ਗੰਢਾਂ
ਕਹੋ ਸੁਰਤੀ ਗੱਲ ਕਾਜ ਦੀ ਮੈਂ ਗੰਢਾਂ ਕੇਤੀਆਂ ਪਾਊਂ।
ਸਾਹੇ ਤੇ ਜੰਜ ਆਵਸੀ ਹੁਣ ਚਾਲੀ ਗੰਢ ਘਤਾਊਂ।
ਬਾਬਲ ਆਖਿਆ ਆਣ ਕੇ ਤੈਂ ਸਹੁਰਿਆਂ ਘਰ ਜਾਣਾ।
ਰੀਤ ਓਥੇ ਦੀ ਔਰ ਹੈ ਮੁੜ ਪੈਰ ਨਾ ਏਥੇ ਪਾਣਾ।
ਗੰਢ ਪਹਿਲੀ ਨੂੰ ਖੋਲ੍ਹ ਕੇ ਮੈਂ ਬੈਠੀ ਬਰਲਾਵਾਂ।
ਓੜਕ ਜਾਵਣ ਜਾਵਣਾ ਹੁਣ ਮੈਂ ਦਾਜ ਰੰਗਾਵਾਂ।
ਦੇਖੂੰ ਤਰਫ਼ ਬਾਜ਼ਾਰ ਦੀ ਸਭ ਰਸਤੇ ਲਾਗੇ।
ਪੱਲੇ ਨਾਹੀਂ ਰੋਕੜੀ ਸਭ ਮੁਝ ਸੇ ਭਾਗੇ।੧।
ਦੂਜੀ ਖੋਹਲੂੰ ਕਿਆ ਕਹੂੰ ਦਿਨ ਥੋੜ੍ਹੇ ਰਹਿੰਦੇ।
ਸੂਲ ਸੱਭੇ ਰਲ ਆਂਵਦੇ ਸੀਨੇ ਵਿਚ ਬਹਿੰਦੇ।
ਝਲ ਵਲੱਲੀ ਮੈਂ ਹੋਈ ਤੰਦ ਕੱਤ ਨਾ ਜਾਣਾ।
ਜੰਜ ਇਵੇਂ ਰਲ ਆਵਸੀ ਜਿਉਂ ਚੜ੍ਹਦਾ ਠਾਣਾ।੨।