ਚੌਤੀਂ ਗੰਢੀਂ ਖੋਲ੍ਹੀਆਂ ਦਿਨ ਆਏ ਨੇੜੇ।
ਮਾਹੀ ਦੇ ਵਲ ਜਾਵਸਾਂ ਰਉਂ ਕੀਤੇ ਕਿਹੜੇ।
ਓੜਕ ਵੇਲਾ ਜਾਣ ਕੇ ਮੈਂ ਨੇਹੁੰ ਲਗਾਇਆ।
ਇਸ ਤਨ ਹੋਣਾ ਖ਼ਾਕ ਸੀ ਮੈਂ ਜਾ ਉਡਾਇਆ।੩੪।
ਬੁੱਲ੍ਹਾ ਪੈਂਤੀ ਖੋਲ੍ਹਦੀ ਸ਼ਹੁ ਨੇੜੇ ਆਏ।
ਬਦਲੇ ਏਸ ਅਜ਼ਾਬ ਦੇ ਮੱਤ ਮੁੱਖ ਦਿਖਲਾਏ।
ਅੱਗੇ ਥੋੜ੍ਹੀ ਪੀੜ ਸੀ ਨੇਹੁੰ ਕੀਤਾ ਦੀਵਾਨੀ।
ਪੀ ਗਲੀ ਅਸਾਡੀ ਆ ਵੜੇ ਤਾਂ ਹੋਗ ਅਸਾਨੀ।੩੫।
ਛੱਤੀ ਖੋਹਲੂੰ ਹੱਸ ਕੇ ਨਾਲ ਅਮਰ ਈਮਾਨੀ।
ਸੁੱਖਾਂ ਘਾਟਾ ਡਾਲਿਆ ਦੁੱਖਾਂ ਤੂਲਾਨੀ।
ਘੁੱਲੀ ਵਾ ਪ੍ਰੇਮ ਦੀ ਮਰਨੇ ਪਰ ਮਰਨੇ।
ਟੂਣੇ ਕਾਮਣ ਮੀਤ ਨੂੰ ਅਜੇ ਰਹਿੰਦੇ ਕਰਨੇ।੩੬।
ਸੈਂਤੀ ਗੰਢੀਂ ਖੋਲ੍ਹੀਆਂ ਮੈਂ ਮਹਿੰਦੀ ਲਾਈ।
ਮਲਾਇਮ ਦੇਹੀ ਮੈਂ ਕਰਾਂ ਮਤ ਗਲੇ ਲਗਾਈ।
ਉਹਾ ਘੜੀ ਸੁਲੱਖਣੀ ਜਾਂ ਮੈਂ ਵੱਲ ਆਵੇ।
ਤਾਂ ਮੈਂ ਗਾਵਾਂ ਸੋਹਿਲੇ ਜੇ ਮੈਨੂੰ ਰਾਵੇ।੩੭।
ਅਠੱਤੀ ਗੰਢੀਂ ਖੋਲ੍ਹੀਆਂ ਕੀ ਕਰਨੇ ਲੇਖੇ।
ਨਾ ਹੋਵੇ ਕਾਜ ਸੁਹਾਵਣਾ ਬਿਨ ਤੇਰੇ ਵੇਖੇ।
ਤੇਰਾ ਭੇਤ ਸੁਹਾਗ ਹੈ ਮੈਂ ਉਸ ਕਿਹ ਕਰਸਾਂ।
ਲੈਸਾਂ ਗਲੇ ਲਗਾਇਕੇ ਪਰ ਮੂਲ ਨਾ ਡਰਸਾਂ।੩੮।