ਪੈਹਲਾਂ ਸੇਖੂ ਮੂਹਰੇ ਬੋਲਦਾ ਦੁੱਲੇ ਨੂੰ ਅਦਬ ਬਜਾਏ ।
ਸ਼ੇਖੂ ਆਖੇ ਦੁਲਿਆ ਬੀਰ ਨਾ ਦਿਤੀ ਪਿਤਾ ਦੀ ਆਣ ਬਦਾਏ।
ਬੀਰਾ ਬਾਪ ਦੀ ਦਾੜ੍ਹ ਪਟਤੀ ਮਾਂ ਦੀ ਗੁਤ ਨੀ ਖੇੜੀ ਜਾਏ ।
ਮੂੰਹ ਸਿਰ ਕਾਲਾ ਕਰਕੇ ਤੋਰਤੇ ਮੇਰੇ ਨਾਲ ਲਈ ਸੀ ਪਗ ਬਟਾਏ।
ਆਪਾਂ ਕੱਠਾ ਸੀ ਦੁਧ ਚੁੰਘਿਆ ਦਿਤਾ ਧਰਮ ਨੂੰ ਬੱਟਾ ਲਾਏ।
ਸਭ ਤੋਂ ਚੰਗੀ ਕੀਤੀ ਦੁਲਿਆ ਹੁਣ ਤੂੰ ਸੁਲ੍ਹਾ ਜੋ ਲਈ ਕਰਾਏ।
ਪਿਛਲੇ ਔਗਣ ਸਾਰੇ ਬਖਸ਼ਤੇ ਹੁਣ ਬੈਠੇ ਮੇਲ ਮਿਲਾਏ ॥ ੨੧॥
ਦੁੱਲਾ ਸੇਖੂ ਤਾਈਂ ਬੋਲਦਾ ਮੇਰੀ ਸੁਣ ਲੈ ਅਰਜ ਅਪਾਰ।
ਜੇ ਦਿਲ ਸਚੇ ਨਾਲ ਆ ਗਿਆ ਤੂੰ ਬੀਰ ਮੈਂ ਹਾਂ ਦਿਲਦਾਰ ।
ਜੇ ਫਰਕ ਹੈ ਤੇਰੇ ਦਿਲ ਬਿਖੇ ਤਾਂ ਮੇਰੇ ਹੱਥ ਤਲਵਾਰ ।
ਦੁੱਲਾ ਨਾਮ ਮੈਂ ਭੱਟੀ ਗੋਤ ਦਾ ਜੰਗ ਕਰ ਲੈ ਤਿੱਖੀ ਧਾਰ।
ਜੇ ਆ ਗਿਆ ਮਿਲਣ ਪਰੇਮ ਸੇ ਤਾਂ ਪਕੇ ਹਾਂ ਦਿਲਦਾਰ ।
ਜੇਹੜਾ ਸੰਗ ਤੂੰ ਲਿਆਇਆ ਫੌਜ ਨੂੰ ਏ ਜਾਣਗੇ ਐਥੇ ਹਾਰ।
ਜੇਕਰ ਦਿਲ ਦਾ ਸਾਫ ਤੂੰ ਸੇਖੂਆ ਬਹਿ ਜਾ ਤੇਰਾ ਸਭ ਘਰ ਬਾਰ ।
ਸੇਖੂ ਦਿਲ ਦਾ ਭੇਤ ਨਾ ਦੇਮਦਾ ਉਤੋਂ ਮਿੱਠਾ ਦਿਲ ਵਿਚ ਖਾਰ।
ਦੋਮੇਂ ਹੱਸ ਕੇ ਗੱਲਾਂ ਮਾਰਦੇ ਰਾਮ ਚੰਦਾ ਸਿਮਰੇ ਕ੍ਰਿਸ਼ਨ ਮੁਰਾਰ ॥੨੨॥
ਸੇਖੂ ਦੁੱਲੇ ਤਾਈਂ ਬੋਲਦਾ ਬੀਰਾ ਛਡਦੇ ਬਿਚਲਾ ਖਿਆਲ ।
ਤੇਰੇ ਔਗਣ ਸਭ ਬਖਸ਼ਾ ਦੇਮਾ ਪਿਤਾ ਅਕਬਰ ਹੈ ਖੁਸ਼ਹਾਲ ।
ਐਨੀ ਕਹਿ ਕੇ ਜੱਫੀ ਪਾ ਲਈ ਸੇਖੂ ਮਿਲਦਾ ਦੁੱਲੇ ਨਾਲ ।
ਮੈਂ ਆਇਆ ਖੇਲਣ ਸ਼ਕਾਰ ਨੂੰ ਤਾਹੀਂ ਫੌਜ ਮੈਂ ਲਿਆਂਦੀ ਨਾਲ ।
ਮੈਨੂੰ ਸੰਦਲ ਬਾਰ ਦਖਾਲ ਦੇ ਜੰਗ ਕਰਨਾ ਸ਼ੇਰਾਂ ਨਾਲ ।
ਸੁਣ ਸੇਖੂ ਦੀ ਦੁੱਲੇ ਰਾਠ ਨੇ ਤਿਆਰੀ ਕਰਦਾ ਸੇਖੂ ਨਾਲ ।
ਦੁੱਲੇ ਨੇ ਆਪਣੇ ਸਾਥੀ ਸਦ ਲਏ ਹਾਥੀ ਘੋੜੇ ਕਸ ਲਹੇ ਨਾਲ ।
ਸ਼ਸਤਰ ਲਾ ਕੇ ਸਾਰੇ ਤੁਰ ਪਏ ਦੁੱਲਾ ਜੋਰ ਹੌਸਲੇ ਨਾਲ।
ਜਾ ਕੇ ਬੜਗੇ ਸੰਦਲ ਬਾਰ ਮੇ ਜਮਾ ਫਰਕ ਨਾ ਦਿਲ ਮੇਂ ਡਾਲ।