੫੦
ਵਹਦਤ ਦੇ ਦਰਿਆ ਦਸੇਂਦੇ, ਮੇਰੀ ਵਹਦਤ ਕਿਤ ਵਲ ਧਾਈ।
ਮੁਰਸ਼ਦ ਕਾਮਿਲ ਪਾਰ ਲੰਘਾਇਆ , ਬਾਝ ਤੁਲ੍ਹੇ ਸਰਨਾਹੀ ।
੫੧
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ ।
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ ।
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ ।
ਸੀਹਰਫ਼ੀਆਂ
ਪਹਿਲੀ ਸੀਹਰਫ਼ੀ
ਲਾਗੀ ਰੇ ਲਾਗੀ ਬਲ ਬਲ ਜਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਅਲਫ਼-
ਅੱਲ੍ਹਾ ਜਿਸ ਦਿਲ ਪਰ ਹੋਵੇ, ਮੂੰਹ ਜ਼ਰਦੀ ਅੱਖੀਂ ਲਹੂ ਭਰ ਰੋਵੇ,
ਜੀਵਨ ਆਪਣੇ ਤੋਂ ਹੱਥ ਧੋਵੇ, ਜਿਸ ਨੂੰ ਬਿਰਹੋਂ ਅੱਗ ਲਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਬੇ-
ਬਾਲਣ ਮੈਂ ਤੇਰਾ ਹੋਈ, ਇਸ਼ਕ ਨਜ਼ਾਰੇ ਆਣ ਵਗੋਈ,
ਰੋਂਦੇ ਨੈਣ ਨਾ ਲੈਂਦੇ ਢੋਈ, ਲੂਣ ਫੱਟਾਂ ਤੇ ਕੀਕਰ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੇ-
ਤੇਰੇ ਸੰਗ ਪ੍ਰੀਤ ਲਗਾਈ, ਜੀਊ ਜਾਮੇ ਦੀ ਕੀਤੀ ਸਾਈ,
ਮੈਂ ਬਕਰੀ ਤੁਧ ਕੋਲ ਕਸਾਈ, ਕਟ ਕਟ ਮਾਸ ਹੱਡਾਂ ਨੂੰ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੇ-
ਸਾਬਤ ਨੇਹੁੰ ਲਾਇਆ ਮੈਨੂੰ, ਦੂਜਾ ਕੂਕ ਸੁਣਾਵਾਂ ਕੀਹਨੂੰ,
ਰਾਤ ਅੱਧੀ ਉੱਠ ਠਿਲਦੀ ਨੈਂ ਨੂੰ, ਕੂੰਜਾਂ ਵਾਂਗ ਪਈ ਕੁਰਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜੀਮ-
ਜਹਾਨੋਂ ਹੋਈ ਸਾਂ ਨਿਆਰੀ, ਲਗਾ ਨੇਹੁੰ ਤਾਂ ਹੋਏ ਭਿਖਾਰੀ,
ਨਾਲ ਸਰ੍ਹੋਂ ਦੇ ਬਣੇ ਪਸਾਰੀ, ਦੂਜਾ ਦੇ ਮਿਹਣੇ ਜੱਗ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਹੇ-
ਹੈਰਤ ਵਿਚ ਸ਼ਾਂਤ ਨਾਹੀਂ, ਜ਼ਾਹਰ ਬਾਤਨ ਮਾਰਨ ਢਾਈਂ,
ਝਾਤ ਘੱਤਣ ਨੂੰ ਲਾਵਣ ਵਾਹੀਂ, ਸੀਨੇ ਸੂਲ ਪ੍ਰੇਮ ਦੇ ਧਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਖ਼ੇ-
ਖ਼ੂਬੀ ਹੁਣ ਉਹ ਨਾ ਰਹੀਆ, ਜਬ ਕੀ ਸਾਂਗ ਕਲੇਜੇ ਸਹੀਆ,
ਆਈਂ ਨਾਲ ਪੁਕਾਰਾਂ ਕਹੀਆਂ, ਤੁਧ ਬਿਨ ਕੌਣ ਜੋ ਆਣ ਬੁਝਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਦਾਲ-
ਦੂਰੋਂ ਦੁੱਖ ਦੂਰ ਨਾ ਹੋਵੇ, ਫੱਕਰ ਫ਼ਰਾਕੋਂ ਬਹੁਤਾ ਰੋਵੇ,
ਤਨ ਭੱਠੀ ਦਿਲ ਖਿੱਲਾਂ ਧਨੋਵੇ, ਇਸ਼ਕ ਅੱਖਾਂ ਵਿਚ ਮਿਰਚਾਂ ਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ਾਲ-
ਜ਼ੌਕ ਦੁਨੀਆਂ ਤੇ ਇਤਨਾ ਕਰਨਾ, ਖ਼ੌਫ਼ ਹਸ਼ਰ ਦੇ ਥੀਂ ਡਰਨਾ,
ਚਲਣਾ ਨਬੀ ਸਾਹਿਬ ਦੇ ਸਰਨਾ, ਓੜਕ ਜਾ ਹਿਸਾਬ ਕਰਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਰੇ-
ਰੋਜ਼ ਹਸ਼ਰ ਕੋਈ ਰਹੇ ਨਾ ਖ਼ਾਲੀ, ਲੈ ਹਿਸਾਬ ਦੋ ਜੱਗ ਦਾ ਵਾਲੀ,
ਜ਼ੇਰ ਜ਼ਬਰ ਸਭ ਭੁੱਲਣ ਆਲੀ, ਤਿਸ ਦਿਨ ਹਜ਼ਰਤ ਆਪ ਛੁਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੇ-
ਜ਼ੁਹਦ ਕਮਾਈ ਚੰਗੀ ਕਰੀਏ, ਜੇਕਰ ਮਰਨ ਤੋਂ ਅੱਗੇ ਮਰੀਏ,
ਫਿਰ ਮੋਏ ਭੀ ਉਸ ਤੋਂ ਡਰੀਏ, ਮਤ ਮੋਇਆਂ ਨੂੰ ਪਕੜ ਮੰਗਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੀਨ-
ਸਾਈਂ ਬਿਨਾ ਜਾ ਨਾ ਕੋਈ, ਜਿਤ ਵਲ ਵੇਖਾਂ ਓਹੀ ਓਹੀ,
ਹੋਰ ਕਿਤੇ ਵਲ ਮਿਲੇ ਨਾ ਢੋਈ, ਮੁਰਸ਼ਦ ਮੇਰਾ ਪਾਰ ਲੰਘਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸ਼ੀਨ-
ਸ਼ਾਹ ਇਨਾਇਤ ਮੁਰਸ਼ਦ ਮੇਰਾ, ਜਿਸ ਨੇ ਕੀਤਾ ਮੈਂ ਵਲ ਫੇਰਾ,
ਰੁੱਕ ਗਿਆ ਸਭ ਝਗੜਾ ਝੇੜਾ, ਹੁਣ ਮੈਨੂੰ ਭਰਮਾਵੇ ਤਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਸੁਆਦ-
ਸਬਰ ਨਾ ਆਵੇ ਮੈਨੂੰ ਖੱਲ੍ਹੀ ਵਸਤ ਬਾਜ਼ਾਰ,
ਕਾਸਦ ਲੈ ਕੇ ਵਿਦਿਆ ਹੋਇਆ ਜਾ ਵੜਿਆ ਦਰਬਾਰ,
ਅੱਗੋਂ ਮਿਲਿਆ ਆਇ ਕੇ ਉਹਨੂੰ ਸੋਹਣਾ ਸ਼ੇਰ ਸਵਾਰ,
ਰਸਤੇ ਵਿਚ ਅੰਗੁਸ਼ਤਰੀ ਆਹੀ ਇਹ ਵੀ ਦਿਲ ਬਹਿਲਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਜ਼ੁਆਦ-
ਜ਼ਰੂਰੀ ਯਾਦ ਅੱਲ੍ਹਾ ਦੀ ਕਰੇ ਸਵਾਲ ਰਸੂਲ,
ਨੱਵੇ ਹਜ਼ਾਰ ਕਲਾਮ ਸੁਣਾਈ ਪਈ ਦਰਗਾਹ ਕਬੂਲ,
ਇਹ ਮਜਾਜ਼ੀ ਜ਼ਾਤ ਹਕੀਕੀ ਵਾਸਲ ਵਸਲ ਵਸੂਲ,
ਫ਼ਾਰਗ਼ ਹੋ ਕੇ ਹਜ਼ਰਤ ਓਥੇ ਆਵੇ ਖਾਣਾ ਖਾਵੇ।
ਇਸ ਲਾਗੀ ਕੋ ਕੌਣ ਬੁਝਾਵੇ?
ਤੋਏ-
ਤਲਬ ਦੀਦਾਰ ਦੀ ਆਹੀ ਕੀਤਾ ਕਰਮ ਸੱਤਾਰ,
ਜਲਵਾ ਫੇਰ ਇਲਾਹੀ ਦਿੱਤਾ ਹਜ਼ਰਤ ਨੂੰ ਗੱਫ਼ਾਰ,
ਹੱਥ ਨੂਰਾਨੀ ਗ਼ੈਬੋਂ ਆਵੇ ਮੁੰਦਰੀ ਦਾ ਚਮਕਾਰ,
ਬੁੱਲ੍ਹਾ ਖਲਕ ਮੁਹੰਮਦੀ ਕੀਤੋ ਤਾਂ ਇਹ ਕੀ ਕਹਾਵੇ।
ਇਸ ਲਾਗੀ ਕੋ ਕੌਣ ਬੁਝਾਵੇ?