ਦੁੱਲਾ ਤੀਰ ਅਲਟੌਣ ਸੀ ਜਾਣਦਾ ਚੱਲਕੇ ਵਾਪਸ ਪੌਂਚੇ ਆਨ ।
ਤੀਰ ਸੈ ਬੈਰੀ ਨੂੰ ਮਾਰ ਕੇ ਝੱਟ ਤਰਕਸ਼ ਪੈਂਦਾ ਆਨ।
ਪਿਛੇ ਕਿਲੇ ਤੇ ਤੋਪਾਂ ਦਾ ਗਿਆ ਗੋਲਾ ਸਵਾ ਮਣ ਪੈਂਦਾ ਜਾਨ ।
ਪੈਬੰਦੀ ਲਾਏ ਮੋਰਚੇ ਦੁੱਲਾ ਭਟੀ ਚਤਰ ਸੁਜਾਨ।
ਮੱਦ ਪਿਆ ਹਾਥੀ ਚੀਕਦੇ ਘੋੜੇ ਆਪਣਾ ਜੋਸ਼ ਦਖਾਨ।
ਮੇਰੂ ਦੁੱਲਾ ਨੂਰ ਖਾਂ ਗੱਜਦੇ ਝੂਟੇ ਖਾਂਦੇ ਫਿਰਨ ਜੁਆਨ ।
ਓਧਰ ਮੁਗਲਾਂ ਨੇ ਡੋਰਾਂ ਖਿੱਚੀਆਂ ਖੜ ਕੇ ਗੱਜਦੇ ਸ਼ੇਰ ਪਠਾਨ ।
ਜੰਗ ਦੋਮੇਂ ਧਿਰਾਂ ਦਾ ਸ਼ੁਰੂ ਹੋ ਗਿਆ ਲਗੇ ਪੂਰਾ ਜੋਸ਼ ਦਖਾਨ।
ਹੋਬੇ ਦਲਾਂ ਚਿ ਮਾਰੋ ਮਾਰ ਜੇ ਸਬ ਨੇ ਚੜ੍ਹੇ ਤੀਰ ਕਮਾਨ ॥੫੭॥
ਛਡੇ ਮੁਗਲਾਂ ਨੇ ਤੀਰ ਤੇ ਗੋਲੀਆਂ ਚਲੇ ਬੰਬ ਤੇ ਤੋਪਾਂ ਨਾਲ ।
ਸਿਰ ਉਡਦੇ ਵਾਂਗ ਪਤੰਗ ਦੇ ਨਦੀ ਚਲਦੀ ਲਹੂ ਦੀ ਲਾਲ ।
ਜੁਆਨ ਦੋਮੇ ਧਿਰਾਂ ਦੇ ਮਰ ਰਹੇ ਤੋਪਾਂ ਚਲੀਆਂ ਹਿਲੇ ਪਤਾਲ ।
ਲੋਥਾਂ ਗਿੱਦੜ ਕੁਤੇ ਖਿਚਦੇ ਕਾਂ ਇਲਾਂ ਬੋਲਣ ਸਿਆਲ।
ਨੇਜਾ ਬਰਛੀ ਚਲਦੀ ਹਾਥੀ ਡਿਗਦੇ ਐਨ ਚਪਾਲ।
ਘੋੜੇ ਪਏ ਜ਼ਮੀਨ ਤੇ ਤੜਫਦੇ ਲੋਥਾਂ ਪਈਆਂ ਪਾਲੋ ਪਾਲ ।
ਦੁੱਲਾ ਤੀਰ ਹੈ ਅਗਨੀ ਛੱਡਦਾ ਲਖ ਮੁਗਲਾਂ ਨੂੰ ਦਿੰਦਾ ਗਾਲ ।
ਦੋਮੇ ਮਿਰਜਾ ਨਜ਼ਾਮ ਦੀਨ ਮਾਰਲੇ ਜੇਹੜੇ ਲੜੇ ਸੀ ਮੇਰੂ ਨਾਲ।
ਐਦਰ ਮੇਰੂ ਦੁੱਲੇ ਦੇ ਭਾਣਜੇ ਰਿਹਾ ਨੂਰ ਖਾਂ ਹਥ ਦਖਾਲ।
ਅਧੀ ਫੌਜ ਮੁਗਲ ਦੀ ਮਾਰਲੀ ਹਾਥੀ ਘੋੜੇ ਹੋਗੇ ਕਾਲ ।
ਫੌਜ ਦੁੱਲੇ ਦੀ ਪੰਜ ਸੌ ਮਰ ਗਈ ਸੌ ਘੋੜੇ ਹਾਥੀ ਨਾਲ।
ਹੋਵੇ ਦਲਾਂ 'ਚ ਮਾਰੋ ਮਾਰ ਜੋ ਕਾਲ ਹੋਗੇ ਮਾਈ ਦੇ ਲਾਲ ॥੫੮॥
ਦੱਲ ਹਥੋ ਪਾਈ ਹੋ ਗਏ ਸੂਰੇ ਕਰਦੇ ਮਾਰੋ ਮਾਰ।
ਬੱਡ ਬੱਡ ਸਿਟਦੇ ਸੂਰਮੇ ਫੜ ਸੱਜੇ ਹੱਥ ਤਲਵਾਰ।
ਬੇੜਾ ਜੰਗੀ ਮੁਗਲਾਂ ਦਾ ਮਾਰਤਾ ਮਚੀ ਦਲਾਂ 'ਚ ਹਾ ਹਾ ਕਾਰ।
ਭਜੇ ਮੁਗਲ ਛੁਡਾ ਕੇ ਜਾਨ ਨੂੰ ਜਦ ਮਰੇ ਸਿਰ ਦੇ ਸਰਦਾਰ।
ਹਥ ਖੜੇ ਜੋ ਕੀਤੇ ਫੌਜ ਨੇ ਸਭ ਦਿਤੇ ਸਿਟ ਹਥਿਆਰ।