ਚੰਦੀ - ਹਾਂ, ਮੈਂ ਇਹ ਮੋਟੇ ਟੁੱਕਰ ਚੱਬਦੀ ਚੱਬਦੀ ਅੱਕ ਗਈ ਆਂ ।
ਭੇਰੂ - ਭੋਲੀਏ, ਸ਼ਹਿਰ ਦੇ ਪਾਣੀਆਂ ਵਿਚ ਐਡੀ ਤਰੇਹ ਹੈ ਕਿ ਤੂੰ ਤੜਫ਼ ਤੜਫ਼ ਕੇ ਮਰ ਜਾਏਂਗੀ ।
ਚੰਦੀ - ਹਾਂ, ਮੈਂ ਤੜਫ਼ਣਾ ਚਾਹੁੰਦੀ ਆਂ । ਤੜਫ਼ਣ ਵਿਚ ਸਾਹ ਏ, ਜਾਨ ਏ ।
ਭੇਰੂ - ਨਾਲੇ ਮੌਤ ।
ਚੰਦੀ - ਹਾਂ, ਮੌਤ ਵੀ ਜ਼ਰੂਰੀ ਏ । ਏਥੇ ਨਾ ਜ਼ਿੰਦਗੀ ਏ ਨਾ ਮੌਤ ।
ਭੇਰੂ - ਤੂੰ ਇਨ੍ਹਾਂ ਸੁਹਣੀਆਂ ਚੱਟਾਨਾਂ ਨੂੰ ਛੱਡ ਕੇ ਕਿਵੇਂ ਜਾਏਂਗੀ ?
ਚੰਦੀ - ਇਨ੍ਹਾਂ ਦੀਆਂ ਨੋਕਾਂ ਮੈਨੂੰ ਚੁਭਦੀਆਂ ਹਨ ।
ਭੇਰੂ - ਤੇ ਇਹ ਚਿੱਟੀ ਚਿੱਟੀ ਬਰਫ਼ ?
ਚੰਦੀ - ਸੱਖਣੀਆਂ ਅੱਖਾਂ ਵਾਂਗ, ਜਿਨ੍ਹਾਂ ਦੀ ਤੱਕਣੀ ਵਕਤ ਦੇ ਖ਼ਲਾ ਵਿਚ ਝਾਕਦੇ ਝਾਕਦੇ ਮਿਟ ਚੁੱਕੀ ਹੋਵੇ ।
ਭੇਰੂ - ਤੂੰ ਤਾਂ ਪਾਗਲ ਏਂ ।
ਚੰਦੀ - ਇਸ ਵਾਦੀ ਨੇ ਮੈਨੂੰ ਇਕ ਸਫ਼ੈਦ ਜਾਲ ਵਾਂਗ ਨੂੜ ਰੱਖਿਆ ਐ।
ਭੇਰੂ - ਪਰਬਤ ਨੂੰ ਏਸ ਤਰ੍ਹਾਂ ਆਖਦੀ ਏਂ ?
ਚੰਦੀ - ਹਾਂ !
ਭੇਰੂ - ਤੂੰ ਇਨ੍ਹਾਂ ਪਰਬਤਾਂ ਦੀ ਬਰਫ਼ ਪੀਤੀ ਏ । ਮੇਰੇ ਕੋਲ ਰਹਿ, ਮੈਂ ਤੈਨੂੰ ਤਾਰਿਆਂ ਦੀ ਲੋਅ ਹੇਠ ਬੰਸਰੀ ਸੁਣਾਇਆ ਕਰਾਂਗਾ ।
ਚੰਦੀ - ਤਾਰਿਆਂ ਦੀ ਠੰਢ ਤੇ ਬਰਫ਼ ਦੀ ਸੀਤ ਛੋਹ ਨਾਲ ਮੇਰੇ ਸੁਫ਼ਨੇ ਕੁੰਗੜੇ ਪਏ ਨੇ । ਏਸ ਪਰਬਤ ਤੋਂ ਪਾਰ ਸ਼ਹਿਰ ਹੈ ਜਿੱਥੋਂ ਦਾ ਨੀਲਾ ਅੰਬਰ ਧਰਤੀ ਉਤੇ ਉਲਰਿਆ ਪਿਆ ਏ । ਜੇ ਮੈਂ ਕਿਤੇ ਜਾ ਸਕਦੀ । ਮੈਂ ਵਕਤ ਦੀ ਇਸ ਦਲਦਲ ਵਿਚ ਫਸੀ ਹੋਈ ਹੰਭ ਗਈ ਆਂ । ਇਥੇ ਪਲ ਤੇ ਘੜੀਆਂ ਸਮੇਂ ਦੀ