ਦੋਹੜੇ
੧
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।
ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।
ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।
੨
ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।
ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ ।
ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ ।
ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।
੩
ਅਰਬਾ-ਅਨਾਸਰ ਮਹਿਲ ਬਣਾਯੋ, ਵਿਚ ਵੜ ਬੈਠਾ ਆਪੇ ।
ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏਂ ਮਾਪੇ ।
ਆਪੇ ਮਰੇਂ ਤੇ ਆਪੇ ਜੀਵੇਂ, ਆਪੇ ਕਰੇਂ ਸਿਆਪੇ ।
ਬੁੱਲ੍ਹਿਆ ਜੋ ਕੁਝ ਕੁਦਰਤ ਰੱਬ ਦੀ, ਆਪੇ ਆਪ ਸਿੰਞਾਪੇ ।
੪
ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।
੫
ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ ।
ਓਥੇ ਸੱਚੇ ਗਰਦਨ ਮਾਰੀਏ, ਓਥੇ ਝੂਠੇ ਕਰਨ ਕਲੋਲ ।
੬
ਬੁੱਲ੍ਹੇ ਚਲ ਬਾਵਰਚੀਖਾਨੇ ਯਾਰ ਦੇ, ਜਿੱਥੇ ਕੋਹਾ ਕੋਹੀ ਹੋ ।
ਓਥੇ ਮੋਟੇ ਕੁੱਸਣ ਬੱਕਰੇ, ਤੂੰ ਲਿੱਸਾ ਮਿਲੇ ਨਾ ਢੋ ।
੭
ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।
੮
ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਅਮ ਪਕਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।
੯
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
੧੦
ਬੁੱਲ੍ਹੇ ਸ਼ਾਹ ਉਹ ਕੌਣ ਹੈ, ਉਤਮ ਤੇਰਾ ਯਾਰ ।
ਓਸੇ ਕੇ ਹਾਥ ਕੁਰਾਨ ਹੈ, ਓਸੇ ਗਲ ਜ਼ੁੰਨਾਰ ।
੧੧
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
੧੨
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
੧੩
ਬੁੱਲ੍ਹਿਆ ਆਉਂਦਾ ਸਾਜਨ ਵੇਖ ਕੇ, ਜਾਂਦਾ ਮੂਲ ਨਾ ਵੇਖ ।
ਮਾਰੇ ਦਰਦ ਫਰਾਕ ਦੇ, ਬਣ ਬੈਠੇ ਬਾਹਮਣ ਸ਼ੇਖ ।
੧੪
ਬੁੱਲ੍ਹਿਆ ਚਲ ਸੁਨਿਆਰ ਦੇ, ਜਿੱਥੇ ਗਹਿਣੇ ਘੜੀਏ ਲਾਖ ।
ਸੂਰਤ ਆਪੋ ਆਪਣੀ, ਤੂੰ ਇਕੋ ਰੂਪਾ ਆਖ ।
੧੫
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ ।
੧੬
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।
੧੭
ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਬਦਾਰ ਬਹਾਏ ।
ਪਕੜ ਦਰਵਾਜ਼ਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
੧੮
ਬੁੱਲ੍ਹਿਆ ਗ਼ੈਨ ਗ਼ਰੂਰਤ ਸਾੜ ਸੁੱਟ, ਤੇ ਮਾਣ ਖੂਹੇ ਵਿਚ ਪਾ ।
ਤਨ ਮਨ ਦੀ ਸੁਰਤ ਗਵਾ ਵੇ, ਘਰ ਆਪ ਮਿਲੇਗਾ ਆ ।
੧੯
ਬੁੱਲ੍ਹਿਆ ਹਰ ਮੰਦਰ ਮੇਂ ਆਇਕੇ, ਕਹੋ ਲੇਖਾ ਦਿਓ ਬਤਾ ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ, ਅਹਿਮਕ ਲੀਏ ਬੁਲਾ ।
੨੦
ਬੁੱਲ੍ਹਿਆ ਹਿਜਰਤ ਵਿਚ ਇਸਲਾਮ ਦੇ, ਮੇਰਾ ਨਿੱਤ ਹੈ ਖ਼ਾਸ ਅਰਾਮ ।
ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮੇਰਾ ਨਿੱਤ ਨਿੱਤ ਕੂਚ ਮੁਕਾਮ ।
੨੧
ਬੁੱਲ੍ਹਿਆ ਇਸ਼ਕ ਸਜਣ ਦੇ ਆਏ ਕੇ, ਸਾਨੂੰ ਕੀਤੋ ਸੂ ਡੂਮ ।
ਉਹ ਪ੍ਰਭਾ ਅਸਾਡਾ ਸਖ਼ੀ ਹੈ, ਮੈਂ ਸੇਵਾ ਕਨੂੰ ਸੂਮ ।
੨੨
ਬੁੱਲ੍ਹਿਆ ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗ਼ੈਨ।
ਇਕ ਨੁੱਕਤੇ ਦਾ ਫੇਰ ਹੈ , ਭੁੱਲਾ ਫਿਰੇ ਜਹਾਨ ।
੨੩
ਬੁੱਲ੍ਹਿਆ ਜੇ ਤੂੰ ਗ਼ਾਜ਼ੀ ਬਣਨੈਂ, ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ , ਪਿੱਛੋਂ ਕਾਫਰ ਮਾਰ ।
੨੪
ਬੁੱਲ੍ਹਿਆ ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਏ ਥੇ ਨਾਮ ਜਪਨ ਕੋ, ਔਰ ਵਿੱਚੇ ਲੀਤੇ ਮਾਰ ।
੨੫
ਬੁੱਲ੍ਹਿਆ ਕਸੂਰ ਬੇਦਸਤੂਰ, ਓਥੇ ਜਾਣਾ ਬਣਿਆ ਜ਼ਰੂਰ ।
ਨਾ ਕੋਈ ਪੁੰਨ ਨਾ ਦਾਨ ਹੈ, ਨਾ ਕੋਈ ਲਾਗ ਦਸਤੂਰ ।
੨੬
ਬੁੱਲ੍ਹਿਆ ਖਾ ਹਰਾਮ ਤੇ ਪੜ੍ਹ ਸ਼ੁਕਰਾਨਾ, ਕਰ ਤੌਬਾ ਤਰਕ ਸਵਾਬੋਂ ।
ਛੋੜ ਮਸੀਤ ਤੇ ਪਕੜ ਕਿਨਾਰਾ , ਤੇਰੀ ਛੁੱਟਸੀ ਜਾਨ ਅਜ਼ਾਬੋਂ ।
ਉਹ ਹਰਫ਼ ਨਾ ਪੜ੍ਹੀਏ ਮਤ , ਰਹਿਸੀ ਜਾਨ ਜਵਾਬੋਂ ।
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਮਨ੍ਹਾ ਨਾ ਕਰਨ ਸ਼ਰਾਬੋਂ ।
੨੭
ਬੁੱਲ੍ਹਿਆ ਮਨ ਮੰਜੋਲਾ ਮੁੰਜ ਦਾ, ਕਿਤੇ ਗੋਸ਼ੇ ਬਹਿਕੇ ਕੁੱਟ ।
ਇਹ ਖਜ਼ਾਨਾ ਤੈਨੂੰ ਅਰਸ਼ ਦਾ, ਤੂੰ ਸੰਭਲ ਸੰਭਲ ਕੇ ਲੁੱਟ ।
੨੮
ਬੁੱਲ੍ਹਿਆ ਮੈਂ ਮਿੱਟੀ ਘੁਮਿਆਰ ਦੀ, ਗੱਲ ਆਖ ਨਾ ਸਕਦੀ ਏਕ ।
ਤਤੜ ਮੇਰਾ ਕਿਉਂ ਘੜਿਆ, ਮਤ ਜਾਏ ਅਲੇਕ ਸਲੇਕ ।
੨੯
ਬੁੱਲ੍ਹਿਆ ਮੁੱਲਾਂ ਅਤੇ ਮਸਾਲਚੀ, ਦੋਹਾਂ ਇੱਕੋ ਚਿੱਤ ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿਚ ।
੩੦
ਬੁੱਲ੍ਹਿਆ ਪੈਂਡੇ ਪੜੇ ਪ੍ਰੇਮ ਕੇ, ਕੀਆ ਪੈਂਡਾ ਆਵਾਗੌਣ ।
ਅੰਧੇ ਕੋ ਅੰਧਾ ਮਿਲ ਗਿਆ, ਰਾਹ ਬਤਾਵੇ ਕੌਣ ।
੩੧
ਬੁੱਲ੍ਹਿਆ ਪਰਸੋਂ ਕਾਫ਼ਰ ਥੀ ਗਇਉਂ, ਬੁੱਤ ਪੂਜਾ ਕੀਤੀ ਕੱਲ੍ਹ ।
ਅਸੀਂ ਜਾ ਬੈਠੇ ਘਰ ਆਪਣੇ, ਓਥੇ ਕਰਨ ਨਾ ਮਿਲੀਆ ਗੱਲ ।
੩੨
ਬੁੱਲ੍ਹਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹੱਡਾਂ ਦੀ ਅੱਗ ।
ਚੋਰੀ ਕਰ ਤੇ ਭੰਨ ਘਰ ਰੱਬ ਦਾ, ਓਸ ਠੱਗਾਂ ਦੇ ਠੱਗ ਨੂੰ ਠੱਗ ।
੩੩
ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ, ਮੁੱਲਾਂ ਰਾਜ਼ੀ ਮੌਤ ।
ਆਸ਼ਕ ਰਾਜ਼ੀ ਰਾਗ ਤੇ, ਨਾ ਪਰਤੀਤ ਘਟ ਹੋਤ ।
੩੪
ਬੁੱਲ੍ਹਿਆ ਰੰਗ ਮਹੱਲੀਂ ਜਾ ਚੜ੍ਹਿਉਂ, ਲੋਕੀ ਪੁੱਛਣ ਆਖਣ ਖੈਰ ।
ਅਸਾਂ ਇਹ ਕੁਝ ਦੁਨੀਆਂ ਤੋਂ ਵੱਟਿਆ,ਮੂੰਹ ਕਾਲਾ ਤੇ ਨੀਲੇ ਪੈਰ ।
੩੫
ਬੁੱਲ੍ਹਿਆ ਸਭ ਮਜਾਜ਼ੀ ਪੌੜੀਆਂ, ਤੂੰ ਹਾਲ ਹਕੀਕਤ ਵੇਖ ।
ਜੋ ਕੋਈ ਓਥੇ ਪਹੁੰਚਿਆ ਚਾਹੇ, ਭੁੱਲ ਜਾਏ ਸਲਾਮਅਲੇਕ ।
੩੬
ਬੁੱਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ,ਜਿਹੜੇ ਗੱਲੀਂ ਦੇਣ ਪ੍ਰਚਾ ।
ਸੂਈ ਸਲਾਈ ਦਾਨ ਕਰਨ, ਤੇ ਆਹਰਣ ਲੈਣ ਛੁਪਾ ।
੩੭
ਬੁੱਲ੍ਹਿਆ ਵਾਰੇ ਜਾਈਏ ਉਹਨਾਂ ਤੋਂ,ਜਿਹੜੇ ਮਾਰਨ ਗੱਪ ਸੜੱਪ ।
ਕਉਡੀ ਲੱਭੀ ਦੇਣ ਚਾ, ਤੇ ਬੁਗ਼ਚਾ ਘਊ-ਘੱਪ ।
੩੮
ਫਿਰੀ ਰੁੱਤ ਸ਼ਗੂਫਿਆਂ ਵਾਲੀ, ਚਿੜੀਆਂ ਚੁਗਣ ਨੂੰ ਆਈਆਂ ।
ਇਕਨਾ ਨੂੰ ਜੁਰਿਆਂ ਲੈ ਖਾਧਾ, ਇਕਨਾ ਨੂੰ ਫਾਹੀਆਂ ਲਾਈਆਂ ।
ਇਕਨਾ ਨੂੰ ਆਸ ਮੁੜਨ ਦੀ ਆਹੀ, ਇਕ ਸੀਖ ਕਬਾਬ ਚੜ੍ਹਾਈਆਂ ।
ਬੁੱਲ੍ਹੇ ਸ਼ਾਹ ਕੀ ਵੱਸ ਉਨ੍ਹਾਂ ਦੇ, ਉਹ ਕਿਸਮਤ ਮਾਰ ਵਸਾਈਆਂ ।
੩੯
ਹੋਰ ਨੇ ਸੱਭੇ ਗਲੜੀਆਂ, ਅੱਲ੍ਹਾ ਅੱਲ੍ਹਾ ਦੀ ਗੱਲ ।
ਕੁਝ ਰੌਲਾ ਪਾਇਆ ਆਲਮਾਂ, ਕੁਝ ਕਾਗਜ਼ ਪਾਯਾ ਝੱਲ ।
੪੦
ਇਨ ਕੋ ਮੁੱਖ ਦਿਖਲਾਏ ਹੈ, ਜਿਨ ਸੋ ਇਸ ਕੀ ਪ੍ਰੀਤ ।
ਇਨ ਕੋ ਹੀ ਮਿਲਤਾ ਹੈ, ਵੋਹ ਜੋ ਇਸ ਕੇ ਹੈਂ ਮੀਤ ।
੪੧
ਇਸ ਕਾ ਮੁੱਖ ਇਕ ਜੋਤ ਹੈ, ਘੁੰਘਟ ਹੈ ਸੰਸਾਰ ।
ਘੁੰਘਟ ਮੇਂ ਵੋਹ ਛੁੱਪ ਗਿਆ, ਮੁੱਖ ਪਰ ਆਂਚਲ ਡਾਰ ।
੪੨
ਇੱਟ ਖੜਿਕੇ ਦੁੱਕੁੜ ਵੱਜੇ, ਤੱਤਾ ਹੋਵੇ ਚੁੱਲ੍ਹਾ ।
ਆਵਣ ਫ਼ਕੀਰ ਤੇ ਖਾ ਖਾ ਜਾਵਣ,ਰਾਜ਼ੀ ਹੋਵੇ ਬੁੱਲ੍ਹਾ ।
੪੩
ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਇਆ ਸੈਂ ਜਿਸ ਬਾਤ ਕੋ, ਭੂਲ ਗਈ ਵੋਹ ਬਾਤ ।
੪੪
ਮੂੰਹ ਦਿਖਲਾਵੇ ਔਰ ਛਪੇ, ਛਲ ਬਲ ਹੈ ਜਗ ਦੇਸ ।
ਪਾਸ ਰਹੇ ਔਰ ਨਾ ਮਿਲੇ, ਇਸ ਕੇ ਬਿਸਵੇ ਭੇਸ ।
੪੫
ਨਾ ਖ਼ੁਦਾ ਮਸੀਤੇ ਲਭਦਾ, ਨਾ ਖ਼ੁਦਾ ਵਿਚ ਕਾਅਬੇ ।
ਨਾ ਖ਼ੁਦਾ ਕੁਰਾਨ ਕਿਤਾਬਾਂ, ਨਾ ਖ਼ੁਦਾ ਨਮਾਜ਼ੇ ।
੪੬
ਨਾ ਖ਼ੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਗੇ ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ, ਟੁੱਟੇ ਸਭ ਤਗਾਦੇ ।
੪੭
ਰੰਘੜ ਨਾਲੋਂ ਖਿੰਘਰ ਚੰਗਾ, ਜਿਸ ਪਰ ਪੈਰ ਘਸਾਈਦਾ ।
ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ , ਜੋ ਬੱਕਰਾ ਬਣੇ ਕਸਾਈ ਦਾ ।
੪੮
ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ ।
ਹਰਿ ਕੇ ਦਵਾਰੇ ਭਿੱਖ ਬਸੇਂ, ਹਮਰੀ ਇਹ ਪਰਤੀਤ ।
੪੯
ਉਹ ਹਾਦੀ ਮੇਰੇ ਅੰਦਰ ਬੋਲਿਆ, ਰੁੜ੍ਹ ਪੁੜ੍ਹ ਗਏ ਗੁਨਾਹਾਂ ।
ਪਹਾੜੀਂ ਲੱਗਾ ਬਾਜਰਾ, ਸ਼ਹਿਤੂਤ ਲੱਗੇ ਫਰਵਾਹਾਂ ।
੫੦
ਵਹਦਤ ਦੇ ਦਰਿਆ ਦਸੇਂਦੇ, ਮੇਰੀ ਵਹਦਤ ਕਿਤ ਵਲ ਧਾਈ।
ਮੁਰਸ਼ਦ ਕਾਮਿਲ ਪਾਰ ਲੰਘਾਇਆ , ਬਾਝ ਤੁਲ੍ਹੇ ਸਰਨਾਹੀ ।
੫੧
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ ।
ਸੀਹਰਫ਼ੀਆਂ
ਪਹਿਲੀ ਸੀਹਰਫ਼ੀ
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਅਲਫ਼-
ਅੱਲ੍ਹਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਰੋਵੇ,
ਜੀਵਨ ਆਪਣੇ ਤੋਂ ਹੱਥ ਧੋਵੇ, ਜਿਸ ਨੂੰ ਬਿਰਹੋਂ ਅੱਗ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਬੇ-
ਬਾਲਣ ਮੈਂ ਤੇਰਾ ਹੋਈ, ਇਸ਼ਕ ਨਜ਼ਾਰੇ ਆਣ ਵਗੋਈ,
ਰੋਂਦੇ ਨੈਣ ਨਾ ਲੈਂਦੇ ਢੋਈ, ਲੂਣ ਫੱਟਾਂ ਤੇ ਕੀਕਰ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੇ-
ਤੇਰੇ ਸੰਗ ਪ੍ਰੀਤ ਲਗਾਈ, ਜੀਊ ਜਾਮੇ ਦੀ ਕੀਤੀ ਸਾਈ,
ਮੈਂ ਬਕਰੀ ਤੁਧ ਕੋਲ ਕਸਾਈ, ਕਟ ਕਟ ਮਾਸ ਹੱਡਾਂ ਨੂੰ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੇ-
ਸਾਬਤ ਨੇਹੁੰ ਲਾਇਆ ਮੈਨੂੰ, ਦੂਜਾ ਕੂਕ ਸੁਣਾਵਾਂ ਕੀਹਨੂੰ,
ਰਾਤ ਅੱਧੀ ਉੱਠ ਠਿਲਦੀ ਨੈਂ ਨੂੰ, ਕੂੰਜਾਂ ਵਾਂਗ ਪਈ ਕੁਰਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜੀਮ-
ਜਹਾਨੋਂ ਹੋਈ ਸਾਂ ਨਿਆਰੀ, ਲਗਾ ਨੇਹੁੰ ਤਾਂ ਹੋਏ ਭਿਖਾਰੀ,
ਨਾਲ ਸਰ੍ਹੋਂ ਦੇ ਬਣੇ ਪਸਾਰੀ, ਦੂਜਾ ਦੇ ਮਿਹਣੇ ਜੱਗ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੈਰਤ ਵਿਚ ਸ਼ਾਂਤ ਨਾਹੀਂ, ਜ਼ਾਹਰ ਬਾਤਨ ਮਾਰਨ ਢਾਈਂ,
ਝਾਤ ਘੱਤਣ ਨੂੰ ਲਾਵਣ ਵਾਹੀਂ, ਸੀਨੇ ਸੂਲ ਪ੍ਰੇਮ ਦੇ ਧਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਖ਼ੇ-
ਖ਼ੂਬੀ ਹੁਣ ਉਹ ਨਾ ਰਹੀਆ, ਜਬ ਕੀ ਸਾਂਗ ਕਲੇਜੇ ਸਹੀਆ,
ਆਈਂ ਨਾਲ ਪੁਕਾਰਾਂ ਕਹੀਆਂ, ਤੁਧ ਬਿਨ ਕੌਣ ਜੋ ਆਣ ਬੁਝਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦਾਲ-
ਦੂਰੋਂ ਦੁੱਖ ਦੂਰ ਨਾ ਹੋਵੇ, ਫੱਕਰ ਫ਼ਰਾਕੋਂ ਬਹੁਤਾ ਰੋਵੇ,
ਤਨ ਭੱਠੀ ਦਿਲ ਖਿੱਲਾਂ ਧਨੋਵੇ, ਇਸ਼ਕ ਅੱਖਾਂ ਵਿਚ ਮਿਰਚਾਂ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ਾਲ-
ਜ਼ੌਕ ਦੁਨੀਆਂ ਤੇ ਇਤਨਾ ਕਰਨਾ, ਖ਼ੌਫ਼ ਹਸ਼ਰ ਦੇ ਥੀਂ ਡਰਨਾ,
ਚਲਣਾ ਨਬੀ ਸਾਹਿਬ ਦੇ ਸਰਨਾ, ਓੜਕ ਜਾ ਹਿਸਾਬ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਰੇ-
ਰੋਜ਼ ਹਸ਼ਰ ਕੋਈ ਰਹੇ ਨਾ ਖ਼ਾਲੀ, ਲੈ ਹਿਸਾਬ ਦੋ ਜੱਗ ਦਾ ਵਾਲੀ,
ਜ਼ੇਰ ਜ਼ਬਰ ਸਭ ਭੁੱਲਣ ਆਲੀ, ਤਿਸ ਦਿਨ ਹਜ਼ਰਤ ਆਪ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੇ-
ਜ਼ੁਹਦ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ,
ਫਿਰ ਮੋਏ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੀਨ-
ਸਾਈਂ ਬਿਨਾ ਜਾ ਨਾ ਕੋਈ, ਜਿਤ ਵਲ ਵੇਖਾਂ ਓਹੀ ਓਹੀ,
ਹੋਰ ਕਿਤੇ ਵਲ ਮਿਲੇ ਨਾ ਢੋਈ, ਮੁਰਸ਼ਦ ਮੇਰਾ ਪਾਰ ਲੰਘਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸ਼ੀਨ-
ਸ਼ਾਹ ਇਨਾਇਤ ਮੁਰਸ਼ਦ ਮੇਰਾ, ਜਿਸ ਨੇ ਕੀਤਾ ਮੈਂ ਵਲ ਫੇਰਾ,
ਰੁੱਕ ਗਿਆ ਸਭ ਝਗੜਾ ਝੇੜਾ, ਹੁਣ ਮੈਨੂੰ ਭਰਮਾਵੇ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੁਆਦ-
ਸਬਰ ਨਾ ਆਵੇ ਮੈਨੂੰ ਖੱਲ੍ਹੀ ਵਸਤ ਬਾਜ਼ਾਰ,
ਕਾਸਦ ਲੈ ਕੇ ਵਿਦਿਆ ਹੋਇਆ ਜਾ ਵੜਿਆ ਦਰਬਾਰ,
ਅੱਗੋਂ ਮਿਲਿਆ ਆਇ ਕੇ ਉਹਨੂੰ ਸੋਹਣਾ ਸ਼ੇਰ ਸਵਾਰ,
ਰਸਤੇ ਵਿਚ ਅੰਗੁਸ਼ਤਰੀ ਆਹੀ ਇਹ ਵੀ ਦਿਲ ਬਹਿਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੁਆਦ-
ਜ਼ਰੂਰੀ ਯਾਦ ਅੱਲ੍ਹਾ ਦੀ ਕਰੇ ਸਵਾਲ ਰਸੂਲ,
ਨੱਵੇ ਹਜ਼ਾਰ ਕਲਾਮ ਸੁਣਾਈ ਪਈ ਦਰਗਾਹ ਕਬੂਲ,
ਇਹ ਮਜਾਜ਼ੀ ਜ਼ਾਤ ਹਕੀਕੀ ਵਾਸਲ ਵਸਲ ਵਸੂਲ,
ਫ਼ਾਰਗ਼ ਹੋ ਕੇ ਹਜ਼ਰਤ ਓਥੇ ਆਵੇ ਖਾਣਾ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੋਏ-
ਤਲਬ ਦੀਦਾਰ ਦੀ ਆਹੀ ਕੀਤਾ ਕਰਮ ਸੱਤਾਰ,
ਜਲਵਾ ਫੇਰ ਇਲਾਹੀ ਦਿੱਤਾ ਹਜ਼ਰਤ ਨੂੰ ਗੱਫ਼ਾਰ,
ਹੱਥ ਨੂਰਾਨੀ ਗ਼ੈਬੋਂ ਆਵੇ ਮੁੰਦਰੀ ਦਾ ਚਮਕਾਰ,
ਬੁੱਲ੍ਹਾ ਖਲਕ ਮੁਹੰਮਦੀ ਕੀਤੋ ਤਾਂ ਇਹ ਕੀ ਕਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੋਏ-
ਜ਼ਾਹਰ ਮਾਲੂਮ ਨਾ ਕੀਤਾ ਹੋਇਆ ਦੀਦਾਰ ਬਲਾਵੇ,
ਰਲ ਕੇ ਸਈਆਂ ਖਾਣਾ ਖਾਧਾ ਜ਼ਰਾ ਅੰਤ ਨਾ ਆਵੇ,
ਉਹ ਅੰਗੂਠੀ ਆਪ ਪਛਾਤੀ ਆਪਣੀ ਆਪ ਜਤਾਵੇ,
ਬੁੱਲ੍ਹਾ ਹਜ਼ਰਤ ਰੁਖ਼ਸਤ ਹੋ ਕੇ ਆਪਣੇ ਯਾਰ ਸੁਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਐਨ-
ਅਨਾਇਤ ਉਲਫ਼ਤ ਹੋਈ ਸੁਣੋ ਸਹਾਬੋਂ ਯਾਰੋਂ,
ਜਿਹੜਾ ਜਪ ਨਾ ਕਰਸੀ ਹਜ਼ਰਤ ਝੂਠਾ ਰਹੇ ਸਰਕਾਰੋਂ,
ਫੇਰ ਸ਼ਫ਼ਾਅਤ ਅਸਾਂ ਹੈ ਕਰਨੀ ਸਾਹਿਬ ਦੇ ਦਰਬਾਰੋਂ,
ਬੁੱਲ੍ਹਾ ਕਿਬਰ ਨਾ ਕਰ ਦੁਨੀਆਂ ਤੇ ਇੱਕਾ ਨਜ਼ਰੀ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਗ਼ੈਨ-
ਗ਼ੁਲਾਮ ਗ਼ਰੀਬ ਤੁਸਾਡਾ ਖ਼ੈਰ ਮੰਗੇ ਦਰਬਾਰੋਂ,
ਰੋਜ਼ ਹਸ਼ਰ ਦੇ ਖ਼ੌਫ਼ ਸੁਣੇਂਦਾ ਸੱਦ ਹੋਸੀ ਸਰਕਾਰੋਂ,
ਕੁਲ ਖ਼ਲਾਇਕ ਤਲਖ਼ੀ ਅੰਦਰ ਸੂਰਜ ਦੇ ਚਮਕਾਰੋਂ,
ਬੁੱਲ੍ਹਾ ਅਸਾਂ ਭੀ ਓਥੇ ਜਾਣਾ ਜਿੱਥੇ ਗਿਆ ਨਾ ਭਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਫ਼ੇ-
ਫ਼ਕੀਰਾਂ ਫ਼ਿਕਰ ਜੋ ਕੀਤਾ ਵਿਚ ਦਰਗਾਹ ਇਲਾਹੀ,
ਸ਼ਫ਼ੀਅ ਮੁਹੰਮਦ ਜਾ ਖਲੋਤੇ ਜਿੱਥੇ ਬੇਪਰਵਾਹੀ,
ਨੇੜੇ ਨੇੜੇ ਆ ਹਬੀਬਾ ਇਹ ਮੁਹੱਬਤ ਚਾਹੀ,
ਖਿਰਕਾ ਪਹਿਨ ਰਸੂਲ ਅੱਲ੍ਹਾ ਦਾ ਸਿਰ ਤੇ ਤਾਜ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਕੁਆਫ਼-
ਕਲਮ ਨਾ ਮਿਟੇ ਰੱਬਾਨੀ ਜੋ ਅਸਾਂ ਪਰ ਆਈ,
ਜੋ ਕੁਝ ਭਾਗ ਅਸਾਡੇ ਆਹੇ ਉਹ ਤਾਂ ਮੁੜਦੇ ਨਾਹੀਂ,
ਬਾਝ ਨਸੀਬੋਂ ਦਾਅਵੇ ਕੇਡੇ ਬੰਨ੍ਹੇ ਕੁਲ ਖ਼ੁਦਾਈ,
ਬੁੱਲ੍ਹਾ ਲੋਹ ਮਹਿਫੂਜ਼ ਤੇ ਲਿਖਿਆ ਓਥੇ ਕੌਣ ਮਿਟਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਕਾਫ਼-
ਕਲਾਮ ਨਬੀ ਦੀ ਸੱਚੀ ਸਿਰ ਨਬੀਆਂ ਦੇ ਸਾਈਂ,
ਸੂਰਤ ਪਾਕ ਨਬੀ ਦੀ ਜਿਹਾ ਚੰਦ ਸੂਰਜ ਭੀ ਨਾਹੀਂ,
ਹੀਰੇ ਮੋਤੀ ਲਾਲ ਜਵੇਹਰ ਪਹੁੰਚੇ ਓਥੇ ਨਾਹੀਂ,
ਮਜਲਸ ਓਸ ਨਬੀ ਦੀ ਬਹਿ ਕੇ ਭੁੱਲਾ ਕੌਣ ਕਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਲਾਮ-
ਲਾ ਇੱਲ੍ਹਾ ਦਾ ਜ਼ਿਕਰ ਬਤਾਓ, ਇਲਇਲਾ ਇਸਬਾਤ ਕਰਾਓ,
ਮੁਹੰਮਦ ਰਸੂਲ-ਅੱਲ੍ਹਾ ਮੇਲ ਕਰਾਓ, ਬੁੱਲ੍ਹਾ ਇਹ ਤੋਹਫਾ ਆਦਮ ਨੂੰ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਮੀਮ-
ਮੁਹੰਮਦੀ ਜਿਸਮ ਬਣਾਓ, ਦਾਖ਼ਲ ਵਿਚ ਬਹਿਸ਼ਤ ਕਰਾਓ,
ਆਪੇ ਮਗਰ ਸ਼ੈਤਾਨ ਪੁਚਾਓ, ਫੇਰ ਓਥੋਂ ਨਿਕਲ ਆਦਮ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਨੂਨ-
ਨਿਮਾਣਾ ਹੋ ਮੁਜਰਮ ਆਇਆ, ਕੱਢ ਬਹਿਸ਼ਤੋਂ ਜ਼ਮੀਂ ਰੁਲਾਇਆ,
ਆਦਮ ਹੱਵਾ ਜੁਦਾ ਕਰਾਇਆ, ਬੁੱਲ੍ਹਾ ਆਪ ਵਿਛੋੜਾ ਪਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਵਾ-
ਵਾਹ ਵਾਹ ਆਪ ਮੁਹੰਮਦ ਆਪਣੀ ਆਦਮ ਸ਼ਕਲ ਬਣਾਵੇ,
ਆਪੇ ਰੋਜ਼ ਅਜ਼ਲ ਦਾ ਮਾਲਿਕ ਆਪੇ ਸ਼ਫੀਹ ਹੋ ਆਵੇ,
ਆਪੇ ਰੋਜ਼ ਹਸ਼ਰ ਦਾ ਕਾਜ਼ੀ ਆਪੇ ਹੁਕਮ ਸੁਣਾਵੇ,
ਆਪੇ ਚਾ ਸ਼ਿਫਾਇਤ ਕਰਦਾ ਆਪ ਦੀਦਾਰ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੌਲੀ ਬੋਲੀਂ ਏਥੇ ਭਾਈ ਮਤ ਕੋਈ ਸੁਣੇ ਸੁਣਾਵੇ,
ਵੱਡਾ ਅਜ਼ਾਬ ਕਬਰ ਦਾ ਦਿੱਸੇ ਜੇ ਕੋਈ ਚਾ ਛੁਡਾਵੇ,
ਪੁਲਸਰਾਤ ਦੀ ਔਖੀ ਘਾਟੀ ਉਹ ਵੀ ਖ਼ੌਫ਼ ਡਰਾਵੇ,
ਰਖ ਉਮੈਦ ਫ਼ਜ਼ਲ ਦੀ ਬੁੱਲ੍ਹਿਆ ਅੱਲ੍ਹਾ ਆਪ ਬਚਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਲਾਮ-
ਲਾਹਮ ਨਾ ਕੋਈ ਦਿੱਸੇ ਕਿਤ ਵਲ ਕੂਕ ਸੁਣਾਵਾਂ,
ਜਿਤ ਵੱਲ ਵੇਖਾਂ ਨਜ਼ਰ ਨਾ ਆਵੇ ਕਿਸ ਨੂੰ ਹਾਲ ਵਿਖਾਵਾਂ,
ਬਾਝ ਪੀਆ ਨਹੀਂ ਕੋਈ ਹਾਮੀ, ਹੋਰ ਨਹੀਂ ਕੋਈ ਥਾਂਵਾਂ,
ਬੁੱਲ੍ਹਾ ਮਲ ਦਰਵਾਜ਼ਾ ਹਜ਼ਰਤ ਵਾਲਾ ਉਹ ਈ ਤੈਂ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਅਲਫ-
ਇਕੱਲਾ ਜਾਵੇਂ ਏਥੋਂ ਵੇਖਣ ਆਵਣ ਢੇਰ,
ਸਾਹਾਂ ਤੇਰਿਆਂ ਦੀ ਗਿਣਤੀ ਏਥੇ ਆਈ ਹੋਈ ਨੇੜ,
ਚਲ ਸ਼ਤਾਬੀ ਚਲ ਵੜ ਬੁੱਲ੍ਹਿਆ ਮਤ ਲੱਗ ਜਾਵੇ ਡੇਰ,
ਪਕੜੀਂ ਵਾਗ ਰਸੂਲ ਅੱਲ੍ਹਾ ਦੀ ਕੁਝ ਜਿੱਥੋਂ ਹੱਥ ਆਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਯੇ-
ਯਾਰੀ ਹੁਣ ਮੈਂ ਲਾਈ, ਅਗਲੀ ਉਮਰਾ ਖੇਡ ਵੰਜਾਈ,
ਬੁੱਲ੍ਹਾ ਸ਼ੌਹ ਦੀ ਜ਼ਾਤ ਈ ਆਹੀ, ਕਲਮਾ ਪੜ੍ਹਦਿਆਂ ਜਿੰਦ ਲਿਜਾਵੇ,
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦੂਜੀ ਸੀਹਰਫ਼ੀ
ਅਲਫ਼-
ਆਪਣੇ ਆਪ ਨੂੰ ਸਮਝ ਪਹਿਲੇ,
ਕੀ ਵਸਤ ਹੈ ਤੇਰੜਾ ਰੂਪ ਪਿਆਰੇ।
ਬਾਹਝ ਆਪਣੇ ਆਪ ਦੇ ਸਹੀ ਕੀਤੇ,
ਰਿਹੋਂ ਵਿੱਚ ਦਸਉਰੀ ਦੇ ਦੁੱਖ ਭਾਰੇ।
ਹੋਰ ਲੱਖ ਉਪਾਉ ਨਾ ਸੁੱਖ ਹੋਵੇ,
ਪੁੱਛੇ ਵੇਖ ਸਿਆਣੇ ਨੇ ਜੱਗ ਸਾਰੇ।
ਸੁੱਖ ਰੂਪ ਅਖੰਡ ਹੈਂ ਤੂੰ,
ਬੁੱਲ੍ਹਾ ਸ਼ਾਹ ਪੁਕਾਰਦਾ ਵੇਦ ਚਾਰੇ।
ਬੇ-
ਬੰਨ੍ਹ ਅੱਖੀਂ ਅਤੇ ਕੰਨ ਦੋਵੇਂ,
ਗੋਸ਼ੇ ਬੈਠ ਕੇ ਬਾਤ ਵਿਚਾਰੀਏ ਜੀ।
ਛੱਡ ਖਾਹਸ਼ਾਂ ਜਗ ਜਹਾਨ ਕੂੜਾ,
ਕਿਹਾ ਆਰਫ਼ਾਂ ਦਾ ਹਿਰਦੇ ਧਾਰੀਏ ਜੀ।
ਪੈਰੀਂ ਪਹਿਨ ਜ਼ੰਜੀਰ ਬੇਖਾਹਸ਼ੀ ਦੇ,
ਏਸ ਨਫ਼ਸ ਨੂੰ ਕੈਦ ਕਰ ਡਾਰੀਏ ਜੀ।
ਜਾਨ ਜਾਣ ਦੋਵੇਂ ਜਾਨ ਰੂਪ ਤੇਰਾ,
ਬੁੱਲ੍ਹਾ ਸ਼ਾਹ ਇਹ ਖ਼ੁਸ਼ੀ ਗੁਜ਼ਾਰੀਏ ਜੀ।
ਤੇ-
ਤੰਗ ਛਿਦਰ ਨਹੀਂ ਵਿਚ ਤੇਰੇ,
ਜਿੱਥੇ ਕੱਖ ਨਾ ਇਕ ਸਮਾਂਵਦਾ ਏ।
ਡੂੰਢ ਵੇਖ ਜਹਾਨ ਦੀ ਠੌਰ ਕਿੱਥੇ,
ਅਨਹੁੰਦੜਾ ਨਜ਼ਰੀਂ ਆਵਦਾ ਏ।
ਜਿਵੇਂ ਖ਼ਵਾਬ ਦਾ ਖ਼ਿਆਲ ਹੋਵੇ ਸੁੱਤਿਆਂ ਨੂੰ,
ਤਰ੍ਹਾਂ ਤਰ੍ਹਾਂ ਦੇ ਰੂਪ ਵਖਾਂਵਦਾ ਏ।
ਬੁੱਲ੍ਹਾ ਸ਼ਾਹ ਨਾ ਤੁਝ ਥੀਂ ਕੁਝ ਬਾਹਰ,
ਤੇਰਾ ਭਰਮ ਤੈਨੂੰ ਭਰਮਾਂਵਦਾ ਏ।
ਸੇ-
ਸਮਝ ਹਿਸਾਬ ਕਰ ਬੈਠ ਅੰਦਰ,
ਤੂਹੀਂ ਆਸਰਾ ਕੁਲ ਜਹਾਨ ਦਾ ਏਂ।
ਤੇਰੇ ਡਿੱਠਿਆਂ ਦਿਸਦਾ ਸਭ ਕੋਈ,
ਨਹੀਂ ਕੋਈ ਨਾ ਕਿਸੇ ਪਛਾਣਦਾ ਏ।
ਤੇਰਾ ਖ਼ਿਆਲ ਈ ਹੋ ਹਰ ਤਰ੍ਹਾਂ ਦਿੱਸੇ,
ਜਿਵੇਂ ਬਤਾਲ ਬਤਾਲ ਕਰ ਜਾਣਦਾ ਏ।
ਬੁੱਲ੍ਹਾ ਸ਼ਾਹ ਫਾਹੇ ਕੌਣ ਉਡਾਵਰੇ ਨੂੰ,
ਫਸੇ ਆਪ ਆਪੇ ਫਾਹੀ ਤਾਣਦਾ ਏਂ।
ਜੀਮ-
ਜਿਊਣਾ ਭਲਾ ਕਰ ਮੰਨਿਆਂ ਤੈਂ,
ਡਰੇ ਮਰਨ ਥੀਂ ਇਹ ਗਿਆਨ ਭਾਰਾ।
ਇਕ ਤੂੰ ਏਂ ਤੂੰ ਜਿੰਦ ਜਹਾਨ ਦੀ ਹੈਂ,
ਘਟਾ ਕਾਸ ਜੋ ਮਿਲੇ ਸਭ ਮਾਹੇਂ ਨਿਆਰਾ।
ਤੇਰਾ ਖ਼ਿਆਲ ਈ ਹੋਏ ਹਰ ਤਰ੍ਹਾਂ ਦਿੱਸੇ,
ਆਦਿ ਅੰਤ ਬਾਝੋਂ ਲੱਗੇ ਸਦਾ ਪਿਆਰਾ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਮਰ ਹੈਂ ਸਦਾ ਨਹੀਂ ਮਰਨ ਹਾਰਾ।
ਚੇ-
ਚਾਨਣਾ ਕੁਲ ਜਹਾਨ ਦਾ ਤੂੰ,
ਤੇਰੇ ਆਸਰੇ ਹੋਇਆ ਬਿਉਹਾਰ ਸਾਰਾ।
ਤੂਈਂ ਸਭ ਕੀ ਆਂਖੋਂ ਮੇਂ ਵੇਖਨਾ ਏਂ,
ਤੁਝੇ ਸੁੱਝਦਾ ਚਾਨਣਾ ਔਰ ਅੰਧਾਰਾ।
ਨਿੱਤ ਜਾਗਣਾ ਸੋਵਣਾ ਖ਼ਵਾਬ ਏਥੇ,
ਇਹ ਤੇ ਹੋਏ ਅੱਗੇ ਤੇਰੇ ਕਈ ਵਾਰਾ।
ਬੁੱਲ੍ਹਾ ਸ਼ਾਹ ਪ੍ਰਕਾਸ ਸਰੂਪ ਤੇਰਾ,
ਘਟ ਵਧ ਨਾ ਹੋ ਤੂੰ ਏਕ-ਸਾਰਾ।
ਹੇ-
ਹਿਰਸ ਹੈਰਾਨ ਕਰ ਸੁਟਿਆ ਏਂ,
ਤੈਨੂੰ ਆਪਣਾ ਆਪ ਭੁਲਾਇਆ ਸੂ।
ਬਾਦਸ਼ਾਹੀਉਂ ਸੁੱਟ ਕੰਗਾਲ ਕੀਤੇ,
ਕਰ ਲੱਖ ਤੋਂ ਕੱਖ ਵਿਖਾਇਆ ਸੂ।
ਮਦ ਮੱਚੜੇ ਸ਼ੇਰ ਨੂੰ ਤੰਦ ਕੱਚੀ,
ਪੈਰੀਂ ਪਾ ਕੇ ਬੰਨ੍ਹ ਬਹਾਇਆ ਸੂ।
ਬੁੱਲ੍ਹਾ ਸ਼ਾਹ ਤਮਾਸ਼ੜੇ ਹੋਰ ਵੇਖੋ,
ਲੈ ਸਮੁੰਦਰ ਨੂੰ ਕੁੱਜੜੀ ਪਾਇਆ ਸੂ।
ਖ਼ੇ-
ਖ਼ਬਰ ਨਾ ਆਪਣੀ ਰਖਨਾ ਏਂ,
ਲੱਗ ਖ਼ਿਆਲ ਦੇ ਨਾਲ ਤੂੰ ਖ਼ਿਆਲ ਹੋਇਆ।
ਜ਼ਰਾ ਖ਼ਿਆਲ ਨੂੰ ਸੱਟ ਕੇ ਬੇਖ਼ਿਆਲ ਹੋ ਤੂੰ,
ਜਿਵੇਂ ਹੋਇਆ ਓਹੀ ਗਿਆ ਨਹੀਂ ਸੋਇਆ।
ਤਦੋਂ ਵੇਖ ਖਾਂ ਅੰਦਰੋਂ ਕੌਣ ਜਾਗੇ,
ਨਹੀਂ ਘਾਸ ਮੇਂ ਛਪੇ ਹਾਥੀ ਖਲੋਇਆ।
ਬੁੱਲ੍ਹਾ ਸ਼ੌਹ ਜੋ ਗਲੇ ਦੇ ਵਿਚ ਗਹਿਣਾ,
ਫਿਰੇਂ ਢੂੰਡਦਾ ਤਿਵੇਂ ਤੈਂ ਆਪ ਖੋਹਿਆ।
ਦਾਲ-
ਦਿਲੋਂ ਦਿਲਗੀਰ ਨਾ ਹੋਇਉਂ ਮੂਲੇ,
ਦੀਗਰ ਚੀਜ਼ ਨਾਪੈਦ ਤਹਿਕੀਕ ਕੀਜੇ।
ਅੱਵਲ ਜਾ ਮੁਹੱਬਤ ਕਰੋ ਆਰਫ਼ਾਂ ਦੀ,
ਸੁਖ਼ਨ ਤਿਨਹਾਂ ਦੇ ਆਬੇ-ਹਯਾਤ ਪੀਜੇ।
ਚਸ਼ਮ ਜਿਗਰ ਦੇ ਮਿਲਣ ਹੋ ਰਹੇ ਤੇਰੇ,
ਨਹੀਂ ਸੂਝਤਾ ਤਿਨ੍ਹਾਂ ਕਰ ਸਾਫ਼ ਕੀਜੇ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਏਂ ਆਪ ਅਨੰਦ ਮੇਂ ਸਦਾ ਜੀਜੇ।
ਜ਼ਾਲ-
ਜ਼ਰਾ ਨਾ ਸ਼ੱਕ ਤੂੰ ਰਖ ਦਿਲ ਤੇ,
ਹੋ ਬੇਸ਼ਕ ਤੂੰਹੇਂ ਖ਼ੁਦ ਖਸਮ ਜਾਈਂ।
ਜਿਵੇਂ ਸਿੰਘ ਭੁੱਲਦੇ ਬਲ ਆਪਣੇ ਨੂੰ,
ਚਰੇ ਘਾਸ ਮਿਲ ਆ ਜਾਣ ਨਿਆਈਂ।
ਪਿਛੋਂ ਸਮਝ ਬਲ ਗਰਜ ਵਾਜਾ ਮਾਰੇ,
ਭਿਆ ਸਿੰਘ ਕਾ ਸਿੰਘ ਕੁਝ ਭੇਤ ਨਾਹੀਂ।
ਤੈਸੀ ਤੂੰ ਭੀ ਤਰ੍ਹਾਂ ਕੁਛ ਅਬਰ(ਖ਼ਬਰ) ਧਾਰੇ,
ਬੁੱਲ੍ਹੇ ਸ਼ਾਹ ਸੰਭਾਲ ਤੂੰ ਆਪ ਤਾਈਂ।
ਰੇ-
ਰੰਗ ਜਹਾਨ ਦੇ ਵੇਖਦਾ ਹੈਂ,
ਸੋਹਣੇ ਬਾਝ ਵਿਚਾਰ ਦੇ ਦਿਸਦੇ ਨੀ।
ਜਿਵੇਂ ਹੋਤ ਹਬਾਬ ਬਹੁ ਰੰਗ ਦੇ ਜੀ,
ਅੰਦਰ ਆਬ ਦੇ ਜ਼ਰਾ ਵਿਚ ਦਿਸਦੇ ਨੀ।
ਆਬ ਖ਼ਾਕ ਆਤਸ਼ ਬਾਦ ਬਹੇ ਕੱਠੇ,
ਵੇਖ ਅੱਜ ਕਿ ਕਲ ਵਿਚ ਖਿਸਕਦੇ ਨੀ।
ਬੁੱਲ੍ਹਾ ਸ਼ਾਹ ਸੰਭਾਲ ਕੇ ਵੇਖ ਖਾਂ ਤੂੰ,
ਸੁੱਖ ਦੁੱਖ ਸੱਭੋ ਇਸ ਕਿਸ ਦੇ ਨੀ।
ਜੀਮ-
ਜਾਵਣਾ ਆਵਣਾ ਨਹੀਂ ਓਥੇ,
ਕੋਹ ਵਾਂਗ ਹਮੇਸ਼ ਅਡੋਲ ਹੈ ਜੀ।
ਜਿਵੇਂ ਬਦਲਾਂ ਦੇ ਤਲੇ ਚੰਨ ਚਲਦਾ,
ਲੱਗਾ ਬਾਲਕਾਂ ਨੂੰ ਬੱਡਾ ਭੋਲ ਹੈ ਜੀ।
ਚਲੇ ਮਨ ਇੰਦਰੀ ਪ੍ਰਾਨ ਦੇਹ ਆਦਿਕ,
ਵੋਹ ਵੇਖਣੇਹਾਰ ਅਡੋਲ ਹੈ ਜੀ।
ਬੁੱਲ੍ਹਾ ਸ਼ਾਹ ਸੰਭਾਲ ਖੁਸ਼ਹਾਲ ਹੈ ਜੀ,
ਐਨ ਆਰਫ਼ਾਂ ਦਾ ਇਹੋ ਬੋਲ ਹੈ ਜੀ।
ਸੀਨ-
ਸਿਤਮ ਕਰਨਾ ਹੈ ਜਾਨ ਆਪਣੀ ਤੇ,
ਭੁੱਲ ਆਪ ਥੀਂ ਹੋਰ ਕੁਝ ਹੋਵਣਾ ਜੀ।
ਸੋਈਓ ਲਿਖਿਆ ਸ਼ੇਰ ਚਿਤਰੀਆਂ ਨੇ,
ਸੱਚ ਜਾਣ ਕੇ ਬਾਲਕਾਂ ਰੋਵਣਾ ਜੀ।
ਜ਼ਰਾ ਮੌਲ ਨਾਹੀਂ ਵੇਖ ਭੁੱਲ ਨਾਹੀਂ,
ਲੱਗਾ ਚਿਕੜੋਂ ਜਾਣ ਕਿਉਂ ਧੋਵਣਾ ਜੀ,
ਬੁੱਲ੍ਹਾ ਸ਼ਾਹ ਜ਼ੰਜਾਲ ਨਹੀਂ ਮੂਲ ਕੋਈ,
ਜਾਣ ਬੁੱਝ ਕੇ ਭੁੱਲ ਖਲੋਵਣਾ ਜੀ।
ਸ਼ੀਨ-
ਸ਼ੁਬਾ ਨਹੀਂ ਕੋਈ ਜ਼ਰਾ ਇਸ ਮੇਂ,
ਸਦਾ ਆਪਣਾ ਆਪ ਸਰੂਪ ਹੈ ਜੀ।
ਨਹੀਂ ਗਿਆਨ ਅਗਿਆਨ ਦੀ ਠੌਰ ਓਹਾਂ,
ਕਹਾਂ ਸੂਰਮੇਂ ਛਾਉਂ ਔਰ ਧੂਪ ਹੈ ਜੀ।
ਪੜਾ ਸੇਜ ਹੈ ਮਾਹੀਂ ਮੈਂ ਸਹੀ ਸੋਇਆ,
ਕੂੜਾ ਸੁਖ਼ਨ ਕਾ ਰੰਗ ਅਰ ਭੂਪ ਹੈ ਜੀ।
ਬੁੱਲ੍ਹਾ ਸ਼ਾਹ ਸੰਭਾਲ ਜਬ ਮੂਲ ਵੇਖਾਂ,
ਠੌਰ ਠੌਰ ਮੇਂ ਅਪਨੇ ਅਨੂਪ ਹੈ ਜੀ।
ਸੁਆਦ-
ਸਬਰ ਕਰਨਾ ਆਇਆ ਨਬੀ ਉੱਤੇ,
ਵੇਖ ਰੰਗ ਨਾ ਚਿਤ ਡੋਲਾਈਏ ਜੀ।
ਸਦਾ ਤੁਖ਼ਮ ਦੀ ਤਰਫ਼ ਨਿਗਾਹ ਕਰਨੀ,
ਪਾਤ ਫੂਲ ਕੇ ਓਰ ਨਾ ਜਾਈਏ ਜੀ।
ਜੋਈ ਆਏ ਔਰ ਜਾਏ ਇਕ ਰਹੇ ਨਾਹੀਂ,
ਤਾਂ ਸੋ ਕੌਨ ਦਾਨਸ਼ ਜੀਉਂ ਲਾਈਏ ਜੀ।
ਬੁੱਲ੍ਹਾ ਸ਼ਾਹ ਸੰਭਾਲ ਖ਼ੁਦ ਖੰਡ ਨਾਹੀਂ,
ਜਿਸ ਚਹੇ ਫੂਲ ਤਿਸੇ ਕਿਉਂ ਖਾਈਏ ਜੀ।
ਜ਼ੁਆਦ-
ਜ਼ਿਕਰ ਔਰ ਫ਼ਿਕਰ ਕੋ ਛੋੜ ਦੀਜੇ,
ਕੀਜੋ ਨਹੀਂ ਕੁਝ ਯਹੀ ਪਛਾਨਣਾ ਏਂ।
ਜਾ ਸੌਂ ਉਠਿਆ ਤਾਹੀਂ ਕੇ ਬੀਚ ਡਾਲੋਂ,
ਹੋਏ ਅਡੋਲ ਵੇਖੇ ਆਪ ਚਾਨਣਾ ਏਂ।
ਸਦਾ ਚੀਜ਼ ਨਾ ਪੈਦ ਹੈ ਵੇਖੀਏ ਜੀ,
ਮੇਰੇ ਮੇਰੇ ਕਰ ਜੀਆ ਮੈਂ ਜਾਨਣਾ ਏਂ।
ਬੁੱਲ੍ਹਾ ਸ਼ਾਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਸਦਾ ਅਨੰਦ ਹੈਂ ਚਾਨਣਾ ਏਂ।
ਤੋਏ-
ਤੌਰ ਮਹਿਬੂਬ ਦਾ ਜਿਨ੍ਹਾਂ ਡਿੱਠਾ,
ਤਿਨ੍ਹਾਂ ਦੂਈ ਤਰਫੋਂ ਮੁੱਖ ਮੋੜਿਆ ਈ।
ਕੋਈ ਲਟਕ ਪਿਆਰੇ ਦੀ ਲੁੱਟ ਲੀਤੀ,
ਹਟੇ ਨਹੀਂ ਐਸਾ ਜੀ ਜੋੜਿਆ ਈ।
ਅੱਠੇ ਪਹਿਰ ਮਸਤਾਨ ਦੀਵਾਨ ਫਿਰਦੇ,
ਉਨ੍ਹਾਂ ਪੈਰ ਆਲੂਦ ਨਾ ਬੋੜਿਆ ਈ।
ਬੁੱਲ੍ਹਾ ਸ਼ਾਹ ਉਹ ਆਪ ਮਹਿਬੂਬ ਹੋਏ,
ਸ਼ੌਂਕ ਯਾਰ ਦੇ ਕੁਫ਼ਰ ਸਭ ਤੋੜਿਆ ਈ।
ਜ਼ੋਏ-
ਜੁਦਾ ਨਾਹੀਂ ਤੇਰਾ ਯਾਰ ਤੈਂ ਥੀਂ,
ਫਿਰੇਂ ਢੂੰਡਦਾ ਕਿਸ ਨੂੰ ਦੱਸ ਮੈਨੂੰ।
ਪਹਿਲੋਂ ਢੂੰਡਨੇਹਾਰ ਨੂੰ ਢੂੰਡ ਖਾਂ ਜੀ,
ਪਿੱਛੇ ਪਿੱਛੇ ਪਰਤੱਛ ਗਹਿਰੇ ਰਸ ਤੈਨੂੰ।
ਮਤ ਤੂੰ ਈਂ ਹੋਵੇਂ ਆਪ ਯਾਰ ਸਭ ਦਾ,
ਫਿਰੇਂ ਢੂੰਡਦਾ ਜੰਗਲਾਂ ਵਿਚ ਜੀਹਨੂੰ।
ਬੁੱਲ੍ਹਾ ਸ਼ਾਹ ਤੂੰ ਆਪ ਮਹਿਬੂਬ ਪਿਆਰਾ,
ਭੁੱਲ ਆਪ ਥੀਂ ਢੂੰਡਦਾ ਫਿਰੇਂ ਕੀਹਨੂੰ।
ਐਨ-
ਐਨ ਹੈ ਆਪ ਬਿਨਾਂ ਨੁਕਤੇ,
ਸਦਾ ਚੈਨ ਮਹਿਬੂਬ ਵਲ ਵਾਰ ਮੇਰਾ।
ਇਕ ਵਾਰ ਮਹਿਬੂਬ ਨੂੰ ਜਿਨ੍ਹਾਂ ਵੇਖਾ,
ਉਹ ਵੇਖਣ ਯਾਰ ਹੈ ਸਭ ਕਿਹੜਾ।
ਉਸ ਤੋਂ ਲੱਖ ਬਹਿਸ਼ਤ ਕੁਰਬਾਨ ਕੀਤੇ,
ਪਹੁੰਚਾ ਹੋਏ ਬੇਗ਼ਮ ਚੁਕਾਏ ਜਿਹੜਾ।
ਬੁੱਲ੍ਹਾ ਸ਼ੌਹ ਹਰ ਹਾਲ ਵਿਚ ਮਸਤ ਫਿਰਦੇ,
ਹਾਥੀ ਮਸਤੜੇ ਤੋੜ ਜ਼ੰਜੀਰ ਕਿਹੜਾ।
ਗ਼ੈਨ-
ਗ਼ਮ ਨੇ ਮਾਰ ਹੈਰਾਨ ਕੀਤਾ,
ਅੱਠੇ ਪਹਿਰ ਮੈਂ ਪਿਆਰੇ ਨੂੰ ਲੋੜਦੀ ਸਾਂ।
ਮੈਨੂੰ ਖਾਵਣਾ ਪੀਵਣਾ ਭੁੱਲ ਗਿਆ,
ਰੱਬਾ ਮੇਲ ਜਾਨੀ ਹੱਥ ਜੋੜਦੀ ਸਾਂ।
ਸਈਆਂ ਛੱਡ ਗਈਆਂ ਮੈਂ ਇਕੱਲੜੀ ਨੂੰ,
ਅੰਗ ਸਾਕ ਨਾਲੋਂ ਨਾਤਾ ਤੋੜਦੀ ਸਾਂ।
ਬੁੱਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਤਾਂ ਮੈਂ ਸੁੱਤੜੇ ਅੰਗ ਨਾ ਮੋੜਦੀ ਸਾਂ।
ਫ਼ੇ-
ਫ਼ਿਕਰ ਕੀਤਾ ਸਈਓ ਮੇਰੀਓ ਨੀ,
ਮੈਂ ਤਾਂ ਆਪਣੇ ਆਪ ਨੂੰ ਸਹੀ ਕੀਤਾ।
ਕਉੜੀ ਵੇਹ ਸੇ ਮੂੰਹ ਚੁਕਾਇਆ ਮੈਂ,
ਖ਼ਾਕ ਛਾਣ ਕੇ ਲਾਲ ਨੂੰ ਫੂਲ ਕੀਤਾ।
ਦੇਖ ਧੂਏਂ ਦੇ ਧਉਲਰੇ ਜੱਗ ਸਾਰਾ,
ਸੱਟ ਪਾਇਆ ਹੈ ਜੀਆ ਤੇ ਹਾਰ ਜੀਤਾ।
ਬੁੱਲ੍ਹਾ ਸ਼ਾਹ ਅਨੰਦ ਅਖੰਡ ਸਦਾ ਲਿਖ(ਲੱਖ),
ਆਪ ਨੇ ਆਬ-ਏ-ਹਯਾਤ ਪੀਤਾ।
ਕਾਫ਼-
ਕੌਣ ਜਾਣੇ ਜਾਨੀ ਜਾਨ ਦੇ ਨੂੰ,
ਆਪ ਜਾਣਨਹਾਰ ਇਹ ਕੁੱਲ ਦਾ ਏ।
ਪਰ ਤੁੱਛ ਦੇ ਊਪਰ ਮਾਣ ਜੇਤੇ,
ਸਿੱਧ ਕੀਤੇ ਇਸ ਦੇ ਨਹੀਂ ਭੁੱਲਦਾ ਏ।
ਨੇਯਤਿ ਨੇਯਤਿ ਕਰ ਬੇਦ ਪੁਕਾਰਦੇ ਨੀ,
ਨਹੀਂ ਦੂਸਰਾ ਏਸ ਦੇ ਤੁੱਲ ਦਾ ਹੈ।
ਬੁੱਲ੍ਹਾ ਸ਼ਾਹ ਸੰਭਾਲ ਜਬ ਆਪ ਦੇਖਾ,
ਸਦਾ ਸੁਹੰਗ ਪ੍ਰਕਾਸ਼ ਹੋਏ ਝੁੱਲਦਾ ਏ।
ਗਾਫ਼-
ਗੁਜ਼ਰ ਗੁਮਾਨ ਤੇ ਸਮਝ ਬਹਿ ਕੇ,
ਹੰਕਾਰ ਦਾ ਆਸਰਾ ਕੋਈ ਨਾਹੀਂ।
ਬੁੱਧ ਆਪ ਸੰਘਾਤ ਚੜ੍ਹ ਵੇਖੀਏ ਜੀ,
ਪੜਾ ਕਾਠ ਪੱਖਾਂ ਜਿਵੇਂ ਭੂਮ ਮਾਹੀਂ।
ਆਪ ਆਤਮਾ ਗਿਆਨ ਸਰੂਪ ਸੁੱਤਾ,
ਸਦਾ ਨਹੀਂ ਫਿਰਦਾ ਕਿਹੜਾ ਏਕ ਜਾਹੀਂ।
ਬੁੱਲ੍ਹਾ ਸ਼ਾਹ ਬਬੇਕ ਬਿਚਾਰ ਸੇਤੀ,
ਖੁਦੀ ਛੋਡ ਖੁਦ ਹੋਏ ਖਸਮ ਸਾਈਂ।
ਲਾਮ-
ਲੱਗ ਆਖੇ ਜਾਗ ਖਾਂ ਸੋਇਆ,
ਜਾਣ ਬੁੱਝ ਕੇ ਦੁੱਖ ਕਿਉਂ ਪਾਵਣਾ ਏਂ।
ਜ਼ਰਾ ਆਪ ਨਾ ਹਟੇਂ ਬੁਰਾਈਆਂ ਤੋਂ,
ਕਢ ਮਸਲੇ ਲੋਕ ਸੁਣਾਵਣਾਂ ਏਂ।
ਕਾਗ ਵਿਸ਼ਟ ਜੀਵਨ ਜਾਣ ਤੁਝੇ,
ਸੰਤਾਂ ਵੱਖੀ ਮੋੜ ਕਿਉਂ ਚਿਤ ਲੁਭਾਵਣਾ ਏਂ।
ਬੁੱਲ੍ਹਾ ਸ਼ੌਹ ਉਹ ਜਾਨਣੇਹਾਰ ਦਿਲ ਦਾ,
ਕਰੇਂ ਚੋਰੀਆਂ ਸਾਧ ਸਦਾਵਣਾ ਏਂ।
ਮੀਮ-
ਮੌਜੂਦ ਹਰ ਜਾ ਮੌਲਾ,
ਤੈਸੇ ਵੇਖ ਕਿਹਾ ਭੇਖ ਬਣਾਇਆ ਸੂ।
ਜਿਵੇਂ ਇਕ ਹੀ ਤੁਖ਼ਮ ਬਹੁ ਤਰ੍ਹਾਂ ਦਿੱਸੇ,
ਤੂੰ ਮੈਂ ਆਪਣਾ ਆਪ ਫੁਲਾਯਾ ਸੂ।
ਸਾਹ ਆਪਣੇ ਆਪਣੇ ਖਿਆਲ ਕਰਦਾ,
ਨਰ ਨਾਰ ਹੋਏ ਚਿਤ ਮਿਲਾਯਾ ਸੂ।
ਬੁੱਲ੍ਹਾ ਸ਼ੌਹ ਨਾ ਮੂਲ ਥੀਂ ਕੁਝ ਹੋਇਆ,
ਸੋ ਜਾਣਦਾ ਜਿਸੇ ਜਣਾਇਆ ਸੂ।
ਨੂਨ-
ਨਾਮ ਅਰੂਪ ਉਠਾ ਦੀਜੇ,
ਪਿੱਛੇ ਅਸਤ ਅਰਬਹਾਨਿਤ ਪਰਿਆ ਸਾਂਚ ਹੈ ਜੀ।
ਸੋਈ ਚਿੱਤ ਕਿ ਚਿਤਵਣੀ ਵਿਚ ਆਵੇ,
ਸੋਈ ਜਾਣ ਤਹਿਕੀਕ ਕਰ ਕਾਂਚ ਹੈ ਜੀ।
ਤੈਂ ਬੁੱਧ ਕੀ ਬਰਤ ਤੂੰ ਹੈਂ ਸਾਖੀ,
ਤੂੰ ਜਾਨ ਨਿਜ ਰੂਪ ਮੈਂ ਰਾਚ ਹੈ ਜੀ।
ਬੁੱਲ੍ਹਾ ਸ਼ੌਹ ਜੇ ਭੂਪ ਅਟੱਲ ਬੈਠਾ,
ਤੇਰੇ ਅੱਗੇ ਪ੍ਰਕ੍ਰਿਤ ਕਾ ਨਾਚ ਹੈ ਜੀ।
ਵਾਓ-
ਵਕਤ ਇਹ ਹੱਥ ਨਾ ਆਵਣਾ ਏਂ,
ਇਕ ਪਲਕ ਦੀ ਲੱਖ ਕਰੋੜ ਦੇਵੇਂ।
ਜਤਨ ਕਰੇਂ ਤਾਂ ਆਪ ਅਚਾਹ ਹੋਵੇਂ,
ਤੂੰ ਤਾਂ ਫੇਰ ਅੱਠੇ ਵੱਖੇ ਰਸ ਸੇਵੇਂ।
ਕੂੜ ਬਪਾਰ ਕਰ ਧੂੜ ਸਿਰ ਮੇਲੇਂ,
ਚਿੰਤਾ ਮਨ ਦੇਵੇਂ ਜੜ੍ਹ ਕਾਚ ਲੇਵੇਂ,
ਬੁੱਲ੍ਹਾ ਸ਼ੌਹ ਸੰਭਾਲ ਤੂੰ ਆਪ ਤਾਈਂ,
ਤੂੰ ਤਾਂ ਅਨੰਤ ਲਗ ਦੇਹ ਮੇਂ ਕਹਾਂ ਮੇਵੇਂ।
ਹੇ-
ਹਰ ਤਰ੍ਹਾਂ ਹੋਵੇ ਦਿਲਦਾਰ ਪਿਆਰਾ,
ਰੰਗ ਰੰਗ ਦਾ ਰੂਪ ਬਣਾਇਆ ਈ।
ਕਹੂੰ ਆਪ ਕੋ ਭੂਲ ਰੰਜੂਲ ਹੋਇਆ,
ਉਰਵਾਰ ਭਰਮਾਏ ਸਤਾਇਆ ਈ।
ਜਦੋਂ ਆਪਣੇ ਆਪ ਮੈਂ ਪਰਗਟ ਹੋਇਆ,
ਨਜ਼ਾਅ ਨੰਦ ਕੇ ਮਾਹੀਂ ਸਮਾਯਾ ਈ।
ਬੁੱਲ੍ਹਾ ਸ਼ਾਹ ਜੋ ਆਦਿ ਥਾਂ ਅੰਤ ਸੋਈ,
ਜਿਵੇਂ ਨੀਰ ਮੇਂ ਨੀਰ ਮਿਲਾਇਆ ਈ।
ਅਲਫ਼-
ਅਜ ਬਣਿਆ ਸੱਭੋ ਚੱਜ ਮੇਰਾ,
ਸ਼ਾਦੀ ਗ਼ਮੀ ਥੀਂ ਪਾਰ ਖਲੋਇਆ ਨੀ।
ਭਯਾ ਦੂਆ ਭਰਮ ਮਰਮ ਪਾਇਆ ਮੈਂ,
ਡਰ ਕਾਲ ਕਾ ਜੀਅ ਤੇ ਖੋਇਆ ਨੀ।
ਸਾਧ ਸੰਗਤ ਕੀ ਦਯਾ ਭਯਾ ਨਿਰਮਲ,
ਘਟ ਘਟ ਵਿਚ ਤਨ ਸੁੱਖ ਸੋਇਆ ਨੀ।
ਬੁੱਲ੍ਹਾ ਸ਼ਾਹ ਜਦ ਆਪ ਨੂੰ ਸਹੀ ਕੀਤਾ,
ਜੋਈ ਆਦਿ ਦਾ ਅੰਤ ਫਿਰ ਹੋਇਆ ਨੀ।
ਯੇ-
ਯਾਰ ਪਾਯਾ ਸਈਓ ਮੇਰੀਓ ਮੈਂ,
ਆਪਣਾ ਆਪ ਗਵਾਏ ਕੇ ਨੀ।
ਰਹੀ ਸੁੱਧ ਨਾ ਬੁੱਧ ਜਹਾਨ ਕੀ ਰੀ,
ਥੱਕੇ ਬਰਤ ਅਨੰਦ ਮੈਂ ਜਾਏ ਕੇ ਨੀ।
ਉਲਟੇ ਜਾਮ ਬਿਸਰਾਮ ਨਾ ਕਾਮ ਕੋਈ,
ਧੂਣੀ ਗਿਆਨ ਕੀ ਭਾ ਜਲਾਏ ਕੇ ਨੀ।
ਬੁੱਲ੍ਹਾ ਸ਼ੌਹ ਮੁਬਾਰਕਾਂ ਲੱਖ ਦਿਓ,
ਬਹੇ ਜਾਨ ਜਾਨੀ ਗਲ ਲਾਏ ਕੇ ਨੀ।
ਤੀਜੀ ਸੀਹਰਫ਼ੀ
ਅਲਫ਼-
ਆਵਦਿਆਂ ਤੋਂ ਮੈਂ ਸਦਕੜੇ ਹਾਂ,
ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ।
ਮਿੱਠੀ ਪ੍ਰੀਤ ਅਨੋਖੜੀ ਲੱਗ ਰਹੀ,
ਘੜੀ ਪਲ ਨਾ ਯਾਰ ਵਿਸਾਰਨੀ ਹਾਂ।
ਕੇਹੇ ਹੱਡ ਤਕਾਦੜੇ ਪਏ ਮੈਂਨੂੰ,
ਔਂਸੀਆਂ ਪਾਂਵਦੀ ਕਾਗ ਉਡਾਰਨੀ ਹਾਂ।
ਬੁੱਲ੍ਹਾ ਸ਼ੌਹ ਤੇ ਕਮਲੀ ਮੈਂ ਹੋਈ,
ਸੁੱਤੀ ਬੈਠੀ ਮੈਂ ਯਾਰ ਪੁਕਾਰਨੀ ਹਾਂ।
ਬੇ-
ਬਾਜ਼ ਨਾ ਆਂਵਦੀਆਂ ਅੱਖੀਆਂ ਨੀ,
ਕਿਸੇ ਔਝੜੇ ਬੈਠ ਸਮਝਾਵਨੀ ਹਾਂ।
ਹੋਈਆਂ ਲਾਲ ਅਨਾਰ ਦੇ ਗੁਲਾਂ ਵਾਂਙੂ,
ਕਿਸੇ ਦੁੱਖੜੇ ਨਾਲ ਛਪਾਵਨੀ ਹਾਂ।
ਮੁੱਢ ਪਿਆਰ ਦੀਆਂ ਜਰਮ ਦੀਆਂ ਤੱਤੀਆਂ ਨੂੰ,
ਲਖ ਲਖ ਨਸੀਹਤਾਂ ਲਾਵਨੀ ਹਾਂ।
ਬੁੱਲ੍ਹਾ ਸ਼ਾਹ ਦਾ ਸ਼ੌਂਕ ਛੁਪਾ ਕੇ ਤੇ,
ਜ਼ਾਹਰ ਦੁਤੀਆਂ ਦਾ ਗ਼ਮ ਖਾਵਨੀ ਹਾਂ।
ਤੇ-
ਤਾਇ ਕੇ ਇਸ਼ਕ ਹੈਰਾਨ ਕੀਤਾ,
ਸੀਨੇ ਵਿਚ ਅਲੰਬੜਾ ਬਾਲਿਆ ਈ,
ਮੁੱਖੋਂ ਕੂਕਦਿਆਂ ਆਪ ਨੂੰ ਫੂਕ ਲੱਗੀ,
ਚੁੱਪ ਕੀਤਿਆਂ ਮੈਂ ਤਨ ਜਾਲਿਆ ਈ।
ਪਾਪੀ ਬਿਰਹੋਂ ਦੇ ਝੱਖੜ ਝੋਲਿਆਂ ਨੇ,
ਲੁੱਕ ਛੁੱਪ ਮੇਰਾ ਜੀਅ ਜਾਲਿਆ ਈ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਦੀ ਰੀਤ ਕੇਹੀ,
ਆਹੀਂ ਤੱਤੀਆਂ ਨਾਲ ਸੰਭਾਲਿਆ ਈ।
ਸੇ-
ਸਬੂਤ ਜੋ ਅੱਖੀਆਂ ਲੱਗ ਰਹੀਆਂ,
ਇਕ ਮਤ ਪ੍ਰੇਮ ਦੀ ਜਾਨਣੀ ਹਾਂ।
ਗੁੰਗੀ ਡੋਰੀ ਹਾਂ ਗ਼ੈਰ ਦੀ ਬਾਤ ਕੋਲੋਂ,
ਸਦ ਯਾਰ ਦਾ ਸਹੀ ਸਿਆਨਣੀ ਹਾਂ।
ਆਹੀਂ ਠੰਡੀਆਂ ਨਾਲ ਪਿਆਰ ਮੇਰਾ,
ਸੀਨੇ ਵਿਚ ਤੇਰਾ ਮਾਣ ਮਾਨਣੀ ਹਾਂ।
ਬੁੱਲ੍ਹਾ ਸ਼ੌਹ ਤੈਨੁੰ ਕੋਈ ਸਿੱਕ ਨਾਹੀਂ,
ਤੈਨੂੰ ਭਾਵਣੀ ਹਾਂ ਕਿ ਨਾ ਭਾਵਣੀ ਹਾਂ।
ਜੀਮ-
ਜਾਨ ਜਾਨੀ ਮੇਰੇ ਕੋਲ ਹੋਵੇ,
ਕਿਵੇਂ ਵੱਸ ਨਾ ਜਾਨ ਵਿਸਾਰਨੀ ਹਾਂ।
ਦਿਨੇ ਰਾਤ ਅਸਹਿ ਮਿਲਣ ਤੇਰੀਆਂ,
ਮੈਂ ਤੇਰੇ ਦੇਖਣੇ ਨਾਲ ਗੁਜ਼ਾਰਨੀ ਹਾਂ।
ਘੋਲ ਘੋਲ ਹੱਸ ਕਰਦਾ ਪ੍ਰਿਯੇ,
ਯੇਹ ਥੀਂ ਮੈਂ ਲਿਖ ਲਿਖ ਸਾਰਨੀ ਹਾਂ।
ਬੁੱਲ੍ਹਾ ਸ਼ੌਹ ਤੈਥੋਂ ਕੁਰਬਾਨੀਆਂ ਮੈਂ,
ਹੋਰ ਸਭ ਕਬੀਲੜਾ ਵਾਰਨੀ ਹਾਂ।
ਹੇ-
ਹਾਲ ਬੇਹਾਲ ਦਾ ਕੌਣ ਜਾਣੇ,
ਔਖਾ ਇਸ਼ਕ ਹੰਢਾਵਣਾ ਯਾਰ ਦਾ ਈ।
ਨਿੱਤ ਜ਼ਾਰੀਆਂ ਨਾਲ ਗੁਜ਼ਾਰੀਆਂ ਮੈਂ,
ਮੂੰਹ ਜੋੜ ਗੱਲਾਂ ਜੱਗ ਸਾਰਦਾ ਈ।
ਹਾਇ ਹਾਇ ਮੁੱਠੀ ਕਿਵੇਂ ਨੇਹੁੰ ਛੁਪੇ,
ਮੂੰਹ ਪੀਲੜਾ ਰੰਗ ਵਸਾਰਦਾ ਈ।
ਬੁੱਲ੍ਹਾ ਸ਼ੌਹ ਦੇ ਕਾਮਨਾ ਜ਼ੋਰ ਪਾਇਆ,
ਮਜਜ਼ੂਬ ਵਾਂਗਰ ਕਰ ਮਾਰਦਾ ਈ।
ਖ਼ੇ-
ਖ਼ੁਆਬ ਖ਼ਿਆਲ ਜਹਾਨ ਹੋਇਆ,
ਏਸ ਬਿਰਹੋਂ ਦੀਵਾਨੀ ਦੇ ਵੱਤਨੀ ਹਾਂ।
ਮਤ ਨਹੀਂ ਉਠਾਵਣ ਦੀ ਮੰਤਰਾਂ ਦੀ,
ਨਾਗਾਂ ਕਾਲਿਆਂ ਨੂੰ ਹੱਥ ਘੱਤਨੀ ਹਾਂ।
ਤਾਣੀ ਗੰਢਨੀ ਹਾਂ ਅਨੁਲਹੱਕ ਵਾਲੀ,
ਮਹਿਬੂਬ ਦਾ ਕੱਤਣਾ ਕੱਤਨੀ ਹਾਂ।
ਬੁੱਲ੍ਹਾ ਸ਼ੌਹ ਦੇ ਅੰਬ ਨਿਸੰਗ ਲਾਹੇ,
ਪੱਕੇ ਬੇਰ ਬਬੂਲਾਂ ਦੇ ਪੱਟਨੀ ਹਾਂ।
ਦਾਲ-
ਦੇ ਦਿਲਾਸੜਾ ਦੋਸਤੀ ਦਾ,
ਤੇਰੀ ਦੋਸਤੀ ਨਾਲ ਵਿਕਾਵਣੀ ਹਾਂ।
ਝਬ ਆ ਅਲੱਖ ਕਿਉਂ ਲੱਖਿਆ ਈ,
ਅੰਗਰਾ ਬੰਬਣੇ ਥੀਂ ਸ਼ਰਮਾਵਣੀ ਹਾਂ।
ਬਾਬਾ ਪੱਟੀਆਂ ਛੋਟੀਆਂ ਮੋਟੀਆਂ ਨੂੰ,
ਹੱਥ ਦੇ ਕੇ ਜ਼ੋਰ ਹਟਾਵਣੀ ਹਾਂ।
ਬੁੱਲ੍ਹਾ ਸ਼ੌਹ ਤੇਰੇ ਗਲ ਲਾਵਣੇ ਨੂੰ,
ਲੱਖ ਲੱਖ ਮੈਂ ਸ਼ਗਨ ਮਨਾਵਨੀ ਹਾਂ।
ਜ਼ਾਲ-
ਜ਼ੌਕ ਦਿੱਤੋ ਜ਼ਾਤ ਆਪਣੀ ਦਾ,
ਰਹੀ ਕੰਮ ਨਿਕੰਮੜੇ ਸਾੜਨੀ ਹਾਂ।
ਲੱਖ ਚੈਨ ਘੋਲੇ ਤੇਰੇ ਦੁੱਖੜੇ ਤੋਂ,
ਸੇਜੇ ਸੁੱਤਿਆਂ ਸੂਲ ਲਤਾੜਨੀ ਹਾਂ।
ਲੱਜ ਚੁੱਕਿਆਂ ਮਤ ਸੁਰਤ ਗਈ ਆ,
ਲੱਗਾ ਭਿਬੂਤ ਚੋਲਾ ਗਲ ਪਾੜਨੀ ਹਾਂ।
ਬੁੱਲ੍ਹਾ ਸ਼ੌਹ ਤੇਰੇ ਗਲ ਲਾਵਣੇ ਨੂੰ,
ਲੱਖ ਲੱਖ ਸ਼ਰੀਣੀਆਂ ਧਾਰਨੀ ਹਾਂ।
ਰੇ-
ਰਾਵਲਾ ਹੁਣ ਰੁਲਾ ਨਾਹੀਂ,
ਬੁਰੇ ਨੈਣ ਬੈਰਾਗੜੇ ਹੋ ਰਹੇ।
ਮੁੱਲਾਂ ਲੱਖ ਤਾਵੀਜ਼ ਪਿਲਾ ਥੱਕੇ,
ਚੰਗੀ ਕੌਣ ਆਖੇ ਮਾਪੇ ਰੋ ਰਹੇ।
ਟੂਣੇਹਾਰੀਆਂ ਕਾਮਨਾਂ ਵਾਲੀਆਂ ਨੇ,
ਹੱਥ ਵੱਸ ਜਹਾਨ ਨਥੋ ਰਹੇ।
ਬੁੱਲ੍ਹਾ ਸ਼ੌਹ ਦੇ ਨਾਲ ਹਯਾਤ ਹੋਣਾ,
ਜਿਹੜਾ ਜਾਂਵਦਿਆਂ ਦੇ ਹੱਥ ਖੋ ਰਹੇ।
ਜ਼ੇ-
ਜ਼ੋਰ ਨਾ ਹਾਬਤਾ ਹੋਰ ਕੋਈ,
ਜ਼ਾਰੋ ਜ਼ਾਰ ਮੈਂ ਆਂਸੂ ਪਰੋਵਨੀ ਹਾਂ।
ਮੈਥੋਂ ਚੁੱਕਿਆਂ ਗ਼ੈਰ ਹਾਜ਼ਰੀ ਏ,
ਮੂਲੀ ਕੌਣ ਸੇ ਬਾਗ਼ ਦੀ ਹੋਵਨੀ ਹਾਂ।
ਭੋਰਾ ਹੱਸ ਕੇ ਆਣ ਬੁਲਾਂਵਦਾ ਏ,
ਮੈਂ ਤਾਂ ਰਾਤ ਸਾਰੀ ਸੁੱਖ ਸੋਵਨੀ ਹਾਂ।
ਬੁੱਲ੍ਹਾ ਸ਼ੌਹ ਉਤੇ ਮਰ ਜਾਉਣਾ ਏਂ,
ਤੇਰੇ ਦੁੱਖਾਂ ਦੇ ਧੋਵਣੇ ਧੋਵਨੀ ਹਾਂ।
ਸੀਨ-
ਸੱਭੇ ਹੀ ਨਾਮ ਹੈ ਯਾਰ ਤੇਰੀ ਸਾਹਿਬੇ ਦੀ,
ਬੈਠੀ ਗੀਤ ਵਾਂਙੂ ਗੁਣ ਗਾਵਣੀ ਹਾਂ।
ਸਜਣ ਸਭ ਸਹੇਲੀਆਂ ਦਿਲ ਦੀਆਂ ਨੂੰ,
ਮੈਂ ਹੋਰ ਖ਼ਿਆਲ ਸੁਣਾਵਣੀ ਹਾਂ।
ਜਿਹੀ ਲਗਨ ਸੀ ਇਥੇ ਲੱਗ ਗਈ,
ਕੱਖਾਂ ਵਿਚ ਨਾ ਭਾਹ ਛੁਪਾਵਣੀ ਹਾਂ।
ਬੁੱਲ੍ਹਾ ਸ਼ਾਹ ਅੱਗੇ ਤੇਰੇ ਪੰਧੀਂ ਪਵਾਂ,
ਨਾਹੀਂ ਦਵਾਰ ਅਜੇ ਬਹਿ ਸੁੱਖ ਨ੍ਹਾਵਣੀ ਹਾਂ।
ਸ਼ੀਨ-
ਸ਼ੁਕਰ ਕਰੋ ਸ਼ਬੋ-ਰੋਜ਼ ਰਹਿਣਾ,
ਜਿਨਹਾਂ ਸ਼ੌਂਕ ਤੇਰਾ ਨਿੱਤ ਤਾਂਵਦਾ ਏ।
ਭੰਗੀ ਵਾਂਙ ਉਦਾਸ ਹੈਰਾਨ ਹੋਈ,
ਗਾਜ਼ੀ ਲੱਖ ਪਿੱਛੇ ਦੁੱਖ ਲਾਂਵਦਾ ਏ।
ਤੇਰੀ ਜ਼ਾਤ ਬਿਨਾਂ ਹੈ ਸੱਚੀ ਬਾਤ ਕਿਹੜੀ,
ਹੱਥ ਲੰਮੜੇ ਵਹਿਣ ਲੁੜ੍ਹਾਂਵਦਾ ਏ।
ਬੁੱਲ੍ਹਾ ਸ਼ਾਹ ਜੋ ਤੇਰੇ ਦਾ ਅੰਖਿਆਈ,
ਉਹ ਹੁਣ ਪਿਆਰੇ ਦਾ ਮੋੜ ਜਲਾਂਵਦਾ ਏ।
ਸੁਆਦ-
ਸਬਰ ਨਾ ਸੁੱਖ ਸਹੇਲੀਆਂ ਨੂੰ,
ਭੇਤ ਯਾਰ ਦਾ ਨਹੀਂ ਪੁਛਾਂਵਦੇ ਨੀ।
ਖ਼ਬਰ ਨਹੀਂ ਉਨ੍ਹਾਂ ਦੀ ਆਸ਼ਕ ਹੈਨ ਰੱਬ ਦੇ,
ਗ਼ੁਲ ਪਾਏ ਕਿ ਧੂਮ ਮਚਾਂਵਦੇ ਨੀ।
ਜਿੱਥੇ ਭਾਹ ਲੱਗੀ ਉੱਥੇ ਠੰਢ ਕੇਹੀ,
ਉੱਤੋਂ ਤੇਲ ਮੁਵਾਤੜੇ ਪਾਂਵਦੇ ਨੀ।
ਬੁੱਲ੍ਹਾ ਸ਼ਾਹ ਤੋਂ ਸਦਾ ਕੁਰਬਾਨ ਹੋਵਾਂ,
ਐਵੇਂ ਆਸ਼ਕਾਂ ਨੂੰ ਲੂਤੀਆਂ ਲਾਂਵਦੇ ਨੀ।
ਜ਼ੁਆਦ-
ਜ਼ਰਬ ਲੱਗੀ ਸਾਂਗ ਕਲੇਜੜੇ ਵਿਚ,
ਕੇਹੀ ਲੱਗੀ ਅੱਗ ਮੈਂ ਖੜੀ ਰੋਵਨੀ ਹਾਂ।
ਤੇਰੇ ਦਰਸ਼ ਸ਼ਰਾਬ ਅਜ਼ਾਬ ਹੋਇਆ,
ਫ਼ਾਨੀ ਹੋ ਕੇ ਤੇ ਖੜੀ ਜੀਵਨੀ ਹਾਂ।
ਜ਼ਰਾ ਸ਼ੌਂਕ ਦਾ ਜਾਮ ਪਿਲਾ ਮੈਨੂੰ,
ਬੈਠੀ ਬੇਖ਼ੁਦ ਹਾਰ ਪਰੋਵਨੀ ਹਾਂ।
ਬੁੱਲ੍ਹਾ ਸ਼ਾਹ ਵੇਖਾਂ ਘਰ ਦੇ ਵਿਚ ਖਲੀ,
ਸਜਦਾ ਕਰਦੀ ਤੇ ਹੱਥ ਜੋੜਨੀ ਹਾਂ।
ਫ਼ੇ-
ਫ਼ਹਿਮ ਨਾ ਹੋਰ ਖ਼ਿਆਲ ਮੈਨੂੰ,
ਡਿੱਠੇ ਯਾਰ ਦੇ ਤੱਤੜੇ ਜੀਵਨੀ ਹਾਂ।
ਕਦੇ ਸੀਖ਼ ਤੇ ਕਹਿਰ ਖਲੋ ਕੇ ਤੇ,
ਜਾਮ ਵਸਲ ਦਾ ਬੈਠੀ ਪੀਵਨੀ ਹਾਂ।
ਮੈਂ ਕੀ ਜਾਣਦੀ ਇਸ਼ਕ ਅਖਾੜਿਆਂ ਨੂੰ,
ਸੱਸੀ ਵਾਂਙ ਸ਼ੁਤਰੀਂ ਕੁਰਲਾਵਨੀ ਹਾਂ।
ਬੁੱਲ੍ਹਾ ਸ਼ਾਹ ਥੀਂ ਦੂਰ ਦਰਾਜ਼ ਹੋਇਆ,
ਜੇ ਕਰ ਮਿਲੇ ਮਹਿਬੂਬ ਤਾਂ ਭੀ ਜੀਵਨੀ ਹਾਂ।
ਕੁਆਫ਼-
ਕਬੂਲ ਜ਼ਰੂਰ ਜਾਂ ਇਸ਼ਕ ਕੀਤਾ,
ਆਹੇ ਹੋਰ ਤੇ ਹੁਣ ਕਾਈ ਹੋਰ ਹੋਏ।
ਹੁਣ ਸਮਝ ਲੈ ਪਹਿਲਾਂ ਕੀ ਆਖਣੀ ਹਾਂ,
ਮੈਂ ਸੁੰਦਰ ਥੀਂ ਤਖ਼ਤ ਲਾਹੌਰ ਹੋਏ।
ਸੱਭੇ ਲੋਕ ਪਏ ਹੱਥ ਜੋੜਦੇ ਨੇ,
ਸਾਡੇ ਕਾਮਨਾਂ ਦੇ ਗਿਲੇ ਜ਼ੋਰ ਹੋਏ।
ਬੁੱਲ੍ਹਾ ਸ਼ਾਹ ਦਾ ਭੇਤ ਨਾ ਦੱਸਨੀ ਹਾਂ,
ਹਮ ਤੋਂ ਅੰਨ੍ਹੇ ਵਾਂਗ ਮਨਸੂਰ ਹੋਏ।
ਕਾਫ-
ਕੇਹੀਆਂ ਕਾਨੀਆਂ ਲੱਗੀਆਂ ਨੀ,
ਗਈਆਂ ਸਹਿਲ ਕਲੇਜੇ ਨੂੰ ਡੱਸ ਗਈਆਂ।
ਪੱਟ ਪੱਟ ਕੱਢਾਂ ਹੋਰ ਲੱਗੇ,
ਬੰਦ ਬੰਦ ਥੌਂ ਪੱਟ ਕੇ ਸੱਟ ਗਈਆਂ।
ਜਿਵੇਂ ਸਾਹਿਬਾਂ ਸਾਥ ਲੁਟਾ ਦਿੱਤਾ,
ਤਿਵੇਂ ਕੂੰਜ ਵਾਂਗਰ ਕੁਰਲਾਵਣੀ ਹਾਂ।
ਬੁੱਲ੍ਹਾ ਸ਼ਾਹ ਦੇ ਇਸ਼ਕ ਹੈਰਾਨ ਕੀਤੀ,
ਅਉਸੀਆਂ ਪਾਂਵਦੀ ਤੇ ਪਛੋਤਾਵਣੀ ਹਾਂ।
ਗੰਢਾਂ
ਕਹੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਊਂ।
ਸਾਹੇ ਤੇ ਜੰਜ ਆਵਸੀ ਹੁਣ ਚਾਲੀ ਗੰਢ ਘਤਾਊਂ।
ਬਾਬਲ ਆਖਿਆ ਆਣ ਕੇ ਤੈਂ ਸਹੁਰਿਆਂ ਘਰ ਜਾਣਾ।
ਰੀਤ ਓਥੇ ਦੀ ਔਰ ਹੈ ਮੁੜ ਪੈਰ ਨਾ ਏਥੇ ਪਾਣਾ।
ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ।
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ।
ਦੇਖੂੰ ਤਰਫ਼ ਬਾਜ਼ਾਰ ਦੀ ਸਭ ਰਸਤੇ ਲਾਗੇ।
ਪੱਲੇ ਨਾਹੀਂ ਰੋਕੜੀ ਸਭ ਮੁਝ ਸੇ ਭਾਗੇ।੧।
ਦੂਜੀ ਖੋਹਲੂੰ ਕਿਆ ਕਹੂੰ ਦਿਨ ਥੋੜ੍ਹੇ ਰਹਿੰਦੇ।
ਸੂਲ ਸੱਭੇ ਰਲ ਆਂਵਦੇ ਸੀਨੇ ਵਿਚ ਬਹਿੰਦੇ।
ਝਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾ।
ਜੰਜ ਇਵੇਂ ਰਲ ਆਵਸੀ ਜਿਉਂ ਚੜ੍ਹਦਾ ਠਾਣਾ।੨।
ਤੀਜੀ ਖੋਹਲੂੰ ਦੁੱਖ ਸੇ ਰੋਂਦੇ ਨੈਣ ਨਾ ਹੱਟਦੇ।
ਕਿਸ ਨੂੰ ਪੁੱਛਾਂ ਜਾਇ ਕੇ ਦਿਨ ਜਾਂਦੇ ਘਟਦੇ।
ਗੁਣ ਵਾਲੀਆਂ ਸਭ ਪਿਆਰੀਆਂ ਮੈਂ ਕੋ ਗੁਣ ਨਾਹੀਂ।
ਹੱਥ ਮਲੇ ਮਲ ਸਿਰ ਧਰਾਂ ਮੈਂ ਰੋਵਾਂ ਢਾਈਂ।੩।
ਚੌਥੀ ਕਿਆ ਹੂਆ ਰਲ ਆਵਣ ਸਈਆਂ।
ਦਰਦ ਕਿਸੇ ਨਾ ਕੀਤਿਆ ਸਭ ਭਜ ਘਰ ਗਈਆਂ।
ਵਤਨ ਬੇਗਾਨਾ ਵੇਖਣਾ ਕੀ ਕਰੀਏ ਮਾਣਾਂ।
ਬਾਬਲ ਪਕੜ ਚਲਾਵਸੀ ਦਾਈ ਬਿਨ ਜਾਣਾ।੪।
ਪੰਜਵੀਂ ਖੋਹਲੂੰ ਕੂਕ ਕੇ ਕਰ ਸ਼ੋਰ ਪੁਕਾਰਾਂ।
ਪਹਿਲੀ ਰਾਤ ਡਰਾਵਣੀ ਕਿਉਂ ਦਿਲੋਂ ਵਿਸਾਰਾਂ?
ਮੁੱਦਤ ਥੋਹੜੀ ਆ ਰਹੀ ਕਿਵੇਂ ਦਾਜ ਬਣਾਵਾਂ?
ਜਾ ਆਖੋ ਘਰ ਸਾਹਵਰੇ ਗੰਢ ਲਾਗ ਵਧਾਵਾਂ।੫।
ਗੰਢ ਛੇਵੀਂ ਮੈਂ ਖੋਲ੍ਹ ਕੇ ਜੱਗ ਦੇਂਦੀ ਹੋਕਾ।
ਘਰ ਆਣ ਪਈ ਮਹਿਮਾਨ ਹਾਂ ਕੀ ਕਰੀਐ ਲੋਕਾ।
ਲੱਗਾ ਫ਼ਿਕਰ ਫ਼ਰਾਕ ਦਾ ਕੀ ਕਰੀਏ ਕਾਰਾ।
ਰੋਵਣ ਅੱਖੀਆਂ ਮੇਰੀਆਂ ਜਿਉਂ ਵੱਗਣ ਝਲਾਰਾਂ।੬।
ਸੱਤਵੀਂ ਗੰਢ ਚਾ ਖੋਹਲੀਆ ਮੈਂ ਓਸੇ ਹੀਲੇ।
ਰੋ ਰੋ ਹਾਲ ਵੰਜਾਇਆ ਰੰਗ ਸਾਵੇ ਪੀਲੇ।
ਸੂਲ ਅਸਾਂ ਨਾਲ ਖੇਡਦੇ ਨਹੀਂ ਹੋਸ਼ ਸੰਭਾਲੇ।
ਹੁਣ ਦੱਸੋ ਸੰਗ ਸਹੇਲੀਓ ਕੋਈ ਚਲਸੋ ਨਾਲੇ।੭।
ਅੱਠਵੀਂ ਨੂੰ ਹੱਥ ਡਾਲਿਆ ਮੈਂ ਤਾਂ ਹੋ ਦੀਵਾਨੀ।
ਜਿਵੇਂ ਮਿਸਲ ਕਬਾਬ ਹੈ ਮਛਲੀ ਬਿਨ ਪਾਣੀ।
ਦੁੱਖ ਦਰਦ ਅਵੱਲੇ ਆਣ ਕੇ ਹੁਣ ਲਹੂ ਪੀਂਦੇ।
ਬਿਰਹੋਂ ਦੀ ਦੁਕਾਨ ਤੇ ਸਾਡੇ ਘਾੜ ਘੜੀਂਦੇ।੮।
ਨਾਵੀਂ ਨੂੰ ਚਾ ਖੋਹਿਲਆ ਦਿਨ ਰਹਿੰਦੇ ਥੋੜ੍ਹੇ।
ਮੈਂ ਪੂਣੀ ਕੱਤ ਨਾ ਜਾਤੀਆ ਅਜੇ ਰਹਿੰਦੇ ਗੋਹੜੇ।
ਮੈਂ ਤਰਲੇ ਲੈਂਦੀ ਡਿਗ ਪਈ ਕੋਈ ਢੋ ਨਾ ਹੋਇਆ।
ਗ਼ਫ਼ਲਤ ਘਰ ਉਜਾੜਿਆ ਅੱਗੋਂ ਖੇਡ ਵਿਗੋਇਆ।੯।
ਦਸਵੀਂ ਗੰਢ ਜਾਂ ਮੈਂ ਖੋਹਲੀ ਕਿਉਂ ਜੰਮਦੀ ਆਹੀ।
ਸਭ ਕਬੀਲਾ ਦੇਸ ਥੀਂ ਦੇ ਵੇਸ ਤਰਾਹੀਂ।
ਆਂਬੜ ਘੁੱਟੀ ਦੇਂਦੀਏ ਜੇ ਜ਼ਹਿਰ ਰੁਲਾਵੇਂ।
ਮੈਂ ਛੁੱਟਦੀ ਏਸ ਅਜ਼ਾਬ ਤੋਂ ਤੂੰ ਜਿੰਦ ਛੁਡਾਵੇਂ।੧੦।
ਯਾਹਰਾਂ ਗੰਢੀਂ ਖੋਹਲੀਆਂ ਮੈਂ ਹਿਜਰੇ ਮਾਰੀ।
ਗਈਆਂ ਸਈਆਂ ਸਾਹਵਰੇ ਹੁਣ ਮੇਰੀ ਵਾਰੀ।
ਬਾਂਹ ਸਰਾਹਣੇ ਦੇ ਕਦੀ ਅਸੀਂ ਮੂਲ ਨਾ ਸਾਉਂਦੇ।
ਫੱਟਾਂ ਉੱਤੇ ਲੂਣ ਹੈ ਫੱਟ ਸਿੰਮਦੇ ਲਾਉਂਦੇ।੧੧।
ਗੰਢ ਖੋਹਲੀ ਮੈਂ ਬਾਹਰਵੀਂ ਕੀ ਹੋਗ ਤਮਾਸ਼ਾ।
ਜਿਸ ਲਾਗੀ ਤਿਸ ਪੀੜ ਹੈ ਜੱਗ ਜਾਣੇ ਹਾਸਾ।
ਇਕ ਗਏ ਨਾ ਬਾਹੁੜੇ ਜਿਤ ਜਿਤ ਕੇ ਹਰਦੀ।
ਇਨਹੀਂ ਅੱਖੀਂ ਵੇਖਿਆ ਹੋਇ ਖ਼ਾਕ ਕਬਰ ਦੀ।੧੨।
ਤੇਰ੍ਹਾਂ ਗੰਢੀਂ ਖੋਹਲੀਆਂ ਨੈਣ ਲਹੂ ਰੋਂਦੇ।
ਹੋਇਆ ਸਾਥ ਉਤਾਵਲਾ ਧੋਬੀ ਕਪੜੇ ਧੋਂਦੇ।
ਸਜਣ ਚਾਦਰ ਤਾਣ ਕੇ ਸੋਇਆ ਵਿਚ ਹੁਜਰੇ।
ਅਜੇ ਭੀ ਨਾ ਉਹ ਜਾਗਿਆ ਜੁੱਗ ਕਿਤਨੇ ਗੁਜ਼ਰੇ।੧੩।
ਚੌਧਾਂ ਗੰਢੀਂ ਖੋਹਲੀਆਂ ਲਹੂ ਪੀਣਾ ਖਾਣਾ।
ਜਿਨ ਰਾਹਾਂ ਵਿਚ ਧਾੜਵੀ ਤਿਨ੍ਹੀਂ ਰਾਹੀਂ ਜਾਣਾ।
ਲੱਗੀ ਚੋਟ ਫ਼ਰਾਕ ਦੀ ਦੇ ਕੌਣ ਦਿਲਾਸਾ।
ਸਖ਼ਤ ਮੁਸੀਬਤ ਇਸ਼ਕ ਦੀ ਰੱਤ ਰਹੀ ਨਾ ਮਾਸਾ।੧੪।
ਪੰਦਰਾਂ ਪੁੰਨੇ ਰੋਜ਼ ਨੇ ਕਰਾਂ ਨਾਅਰੇ ਆਹੀਂ।
ਸ਼ਹਿਰ ਖਮੋਸ਼ਾਂ ਜਾਵਣਾ ਖ਼ਾਮੋਸ਼ ਹੋ ਜਾਈਂ।੧੫।
ਸੋਲਾਂ ਗੰਢੀਂ ਖੋਹਲੀਆਂ ਮੈਂ ਹੋਈ ਨਿਮਾਣੀ।
ਏਥੇ ਪੇਸ਼ ਕਿਸੇ ਨਾ ਜਾਸੀਆ ਨਾ ਅੱਗੇ ਜਾਣੀ।
ਏਥੇ ਆਵਣ ਕੇਹਾ ਏ ਹੋਇਆ ਜੋਗੀ ਦਾ ਫੇਰਾ।
ਅੱਗੇ ਜਾ ਕੇ ਮਾਰਨਾ ਵਿਚ ਕੱਲਰ ਡੇਰਾ।੧੬।
ਸਤਾਰਾਂ ਗੰਢੀਂ ਖੋਹਲੀਆਂ ਸੂਲਾਂ ਦੇ ਹਾੜੀ।
ਮੋਇਆਂ ਨੂੰ ਦੁੱਖ ਮਾਰਦਾ ਫੜ ਜ਼ੁਲਮ ਕਟਾਰੀ।
ਤਨ-ਹੋਲਾਂ ਸੂਲਾਂ ਵੈਰੀਆਂ ਰੰਗ ਜਿਉਂ ਫੁੱਲ ਤੋਰੀ।
ਆਏ ਏਸ ਜਹਾਨ ਤੇ ਇਹੋ ਕੀਤੀ ਚੋਰੀ।੧੭।
ਖੋਹਲਾਂ ਗੰਢ ਅਠਾਰਵੀਂ ਦਿਲ ਕਰਕੇ ਰਾਜ਼ੀ।
ਇਹ ਚਾਰ ਦਿਨਾਂ ਦੀ ਖੇਡ ਹੈ ਹਿਜਰੇ ਦੀ ਬਾਜ਼ੀ।
ਜਿਨ੍ਹਾਂ ਇਹ ਫ਼ਰਾਕ ਹੈ ਉਹ ਵਿੰਹਦੇ ਮਰਦੇ।
ਨਕਾਰੇ ਵੱਜਣ ਕੂਚ ਦੇ ਮੈਂ ਸਿਰ ਪਰ ਬਰਦੇ।੧੮।
ਉੱਨੀ ਗੰਢੀਂ ਖੋਹਲੀਆਂ ਮੈਂ ਸੂਲ ਪਸਾਰਾ।
ਹੁਣ ਇਹ ਦੇਸ ਬਿਦਾਰਿਆ ਵੇਖ ਹਾਲ ਹਮਾਰਾ।
ਕਿੰਨੀ ਭੈਣੀ ਚਾਚੀਆਂ ਉੱਠ ਕੋਲੋਂ ਗਈਆਂ।
ਕੋਈ ਦੱਸ ਨਾ ਪਾਉਂਦਾ ਉਹ ਕੈਂ ਵੱਲ ਗਈਆਂ।੧੯।
ਵੀਹ ਗੰਢੀਂ ਫੋਲ ਖੋਲ੍ਹੀਆਂ ਹੁਣ ਕਿਤ ਵੱਲ ਭਾਗੂੰ।
ਲੱਗੀ ਚੇਟਕ ਔਰ ਹੈ ਸੋਊਂ ਨਾ ਜਾਗੂੰ।
ਪੰਜ ਮਹਿਮਾਨ ਸਿਰ ਉੱਤੇ ਸੋ ਪੰਜੇ ਬਾਕੀ।
ਜਿਸ ਮੁਸੀਬਤ ਇਹ ਬਣੀ ਤਿਸ ਬਖ਼ਤ ਫਰਾਕੀ।੨੦।
ਇੱਕੀ ਖੋਹਲੂੰ ਕਿਉਂ ਨਹੀਂ ਮੇਰੇ ਮਗਰ ਪਿਆਦੇ।
ਤੇਲ ਚੜ੍ਹਾਇਆ ਸੋਜ਼ ਦਾ ਅਸਾਂ ਹੋਰ ਤਕਾਦੇ।
ਜੀਵਨ ਜੀਣਾ ਸਾੜਦਾ ਮਾਇਆ ਮੂੰਹ ਪਾਏ।
ਐਸੀ ਪੁੰਨੀ ਵੇਖ ਕੇ ਉਦਾਸੀ ਆਏ।੨੧।
ਬਾਈ ਖੋਹਲੂੰ ਪਹੁੰਚ ਕੇ ਸਭ ਮੀਰਾਂ-ਮਲਕਾਂ।
ਓਹਨਾਂ ਡੇਰਾ ਕੂਚ ਹੈ ਮੈਂ ਖੋਹਲਾਂ ਪਲਕਾਂ।
ਅਪਣਾ ਰਹਿਣਾ ਕੀ ਕਰਾਂ ਕਿਹੜੇ ਬਾਗ਼ ਦੀ ਮੂਲੀ।
ਖ਼ਾਲੀ ਜਗ ਵਿਚ ਆਇਕੇ ਸੁਫ਼ਨੇ ਪਰ ਭੂਲੀ।੨੨।
ਤੇਈ ਜੇ ਕਹੂੰ ਖੋਹਲੀਆਂ ਵਿਚ ਆਪ ਸਮਾਨਾ।
ਹੱਥੋਂ ਸੱਟਾਂ ਟੋਰ ਕੇ ਕਿਵੇਂ ਵੇਖ ਪਛਾਣਾ।
ਉਲਟੀ ਫਾਹੀ ਪੈ ਗਈ ਦੂਜਾ ਸਾਥ ਪੁਕਾਰੇ।
ਪੁਰਜ਼ੇ ਪੁਰਜ਼ੇ ਮੈਂ ਹੋਈ ਦਿਲ ਪਾਰੇ ਪਾਰੇ।੨੩।
ਚੱਵੀ ਖੋਹਲੂੰ ਖੋਲ੍ਹਦੀ ਚੁਕ ਪਵਣ ਨਬੇੜੇ।
ਸਹਮ ਜਿਨ੍ਹਾਂ ਦੇ ਮਾਰੀਆਂ ਸੋਈ ਆਏ ਨੇੜੇ।
ਤਿਓਰ ਹੋਰ ਨਾ ਹੋਇਆ ਨਾ ਜ਼ੇਵਰ ਨਾ ਗਹਿਣੇ।
ਤਾਨ੍ਹੇ ਦੇਣੇ ਦੇਵਰਾਂ ਚੁੱਪ ਕੀਤਿਆਂ ਸਹਿਣੇ।੨੪।
ਮੈਂ ਖੋਲ੍ਹਾਂ ਗੰਢ ਪਚੀਸਵੀਂ ਦੁੱਖਾਂ ਵਲ ਮੇਲਾਂ।
ਹੰਝੂਆਂ ਦੀ ਗਲ ਹਾਰਨੀ ਅਸਾਂ ਦਰਦ ਹਮੇਲਾਂ।
ਵਟਨਾ ਮਲਿਆ ਸੋਜ਼ ਦਾ ਤਲਖ਼ ਤੁਰਸ਼ ਸਿਆਪੇ।
ਨਾਲ ਦੋਹਾਂ ਦੇ ਚਲਣਾ ਬਣ ਆਇਆ ਜਾਪੇ।੨੫।
ਛੱਬੀਂ ਗੰਢੀਂ ਇਮਾਮ ਹੈ ਕਦੀ ਫੇਰਾ ਪਾਇਆ।
ਉਮਰ ਤੋਸ਼ਾ ਪੰਜ ਰੋਜ਼ ਹੈ ਸੋ ਲੇਖੇ ਆਇਆ।
ਪਿਆਲੇ ਆਏ ਮੌਤ ਦੇ ਇਹ ਸਭ ਨੇ ਪੀਣੇ।
ਇਹ ਦੁੱਖ ਅਸਾਡੇ ਨਾਲ ਹੈ ਸਹੋ ਜੀਓ ਕਮੀਨੇ।੨੬।
ਸਤਾਈ ਖੋਲ੍ਹ ਸਹੇਲੀਓ ਸਭ ਜਤਨ ਸਿਧਾਇਆ।
ਦੋ ਨੈਣਾਂ ਨੇ ਰੋਂਦਿਆਂ ਮੀਂਹ ਸਾਵਨ ਲਾਇਆ।
ਇਕ ਇਕ ਸਾਇਤ ਦੁੱਖ ਦੀ ਸੌ ਜਤਨ ਗੁਜ਼ਾਰੀ।
ਅੱਗੇ ਜਾਣਾ ਦੂਰ ਹੈ ਸਿਰ ਗਠੜੀ ਭਾਰੀ।੨੭।
ਅਠਾਈ ਗੰਢੀਂ ਖੋਲ੍ਹੀਆਂ ਨਹੀਂ ਅਕਲ ਅਸਾਥੀ।
ਸਖ਼ਤੀ ਆਈ ਜ਼ੋਰ ਦੀ ਧਰ ਚਸ਼ਮਾ ਮਾਥੀ।
ਸੁੱਖਾਂ ਤੋਂ ਟੋਟੀ ਆ ਗਈ ਦੁੱਖਾਂ ਤੋਂ ਲਾਹੀ।
ਬੇਚਾਰੀ ਬੇਹਾਲ ਹਾਂ ਵਿਚ ਸੋਜ਼ ਕੜਾਹੀ।੨੮।
ਉਨੱਤੀ ਗੰਢੀਂ ਖੋਲ੍ਹੀਆਂ ਨਹੀਂ ਸਖ਼ਤੀ ਹਟਦੀ।
ਲੱਗਾ ਸੀਨੇ ਬਾਣ ਹੈ ਸਿਰ ਵਾਲਾਂ ਪੱਟਦੀ।
ਇਤ ਵਲ ਫੇਰਾ ਪਾਇਕੇ ਇਹ ਹਾਸਲ ਆਇਆ।
ਤਨ ਤਲਵਾਰੀਂ ਤੋੜਿਆ ਇਕ ਰੂਪ ਉਡਾਇਆ।੨੯।
ਖੋਲ੍ਹੀ ਗੰਢ ਮੈਂ ਤੀਸਵੀਂ ਦੁੱਖ ਦਰਦ ਰੰਜਾਣੀ।
ਕਦੀ ਸਿਰੋਂ ਨਾ ਮੁੱਕਦੀ ਇਹ ਰਾਮ ਕਹਾਣੀ।
ਮੁੜ ਮੁੜ ਫੇਰ ਨਾ ਜੀਵਨਾ ਨਾ ਤਨ ਛੱਪਦਾ ਲੁੱਕਦਾ।
ਬ੍ਰਿਹੋਂ ਅਜੇ ਖਿਆਲ ਹੈ ਇਹ ਸਿਰ ਤੇ ਢੁੱਕਦਾ।੩੦।
ਇੱਕ ਇੱਕ ਗੰਢ ਨੂੰ ਖੋਹਲਿਆਂ ਇਕਤੀ ਹੋਈਆਂ।
ਮੈਂ ਕਿਸ ਦੀ ਪਾਣੀਹਾਰ ਹਾਂ ਏਥੇ ਕੇਤੀਆਂ ਰੋਈਆਂ।
ਮੈਂ ਵਿਚ ਚਤਰ ਖਡਾਰ ਸਾਂ ਦਾਅ ਪਿਆ ਨਾ ਕਾਰੀ।
ਬਾਜ਼ੀ ਖੇਡਾਂ ਜਿੱਤ ਪਰ ਮੈਂ ਏਥੇ ਹਾਰੀ।੩੧।
ਬੱਤੀ ਗੰਢਾਂ ਖੋਲ੍ਹੀਆਂ ਜੋ ਖੋਲ੍ਹੀ ਬਣਦੀ।
ਅੱਟੀ ਇੱਕ ਅਟੇਰ ਕੇ ਫਿਰਾਂ ਤਾਣਾ ਤਣਦੀ।
ਤਾਣਾ ਹੋਇਆ ਪੁਰਾਣਾ ਹੁਣ ਕੀਕਰ ਲਾਹਵਾਂ।
ਕਹੂੰ ਖੱਟੂ ਨਾ ਬਾਵਰੀ ਕਿੱਥੋਂ ਲੈਸਾਂ ਲਾਵਾਂ।੩੨।
ਬਹਿ ਪਰਛਾਵੀਂ ਖੋਲ੍ਹੀਆਂ ਹੁਣ ਹੋਈਆਂ ਤੇਤੀ।
ਏਥੇ ਦੋ ਤਿੰਨ ਰੋਜ਼ ਹਾਂ ਫਿਰ ਸਹੁਰਿਆਂ ਸੇਤੀ।
ਰੰਙਣ ਚੜ੍ਹੀ ਰਸੂਲ ਦੀ ਸਭ ਦਾਜ ਰੰਙਾਵੇ।
ਜਿਸ ਦੇ ਮੱਥੇ ਭਾਗ ਹੈ ਉਹ ਰੰਗ ਘਰ ਜਾਵੇ।੩੩।
ਚੌਤੀਂ ਗੰਢੀਂ ਖੋਲ੍ਹੀਆਂ ਦਿਨ ਆਏ ਨੇੜੇ।
ਮਾਹੀ ਦੇ ਵਲ ਜਾਵਸਾਂ ਰਉਂ ਕੀਤੇ ਕਿਹੜੇ।
ਓੜਕ ਵੇਲਾ ਜਾਣ ਕੇ ਮੈਂ ਨੇਹੁੰ ਲਗਾਇਆ।
ਇਸ ਤਨ ਹੋਣਾ ਖ਼ਾਕ ਸੀ ਮੈਂ ਜਾ ਉਡਾਇਆ।੩੪।
ਬੁੱਲ੍ਹਾ ਪੈਂਤੀ ਖੋਲ੍ਹਦੀ ਸ਼ਹੁ ਨੇੜੇ ਆਏ।
ਬਦਲੇ ਏਸ ਅਜ਼ਾਬ ਦੇ ਮੱਤ ਮੁੱਖ ਦਿਖਲਾਏ।
ਅੱਗੇ ਥੋੜ੍ਹੀ ਪੀੜ ਸੀ ਨੇਹੁੰ ਕੀਤਾ ਦੀਵਾਨੀ।
ਪੀ ਗਲੀ ਅਸਾਡੀ ਆ ਵੜੇ ਤਾਂ ਹੋਗ ਅਸਾਨੀ।੩੫।
ਛੱਤੀ ਖੋਹਲੂੰ ਹੱਸ ਕੇ ਨਾਲ ਅਮਰ ਈਮਾਨੀ।
ਸੁੱਖਾਂ ਘਾਟਾ ਡਾਲਿਆ ਦੁੱਖਾਂ ਤੂਲਾਨੀ।
ਘੁੱਲੀ ਵਾ ਪ੍ਰੇਮ ਦੀ ਮਰਨੇ ਪਰ ਮਰਨੇ।
ਟੂਣੇ ਕਾਮਣ ਮੀਤ ਨੂੰ ਅਜੇ ਰਹਿੰਦੇ ਕਰਨੇ।੩੬।
ਸੈਂਤੀ ਗੰਢੀਂ ਖੋਲ੍ਹੀਆਂ ਮੈਂ ਮਹਿੰਦੀ ਲਾਈ।
ਮਲਾਇਮ ਦੇਹੀ ਮੈਂ ਕਰਾਂ ਮਤ ਗਲੇ ਲਗਾਈ।
ਉਹਾ ਘੜੀ ਸੁਲੱਖਣੀ ਜਾਂ ਮੈਂ ਵੱਲ ਆਵੇ।
ਤਾਂ ਮੈਂ ਗਾਵਾਂ ਸੋਹਿਲੇ ਜੇ ਮੈਨੂੰ ਰਾਵੇ।੩੭।
ਅਠੱਤੀ ਗੰਢੀਂ ਖੋਲ੍ਹੀਆਂ ਕੀ ਕਰਨੇ ਲੇਖੇ।
ਨਾ ਹੋਵੇ ਕਾਜ ਸੁਹਾਵਣਾ ਬਿਨ ਤੇਰੇ ਵੇਖੇ।
ਤੇਰਾ ਭੇਤ ਸੁਹਾਗ ਹੈ ਮੈਂ ਉਸ ਕਿਹ ਕਰਸਾਂ।
ਲੈਸਾਂ ਗਲੇ ਲਗਾਇਕੇ ਪਰ ਮੂਲ ਨਾ ਡਰਸਾਂ।੩੮।
ਉਨਤਾਲੀ ਗੰਢੀਂ ਖੋਲ੍ਹੀਆਂ ਸਭ ਸਈਆਂ ਰਲ ਕੇ।
ਇਨਾਇਤ ਸੇਜ ਤੇ ਆਵਸੀ ਹੁਣ ਮੈਂ ਵਲ ਫੁੱਲ ਕੇ।
ਚੂੜਾ ਬਾਹੀਂ ਸਿਰ ਧੜੀ ਹੱਥ ਸੋਹੇ ਕੰਗਣਾ।
ਰੰਗਣ ਚੜ੍ਹੀ ਸ਼ਹੁ ਵਸਲ ਦੀ ਮੈਂ ਮਨ ਤਨ ਰੰਗਣਾ।੩੯।
ਕਰ ਬਿਸਮਿੱਲ੍ਹਾ ਖੋਲ੍ਹੀਆਂ ਮੈਂ ਗੰਢਾਂ ਚਾਲੀ।
ਜਿਸ ਆਪਣਾ ਆਪ ਵੰਜਾਇਆ ਸੋ ਸੁਰਜਨ ਵਾਲੀ।
ਜੰਜ ਸੋਂਹਣੀ ਮੈਂ ਭਾਉਂਦੀ ਲਟਕੇਂਦਾ ਆਵੇ।
ਜਿਸ ਨੂੰ ਇਸ਼ਕ ਹੈ ਲਾਲ ਦਾ ਸੋ ਲਾਲ ਹੋ ਜਾਵੇ।
ਅਕਲ ਫ਼ਿਕਰ ਸਭ ਛੋੜ ਕੇ ਸ਼ਹੁ ਨਾਲ ਸੁਧਾਏ।
ਬਿਨ ਕਹਿਣੋਂ ਗੱਲ ਗ਼ੈਰ ਦੀ ਅਸਾਂ ਯਾਦ ਨਾ ਕਾਏ।
ਹੁਣ ਇਨ ਅੱਲ੍ਹਾ ਆਖ ਕੇ ਤੁਮ ਕਰੋ ਦੁਆਈਂ।
ਪੀਆ ਹੀ ਸਭ ਹੋ ਗਿਆ ਅਬਦੁੱਲ੍ਹਾ ਨਾਹੀਂ।੪੦।
ਬਾਰਾਂਮਾਹ
ਅੱਸੂ
ਦੋਹਰਾ-
ਅੱਸੂ ਲਿਖੂੰ ਸੰਦੇਸਵਾ ਵਾਚੇ ਮੇਰਾ ਪੀ ।
ਗਮਨ ਕੀਆਂ ਤੁਮ ਕਾਹੇ ਕੋ ਜੋ ਕਲਮਲ ਆਇਆ ਜੀ ।
ਅੱਸੂ ਅਸਾਂ ਤੁਸਾਡੀ ਆਸ, ਸਾਡੀ ਜਿੰਦ ਤੁਸਾਡੇ ਪਾਸ,
ਜਿਗਰ ਮੁੱਢ ਪ੍ਰੇਮ ਦੀ ਲਾਸ਼, ਦੁੱਖਾਂ ਹੱਡ ਸੁਕਾਏ ਮਾਸ,
ਸੂਲਾਂ ਸਾੜੀਆਂ ।
ਸੂਲਾਂ ਸਾੜੀ ਰਹੀ ਬੇਹਾਲ, ਮੁੱਠੀ ਤਦੋਂ ਨਾ ਗਈਆਂ ਨਾਲ,
ਉਲਟੀ ਪ੍ਰੇਮ ਨਗਰ ਦੀ ਚਾਲ, ਬੁੱਲ੍ਹਾ ਸ਼ਹੁ ਦੀ ਕਰਸਾਂ ਭਾਲ,
ਪਿਆਰੇ ਮਾਰੀਆਂ ।੧।
ਕੱਤਕ
ਦੋਹਰਾ-
ਕਹੋ ਕੱਤਕ ਕੈਸੀ ਜੋ ਬਣਿਉ ਕਠਨ ਸੋ ਭੋਗ ।
ਸੀਸ ਕੱਪਰ ਹੱਥ ਜੋੜ ਕੇ ਮਾਂਗੇ ਭੀਖ ਸੰਜੋਗ ।
ਕੱਤਕ ਗਿਆ ਤੁੰਬਣ ਕੱਤਣ, ਲੱਗੀ ਚਾਟ ਤਾਂ ਹੋਈਆ ਅੱਤਣ,
ਦਰ ਦਰ ਲੱਗੀ ਧੁੰਮਾਂ ਘੱਤਣ, ਔਖੀ ਘਾਟ ਪੁਚਾਏ ਪੱਤਣ,
ਸ਼ਾਮੇ ਵਾਸਤੇ ।
ਹੁਣ ਮੈਂ ਮੋਈ ਬੇਦਰਦਾ ਲੋਕਾ, ਕੋਈ ਦੇਓ ਉੱਚੀ ਚੜ੍ਹ ਕੇ ਹੋਕਾ,
ਮੇਰਾ ਉਨ ਸੰਗ ਨੇਹੁੰ ਚਿਰੋਕਾ, ਬੁੱਲ੍ਹਾ ਸ਼ਹੁ ਬਿਨ ਜੀਵਨ ਔਖਾ,
ਜਾਂਦਾ ਪਾਸ ਤੇ ।੨।
ਮੱਘਰ
ਦੋਹਰਾ-
ਮੱਘਰ ਮੈਂ ਕਰ ਰਹੀਆਂ ਸੋਧ ਕੇ ਸਭ ਉੱਚੇ ਨੀਚੇ ਵੇਖ ।
ਪੜ੍ਹ ਪੰਡਤ ਪੋਥੀ ਭਾਲ ਰਹੇ ਹਰਿ ਹਰਿ ਸੇ ਰਹੇ ਅਲੇਖ ।
ਮੱਘਰ ਮੈਂ ਘਰ ਕਿੱਧਰ ਜਾਂਦਾ, ਰਾਕਸ਼ ਨੇਹੁੰ ਹੱਡਾਂ ਨੂੰ ਖਾਂਦਾ,
ਸੜ ਸੜ ਜੀਅ ਪਿਆ ਕੁਰਲਾਂਦਾ, ਆਵੇ ਲਾਲ ਕਿਸੇ ਦਾ ਆਂਦਾ,
ਬਾਂਦੀ ਹੋ ਰਹਾਂ ।
ਜੋ ਕੋਈ ਸਾਨੂੰ ਯਾਰ ਮਿਲਾਵੇ, ਸੋਜ਼ੇ-ਅਲਮ ਥੀਂ ਸਰਦ ਕਰਾਵੇ,
ਚਿਖ਼ਾ ਤੋਂ ਬੈਠੀ ਸਤੀ ਉਠਾਵੇ, ਬੁੱਲ੍ਹਾ ਸ਼ੌਹ ਬਿਨ ਨੀਂਦ ਨਾ ਆਵੇ,
ਭਾਵੇਂ ਸੋ ਰਹਾਂ ।੩।
ਪੋਹ
ਦੋਹਰਾ-
ਪੋਹ ਹੁਣ ਪੁਛੂੰ ਜਾ ਕੇ ਤੁਮ ਨਿਆਰੇ ਰਹੋ ਕਿਉਂ ਮੀਤ ।
ਕਿਸ ਮੋਹਨ ਮਨ ਮੋਹ ਲਿਆ ਜੋ ਪੱਥਰ ਕੀਨੋ ਚੀਤ ।
ਪਾਣੀ ਪੋਹ ਪਵਨ ਭੱਠ ਪਈਆਂ, ਲੱਦੇ ਹੋਤ ਤਾਂ ਉਘੜ ਗਈਆਂ,
ਨਾ ਸੰਗ ਮਾਪੇ ਸੱਜਣ ਸਈਆਂ, ਪਿਆਰੇ ਇਸ਼ਕ ਚਵਾਤੀ ਲਈਆਂ,
ਦੁੱਖਾਂ ਰੋਲੀਆਂ ।
ਕੜ ਕੜ ਕੱਪਨ ਕੜਕ ਡਰਾਏ, ਮਾਰੂਥਲ ਵਿਚ ਬੇੜੇ ਪਾਏ,
ਜਿਊਂਦੀ ਮੋਈ ਨੀ ਮੇਰੀ ਮਾਏ, ਬੁੱਲ੍ਹਾ ਸ਼ੌਹ ਕਿਉਂ ਅਜੇ ਨਾ ਆਏ,
ਹੰਝੂ ਡੋਹਲੀਆਂ ।੪।
ਮਾਘ
ਦੋਹਰਾ-
ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ ।
ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ ।
ਮਾਘ ਮਹੀਨੇ ਗਏ ਉਲਾਂਘ, ਨਵੀਂ ਮੁਹਬਤ ਬਹੁਤੀ ਤਾਂਘ,
ਇਸ਼ਕ ਮੁਅੱਜ਼ਨ ਦਿੱਤੀ ਬਾਂਗ, ਪੜ੍ਹਾਂ ਨਮਾਜ਼ ਪੀਆ ਦੀ ਤਾਂਘ,
ਦੁਆਈਂ ਕੀ ਕਰਾਂ ।
ਆਖਾਂ ਪਿਆਰੇ ਮੈਂ ਵੱਲ ਆ, ਤੇਰੇ ਮੁੱਖ ਵੇਖਣ ਦਾ ਚਾਅ,
ਭਾਵੇਂ ਹੋਰ ਤੱਤੀ ਨੂੰ ਤਾਅ, ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,
ਤੇਰੀ ਹੋ ਰਹਾਂ ।੫।
ਫੱਗਣ
ਦੋਹਰਾ-
ਫੱਗਣ ਫੁਲੇ ਖੇਤ ਜਿਉਂ ਬਣ ਤਿਣ ਫੂਲ ਸਿੰਗਾਰ ।
ਹਰ ਡਾਲੀ ਫੁੱਲ ਪੱਤੀਆਂ ਗਲ ਫੂਲਣ ਦੇ ਹਾਰ ।
ਹੋਰੀ ਖੇਲਣ ਸਈਆਂ ਫੱਗਣ, ਮੇਰੇ ਨੈਣ ਝਲਾਰੀਂ ਵੱਗਣ,
ਔਖੇ ਜਿਉਂਦਿਆਂ ਦੇ ਦਿਨ ਤੱਗਣ, ਸੀਨੇ ਬਾਣ ਪ੍ਰੇਮ ਦੇ ਲੱਗਣ,
ਹੋਰੀ ਹੋ ਰਹੀ ।
ਜੋ ਕੁਝ ਰੋਜ਼ ਅਜ਼ਲ ਥੀਂ ਹੋਈ, ਲਿਖੀ ਕਲਮ ਨਾ ਮੇਟੇ ਕੋਈ,
ਦੁੱਖਾਂ ਸੂਲਾਂ ਦਿੱਤੀ ਢੋਈ, ਬੁੱਲ੍ਹਾ ਸ਼ੌਹ ਨੂੰ ਆਖੋ ਕੋਈ,
ਜਿਸ ਨੂੰ ਰੋ ਰਹੀ ।੬।
ਚੇਤ
ਦੋਹਰਾ-
ਚੇਤ ਚਮਨ ਵਿਚ ਕੋਇਲਾਂ ਨਿੱਤ ਕੂ ਕੂ ਕਰਨ ਪੁਕਾਰ ।
ਮੈਂ ਸੁਣ ਸੁਣ ਝੁਰ ਝੁਰ ਮਰ ਰਹੀ ਕਬ ਘਰ ਆਵੇ ਯਾਰ ।
ਹੁਣ ਕੀ ਕਰਾਂ ਜੋ ਆਇਆ ਚੇਤ, ਬਣ ਤਿਣ ਫੂਲ ਰਹੇ ਸਭ ਖੇਤ,
ਦੇਂਦੇ ਆਪਣਾ ਅੰਤ ਨਾ ਭੇਤ, ਸਾਡੀ ਹਾਰ ਤੁਸਾਡੀ ਜੇਤ,
ਹੁਣ ਮੈਂ ਹਾਰੀਆਂ ।
ਹੁਣ ਮੈਂ ਹਾਰਿਆ ਆਪਣਾ ਆਪ, ਤੁਸਾਡਾ ਇਸ਼ਕ ਅਸਾਡਾ ਖਾਪ,
ਤੇਰੇ ਨੇਹੁੰ ਦਾ ਸ਼ੁਕਿਆ ਤਾਪ, ਬੁੱਲ੍ਹਾ ਸ਼ੌਹ ਕੀ ਲਾਇਆ ਪਾਪ,
ਕਾਰੇ ਹਾਰੀਆਂ ।੭।
ਵੈਸਾਖ
ਦੋਹਰਾ-
ਬਸਾਖੀ ਦਾ ਦਿਨ ਕਠਨ ਹੈ ਜੋ ਸੰਗ ਮੀਤ ਨਾ ਹੋ ।
ਮੈਂ ਕਿਸ ਕੋ ਆਗੇ ਜਾ ਕਹੂੰ ਇਕ ਮੰਡੀ ਭਾ ਦੋ ।
ਤਾਂ ਮਨ ਭਾਵੇਂ ਸੁੱਖ ਬਸਾਖ, ਗੁੱਛੀਆਂ ਪਈਆਂ ਪੱਕੀ ਦਾਖ,
ਲਾਖੀ ਘਰ ਲੈ ਆਇਆ ਲਾਖ, ਤਾਂ ਮੈਂ ਬਾਤ ਨਾ ਸੱਕਾਂ ਆਖ,
ਕੌਤਾਂ ਵਾਲੀਆਂ ।
ਕੌਤਾਂ ਵਾਲੀਆਂ ਡਾਢਾ ਜ਼ੋਰ, ਹੁਣ ਮੈਂ ਝੁਰ ਝੁਰ ਹੋਈਆਂ ਹੋਰ,
ਕੰਡੇ ਪੁੜੇ ਕਲੇਜੇ ਜ਼ੋਰ, ਬੁੱਲ੍ਹਾ ਸ਼ੌਹ ਬਿਨ ਕੋਈ ਨਾ ਹੋਰ,
ਜਿਨ ਘੱਤ ਗਾਲੀਆਂ ।੮।
ਜੇਠ
ਦੋਹਰਾ-
ਜੇਠ ਜੇਹੀ ਜੋਹੇ ਅਗਨ ਹੈ ਜਬ ਕੇ ਬਿਛੜੇ ਮੀਤ ।
ਸੁਣ ਸੁਣ ਘੁਣ ਘੁਣ ਝੁਰ ਮਰੂੰ ਜੋ ਤੁਮਰੀ ਯੇਹ ਪਰੀਤ ।
ਲੂਆਂ ਧੁੱਪਾਂ ਪੌਂਦੀਆਂ ਜੇਠ, ਮਜਲਿਸ ਬਹਿੰਦੀ ਬਾਗਾਂ ਹੇਠ,
ਤੱਤੀ ਠੰਡੀ ਵੱਗੇ ਪੇਠ, ਦਫ਼ਤਰ ਕੱਢ ਪੁਰਾਣੇ ਸੇਠ,
ਮੁਹਰਾ ਖਾਣੀਆਂ ।
ਅੱਜ ਕੱਲ੍ਹ ਸੱਦ ਹੋਈ ਅਲਬੱਤਾ, ਹੁਣ ਮੈਂ ਆਹ ਕਲੇਜਾ ਤੱਤਾ,
ਨਾ ਘਰ ਕੌਂਤ ਨਾ ਦਾਣਾ ਭੱਤਾ, ਬੁੱਲ੍ਹਾ ਸ਼ੌਹ ਹੋਰਾਂ ਸੰਗ ਰੱਤਾ,
ਸੀਨੇ ਕਾਨੀਆਂ ।੯।
ਹਾੜ
ਦੋਹਰਾ-
ਹਾੜ ਸੋਹੇ ਮੋਹੇ ਝਟ ਪਟੇ ਜੋ ਲੱਗੀ ਪ੍ਰੇਮ ਕੀ ਆਗ ।
ਜਿਸ ਲਾਗੇ ਤਿਸ ਜਲ ਬੁਝੇ ਜੋ ਭੌਰ ਜਲਾਵੇ ਭਾਗ ।
ਹੁਣ ਕੀ ਕਰਾਂ ਜੋ ਆਇਆ ਹਾੜ੍ਹ, ਤਨ ਵਿਚ ਇਸ਼ਕ ਤਪਾਇਆ ਭਾੜ,
ਤੇਰੇ ਇਸ਼ਕ ਨੇ ਦਿੱਤਾ ਸਾੜ, ਰੋਵਣ ਅੱਖੀਆਂ ਕਰਨ ਪੁਕਾਰ,
ਤੇਰੇ ਹਾਵੜੇ ।
ਹਾੜੇ ਘੱਤਾਂ ਸ਼ਾਮੀ ਅੱਗੇ, ਕਾਸਦ ਲੈ ਕੇ ਪਾਤਰ ਵੱਗੇ,
ਕਾਲੇ ਗਏ ਤੇ ਆਏ ਬੱਗੇ, ਬੁੱਲ੍ਹਾ ਸ਼ੌਹ ਬਿਨ ਜ਼ਰਾ ਨਾ ਤੱਗੇ,
ਸ਼ਾਮੀ ਬਾਹਵੜੇ ।੧੦।
ਸਾਵਣ
ਦੋਹਰਾ-
ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ ।
ਠੌਰ ਠੌਰ ਇਨਾਇਤ ਬਸੇ ਪਪੀਹਾ ਕਰੇ ਪੁਕਾਰ ।
ਸੋਹਣ ਮਲਿਹਾਰਾ ਸਾਰੇ ਸਾਵਣ, ਦੂਤੀ ਦੁੱਖ ਲੱਗੇ ਉੱਠ ਜਾਵਣ,
ਨੀਂਗਰਾ ਖੇਡਣ ਕੁੜੀਆਂ ਗਾਵਣ, ਮੈਂ ਘਰ ਰੰਗ ਰੰਗੀਲੇ ਆਵਣ,
ਆਸਾਂ ਪੁੰਨੀਆਂ ।
ਮੇਰੀਆਂ ਆਸਾਂ ਰੱਬ ਪੁਚਾਈਆਂ, ਮੈਂ ਤਾਂ ਉਨ ਸੰਗ ਅੱਖੀਆਂ ਲਾਈਆਂ,
ਸਈਆਂ ਦੇਣ ਮੁਬਾਰਕ ਆਈਆਂ, ਸ਼ਾਹ ਇਨਾਇਤ ਆਖਾਂ ਸਾਈਆਂ,
ਆਸਾਂ ਪੁੰਨੀਆਂ ।੧੧।
ਭਾਦੋਂ
ਦੋਹਰਾ-
ਭਾਦੋਂ ਭਾਵੇ ਤਬ ਸਖੀ ਜੋ ਪਲ ਪਲ ਹੋਵੇ ਮਿਲਾਪ ।
ਜੋ ਘਟ ਦੇਖੂੰ ਖੋਲ੍ਹ ਕੇ ਘਟ ਘਟ ਦੇ ਵਿਚ ਆਪ ।
ਆ ਹੁਣ ਭਾਦੋਂ ਭਾਗ ਜਗਾਇਆ, ਸਾਹਿਬ ਕੁਦਰਤ ਸੇਤੀ ਆਇਆ,
ਹਰ ਹਰ ਦੇ ਵਿਚ ਆਪ ਸਮਾਇਆ, ਸ਼ਾਹ ਇਨਾਇਤ ਆਪ ਲਖਾਇਆ,
ਤਾਂ ਮੈਂ ਲੱਖਿਆ ।
ਆਖਰ ਉਮਰੇ ਹੋਈ ਤਸੱਲਾ, ਪਲ ਪਲ ਮੰਗਣ ਨੈਣ ਤਜੱਲਾ,
ਜੋ ਕੁਝ ਹੋਸੀ ਕਰਸੀ ਅੱਲ੍ਹਾ, ਬੁੱਲ੍ਹਾ ਸ਼ੌਹ ਬਿਨ ਕੁਝ ਨਾ ਭੱਲਾ,
ਪ੍ਰੇਮ ਰਸ ਚੱਖਿਆ ।੧੨।
ਅਠਵਾਰਾ
ਛਨਿਛਰਵਾਰ
ਦੋਹਰਾ-
ਛਨਿਛਰਵਾਰ ਉਤਾਵਲੇ, ਵੇਖ ਸੱਜਣ ਦੀ ਸੋ।
ਅਸਾਂ ਮੁੜ ਘਰ ਫੇਰ ਨਾ ਆਵਣਾ, ਜੋ ਹੋਈ ਹੋਗ ਸੋ ਹੋ।
ਵਾਹ ਵਾਹ ਛਨਿਛਰਵਾਰ ਵਹੇਲੇ, ਦੁਖ ਸੱਜਣ ਦੇ ਮੈਂ ਵਲ ਪੇਲੇ,
ਢੂੰਡਾਂ ਔਝੜ ਜੰਗਲ ਬੇਲੇ, ਓਹੜਾ ਰੈਣ ਕਵੱਲੜੇ ਵੇਲੇ,
ਬਿਰਹੋਂ ਘੇਰੀਆਂ।
ਘੜੀ ਤਾਂਘ ਤੁਸਾਡੀਆਂ ਤਾਂਘਾਂ, ਰਾਤੀਂ ਸੁੱਤੜੇ ਸ਼ੇਰ ਉਲਾਂਘਾਂ,
ਉੱਚੀ ਚੜ੍ਹ ਕੇ ਕੂਕਾਂ ਚਾਂਘਾਂ, ਸੀਨੇ ਅੰਦਰ ਰੜਕਣ ਸਾਂਗਾਂ,
ਪਿਆਰੇ ਤੇਰੀਆਂ।
ਐਤਵਾਰ
ਦੋਹਰਾ-
ਐਤਵਾਰ ਸੁਨੇਤ ਹੈ, ਜੋ ਜੋ ਕਦਮ ਧਰੇ।
ਉਹ ਵੀ ਆਸ਼ਕ ਨਾ ਕਹੋ, ਸਿਰ ਦੇਂਦਾ ਉਜ਼ਰ ਕਰੇ।
ਐਤ ਐਤਵਾਰ ਭਾਇਤ, ਵਿੱਚੋਂ ਜਾਇ ਹਿਜਰ ਦੀ ਸਾਇਤ,
ਮੇਰੇ ਦੁੱਖ ਦੀ ਸੁਣੋ ਹਕਾਇਤ, ਆ ਇਨਾਇਤ ਕਰੇ ਹਦਾਇਤ,
ਤਾਂ ਮੈਂ ਤਾਰੀਆਂ।
ਤੇਰੀ ਯਾਰੀ ਜਹੀ ਨਾ ਯਾਰੀ, ਤੇਰੇ ਪਕੜ ਵਿਛੋੜੇ ਮਾਰੀ,
ਇਸ਼ਕ ਤੁਸਾਡਾ ਕਿਆਮਤ ਸਾਰੀ, ਤਾਂ ਮੈਂ ਹੋਈਆਂ ਵੇਦਨ ਭਾਰੀ,
ਕਰ ਕੁਝ ਕਾਰੀਆਂ।
ਸੋਮਵਾਰ
ਦੋਹਰਾ-
ਬੁੱਲ੍ਹਾ ਰੋਜ਼ ਸੋਮਵਾਰ ਦੇ, ਕਿਆ ਚਲ ਚਲ ਕਰੇ ਪੁਕਾਰ।
ਅੱਗੇ ਲੱਖ ਕਰੋੜ ਸਹੇਲੀਆਂ, ਮੈਂ ਕਿਸ ਦੀ ਪਾਣੀਹਾਰ।
ਮੈਂ ਦੁਖਿਆਰੀ ਦੁੱਖ ਸਵਾਰ, ਰੋਣਾ ਅੱਖੀਆਂ ਦਾ ਰੁਜ਼ਗਾਰ,
ਮੇਰੀ ਖ਼ਬਰ ਨਾ ਲੈਂਦਾ ਯਾਰ, ਹੁਣ ਮੈਂ ਜਾਤਾਂ ਮੁਰਦੇ ਹਾਰ, ਮੋਇਆਂ ਨੂੰ ਮਾਰਦਾ।
ਮੇਰੀ ਓਸੇ ਨਾਲ ਲੜਾਈ, ਜਿਸ ਨੇ ਮੈਨੂੰ ਬਰਛੀ ਲਾਈ,
ਸੀਨੇ ਅੰਦਰ ਭਾਹ ਭੜਕਾਈ, ਕੱਟ ਕੱਟ ਖਾਇ ਬਿਰਹੋਂ ਕਸਾਈ,
ਪਛਾਇਆ ਯਾਰ ਦਾ।
ਮੰਗਲਵਾਰ
ਦੋਹਰਾ-
ਮੰਗਲ ਮੈਂ ਗਲ ਪਾਣੀ ਆ ਗਿਆ, ਲਬਾਂ ਤੇ ਆਵਣਹਾਰ।
ਮੈਂ ਘੁੰਮਣ ਘੇਰਾਂ ਘੇਰੀਆਂ, ਉਹ ਵੇਖੇ ਖਲਾ ਕਿਨਾਰ।
ਮੰਗਲ ਬੰਦੀਵਾਨ ਦਿਲਾਂ ਦੇ, ਛੱਟੇ ਸ਼ਹੁ ਦਰਿਆਵਾਂ ਪਾਂਦੇ,
ਕਪੜ ਕੜਕ ਦੁਪਹਿਰੀਂ ਖਾਂਦੇ, ਵਲ ਵਲ ਗ਼ੋਤਿਆਂ ਦੇ ਮੂੰਹ ਆਂਦੇ,
ਮਾਰੇ ਯਾਰ ਦੇ।
ਕੰਢੇ ਵੇਖੇ ਖਲਾ ਤਮਾਸ਼ਾ, ਸਾਡੀ ਮਰਗ ਉਨ੍ਹਾਂ ਦਾ ਹਾਸਾ,
ਦਿਲ ਮੇਰੇ ਵਿੱਚ ਆਇਆ ਸੂ ਆਸਾ, ਵੇਖਾਂ ਦੇਸੀ ਕਦੋਂ ਦਿਲਾਸਾ,
ਨਾਲ ਪਿਆਰ ਦੇ।
ਬੁੱਧਵਾਰ
ਦੋਹਰਾ-
ਬੁੱਧ ਸੁੱਧ ਰਹੀ ਮਹਿਬੂਬ ਦੀ, ਸੁੱਧ ਆਪਣੀ ਰਹੀ ਨਾ ਹੋਰ।
ਮੈਂ ਬਲਿਹਾਰੀ ਓਸ ਦੇ, ਜੋ ਖਿੱਚਦਾ ਮੇਰੀ ਡੋਰ।
ਬੁੱਧ ਸੁੱਧ ਆ ਗਿਆ ਬੁੱਧਵਾਰ, ਮੇਰੀ ਖ਼ਬਰ ਨਾ ਲਏ ਦਿਲਦਾਰ,
ਸੁੱਖ ਦੁੱਖਾਂ ਤੋਂ ਘੱਤਾਂ ਵਾਰ, ਦੁੱਖਾਂ ਆਣ ਮਿਲਾਇਆ ਯਾਰ,
ਪਿਆਰੇ ਤਾਰੀਆਂ।
ਪਿਆਰੇ ਚੱਲਣ ਨਾ ਦੇਸਾਂ ਚਲਿਆ, ਲੈ ਕੇ ਨਾਲ ਜ਼ੁਲਫ਼ ਦੇ ਵਲਿਆ,
ਜਾਂ ਉਹ ਚਲਿਆ ਤਾਂ ਮੈਂ ਵਲਿਆ, ਤਾਂ ਮੈਂ ਰੱਖਸਾਂ ਦਿਲ ਵਿਚ ਰਲਿਆ,
ਲੈਸਾਂ ਵਾਰੀਆਂ।
ਜੁੰਮੇਰਾਤ
ਦੋਹਰਾ-
ਜੁੰਮੇਰਾਤ ਸੁਹਾਵਣੀ, ਦੁੱਖ ਦਰਦ ਨਾ ਆਹਾਂ ਪਾਪ।
ਉਹ ਜਾਮਾ ਸਾਡਾ ਪਹਿਨ ਕੇ, ਆਇਆ ਤਮਾਸ਼ੇ ਆਪ।
ਅੱਗੋਂ ਆ ਗਈ ਜੁੰਮੇਰਾਤ, ਸ਼ਰਾਬੋਂ ਗਾਗਰ ਮਿਲੀ ਬਰਾਤ,
ਲੱਗ ਗਿਆ ਮਸਤ ਪਿਆਲਾ ਹਾਤ, ਮੈਨੂੰ ਭੁੱਲ ਗਈ ਜ਼ਾਤ ਸਫ਼ਾਤ,
ਦੀਵਾਨੀ ਹੋ ਰਹੀ।
ਐਸੀ ਜ਼ਹਿਮਤ ਲੋਕ ਨਾ ਪਾਵਣ, ਮੁੱਲਾਂ ਘੋਲ ਤਵੀਜ਼ ਪਿਲਾਵਣ,
ਪੜ੍ਹਨ ਅਜ਼ੀਮਤ ਜਿੰਨ ਬੁਲਾਵਣ, ਸਈਆਂ ਸ਼ਾਹ ਮਦਾਰ ਖਿਡਾਵਣ,
ਮੈਂ ਚੁੱਪ ਹੋ ਰਹੀ।
ਜੁੰਮਾ
ਦੋਹਰਾ-
ਰੋਜ਼ ਜੁੰਮੇ ਦੇ ਬਖਸ਼ੀਆਂ, ਮੈਂ ਜਹੀਆਂ ਅਉਗਣਹਾਰ।
ਫਿਰ ਉਹ ਕਿਉਂ ਨਾ ਬਖਸ਼ਸ਼ੀ, ਜਿਹੜੀ ਪੰਜ ਮੁਕੀਮ ਗੁਜ਼ਾਰ।
ਜੁੰਮੇ ਦੀ ਹੋਰੋਂ ਹੋਰ ਬਹਾਰ, ਹੁਣ ਮੈਂ ਜਾਤਾ ਸਹੀ ਸਤਾਰ,
ਬੀਬੀ ਬਾਂਦੀ ਬੇੜਾ ਪਾਰ, ਸਿਰ ਤੇ ਕਦਮ ਧਰੇਂਦਾ ਯਾਰ,
ਸੁਹਾਗਣ ਹੋ ਰਹੀ।
ਆਸ਼ਕ ਹੋ ਹੋ ਗੱਲਾਂ ਦੱਸੇਂ, ਛੋੜ ਮਸ਼ੂਕਾਂ ਕਂੈ ਵੱਲ ਨੱਸੇਂ,
ਬੁੱਲ੍ਹਾ ਸ਼ਹੁ ਅਸਾਡੇ ਵੱਸੇਂ, ਨਿੱਤ ਉਠ ਖੇਡੇਂ ਨਾਲੇ ਹੱਸੇਂ,
ਗਲ ਲੱਗ ਸੋ ਰਹੀ।
ਜੁੰਮੇ ਦੀ ਹੋਰੋ ਹੋਰ ਬਹਾਰ।
ਜੁੰਮੇ ਦੀ ਹੋਰੋ ਹੋਰ ਬਹਾਰ।
ਪੀਰ ਅਸਾਂ ਨੂੰ ਪੀੜਾਂ ਲਾਈਆਂ, ਮੰਗਲ ਮੂਲ ਨਾ ਸੁਰਤਾਂ ਆਈਆਂ,
ਇਸ਼ਕ ਛਨਿਛਰ ਘੋਲ ਘੁਮਾਈਆਂ, ਬੁੱਧ ਸੁੱਧ ਲੈਂਦਾ ਨਹੀਂਉਂ ਯਾਰ।
ਜੁੰਮੇ ਦੀ ਹੋਰੋ ਹੋਰ ਬਹਾਰ।
ਪੀਰ ਵਾਰ ਰੋਜ਼ੇ ਤੇ ਜਾਵਾਂ, ਸਭ ਪੈਗੰਬਰ ਪੀਰ ਮਨਾਵਾਂ,
ਜਦ ਪੀਆ ਦਾ ਦਰਸ਼ਨ ਪਾਵਾਂ, ਕਰਦੀ ਹਾਰ ਸ਼ਿੰਗਾਰ।
ਜੁੰਮੇ ਦੀ ਹੋਰੋ ਹੋਰ ਬਹਾਰ।
ਮੰਨਤਕ ਮਾਨ੍ਹੇ ਪੜ੍ਹਾਂ ਨਾ ਅਸਲਾਂ, ਵਾਜਬ ਫ਼ਰਜ਼ ਨਾ ਸੁੰਨਤ ਨਕਲਾਂ,
ਕੰਮ ਕਿਸ ਆਈਆਂ ਸ਼ਰ੍ਹਾ ਦੀਆਂ ਅਕਲਾਂ, ਕੁਝ ਨਹੀਂ ਬਾਝੋਂ ਦੀਦਾਰ।
ਜੁੰਮੇ ਦੀ ਹੋਰੋ ਹੋਰ ਬਹਾਰ।
ਸ਼ਾਹ ਇਨਾਇਤ ਦੀਨ ਅਸਾਡਾ, ਦੀਨ ਦੁਨੀ ਮਕਬੂਲ ਅਸਾਡਾ,
ਖੁੱਬੀ ਮੀਂਢੀ ਦਸਤ ਪਰਾਂਦਾ, ਫਿਰਾਂ ਉਜਾੜ ਉਜਾੜ।
ਜੁੰਮੇ ਦੀ ਹੋਰੋ ਹੋਰ ਬਹਾਰ।
ਭੁੱਲੀ ਹੀਰ ਸਲੇਟੀ ਮਰਦੀ, ਬੋਲੇ ਮਾਹੀ ਮਾਹੀ ਕਰਦੀ,
ਕੋਈ ਨਾ ਮਿਲਦਾ ਦਿਲ ਦਾ ਦਰਦੀ, ਮੈਂ ਮਿਲਸਾਂ ਰਾਂਝਣ ਯਾਰ।
ਜੁੰਮੇ ਦੀ ਹੋਰੋ ਹੋਰ ਬਹਾਰ।
ਬੁੱਲ੍ਹਾ ਭੁੱਲਾ ਨਮਾਜ਼ ਦੁਗਾਨਾ, ਜਦ ਦਾ ਸੁਣਿਆਂ ਤਾਨ ਤਰਾਨਾ,
ਅਕਲ ਕਹੇ ਮੈਂ ਜ਼ਰਾ ਨਾ ਮਾਨਾ, ਇਸ਼ਕ ਕੂਕੇਂਦਾ ਤਾਰੋ ਤਾਰ।
ਜੁੰਮੇ ਦੀ ਹੋਰੋ ਹੋਰ ਬਹਾਰ।