ਆਗੇ ਚੜ੍ਹਕੇ ਪਿੰਡੀ ਤੇ ਸੂਰਮੇ ਕੌਣ ਲੜੂ ਏਨਾਂ ਦੇ ਨਾਲ ।
ਟੋਦੀ ਲਦੀ ਤਕੀਏ ਖਿਚ ਜਾ ਰਹੀ ਜਿੱਥੇ ਅਮਲੀ ਸੀ ਕਠੇ ਗਹਾਲ।
ਸੁਖਾ ਪੀਂਦੇ ਤੇ ਫੀਮਾਂ ਛਕ ਰਹੇ ਨੇਤਰ ਨਸ਼ੇ ਦੇ ਵਿਚ ਸੀ ਲਾਲ ।
ਜਾਕੇ ਮੇਰੂ ਨੂੰ ਦਿੰਦੀ ਥਾਪੀਆਂ ਬੇਟਾ ਲੜ ਮੁਗਲਾਂ ਦੇ ਨਾਲ ।
ਦੁੱਲਾ ਡਰ ਕੇ ਨਾਨਕੀਂ ਜਾ ਬੜਿਆ ਲੁਟ ਲੈਣਗੇ ਮੁਗਲ ਦਲਾਲ ।
ਤੂੰ ਅਸਾਂ ਦੀ ਆਣ ਬੇਟਾ ਰਖ ਦੇ ਚਕ ਹਥ ਤਲਬਾਰ ਤੇ ਢਾਲ ।
ਸੁਣ ਕੇ ਮੇਰੂ ਲਦੀ ਮਾਂ ਨੂੰ ਆਖਦਾ ਦੁੱਲਾ ਲਊਗਾ ਪਿੰਡੀ ਸੰਭਾਲ ।
ਜੀਹਨੂੰ ਪਿਸਤੇ ਬਦਾਮ ਖੁਲਾਂਮਦੀ ਪਾਲਿਆ ਦੁਧ ਤੇ ਮੱਖਣਾਂ ਨਾਲ।
ਸਾਨੂੰ ਸੁਕੇ ਟੁਕੜੇ ਨਹੀਂ ਲਭਦੇ ਅਸੀਂ ਪਲੇ ਹਾਂ ਕਰਮਾਂ ਨਾਲ ।
ਮਾਤਾ ਮੈਂ ਨੀ ਜਾਂਦਾ ਜੰਗ ਨੂੰ ਹੁਣ ਦੁੱਲੇ ਨੂੰ ਜਾ ਕੇ ਭਾਲ ॥ ੪੪ ॥
ਗਲ ਸੁਣ ਕੇ ਮੇਰੂ ਦੀ ਲਦੀ ਰੋਮਦੀ ਮੇਰੂ ਕਰਕੇ ਬੈਠਾ ਇਨਕਾਰ ।
ਪਿਛੇ ਭੁਲਰ ਬੀ ਤਕੀਏ ਚਿ ਆ ਗਈ ਜੇੜੀ ਬਿਹੀ ਦੁੱਲੇ ਦੀ ਨਾਰ ।
ਸੱਸ ਨੂਹਾਂ ਮੇਰੂ ਕੋਲ ਰੋਂਦੀਆਂ ਤਾਨੇ ਦਿੰਦੀਆਂ ਨੇ ਬੇਸ਼ੁਮਾਰ ।
ਨਿੱਜ ਜੰਮੇ ਪਿੰਡੀ ਨੂੰ ਦਾਗ ਲਾ ਦਿਤਾ ਮਰਦ ਨਹੀਂ ਤਾਂ ਬਣ ਬੈਠੇ ਨਾਰ।
ਐਨੀ ਸੁਣ ਕੇ ਮੇਰੂ ਤਾਂ ਜੋਸ਼ ਖਾ ਗਿਆ ਝੱਟ ਫੜਲੀ ਹੈ ਹਥ ਤਲਬਾਰ।
ਸਾਥ ਮੇਰੂ ਦੇ ਸਾਥੀ ਤੁਰ ਪਏ ਕਠੀ ਅਮਲੀਆਂ ਦੀ ਭਾਰੀ ਲਾਰ ।
ਭੱਟੀ ਅਮਲੀ ਚੜ੍ਹਗੇ ਗੱਜ ਕੇ ਦਸਾਂ ਅਗੇ ਦਾ ਹਾਲ ਉਚਾਰ ॥੪੫॥
ਮਿਰਜ਼ਾ ਦੇਖਿਆ ਨੁੜਿਆ ਨੌਕਰਾਂ ਪਿਆ ਬੇੜੀਆਂ ਦੇ ਵਿਚ ਪਠਾਨ ।
ਜਾ ਬਢੀਆਂ ਪੈਰੋਂ ਬੇੜੀਆਂ ਨਾਲੇ ਹਥਕੜੀਆਂ ਬੀ ਜਾਨ।
ਗੁਸਾ ਖਾਇਆ ਮਿਰਜੇ ਸੂਰਮੇ ਹੁਕਮ ਦਿੰਦਾ ਫੌਜ ਨੂੰ ਆਨ।
ਫੌਜਾਂ ਚਕ ਰਫਲਾਂ ਨੂੰ ਖੜਗੀਆਂ ਲਗੇ ਚਲਣ ਤੀਰ ਕਮਾਨ ।
ਦਰਵਾਜਾ ਦਰਸ਼ਨੀ ਭੱਨਤਾ ਮੇਰੂ ਲਗਿਆ ਗੁਸਾ ਖਾਣ।
ਚੜ੍ਹਗੇ ਸਾਰੇ ਪੋਸਤੀ ਬੜੇ ਮੁਗਲਾਂ ਦੇ ਵਿਚ ਆਨ।
ਅਮਲੀ ਹਾਥੀ ਵਾਂਗੂ ਝੂਲਦੇ ਮਾਰੇ ਚਾਲੀ ਮੁਗਲ ਪਠਾਨ ।
ਇਕ ਮੇਰੂ ਦਾ ਫੀਮੀ ਮਰ ਗਿਆ ਨਸ਼ਾ ਫੌਰਨ ਉਤਰਿਆ ਆਨ।
ਅਮਲੀ ਅਖ ਬਚਾ ਪਿੰਡੀ ਆ ਬੜੇ ਦਿਤੀ ਫੀਮ ਲਦੀ ਨੇ ਲਿਆਨ ।
ਮਾਂ ਨੇ ਥਾਪੀ ਦਿਤੀ ਪੁਤ ਨੂੰ ਫੇਰ ਚੜ੍ਹੀ ਲੋਰਾਂ ਆਨ ॥ ੪੬॥
ਦੂਜੀ ਬਾਰ ਖਾ ਫੀਮ ਮੇਰੂ ਚੜ੍ਹ ਗਿਆ ਹੱਥ ਦਾਦੇ ਦੀ ਸਾਂਗ ਉਠਾ ।
ਵਿਚ ਮੁਗਲਾਂ ਦੇ ਬੜ ਗਿਆ ਮੇਰੂ ਦਿਤਾ ਹਰਜਲਾ ਪਾ।
ਅਮਲੀ ਫਿਰਦੇ ਗੱਜਦੇ ਦਿਤੇ ਪੂਰਾਂ ਦੇ ਪੂਰ ਜਾ ਕੇ ਲਾ ।
ਜਿਮੇ ਭੇਡਾਂ ਚਿ ਸ਼ੇਰ ਫਿਰੇ ਗੱਜਦਾ ਦਿੰਦਾ ਮੁਗਲਾਂ ਦੇ ਸਥਰੇ ਪਾ ।
ਦੂਜੀ ਬਾਰ ਮੇਰੂ ਨੇ ਸੱਠ ਮਾਰਤੇ ਦਿਤੀ ਸ਼ੇਰਾਂ ਨੇ ਕਿਆਮਤ ਲਿਆ।
ਦੋ ਮੇਰੂ ਦੇ ਅਮਲੀ ਮਾਲੀ ਮਾਰਤੇ ਟੁਟਿਆ ਨਸ਼ਾ ਮੇਰੂ ਦਾ ਜਾ ।
ਚੁਪ ਕੀਤੇ ਪਿੰਡੀ ਦੇ ਵਿਚ ਆ ਬੜੇ ਉਤੇ ਸੂਰਜ ਛਿਪ ਗਿਆ ਆ।
ਨ੍ਹੇਰ ਗੁਬਾਰ ਜਦ ਹੋ ਗਿਆ ਮੁਗਲ ਬੜੇ ਡੇਰੇ ਦੇ ਵਿਚ ਜਾ ।
ਲਦੀ ਮੇਰੂ ਨੂੰ ਥਾਪੀ ਦੇਮਦੀ ਪੁਤ ਲਿਆ ਕਾਲਜੇ ਲਾ ।
ਚਾਹ ਪਾਣੀ ਤੇ ਫੀਮ ਛਕਾ ਦਿੰਦੀ ਰਾਮ ਚੰਦਾ ਅਗੇ ਦਾ ਹਾਲ ਸੁਣਾ॥੪੭॥
ਛਕ ਅਮਲੀ ਸਾਰੇ ਫੀਮ ਕੋ ਪੋਸਤ ਡੋਡੇ ਲਏ ਮਲਾ ।
ਪਿਛੇ ਚਾ ਦੁਧ ਪੀਤਾ ਰੱਜਕੇ ਛਕੀ ਰੋਟੀ ਪਰੇਮ ਲਗਾ।
ਜਦ ਨਸ਼ੇ ਦੀ ਚੜ੍ਹੀਆਂ ਲੋਰੀਆਂ ਝੱਟ ਸਾਂਗਾਂ ਲਈਆਂ ਉਠਾ। ਅਧੀ ਰਾਤੇ ਅਮਲੀ ਤੁਰ ਪਏ ਬੜੇ ਮੁਗਲਾਂ ਦੇ ਵਿਚ ਜਾ।
ਜਾ ਕੇ ਸੁਤੇ ਪਏ ਸਬ ਦਬ ਲਏ ਦਿਤੀ ਤੰਬੂ ਨੂੰ ਅੱਗ ਲਗਾ।
ਫੌਜ ਉਠੀ ਮੁਗਲਾਂ ਦੀ ਗੱਜਕੇ ਅਮਲੀ ਸੌਣ ਬੀ ਦਿੰਦੇ ਨਾ ।
ਜੰਗ ਹੁੰਦਾ ਜ਼ੋਰ ਦਾ ਬੀਰਨੋ ਦਿਤਾ ਪੰਜ ਸੌ ਮੁਗਲ ਮੁਕਾ ।
ਸੱਤ ਮੇਰੂ ਦੇ ਅਮਲੀ ਮਰ ਗਏ ਝੱਟ ਨਸ਼ੇ ਉਤਰਗੇ ਜਾ ।
ਮੇਰੂ ਮੁੜ ਪਿੰਡੀ ਵਿਚ ਆ ਬੜੇ ਨਾਲ ਅਮਲੀ ਲਏ ਰਲਾ।
ਟੈਮ ਹੋ ਗਿਆ ਫੀਮ ਦੇ ਖਾਣ ਦਾ ਸੁਭਾ ਪਹੁੰਚੇ ਲਦੀ ਕੋਲ ਜਾ ।
ਮੇਰੂ ਲਦੀ ਨੂੰ ਸਲਾਮਾਂ ਬੋਲਦਾ ਮਾਤਾ ਮਰਗੇ ਅਮਲੀ ਆ।
ਹੁਣ ਮੈਂ ਨੀ ਜਾਣਾ ਜੰਗ ਨੂੰ ਤੈਨੂੰ ਦਿਤਾ ਸਚ ਸੁਣਾ।
ਹੁਣ ਭੇਜਦੇ ਦੁੱਲੇ ਦੇ ਪੁਤ ਨੂੰ ਜਿਨੂੰ ਪਾਲਿਆ ਦੁਧ ਪਲਾ ॥ ੪੮ ॥
ਜਦ ਦਿਤਾ ਜਬਾਬ ਮੇਰੂ ਪੋਸਤੀ ਹੋਇਆ ਲਦੀ ਦਾ ਚਿੱਤ ਉਦਾਸ।
ਲਦੀ ਨੂੰਹ ਭੁਲਰ ਕੋਲ ਆਮਦੀ ਦਿਲ ਟੁਟ ਗਿਆ ਚਿਤ ਉਦਾਸ।
ਨੂੰਹ ਦਸ ਮੇਰੀਏ ਹੁਣ ਕੀ ਕਰਾਂ ਮੇਰੂ ਦੇ ਗਿਆ ਜਬਾਬ ਹੈ ਖਾਸ।
ਭੁਲਰ ਤੋਰ ਦੇ ਪੋਤਾ ਨੂਰ ਖਾਂ ਕਰੇ ਬੈਰੀਆਂ ਦਾ ਜਾ ਕੇ ਨਾਸ।
ਦਿਨ ਰਾਤ ਲੜਿਆ ਮੇਰੂ ਪੋਸਤੀ ਥਕ ਗਿਆ ਤੇ ਹੋਇਆ ਉਦਾਸ।
ਜਾਬੇ ਨੂਰਖਾਂ ਦੁੱਲੇ ਦੇ ਪੁਤ ਗੱਜ ਕੇ ਮੇਰੂ ਬੈਠਾ ਮੁਕਾ ਕੇ ਆਸ।
ਆਣ ਖੋਣਗੇ ਮੁਗਲ ਧੀਆਂ ਨੂੰਹਾਂ ਦੀ ਲੁਟ ਪੌਣਗੇ ਤੇ ਪੌਣਗੇ ਰਾਸ।
ਲਬੇ ਸੁਣਦਾ ਸੀ ਬੈਠਾ ਨੂਰ ਖਾਂ ਮਾਤਾ ਮੁਗਲਾਂ ਦਾ ਕਰੂਗਾ ਗਰਾਸ।
ਮੈਂ ਦੁੱਲੇ ਦੀ ਅੰਸ਼ ਦਾਦੀ ਮੇਰੀਏ ਆਮਾ ਮੁਗਲਾਂ ਚਿ ਹੋ ਕੇ ਪਾਸ।
ਜਾ ਕੇ ਮਿਰਜਾ ਨਜਾਮਦੀਨ ਮਾਰਨੈ ਮਾਤਾ ਮੇਰੀਏ ਨਾ ਹੋਈਂ ਉਦਾਸ ।
ਚੜ੍ਹਿਆ ਰਾਮ ਚੰਦ ਖੂਬ ਨੂਰ ਗੱਜ ਕ ਮਾਤਾ ਤੇਰੇ ਚਰਨੋਂ ਕਾ ਦਾਸ ॥੪੯॥
ਸੋਲਾਂ ਸਾਲ ਦੀ ਉਮਰ ਸੀ ਨੂਰਖਾ ਚਲਿਆ ਮਾਤਾ ਕੋ ਸੀਸ ਨਮਾ।
ਸਾਂਗ ਚਕ ਲੀ ਪਿਤਾ ਦੇ ਹੱਥ ਦੀ ਲਏ ਮੇਲੀ ਸਬ ਨਾਲ ਰਲਾ ।
ਜਾ ਕੇ ਮੁਗਲਾਂ ਦੀ ਫੌਜ ਵਿਚ ਗਜਿਆ ਛਡੇ ਤੀਕ ਕੜਾ ਕੜ ਜਾ।
ਮਿਰਜਾ ਆਖਦਾ ਭਟੀ ਦੁੱਲਾ ਆਗਿਆ ਲੜਦੇ ਮੁਗਲ ਹੈ ਜ਼ੋਰ ਲਗਾ।
ਸੌ ਕੁ ਆਦਮੀ ਨੂਰਖਾਂ ਨਾਲ ਸੀ ਦਿਤੀ ਮੁਗਲਾਂ ਦੀ ਭਾਜੜ ਪਾ।
ਭਟੀ ਬਦ ਬਢ ਸੱਥਰ ਲਾਮਦੇ ਹੁੰਦੀ ਧਰਮ ਦੀ ਸਦਾ ਸਹਾ।
ਮੁਗਲ ਸਤ ਸੌ ਸੁਰਗ ਨੂੰ ਤੋਰਤੇ ਜਿਥੇ ਪਹਿਲੇ ਸੀ ਪਹੁੰਚੇ ਜਾ ।
ਜੇਹੜੇ ਕਾਜੀ ਨੇ ਦੁੱਲਾ ਤੋਰਿਆ ਪਾਪੀ ਦਸਦਾ ਹੈ ਮਿਰਜੇ ਨੂੰ ਜਾ।
ਥੋਡਾ ਬੈਰੀ ਨਾਨਕੀਂ ਜਾ ਬੜਿਆ ਪੁਤ ਦੁੱਲੇ ਦਾ ਲੜਦਾ ਹੈ ਆ।
ਥੋਤੇ ਬੱਚਾ ਨੀ ਘੇਰਿਆ ਜਾਮਦਾ ਐਮੇ ਰਹੇ ਹੋ ਮੁਗਲ ਕੁਹਾ।
ਕਾਜੀ ਲਗਦਾ ਸੀ ਦੁੱਲੇ ਤੇ ਪੈਹਲਾਂ ਦਾ ਇਕ ਦਿਨ ਕੁਟਿਆ ਸੀ ਮਸੀਤ ਵਿਚ ਜਾ।
ਬੇਹੀ ਬੈਰ ਹੈ ਕਾਜੀ ਕਢਿਆ ਦਿਲ ਪਾਪ ਸੀ ਰਖਿਆ ਛਪਾ ।
ਭੇਤ ਦਸਿਆ ਹੈ ਮਿਰਜੇ ਖਾਨ ਨੂੰ ਦਿਓ ਨੂਰੂ ਦੀ ਜਾਨ ਖਪਾ ॥੫੦॥
ਸੁਣ ਕਾਜੀ ਦੀ ਮਿਰਜਾ ਗਜਿਆ ਚੜਿਆ ਨੇਤਰ ਕਰਕੇ ਲਾਲ ।
ਘੇਰਾ ਪਾ ਲਿਆ ਨੂਰਖਾਂ ਨੂੰ ਜਾਇਕੇ ਮਿਰਜਾ ਆ ਗਿਆ ਤੂੰ ਹੋਸ਼ ਸੰਭਾਲ ।
ਸਠ ਮਾਰਤੇ ਨੂਰਖਾਂ ਦੇ ਨਾਲ ਦੇ ਖੰਡਾ ਮਾਰ ਕੇ ਤੇ ਕਰੇ ਹਲਾਲ ।
ਜਾਣ ਦੇਮਾ ਨਾ ਭਜੇ ਨੂੰ ਨੂਰਖਾਂ ਤੇਰਾ ਆਗਿਆ ਹੈ ਸਿਰਤੇ ਕਾਲ।
ਪਾਕੇ ਘੇਰਾ ਨੂਰਖਾਂ ਫੜ ਲਿਆ ਬੰਨਿਆ ਤੰਬੂ ਚਿ ਬੇੜੀ ਦੇ ਨਾਲ।
ਚਾਲੀ ਨੂਰਖਾਂ ਸਾਥੀ ਫੜ ਲਏ ਖੋਸੇ ਕਿਰਚ ਬੰਦੂਕ ਤੇ ਢਾਲ।
ਕੈਦ ਕਰਕੇ ਤੰਬੂ ਵਿਚ ਸਿਟਤੇ ਮਾਰ ਖੋਸੜੇ ਤੇ ਪੱਟਤੇ ਬਾਲ ।
ਘੇਰਾ ਪਾ ਲਿਆ ਪਿੰਡੀ ਨੂੰ ਜਾਇਕੇ ਮਿਰਜਾ ਲੁਟਦਾ ਹੈ ਮੌਜਾਂ ਨਾਲ ।
ਸਭ ਪਕੇ ਚੁਬਾਰੇ ਢਾ ਦਿਤੇ ਸਣੇ ਬੈਠਕਾਂ ਤਬੇਲੇ ਨਾਲ ।
ਕਲੇ ਮੇਰੂ ਦੀ ਬਾਹ ਨੀ ਚਲਦੀ ਟੁਟਿਆ ਅਮਲ ਹੈ ਮੇਰੂ ਨਢਾਲ ॥ ੫੧ ॥
ਮੁਗਲ ਗਜਦੇ ਪਿੰਡੀ ਦੇ ਵਿਚ ਜਾ ਬੜੇ ਸਣੇ ਗੋਲੀਆਂ ਤੇ ਚਲਦੇ ਤੀਰ ।
ਲੁਟ ਮਾਰ ਜਬਰ ਦੀ ਕਰ ਰਹੇ ਜਾ ਕੇ ਪੜਦਿਆਂ ਦੇ ਪਾੜੇ ਚੀਰ।
ਕਾੜ ਕਾੜ ਗੋਲੀ ਚਲਦੀ ਕੜੀ ਛਡੀ ਦਬਾਲਨਾ ਸ਼ਤੀਰ ।
ਪਿੰਡੀ ਸ਼ਹਿਰ ਉਜਾੜ ਬਣਾ ਦਿੱਤਾ ਰੋਂਦੇ ਭਟੀ ਜੋ ਸਿਟਕੇ ਨੀਰ।
ਮੇਰੂ ਪੋਸਤੀ ਮਸੀਤ ਵਿਚ ਜਾ ਲੁਕਿਆ ਦੁੱਲਾ ਐਥੇ ਨੀ ਮਾਂ ਦਾ ਜਾਯਾ ਬੀਰ ।
ਦੁਖੀ ਹੋਇਆ ਬੀ ਅਮਲ ਟੁਟਿਆ ਲੁਕ ਲੁਕ ਕੇ ਬਚਾਬੇ ਸਰੀਰ ।
ਜਾ ਕੇ ਦੁੱਲੇ ਦੇ ਮੈਹਲੀਂ ਜਾ ਬੜੇ ਲਦੀ ਭੁਲਰ ਫੜੀ ਅਖੀਰ ।
ਦੋਮੇ ਦੁੱਲੇ ਦੀਆਂ ਭੈਣਾਂ ਬਨ੍ਹੀਆਂ ਲੈਗੇ ਖੇੜੇ ਜਿਉਂ ਰਾਂਝੇ ਦੀ ਹੀਰ।
ਤਖਤੋ ਬਖਤੋ ਦੋਮੇ ਭੈਣਾਂ ਰੋਂਦੀਆਂ ਸਾਡਾ ਰਿਹਾ ਨਾ ਪਿੰਡੀ ਵਿਚ ਸੀਰ
ਅਸੀਂ ਨਿਜ ਆਈਆਂ ਐਥੇ ਮਿਲਣ ਕੋ ਦਗਾ ਦੇਗਿਆ ਹੈ ਦੁੱਲਾ ਬੀਰ।
ਸਭ ਨਾਰਾਂ ਨੂੰ ਬੰਨ੍ਹਕੇ ਲੈਗਿਆ ਮਿਰਜਾ ਤੰਬੂ 'ਚ ਲੈ ਗਿਆ ਪੀਰ ।
ਨਾਰਾਂ ਦੁੱਲੇ ਨੇ ਬਗਮ ਕੋਲੋਂ ਲੁਟੀਆਂ ਖੁਸ਼ੀ ਓਨਾਂ ਦਾ ਹੋਯਾ ਸਰੀਰ।
ਲੁਟ ਮਾਰਕੇ ਮਿਰਜਾ ਲੈਗਿਆ ਮੇਰੂ ਰੋਂਦਾ ਬਹਾ ਕੇ ਨੀਰ।
ਰਾਮਚੰਦ ਮੇਰੂ ਦੁੱਲੇ ਕੋਲ ਜਾਮਦਾ ਚੜ੍ਹ ਘੋੜੇ ਤੇ ਘਤ ਗਿਆ ਬਹੀਰ ॥ ੫੨॥
ਮਿਰਜਾ ਨਜਾਮ ਲੈਗੇ ਲੁਟਕੇ ਦਸ ਮੀਲ ਤੇ ਡੇਰੇ ਕਰੇ ਆਨ।
ਭੁਖੀ ਫੌਜ ਨੂੰ ਤਿੰਨ ਦਿਨ ਹੋ ਗਏ ਲੜਦੇ ਰਹੇ ਮੁਗਲ ਮਦਾਨ ।
ਦਸ ਮੀਲ ਤੇ ਤੰਬੂ ਜਾਕੇ ਗੱਡਤੇ ਡਰ ਗਿਆ ਨਾ ਕਿਸੇ ਦੀ ਕਾਨ।
ਸ਼ਸਤਰ ਲਾਹਕੇ ਸ਼ੇਰ ਬੈਠਗੇ ਲਗੇ ਮੁਗਲ ਜੋ ਖਾਣਾ ਖਾਣ ।
ਰਾਤ ਕਰਕੇ ਲਾਹੌਰ ਨੂੰ ਚਲਣਾ ਖੁਸ਼ੀ ਹੁੰਦੇ ਨੇ ਮੁਗਲ ਪਠਾਣ ।
ਬੈਹਕੇ ਰੋਂਦੀਆਂ ਪਿੰਡੀ ਦੀਆਂ ਨਾਰੀਆਂ ਭੇਜ ਦੁੱਲੇ ਨੂੰ ਸਖੀ ਸੁਲਤਾਨ ।
ਐਨੇ ਮੇਰੂ ਦੁੱਲੇ ਨੂੰ ਜਾ ਮਿਲਿਆ ਸਾਰਾ ਲਗਿਆ ਪਤਾ ਬਤਾਨ।
ਦੁਲਿਆ ਖਾਣ ਸੇਰਿਆ ਐਥ ਲੁਕਿਆ ਤੇਰੀ ਪਿੰਡੀ ਦੀ ਲੈਗੀ ਆਨ।
ਮਾਂ ਭੈਣ ਭਰਜਾਈਆਂ ਬੰਨ੍ਹਕੇ ਸਬ ਲੈਗੇ ਮੁਗਲ ਪਠਾਨ ।
ਮਿਰਜੇ ਨਾਲ ਮੈਂ ਦਿਨ ਰਾਤ ਲੜਿਆ ਅੱਧਾ ਕੀਤਾ ਮੈਂ ਖਾਲੀ ਮਦਾਨ।
ਫੇਰ ਮੇਰਾ ਬੀ ਹੌਸਲਾ ਟੁਟਿਆ ਫੇਰ ਲੜਿਆ ਸੀ ਨੂਰੂ ਨਦਾਨ।
ਆਖਰ ਬਢੀ ਫੌਜ ਲੈਗੀ ਲੁਟਕੇ ਤੂੰ ਲੁਕਿਆ ਨਾਨਕੇ ਆਨ।
ਤੈਨੂੰ ਸ਼ਰਮ ਨਾ ਆਈ ਦੁਲਿਆ ਲੈਗੇ ਬੰਨ੍ਹ ਕੇ ਤੇਰੀ ਰਕਾਨ॥ ੫੩ ॥
ਦੁੱਲੇ ਤਿਆਰੀ ਕਰੀ ਪੂਰੀ ਜੰਗ ਦੀ ਸ਼ੇਰੂ ਮੇਰੂ ਰਲਾਏ ਨਾਲ।
ਫੀਮ ਦਿਤੀ ਮੇਰੂ ਨੂੰ ਰਜਮੀ ਦਿਤੀ ਥਾਪੀ ਮਾਈ ਦੇ ਲਾਲ।
ਜਦੋਂ ਨਾਨਕਿਆਂ ਤੋਂ ਦੁੱਲਾ ਤੁਰ ਪਿਆ ਸੋਹਣੇ ਸ਼ਗਨ ਹੋਏ ਤਤਕਾਲ।
ਜੁਆਨ ਦੁੱਲੇ ਨੇ ਦੋ ਹਜ਼ਾਰ ਚਾੜ੍ਹਿਆ ਜੇਹੜੇ ਲੜਨ ਮਦਾਨ ਖੁਸ਼ ਹਾਲ।
ਸ਼ੇਰੂ ਮੇਰੂ ਭਾਣਜੇ ਗੱਜਦੇ ਚੜ੍ਹੇ ਡੇਰੇ ਹੈ ਨੇਤਰ ਲਾਲ।
ਦਾਰੂ ਪੀਕੇ ਤੇ ਕਾਠੀਆਂ ਪਾਲੀਆਂ ਚੜ੍ਹੀ ਗਰਦ ਸਮਾਨ ਹੋਇਆ ਲਾਲ ।
ਜਾਕੇ ਮੁਗਲਾਂ ਦੀ ਫੌਜ ਹੈ ਘੇਰਲੀ ਕਿਥੇ ਜਾਬੋਗੇ ਤੁਖਮ ਚੰਡਾਲ ।
ਸੁਤੇ ਦਬਲੇ ਭਟੀ ਨੇ ਜਾਇਕੇ ਹੁਣ ਆ ਗਿਆ ਸਬ ਦਾ ਕਾਲ ।
ਤੀਰ ਚਲਦੇ ਸ਼ਿਸਤ ਨਾਲ ਗੋਲੀਆਂ ਦੁੱਲਾ ਕਰਦਾ ਫਿਰੇ ਕਮਾਲ ॥੫੪ ॥
ਦੋਮੇ ਪਾਸਿਆਂ ਤੋਂ ਮਾਰੋ ਮਾਰ ਹੋਮਦੀ ਘੇਰਾ ਮੁਗਲਾਂ ਤੇ ਦੁੱਲਾ ਪਾਬੇ ਜਾ ।
ਜਾ ਕੇ ਹਲਚਲੀ ਫੌਜ ਵਿਚ ਪਾ ਦਿਤੀ ਸਿਜੇ ਮੁਗਲ ਧਰਤੀ ਉਲਟਾ ।
ਟੁਟ ਬਾਰਾਂ ਅਕਾਸ਼ ਨੂੰ ਜਾਂਦੀਆਂ ਕਲਜੋਗਣਾਂ ਬੀ ਪਹੁੰਚੀਆਂ ਜਾ।
ਸੀਸ ਉਡਦੇ ਵਾਂਗ ਪਤੰਗ ਦੇ ਇਲਾਂ ਕਾਂ ਰਹੇ ਮੌਜ ਉਡਾ।
ਅਧੀ ਫੌਜ ਮਿਰਜੇ ਦੀ ਮਾਰਤੀ ਬਾਕੀ ਭਜੀ ਲਾਹੌਰ ਬੜੀ ਜਾ।
ਦੋਮੇ ਮਿਰਜਾ ਨਜਾਮਦੀਨ ਭਜਗੇ ਘੋੜਿਆਂ ਤੇ ਕਾਠੀਆਂ ਪਾ ।
ਸੌ ਮਰਗੇ ਦੁੱਲੇ ਦੀ ਫੌਜ ਦੇ ਦੁੱਲਾ ਕਰਦਾ ਨਹੀਂ ਪਰਬਾ।
ਸਬ ਬਾਂਦਾ ਛੁਡਾ ਲਈਆਂ ਦੁੱਲੇ ਨੇ ਮਿਰਜੇ ਫੌਜ ਦਾ ਸਮਾਨ ਲਿਆ ਠਾ ।
ਖਚਰਾਂ ਤੇ ਹਥਯਾਰ ਸਬ ਲਦਲੇ ਲਦੀ ਰਹੀ ਹੈ ਸ਼ੁਕਰ ਮਨਾ।
ਸਣੇ ਤੰਬੂ ਰਾਸਣ ਗੋਲੀ ਸਿਕਾ ਬੀ ਚਕ ਪੈਗੇ ਪਿੰਡੀ ਦੇ ਰਾ।
ਨਾਰਾਂ ਪਿੰਡੀ ਦੀਆਂ ਖੁਸ਼ੀਆਂ ਮਨੋਂਦੀਆਂ ਅਸੀਂ ਦੁੱਲੇ ਨੇ ਲਈਆਂ ਛੁਡਾ।
ਬਾਜੇ ਬਜਦੇ ਦੁੱਲੇ ਦੇ ਬਾਰਗੇ ਦਾਰੂ ਦਿੰਦਾ ਹੈ ਸਬ ਨੂੰ ਪਿਲਾ।
ਓਸ ਕਾਜੀ ਤਾਈਂ ਫੜ ਲਿਆ ਜਿਨੇ ਘਰ ਦਾ ਸੀ ਭੇਤ ਦਿਤਾ ਜਾ ।
ਤੋਬਾ ਕਰੇ ਕਾਜੀ ਮੂਹਰੇ ਮਾਰਦੇ ਦੁਲਿਆ ਰਖ ਲੈ ਬਾਸਤੇ ਖੁਦਾ।
ਗੱਡ ਕਾਜੀ ਨੂੰ ਕੁੱਤਿਆਂ ਤੇ ਪੜਾ ਦਿਤਾ ਉਤੇ ਪਾਪੀ ਦੇ ਦਹੀ ਛੜਕਾ।
ਕਾਜੀ ਮਾਰਤਾ ਨਿਮਕ ਹਰਾਮ ਸੀ ਭੇਤ ਦਿਤਾ ਹੈ ਨੂਣ ਪਾਣੀ ਖਾ ॥੫੫॥
ਐਸ ਬਜਾ ਦੁੱਲੇ ਨੇ ਕਾਜੀ ਮਾਰਿਆ ਝੂਠੇ ਮਸਲੇ ਕਰੇ ਬਹਾਲ ।
ਕਾਜੀ ਤਿੰਨ ਦਿਨ ਕਰੜੇ ਦਸਕੇ ਦੁੱਲਾ ਪਿੰਡੀ ਚੋਂ ਦਿਤਾ ਨਿਕਾਲ ।
ਪਿਛੋਂ ਇੱਜਤ ਬਰਾਨ ਕਰੀ ਮੁਗਲ ਨੇ ਲੈਗੇ ਲੁਟ ਕੇ ਸੀ ਸਾਰਾ ਮਾਲ ।
ਜੇ ਨਾ ਜਾਂਦਾ ਦੁੱਲਾ ਨਾਨਕੀ ਦੁੱਲਾ ਲੜਦਾ ਮੁਗਲਾਂ ਨਾਲ ।
ਹੁਣ ਗਾਹਾਂ ਮੈਂ ਹਾਲ ਸੁਣਾਮਦਾ ਭਜਿਆ ਮਿਰਜਾ ਜਾਨ ਸਮਾਲ ।
ਜਾਕੇ ਅਕਬਰ ਮੂਰੇ ਪਿਟਦੇ ਨਾਲੇ ਦਸਿਆ ਪਿੰਡੀ ਦਾ ਹਾਲ ।
ਲਾ ਕੇ ਆਦ ਅੰਤ ਤੋਂ ਦਸਿਆ ਜਿਮੇ ਬੀਤੀ ਮਿਰਜੇ ਦੇ ਨਾਲ ।
ਦੁੱਲਾ ਪਿੰਡੀ ਦਾ ਬਣ ਗਿਆ ਬਾਦਸ਼ਾਹ ਤਾਕਤ ਭਰਗੀ ਲੁਟਕੇ ਮਾਲ।
ਮੈਗਜ਼ੀਨ ਦੁੱਲੇ ਨੇ ਜਮਾ ਕਰ ਲਈ ਨਾਲੇ ਕਰ ਲੀ ਫੌਜ ਕਮਾਲ ।
ਪਕੇ ਮੋਰਚੇ ਦੁੱਲੇ ਨੇ ਬਣਾ ਲਏ ਬੈਰੀ ਬਣ ਕੇ ਬੈਠਾ ਦਲਾਲ ।
ਰੋਂਦਾ ਅਕਬਰ ਧਾਹਾਂ ਮਾਰ ਕੇ ਕੇਹੜਾ ਲੜੂ ਦੁੱਲੇ ਦੇ ਨਾਲ ।
ਆਣ ਖੋ ਤੀ ਸਾਰੀ ਫੌਜ ਦੀ ਦਾੜ੍ਹੀ ਪਟੀ ਬੇਗਮ ਦੇ ਬਾਲ ।
ਖਤ ਲਿਖਦਾ ਅਕਬਰ ਬਾਦਸ਼ਾਹ ਦਿੱਲੀ ਭੇਜਿਆ ਬੇਗਮ ਤਤਕਾਲ ।
ਖਤ ਲੈਕੇ ਨੌਕਰ ਝੱਟ ਤੁਰ ਪਿਆ ਦਿੱਲੀ ਪੌਂਚਿਆ ਦੁਖ ਸੁਖ ਨਾਲ ॥ ੪੫ ॥
ਨੌਕਰ ਪੌਂਚ ਗਿਆ ਦਿੱਲੀ ਦੇ ਵਿਚ ਬੀਰ ਨੇ ਖਤ ਸੂਬੇ ਨੂੰ ਦਿਤਾ ਫੜਾ।
ਪੜ੍ਹ ਕੇ ਖਤ ਨੂੰ ਸੂਬਾ ਜਹਾਂਗੀਰ ਲੈਂਦਾ ਦਿਲ ਨੂੰ ਜੋਸ਼ ਚੜ੍ਹਾ ।
ਜੰਗੀ ਲਾਟ ਨੂੰ ਟੈਲੀਫੂਨ ਭੇਜਤਾ ਦਿਤਾ ਵਾਕਾ ਲਾਹੌਰ ਦਾ ਸੁਣਾ।
ਆਕੀ ਦੁੱਲਾ ਪਿੰਡੀ ਵਿਚ ਹੋ ਗਿਆ ਜੀਹਨੇ ਰਖੀ ਹੈ ਲੁਟ ਮਚਾ ।
ਅੱਧੀ ਮਾਰਤੀ ਫੌਜ ਲਾਹੌਰ ਦੀ ਆਦ ਅੰਤ ਤੇ ਦਸਿਆ ਲਾ ।
ਖ਼ਬਰ ਸੁਣ ਕੇ ਦਿੱਲੀ ਦੀ ਫੌਜ ਚੜ੍ਹ ਗਈ ਦਿਤੀ ਗਰਦ ਗੁਬਾਰ ਉਡਾ।
ਤੋਪਖਾਨਾ ਜੰਗੀ ਬੇੜਾ ਤੁਰ ਪਿਆ ਵਿਚ ਪੌਂਚਾ ਲਾਹੌਰ ਦੇ ਜਾ।
ਸਾਰਾ ਹਾਲ ਅਕਬਰ ਤੋਂ ਪੁਛਿਆ ਅਕਬਰ ਰੋ ਕੇ ਦਸਿਆ ਦੁਖ ਆ।
ਫੌਜ ਦਿੱਲੀ ਲਾਹੌਰ ਦੀ ਤੁਰ ਪਈ ਘੇਰਾ ਪਿੰਡੀ ਨੂੰ ਪਾਇਆ ਜਾ ।
ਸਾਰੀ ਦੁੱਲੇ ਨੂੰ ਖਬਰ ਪੂਰੀ ਹੋ ਗਈ ਫੌਜ ਦਿੱਲੀ ਲਾਹੌਰ ਦੀ ਗਈ ਆ।
ਝੱਟ ਦੁੱਲੇ ਨੇ ਮੱਲੇ ਮੋਰਚੇ ਤੋਪਾਂ ਦਿਤੀਆਂ ਦੁੱਲੇ ਦਗਾ ॥ ੫੬ ॥
ਦੁੱਲੇ ਨੇ ਲਾਇਆ ਮੋਰਚਾ ਤੋਪਾਂ ਚੜ੍ਹੀਆਂ ਕਿਲੇ ਤੇ ਆਨ।
ਪੈਦਲ ਪਲਟਨ ਬੈਠੀ ਮੋਰਚੇ ਪਟੇ ਧਰਤੀ ਦੇ ਦਰਮਿਆਨ ।
ਰਫਲਾਂ ਹੁੰਦੀਆਂ ਸੀ ਪੈਲੀ ਲੰਮੀਆਂ ਗੋਲਾ ਪਾਈਏ ਦਾ ਪੈਂਦਾ ਆਨ ।
ਪੰਜ ਪੰਜ ਮੀਲ ਗੋਲੀ ਜਾਮਦੀ ਖਾਲੀ ਕਰਦੀਆਂ ਜਾਣ ਮਦਾਨ ।
ਪੈਦਲ ਪਿਛੇ ਰਸਾਲਾ ਸੱਜਦਾ ਜਿਨ੍ਹਾਂ ਦੇ ਹੱਥਾਂ ਮੇਂ ਤੀਰ ਕਮਾਨ ।
ਦੁੱਲਾ ਤੀਰ ਅਲਟੌਣ ਸੀ ਜਾਣਦਾ ਚੱਲਕੇ ਵਾਪਸ ਪੌਂਚੇ ਆਨ ।
ਤੀਰ ਸੈ ਬੈਰੀ ਨੂੰ ਮਾਰ ਕੇ ਝੱਟ ਤਰਕਸ਼ ਪੈਂਦਾ ਆਨ।
ਪਿਛੇ ਕਿਲੇ ਤੇ ਤੋਪਾਂ ਦਾ ਗਿਆ ਗੋਲਾ ਸਵਾ ਮਣ ਪੈਂਦਾ ਜਾਨ ।
ਪੈਬੰਦੀ ਲਾਏ ਮੋਰਚੇ ਦੁੱਲਾ ਭਟੀ ਚਤਰ ਸੁਜਾਨ।
ਮੱਦ ਪਿਆ ਹਾਥੀ ਚੀਕਦੇ ਘੋੜੇ ਆਪਣਾ ਜੋਸ਼ ਦਖਾਨ।
ਮੇਰੂ ਦੁੱਲਾ ਨੂਰ ਖਾਂ ਗੱਜਦੇ ਝੂਟੇ ਖਾਂਦੇ ਫਿਰਨ ਜੁਆਨ ।
ਓਧਰ ਮੁਗਲਾਂ ਨੇ ਡੋਰਾਂ ਖਿੱਚੀਆਂ ਖੜ ਕੇ ਗੱਜਦੇ ਸ਼ੇਰ ਪਠਾਨ ।
ਜੰਗ ਦੋਮੇਂ ਧਿਰਾਂ ਦਾ ਸ਼ੁਰੂ ਹੋ ਗਿਆ ਲਗੇ ਪੂਰਾ ਜੋਸ਼ ਦਖਾਨ।
ਹੋਬੇ ਦਲਾਂ ਚਿ ਮਾਰੋ ਮਾਰ ਜੇ ਸਬ ਨੇ ਚੜ੍ਹੇ ਤੀਰ ਕਮਾਨ ॥੫੭॥
ਛਡੇ ਮੁਗਲਾਂ ਨੇ ਤੀਰ ਤੇ ਗੋਲੀਆਂ ਚਲੇ ਬੰਬ ਤੇ ਤੋਪਾਂ ਨਾਲ ।
ਸਿਰ ਉਡਦੇ ਵਾਂਗ ਪਤੰਗ ਦੇ ਨਦੀ ਚਲਦੀ ਲਹੂ ਦੀ ਲਾਲ ।
ਜੁਆਨ ਦੋਮੇ ਧਿਰਾਂ ਦੇ ਮਰ ਰਹੇ ਤੋਪਾਂ ਚਲੀਆਂ ਹਿਲੇ ਪਤਾਲ ।
ਲੋਥਾਂ ਗਿੱਦੜ ਕੁਤੇ ਖਿਚਦੇ ਕਾਂ ਇਲਾਂ ਬੋਲਣ ਸਿਆਲ।
ਨੇਜਾ ਬਰਛੀ ਚਲਦੀ ਹਾਥੀ ਡਿਗਦੇ ਐਨ ਚਪਾਲ।
ਘੋੜੇ ਪਏ ਜ਼ਮੀਨ ਤੇ ਤੜਫਦੇ ਲੋਥਾਂ ਪਈਆਂ ਪਾਲੋ ਪਾਲ ।
ਦੁੱਲਾ ਤੀਰ ਹੈ ਅਗਨੀ ਛੱਡਦਾ ਲਖ ਮੁਗਲਾਂ ਨੂੰ ਦਿੰਦਾ ਗਾਲ ।
ਦੋਮੇ ਮਿਰਜਾ ਨਜ਼ਾਮ ਦੀਨ ਮਾਰਲੇ ਜੇਹੜੇ ਲੜੇ ਸੀ ਮੇਰੂ ਨਾਲ।
ਐਦਰ ਮੇਰੂ ਦੁੱਲੇ ਦੇ ਭਾਣਜੇ ਰਿਹਾ ਨੂਰ ਖਾਂ ਹਥ ਦਖਾਲ।
ਅਧੀ ਫੌਜ ਮੁਗਲ ਦੀ ਮਾਰਲੀ ਹਾਥੀ ਘੋੜੇ ਹੋਗੇ ਕਾਲ ।
ਫੌਜ ਦੁੱਲੇ ਦੀ ਪੰਜ ਸੌ ਮਰ ਗਈ ਸੌ ਘੋੜੇ ਹਾਥੀ ਨਾਲ।
ਹੋਵੇ ਦਲਾਂ 'ਚ ਮਾਰੋ ਮਾਰ ਜੋ ਕਾਲ ਹੋਗੇ ਮਾਈ ਦੇ ਲਾਲ ॥੫੮॥
ਦੱਲ ਹਥੋ ਪਾਈ ਹੋ ਗਏ ਸੂਰੇ ਕਰਦੇ ਮਾਰੋ ਮਾਰ।
ਬੱਡ ਬੱਡ ਸਿਟਦੇ ਸੂਰਮੇ ਫੜ ਸੱਜੇ ਹੱਥ ਤਲਵਾਰ।
ਬੇੜਾ ਜੰਗੀ ਮੁਗਲਾਂ ਦਾ ਮਾਰਤਾ ਮਚੀ ਦਲਾਂ 'ਚ ਹਾ ਹਾ ਕਾਰ।
ਭਜੇ ਮੁਗਲ ਛੁਡਾ ਕੇ ਜਾਨ ਨੂੰ ਜਦ ਮਰੇ ਸਿਰ ਦੇ ਸਰਦਾਰ।
ਹਥ ਖੜੇ ਜੋ ਕੀਤੇ ਫੌਜ ਨੇ ਸਭ ਦਿਤੇ ਸਿਟ ਹਥਿਆਰ।
ਘੇਰਾ ਦੁੱਲੇ ਨੇ ਪਾਇਆ ਫੌਜ ਨੂੰ ਸਭ ਕਰ ਲੇ ਨੇ ਗ੍ਰਿਫਤਾਰ ।
ਕਾਬੂ ਮੈਗਜ਼ੀਨ ਸਭ ਕਰ ਲਿਆ ਹਾਥੀ ਘੋੜੇ ਰਾਸਣਾਕਾਰ।
ਕੈਦ ਕਰੀ ਮੁਗਲਾਂ ਦੀ ਫੌਜ ਹੈ ਦੁੱਲਾ ਅਕਲ ਮੇਂ ਬਡਾ ਹੁਸ਼ਿਆਰ ।
ਦੁੱਲੇ ਤਾਕਤ ਭਾਰੀ ਹੋ ਗਈ ਭਟੀ ਬਣ ਬੈਠਾ ਸਰਕਾਰ।
ਦੋ ਗਏ ਜਸੂਸ ਲਾਹੌਰ ਨੂੰ ਦਿਤੀ ਕੁਲ ਅਕਬਰ ਨੂੰ ਸਾਰ।
ਤੇਰੀ ਫੌਜ ਬਾਦਸ਼ਾਹ ਮਾਰਲੀ ਦੁੱਲਾ ਕਰ ਬੈਠਾ ਹੰਕਾਰ।
ਰੋਬੇ ਅਕਬਰ ਧਾਹਾਂ ਮਾਰ ਕੇ ਮਾਰੇ ਬਡੇ ਬਡੇ ਸਰਦਾਰ ।
ਐਸੇ ਹਿਸਾ ਪੈਹਲਾ ਬੰਦ ਹੈ ਪੜ੍ਹੇ ਦੂਜਾ ਖੂਬ ਸਮਾਰ ।
ਅਗੇ ਜੰਗ ਜੇ ਭਾਰੀ ਹੋਣਗੇ ਦੁੱਲਾ ਜਾਊਗਾ ਸੁਰਗ ਸਰਦਾਰ ।
ਆਖਰ ਜਿਤ ਅਕਬਰ ਬਾਦਸ਼ਾਹ ਦੀ ਰਾਮਚੰਦ ਲੈਣਗੇ ਸੁਧ ਮੁਰਾਰ ॥੫੯॥
ਦੂਜਾ ਪੜ੍ਹੋ ਬੀਰਨੋ ਪਰੇਮ ਸੇ ਪਿਛਲਾ ਕਰਤਾ ਬੰਦ ਬਿਆਨ ।
ਅਗੇ ਮਰੂਗਾ ਦੁੱਲਾ ਸੂਰਮਾ ਜੋ ਲੜ ਕੇ ਵਿਚ ਮਦਾਨ।
ਆਬੇ ਅਕਬਰ ਗੁਸਾ ਖਾਇ ਕੇ ਲੁਟ ਲੈਣਗੇ ਪਿੰਡੀ ਨੂੰ ਆਣ।
ਹੋਣੀ ਮਿਲੂਗੀ ਦੁੱਲੇ ਰਾਠ ਨੂੰ ਦੁੱਲਾ ਹੋਣੀ ਕਰਨ ਬਿਆਨ।
ਦੁੱਲਾ ਜਦੋਂ ਚੁਕਾਊ ਟੋਕਰਾ ਦੁੱਲਾ ਤਿੰਨ ਦਿਨ ਮਗਰੇ ਜਾਨ ।
ਮਰੂ ਲੜ ਕੇ ਦੁੱਲਾ ਫੌਜ ਮੇਂ ਲੈ ਜਾਣ ਬਾਂਦਾ ਬੰਨ੍ਹ ਪਠਾਨ।
ਏਥੇ ਪੈਹਲਾ ਹਿੱਸਾ ਬੰਦ ਹੈ ਗਰੂ ਪੂਰਾ ਹੈ ਬਿਦਮਾਨ।
ਮੇਰਾ ਪਿੰਡ ਜਨਮ ਹੈ ਸਿਧੜਾਂ ਦੂਜਾ ਲੈਹਰਾ ਗਾਗਾ ਪਛਾਨ।
ਸਾਨੂੰ ਰਾਜ ਪਟਿਆਲਾ ਲਗਦਾ ਮੇਰੀ ਨਾਭੇ ਵਿਚ ਦੁਕਾਨ।
ਲਬੇ ਹੋਟਲ ਸਿੰਘ ਪਰਤਾਪ ਦਾ ਦਾਤਾ ਆਦੀ ਹੈ ਬਿਦਮਾਨ ।
ਮੇਰੀ ਸੇਬਾ ਕਰਦਾ ਪਰੇਮ ਸੇ ਪੜ੍ਹਦਾ ਬਾਣੀ ਕਰ ਅਸ਼ਨਾਨ ।
ਏ ਮੇਲਾ ਹੈ ਚੰਦ ਰੋਜ ਦਾ ਮੁਖ ਸੇ ਸਿਮਰੋ ਸ੍ਰੀ ਭਗਵਾਨ ।
ਮਾਲਾ ਫੇਰ ਰਾਮਚੰਦ ਬੈਠਕੇ ਹਰ ਆਪੇ ਕਰੂ ਕਲਿਆਨ ॥੬੦॥
ਦਿਤਾ ਹਕ ਲਾਹੌਰ ਮੇਂ ਗੁਰਦਿਆਲ ਸਿੰਘ ਕੋ ਜਾ ।
ਓਹਦਾ ਜਾਂਦਾ ਮਾਲ ਦਸੌਰ ਮੇਂ ਦਿੱਲੀ ਔਰ ਕਲਕਤੇ ਲਾ ।
ਉੜਦੂ ਹਿੰਦੀ ਫਾਰਸੀ ਛਾਪਦਾ ਬਡਾ ਪਰੇਮ ਗੁਰਮੁਖੀ ਲਾ ।
ਗੁਰਬਾਣੀ ਮਿਲਦੀ ਓਸਤੇ ਡੈਰੀ ਕਿੱਸੇ ਰਿਹਾ ਛਪਾ ।
ਮੈਂ ਹਕ ਜੋ ਦਿਤਾ ਜਾਇਕੇ ਓਹ ਬੇਚੇ ਕਿਤੇ ਛਪਾ।
ਸਾਨੂੰ ਰਾਜ ਪਟਿਆਲਾ ਲਗਦਾ ਦਿੜਬਾ ਥਾਣਾ ਦੇਮਾਂ ਬਤਾ ।
ਮੇਰਾ ਪਿੰਡ ਸਿਧੜਾਂ ਬੀਰਨੋ ਨਿਤ ਕਬਤਾ ਦਾ ਹੈ ਚਾ।
ਮੇਰਾ ਗੁਰੂ ਹੈ ਪੂਰਨ ਰਾਮ ਜੀ ਜਿਨੇ ਪਿੰਗਲ ਦਿਤਾ ਸਖਾ ।
ਮੇਰਾ ਨਾਮ ਰਾਮ ਚੰਦ ਬੀਰ ਨੇ ਰਿਹਾ ਗੁਣ ਈਸ਼ਵਰ ਦੇ ਗਾ ।
ਏਹਦਾ ਮਾਲਕ ਸਿੰਘ ਗੁਰਦਿਆਲ ਹੈ ਭਾਵੇਂ ਵੇਚੇ ਕਿਤੇ ਛਪਾ ॥੬੧॥
ਦੋਹਰਾ-
ਮੇਲਾ ਹੈ ਚੰਦ ਰੋਜ ਦਾ ਰਟੋ ਹਰੀ ਦਾ ਨਾਮ।
ਅੰਤ ਸਮੇਂ ਕੇ ਬੀਚ ਮੇਂ ਏਹੀ ਆਬੇ ਕਾਮ॥
ਦੋਹਰਾ-
ਜੈਸੀ ਨੀਤ ਹਰਾਮ ਮੇਂ ਐਸੀ ਹਰ ਮੇਂ ਹੋ ।
ਬੰਦਾ ਜਾਬੇ ਸੁਰਗ ਮੇਂ ਪੱਲਾ ਨ ਪਕੜੇ ਕੋ।।
ਦੋਹਰਾ-
ਅਧੀ ਸੇ ਆਧੀ ਘੜੀ ਆਧੀ ਸੇ ਫੁਨ ਆਦ।
ਸੰਤਾਂ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥
ਦਸਖਤ ਪੰਡਤ ਰਾਮ ਚੰਦ ਵਾ ਪੰਡਤ ਪੂਰਨ ਚੰਦ
ਹਕ ਤਸਨੀਫ ਸਰਦਾਰ ਗੁਰਦਿਆਲ ਸਿੰਘ
ਨਾਭੇ ਸ਼ਹਿਰ ਦੇ ਵਿਚ ਹੈ ਬਸਦਾ ਮਤੀ ਲਾਲ ਹੈ ਸ਼ਾਹੂਕਾਰ ।
ਮਾਲ ਬੇਚਦਾ ਰੈਤ ਸੇ ਜਮਾ ਨਹੀਂ ਤਕਰਾਰ।
ਫਟੀ ਸਲੇਟ ਗੁਰਬਾਣੀ ਗੁਟਕੇ ਸਿਆਹੀ ਬੇਸ਼ੁਮਾਰ ।
ਮਾਲ ਰਖੇ ਸਕੂਲ ਦਾ ਲੈਂਦੇ ਨਰ ਤੇ ਨਾਰ।
ਇਕੋ ਦਾਮ ਮੰਗਦਾ ਲਾਲ ਮਾਤੀ ਸ਼ਾਹੂਕਾਰ।
ਹਰੇਕ ਮੇਲ ਦੀ ਚੀਜ਼ ਮਿਲਦੀ ਹਟ ਚਿ ਨਹੀਂ ਸ਼ੁਮਾਰ ।