ਦੋਹੜੇ
੧
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।
ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।
ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।
ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।
੨
ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।
ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ ।
ਓਥੋਂ ਤਾਂਹੀਂ ਆਏ ਏਥੇ , ਜਾਂ ਪਹਿਲੋਂ ਰੋਜ਼ੀ ਆਈ ।
ਬੁੱਲ੍ਹੇ ਸ਼ਾਹ ਹੈ ਆਸ਼ਕ ਉਸਦਾ, ਜਿਸ ਤਹਿਕੀਕ ਹਕੀਕਤ ਪਾਈ ।
੩
ਅਰਬਾ-ਅਨਾਸਰ ਮਹਿਲ ਬਣਾਯੋ, ਵਿਚ ਵੜ ਬੈਠਾ ਆਪੇ ।
ਆਪੇ ਕੁੜੀਆਂ ਆਪੇ ਨੀਂਗਰ, ਆਪੇ ਬਣਨਾ ਏਂ ਮਾਪੇ ।
ਆਪੇ ਮਰੇਂ ਤੇ ਆਪੇ ਜੀਵੇਂ, ਆਪੇ ਕਰੇਂ ਸਿਆਪੇ ।
ਬੁੱਲ੍ਹਿਆ ਜੋ ਕੁਝ ਕੁਦਰਤ ਰੱਬ ਦੀ, ਆਪੇ ਆਪ ਸਿੰਞਾਪੇ ।
੪
ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।
੫
ਬੁੱਲ੍ਹਾ ਕਸਰ ਨਾਮ ਕਸੂਰ ਹੈ, ਓਥੇ ਮੂੰਹੋਂ ਨਾ ਸਕਣ ਬੋਲ ।
ਓਥੇ ਸੱਚੇ ਗਰਦਨ ਮਾਰੀਏ, ਓਥੇ ਝੂਠੇ ਕਰਨ ਕਲੋਲ ।
੬
ਬੁੱਲ੍ਹੇ ਚਲ ਬਾਵਰਚੀਖਾਨੇ ਯਾਰ ਦੇ, ਜਿੱਥੇ ਕੋਹਾ ਕੋਹੀ ਹੋ ।
ਓਥੇ ਮੋਟੇ ਕੁੱਸਣ ਬੱਕਰੇ, ਤੂੰ ਲਿੱਸਾ ਮਿਲੇ ਨਾ ਢੋ ।
੭
ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ।
੮
ਬੁੱਲ੍ਹੇ ਕੋਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਅਮ ਪਕਾਈ ਦਾ ।
ਰਲ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈ ਦਾ ।
੯
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ ।
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
੧੦
ਬੁੱਲ੍ਹੇ ਸ਼ਾਹ ਉਹ ਕੌਣ ਹੈ, ਉਤਮ ਤੇਰਾ ਯਾਰ ।
ਓਸੇ ਕੇ ਹਾਥ ਕੁਰਾਨ ਹੈ, ਓਸੇ ਗਲ ਜ਼ੁੰਨਾਰ ।
੧੧
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ ।
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
੧੨
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ ।
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
੧੩
ਬੁੱਲ੍ਹਿਆ ਆਉਂਦਾ ਸਾਜਨ ਵੇਖ ਕੇ, ਜਾਂਦਾ ਮੂਲ ਨਾ ਵੇਖ ।
ਮਾਰੇ ਦਰਦ ਫਰਾਕ ਦੇ, ਬਣ ਬੈਠੇ ਬਾਹਮਣ ਸ਼ੇਖ ।
੧੪
ਬੁੱਲ੍ਹਿਆ ਚਲ ਸੁਨਿਆਰ ਦੇ, ਜਿੱਥੇ ਗਹਿਣੇ ਘੜੀਏ ਲਾਖ ।
ਸੂਰਤ ਆਪੋ ਆਪਣੀ, ਤੂੰ ਇਕੋ ਰੂਪਾ ਆਖ ।
੧੫
ਬੁੱਲ੍ਹਿਆ ਚੇਰੀ ਮੁਸਲਮਾਨ ਦੀ, ਹਿੰਦੂ ਤੋਂ ਕੁਰਬਾਨ ।
ਦੋਹਾਂ ਤੋਂ ਪਾਣੀ ਵਾਰ ਪੀ, ਜੋ ਕਰੇ ਭਗਵਾਨ ।
੧੬
ਬੁੱਲ੍ਹਿਆ ਧਰਮਸਾਲਾ ਧੜਵਾਈ ਰਹਿੰਦੇ, ਠਾਕੁਰ ਦੁਆਰੇ ਠੱਗ ।
ਵਿਚ ਮਸੀਤਾਂ ਕੁਸੱਤਈਏ ਰਹਿੰਦੇ, ਆਸ਼ਕ ਰਹਿਣ ਅਲੱਗ ।
੧੭
ਬੁੱਲ੍ਹਿਆ ਧਰਮਸਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਊੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਬਦਾਰ ਬਹਾਏ ।
ਪਕੜ ਦਰਵਾਜ਼ਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ।
੧੮
ਬੁੱਲ੍ਹਿਆ ਗ਼ੈਨ ਗ਼ਰੂਰਤ ਸਾੜ ਸੁੱਟ, ਤੇ ਮਾਣ ਖੂਹੇ ਵਿਚ ਪਾ ।
ਤਨ ਮਨ ਦੀ ਸੁਰਤ ਗਵਾ ਵੇ, ਘਰ ਆਪ ਮਿਲੇਗਾ ਆ ।
੧੯
ਬੁੱਲ੍ਹਿਆ ਹਰ ਮੰਦਰ ਮੇਂ ਆਇਕੇ, ਕਹੋ ਲੇਖਾ ਦਿਓ ਬਤਾ ।
ਪੜ੍ਹੇ ਪੰਡਿਤ ਪਾਂਧੇ ਦੂਰ ਕੀਏ, ਅਹਿਮਕ ਲੀਏ ਬੁਲਾ ।
੨੦
ਬੁੱਲ੍ਹਿਆ ਹਿਜਰਤ ਵਿਚ ਇਸਲਾਮ ਦੇ, ਮੇਰਾ ਨਿੱਤ ਹੈ ਖ਼ਾਸ ਅਰਾਮ ।
ਨਿੱਤ ਨਿੱਤ ਮਰਾਂ ਤੇ ਨਿੱਤ ਨਿੱਤ ਜੀਵਾਂ, ਮੇਰਾ ਨਿੱਤ ਨਿੱਤ ਕੂਚ ਮੁਕਾਮ ।
੨੧
ਬੁੱਲ੍ਹਿਆ ਇਸ਼ਕ ਸਜਣ ਦੇ ਆਏ ਕੇ, ਸਾਨੂੰ ਕੀਤੋ ਸੂ ਡੂਮ ।
ਉਹ ਪ੍ਰਭਾ ਅਸਾਡਾ ਸਖ਼ੀ ਹੈ, ਮੈਂ ਸੇਵਾ ਕਨੂੰ ਸੂਮ ।
੨੨
ਬੁੱਲ੍ਹਿਆ ਜੈਸੀ ਸੂਰਤ ਐਨ ਦੀ, ਤੈਸੀ ਸੂਰਤ ਗ਼ੈਨ।
ਇਕ ਨੁੱਕਤੇ ਦਾ ਫੇਰ ਹੈ , ਭੁੱਲਾ ਫਿਰੇ ਜਹਾਨ ।
੨੩
ਬੁੱਲ੍ਹਿਆ ਜੇ ਤੂੰ ਗ਼ਾਜ਼ੀ ਬਣਨੈਂ, ਲੱਕ ਬੰਨ੍ਹ ਤਲਵਾਰ।
ਪਹਿਲੋਂ ਰੰਘੜ ਮਾਰ ਕੇ , ਪਿੱਛੋਂ ਕਾਫਰ ਮਾਰ ।
੨੪
ਬੁੱਲ੍ਹਿਆ ਕਣਕ ਕੌਡੀ ਕਾਮਨੀ, ਤੀਨੋਂ ਹੀ ਤਲਵਾਰ ।
ਆਏ ਥੇ ਨਾਮ ਜਪਨ ਕੋ, ਔਰ ਵਿੱਚੇ ਲੀਤੇ ਮਾਰ ।