ਰਾਮਚੰਦ ਮੇਰੂ ਦੁੱਲੇ ਕੋਲ ਜਾਮਦਾ ਚੜ੍ਹ ਘੋੜੇ ਤੇ ਘਤ ਗਿਆ ਬਹੀਰ ॥ ੫੨॥
ਮਿਰਜਾ ਨਜਾਮ ਲੈਗੇ ਲੁਟਕੇ ਦਸ ਮੀਲ ਤੇ ਡੇਰੇ ਕਰੇ ਆਨ।
ਭੁਖੀ ਫੌਜ ਨੂੰ ਤਿੰਨ ਦਿਨ ਹੋ ਗਏ ਲੜਦੇ ਰਹੇ ਮੁਗਲ ਮਦਾਨ ।
ਦਸ ਮੀਲ ਤੇ ਤੰਬੂ ਜਾਕੇ ਗੱਡਤੇ ਡਰ ਗਿਆ ਨਾ ਕਿਸੇ ਦੀ ਕਾਨ।
ਸ਼ਸਤਰ ਲਾਹਕੇ ਸ਼ੇਰ ਬੈਠਗੇ ਲਗੇ ਮੁਗਲ ਜੋ ਖਾਣਾ ਖਾਣ ।
ਰਾਤ ਕਰਕੇ ਲਾਹੌਰ ਨੂੰ ਚਲਣਾ ਖੁਸ਼ੀ ਹੁੰਦੇ ਨੇ ਮੁਗਲ ਪਠਾਣ ।
ਬੈਹਕੇ ਰੋਂਦੀਆਂ ਪਿੰਡੀ ਦੀਆਂ ਨਾਰੀਆਂ ਭੇਜ ਦੁੱਲੇ ਨੂੰ ਸਖੀ ਸੁਲਤਾਨ ।
ਐਨੇ ਮੇਰੂ ਦੁੱਲੇ ਨੂੰ ਜਾ ਮਿਲਿਆ ਸਾਰਾ ਲਗਿਆ ਪਤਾ ਬਤਾਨ।
ਦੁਲਿਆ ਖਾਣ ਸੇਰਿਆ ਐਥ ਲੁਕਿਆ ਤੇਰੀ ਪਿੰਡੀ ਦੀ ਲੈਗੀ ਆਨ।
ਮਾਂ ਭੈਣ ਭਰਜਾਈਆਂ ਬੰਨ੍ਹਕੇ ਸਬ ਲੈਗੇ ਮੁਗਲ ਪਠਾਨ ।
ਮਿਰਜੇ ਨਾਲ ਮੈਂ ਦਿਨ ਰਾਤ ਲੜਿਆ ਅੱਧਾ ਕੀਤਾ ਮੈਂ ਖਾਲੀ ਮਦਾਨ।
ਫੇਰ ਮੇਰਾ ਬੀ ਹੌਸਲਾ ਟੁਟਿਆ ਫੇਰ ਲੜਿਆ ਸੀ ਨੂਰੂ ਨਦਾਨ।
ਆਖਰ ਬਢੀ ਫੌਜ ਲੈਗੀ ਲੁਟਕੇ ਤੂੰ ਲੁਕਿਆ ਨਾਨਕੇ ਆਨ।
ਤੈਨੂੰ ਸ਼ਰਮ ਨਾ ਆਈ ਦੁਲਿਆ ਲੈਗੇ ਬੰਨ੍ਹ ਕੇ ਤੇਰੀ ਰਕਾਨ॥ ੫੩ ॥
ਦੁੱਲੇ ਤਿਆਰੀ ਕਰੀ ਪੂਰੀ ਜੰਗ ਦੀ ਸ਼ੇਰੂ ਮੇਰੂ ਰਲਾਏ ਨਾਲ।
ਫੀਮ ਦਿਤੀ ਮੇਰੂ ਨੂੰ ਰਜਮੀ ਦਿਤੀ ਥਾਪੀ ਮਾਈ ਦੇ ਲਾਲ।
ਜਦੋਂ ਨਾਨਕਿਆਂ ਤੋਂ ਦੁੱਲਾ ਤੁਰ ਪਿਆ ਸੋਹਣੇ ਸ਼ਗਨ ਹੋਏ ਤਤਕਾਲ।
ਜੁਆਨ ਦੁੱਲੇ ਨੇ ਦੋ ਹਜ਼ਾਰ ਚਾੜ੍ਹਿਆ ਜੇਹੜੇ ਲੜਨ ਮਦਾਨ ਖੁਸ਼ ਹਾਲ।
ਸ਼ੇਰੂ ਮੇਰੂ ਭਾਣਜੇ ਗੱਜਦੇ ਚੜ੍ਹੇ ਡੇਰੇ ਹੈ ਨੇਤਰ ਲਾਲ।
ਦਾਰੂ ਪੀਕੇ ਤੇ ਕਾਠੀਆਂ ਪਾਲੀਆਂ ਚੜ੍ਹੀ ਗਰਦ ਸਮਾਨ ਹੋਇਆ ਲਾਲ ।
ਜਾਕੇ ਮੁਗਲਾਂ ਦੀ ਫੌਜ ਹੈ ਘੇਰਲੀ ਕਿਥੇ ਜਾਬੋਗੇ ਤੁਖਮ ਚੰਡਾਲ ।
ਸੁਤੇ ਦਬਲੇ ਭਟੀ ਨੇ ਜਾਇਕੇ ਹੁਣ ਆ ਗਿਆ ਸਬ ਦਾ ਕਾਲ ।
ਤੀਰ ਚਲਦੇ ਸ਼ਿਸਤ ਨਾਲ ਗੋਲੀਆਂ ਦੁੱਲਾ ਕਰਦਾ ਫਿਰੇ ਕਮਾਲ ॥੫੪ ॥