ਉੱਨੀ ਗੰਢੀਂ ਖੋਹਲੀਆਂ ਮੈਂ ਸੂਲ ਪਸਾਰਾ।
ਹੁਣ ਇਹ ਦੇਸ ਬਿਦਾਰਿਆ ਵੇਖ ਹਾਲ ਹਮਾਰਾ।
ਕਿੰਨੀ ਭੈਣੀ ਚਾਚੀਆਂ ਉੱਠ ਕੋਲੋਂ ਗਈਆਂ।
ਕੋਈ ਦੱਸ ਨਾ ਪਾਉਂਦਾ ਉਹ ਕੈਂ ਵੱਲ ਗਈਆਂ।੧੯।
ਵੀਹ ਗੰਢੀਂ ਫੋਲ ਖੋਲ੍ਹੀਆਂ ਹੁਣ ਕਿਤ ਵੱਲ ਭਾਗੂੰ।
ਲੱਗੀ ਚੇਟਕ ਔਰ ਹੈ ਸੋਊਂ ਨਾ ਜਾਗੂੰ।
ਪੰਜ ਮਹਿਮਾਨ ਸਿਰ ਉੱਤੇ ਸੋ ਪੰਜੇ ਬਾਕੀ।
ਜਿਸ ਮੁਸੀਬਤ ਇਹ ਬਣੀ ਤਿਸ ਬਖ਼ਤ ਫਰਾਕੀ।੨੦।
ਇੱਕੀ ਖੋਹਲੂੰ ਕਿਉਂ ਨਹੀਂ ਮੇਰੇ ਮਗਰ ਪਿਆਦੇ।
ਤੇਲ ਚੜ੍ਹਾਇਆ ਸੋਜ਼ ਦਾ ਅਸਾਂ ਹੋਰ ਤਕਾਦੇ।
ਜੀਵਨ ਜੀਣਾ ਸਾੜਦਾ ਮਾਇਆ ਮੂੰਹ ਪਾਏ।
ਐਸੀ ਪੁੰਨੀ ਵੇਖ ਕੇ ਉਦਾਸੀ ਆਏ।੨੧।
ਬਾਈ ਖੋਹਲੂੰ ਪਹੁੰਚ ਕੇ ਸਭ ਮੀਰਾਂ-ਮਲਕਾਂ।
ਓਹਨਾਂ ਡੇਰਾ ਕੂਚ ਹੈ ਮੈਂ ਖੋਹਲਾਂ ਪਲਕਾਂ।
ਅਪਣਾ ਰਹਿਣਾ ਕੀ ਕਰਾਂ ਕਿਹੜੇ ਬਾਗ਼ ਦੀ ਮੂਲੀ।
ਖ਼ਾਲੀ ਜਗ ਵਿਚ ਆਇਕੇ ਸੁਫ਼ਨੇ ਪਰ ਭੂਲੀ।੨੨।
ਤੇਈ ਜੇ ਕਹੂੰ ਖੋਹਲੀਆਂ ਵਿਚ ਆਪ ਸਮਾਨਾ।
ਹੱਥੋਂ ਸੱਟਾਂ ਟੋਰ ਕੇ ਕਿਵੇਂ ਵੇਖ ਪਛਾਣਾ।
ਉਲਟੀ ਫਾਹੀ ਪੈ ਗਈ ਦੂਜਾ ਸਾਥ ਪੁਕਾਰੇ।
ਪੁਰਜ਼ੇ ਪੁਰਜ਼ੇ ਮੈਂ ਹੋਈ ਦਿਲ ਪਾਰੇ ਪਾਰੇ।੨੩।