ਚੰਦੀ - ਜਿੱਥੇ ਉਚੀਆਂ ਟੀਸੀਆਂ ਵਾਲੇ ਸੁਨਹਿਰੀ ਕਲਸ ਹਨ, ਅਤੇ ਗੋਲ ਗੋਲ ਥਮਲੇ ਜਿਨ੍ਹਾਂ ਉਤੇ ਹਜ਼ਾਰਾਂ ਰੰਗਾਂ ਦੀਆਂ ਲੀਕਾਂ ਹਨ ?
ਨੌਜੁਆਨ - ਹਾਂ ।
ਚੰਦੀ - ਕਈ ਵਾਰ ਮੈਂ ਸੋਚਿਆ ਏ ਕਿ ਮੈਂ ਕਿਸੇ ਵਡੇ ਸ਼ਹਿਰ ਜਾਵਾਂ ਜਿੱਥੇ ਉਹ ਸਭ ਕੁਝ ਹੈ ਜਿਸ ਦਾ ਦੂਰੋਂ ਦੂਰੋਂ ਆਉਣ ਵਾਲੇ ਪਾਂਧੀ ਚਰਚਾ ਕਰਦੇ ਨੇ ।
ਨੌਜੁਆਨ - ਤੂੰ ਜਾਵੇਂਗੀ ?
ਚੰਦੀ - ਹਾਂ । ਪਰ ਮੈਨੂੰ ਡਰ ਲਗਦਾ ਹੈ ।
ਨੌਜੁਆਨ - ਕਿਉਂ ?
ਚੰਦੀ - ਮੈਂ ਸੁਣਿਆ ਹੈ ਓਥੇ ਰਾਤ ਨੂੰ ਬਰਫ਼ ਦਾ ਚਾਨਣਾ ਨਹੀਂ ਹੁੰਦਾ।
ਨੌਜੁਆਨ - ਨਹੀਂ, ਪਰ ਉਥੇ ਬਿਜਲੀ ਦੇ ਲਾਟੂ ਬਲਦੇ ਨੇ ਜਿਨ੍ਹਾਂ ਨਾਲ ਸੜਕਾਂ ਲਿਸ਼ਕ ਉਠਦੀਆਂ ਹਨ ।
ਚੰਦੀ - ਮੇਰੀਆਂ ਅੱਖਾਂ ਚੁੰਧਿਆ ਜਾਣਗੀਆਂ ।
ਨੌਜੁਆਨ - ਨਹੀਂ, ਉਸ ਚਾਨਣੇ ਦੀ ਚਿਲਕੋਰ ਨਹੀਂ ਪੈਂਦੀ ।
ਚੰਦੀ - ਕੀ ਉਥੇ ਬਰਫ਼ਾਂ ਉਤੇ ਤਾਰਿਆਂ ਦੀ ਲੋਅ ਪਲਮਦੀ ਏ ?
ਨੌਜੁਆਨ - ਉਥੇ ਹਰ ਰੰਗ ਦੀ ਲੋਅ ਏ । ਬਾਜ਼ਾਰ ਤੇ ਦੁਕਾਨਾਂ ਤੇ ਉਚੇ ਸਫ਼ੈਦ ਘਰ ਜਿਵੇਂ ਬਰਫ਼ ਦੇ ਤੋਦੇ ਹੋਣ ।
ਚੰਦੀ - ਪਰ ਬਾਪੂ ਨੇ ਮੈਨੂੰ ਜਾਣ ਨਹੀਂ ਦੇਣਾ ।
ਨੌਜੁਆਨ - ਕਿਉਂ ?
ਚੰਦੀ - ਬਰਫ਼ ਦਾ ਦਿਉਤਾ ਨਾਰਾਜ਼ ਹੋ ਜਾਏਗਾ (ਕੁਝ ਸੋਚਦੇ ਹੋਏ) ਬਹੁਤ ਸਾਰੇ ਪਾਂਧੀ ਲਾਰਜੀ ਦੀ ਟੀਸੀ ਉਤੇ ਚੜ੍ਹਨ ਲਈ ਆਏ ਪਰ......