ਕੁਦਰਤੀ ਖੇਤੀ
ਮੁੱਖ ਨੁਕਤੇ
ਸਹਿਯੋਗ:
ਇੰਡੀਅਨ ਸ਼ੋਸ਼ਲ ਐਕਸ਼ਨ ਫੋਰਮ (INSAF) ਦਿੱਲੀ
ਜ਼ਹਿਰੀਲੀ ਖੇਤੀ ਦੇ ਮਾੜੇ ਅਸਰਾਂ ਕਰਕੇ ਸਾਡੀ ਰੋਗ ਪ੍ਰਤੀਰੋਧੀ ਤਾਕਤ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਕਾਰਨ ਸਾਨੂੰ ਅਨੇਕਾਂ ਪ੍ਰਕਾਰ ਦੇ ਰੋਗ ਅਸਾਨੀ ਨਾਲ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਵੇਂ ਵਾਰ-ਵਾਰ ਜ਼ੁਕਾਮ ਲੱਗਣਾ, ਵਾਇਰਲ ਬੁਖ਼ਾਰ ਹੋਣਾ, ਕਾਲਾ ਪੀਲੀਆ ( ਹੈਪੇਟਾਈਟਸ ਬੀ, ਸੀ, ਈ), ਛੋਟੀ ਮਾਤਾ, ਜਨੇਊ, ਡੇਂਗੂ, ਚਿਕਨ ਗੁਣੀਆਂ, ਫਲੂ, ਦਿਮਾਗੀ ਬੁਖ਼ਾਰ, ਚਮੜੀ ਦੀਆਂ ਅਨੇਕਾਂ ਬਿਮਾਰੀਆਂ ਏਡਜ਼ ਅਤੇ ਭਾਂਤ-ਭਾਂਤ ਕਿੰਨੀਆਂ ਹੀ ਹੋਰ ਇਨਫੈਕਸ਼ਨਾਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਤੀਬਰਤਾ ਨਾਲ ਅਤੇ ਵੱਡੇ ਪੱਧਰ 'ਤੇ ਆਪਣਾ ਅਸਰ ਵਿਖਾ ਰਹੀਆਂ ਹਨ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਵਿੱਚ ਵੀ ਸਰੀਰ ਦੀ ਕਮਜ਼ੋਰ ਰੱਖਿਆ ਪ੍ਰਣਾਲੀ ਦਾ ਵੱਡਾ ਯੋਗਦਾਨ ਹੈ। ਕੁੱਝ ਲੋਕਾਂ ਵਿੱਚ ਰੋਗ ਪ੍ਰਤੀਰੋਧੀ ਸ਼ਕਤੀ ਦੇ ਸਹੀ ਕੰਮ ਨਾ ਕਰਨ ਕਾਰਨ ਕੁੱਝ ਵਾਇਰਸ ਸਰੀਰ 'ਤੇ ਭਾਰੂ ਹੋ ਜਾਂਦੇ ਹਨ ਜਿਹਨਾਂ ਕਰਕੇ ਕੈਂਸਰ ਹੋ ਜਾਂਦਾ ਹੈ। ਇਹ ਵਿਗਿਆਨਿਕ ਸੱਚ ਹੈ ਕਿ ਕੈਂਸਰ ਸੈੱਲ ਅਕਸਰ ਹੀ ਸਰੀਰ ਵਿੱਚ ਬਣਦੇ ਰਹਿੰਦੇ ਹਨ। ਜੇਕਰ ਸਰੀਰ ਦੀ ਰੱਖਿਆ ਪ੍ਰਣਾਲੀ ਮਜਬੂਤ ਹੋਵੇ ਤਾਂ ਇਹ ਕੈਂਸਰ ਸੈੱਲਾਂ ਨੂੰ ਬਿਮਾਰੀ ਦਾ ਰੂਪ ਧਾਰਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ।
ਸਾਡੇ ਜਨਣ ਅੰਗਾਂ ਪ੍ਰਜਨਣ ਕਿਰਿਆ ਅਤੇ ਬੱਚੇ ਦਾ ਸਰੀਰ ਮਾਂ ਦੇ ਪੇਟ ਵਿੱਚ ਹੀ ਬਹੁਤ ਸੋਹਲ ਹੁੰਦੇ ਹਨ। ਇਸ ਕਾਰਨ ਇਹਨਾਂ ਉੱਤੇ ਹੀ ਜ਼ਹਿਰਾਂ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ ਹੈ। 9-10 ਸਾਲ ਦੀਆਂ ਬੱਚੀਆਂ ਨੂੰ ਮਾਹਵਾਰੀ ਸ਼ੁਰੂ ਹੋਣਾ ਜਾਂ ਛਾਤੀ ਦੀਆਂ ਗੱਠਾਂ ਬਣਨਾ, ਮੁੰਡਿਆਂ ਵਿੱਚ ਜਵਾਨੀ ਦੀ ਆਮਦ ਲੇਟ ਹੋਣੀ, ਔਰਤਾਂ ਵਿੱਚ ਮਾਹਵਾਰੀ ਸਬੰਧੀ ਸਮੱਸਿਆਵਾਂ ਦਾ ਵਧਣਾ, ਅੰਡਕੋਸ਼ਾਂ ਜਾਂ ਬੱਚੇਦਾਨੀ ਦੀਆਂ ਗੱਠਾਂ-ਰਸੌਲੀਆਂ ਦਾ ਵਧਣਾ, ਬੇਔਲਾਦ ਜੋੜਿਆਂ ਦੀ ਗਿਣਤੀ ਵਿੱਚ ਕਈ ਗੁਣਾਂ ਦਾ ਵਾਧਾ, ਗਰਭ ਡਿੱਗ ਜਾਣਾ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਜਾਣਾ, ਮਰੇ ਹੋਏ ਬੱਚੇ ਪੈਦਾ ਹੋਣਾਂ ਜਾਂ ਜੰਮਣ ਉਪਰੰਤ ਕੁੱਝ ਹੀ ਸਮੇਂ ਬਾਅਦ ਮਰ ਜਾਣਾ, ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘਟਣਾ ਇਹ ਸਾਰੀਆਂ ਅਲਾਮਤਾਂ ਪਿਛਲੇ ਵੀਹਾਂ-ਤੀਹਾਂ ਦੌਰਾਨ ਹੀ ਕਈ ਗੁਣਾਂ ਵਧ ਗਈਆਂ ਹਨ।
ਅੱਜ ਪੰਜਾਬ ਦੇ ਹਰੇਕ ਪਿੰਡ 5 ਤੋਂ 20 ਜੋੜੇ ਬੇਔਲਾਦ ਪਾਏ ਜਾ ਰਹੇ ਹਨ। ਇੰਨੇ ਕੁ ਹੀ ਅਜਿਹੇ ਜੋੜੇ ਵੀ ਹਨ ਜਿਹਨਾਂ ਨੂੰ ਵੱਡੇ-ਵੱਡੇ ਡਾਕਟਰਾਂ ਤੋਂ ਮਹਿੰਗੇ-ਮਹਿੰਗੇ ਇਲਾਜ਼ ਕਰਵਾ ਕੇ ਹੀ ਔਲਾਦ ਦਾ ਸੁਖ ਨਸੀਬ ਹੋਇਆ ਹੈ। ਲਗਪਗ 20 ਤੋਂ 50 ਫੀਸਦੀ ਔਰਤਾਂ ਵਿੱਚ ਬੱਚਾ ਠਹਿਰਣ ਉਪਰੰਤ ਗਰਭਪਾਤ ਹੋ ਜਾਂਦਾ ਹੈ।
ਕੁਦਰਤੀ ਖੇਤੀ : ਮੁੱਖ ਨੁਕਤੇ
- ਕਿਸੇ ਵੀ ਫਸਲ ਦਾ ਨਾੜ ਨਹੀਂ ਸਾੜਨਾ, ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿੱਚ ਹੀ ਵਾਹ ਦਿਓ।
- ਸਮੇਂ-ਸਮੇਂ ਹਰੇਕ ਖੇਤ ਵਿੱਚ ਹਰੀ ਖਾਦ ਬਣਾ ਕੇ ਵਾਹੋ।
- ਕੁਦਰਤੀ ਖੇਤੀ ਸ਼ੁਰੂ ਕਰਦੇ ਸਮੇਂ ਪ੍ਰਤੀ ਏਕੜ 6-8 ਟਰਾਲੀਆਂ ਰੂੜੀ ਦੀ ਖਾਦ ਪਾਓ।
- ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਘੱਟੋ-ਘੱਟ 2 ਕੁਇੰਟਲ ਗੁੜ ਜਲ ਅੰਮ੍ਰਿਤ ਕੰਪੋਸਟ ਪਾਓ।
- ਬਿਜਾਈ ਤੋਂ 2 ਘੰਟੇ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਬੀਜ ਅੰਮ੍ਰਿਤ ਲਾ ਕੇ ਛਾਂਵੇਂ ਸੁਕਾ ਲਵੋ ।
- ਮੁੱਖ ਫਸਲ ਨਾਲ ਉਸਦੀਆਂ ਸਹਿਜੀਵੀ ਫਸਲਾਂ ਜ਼ਰੂਰ ਬੀਜੋ। ਜਿਵੇਂ ਕਣਕ ਵਿੱਚ ਛੋਲੇ, ਸਰੋਂ ਆਦਿ ਅਤੇ ਨਰਮੇ ਵਿੱਚ ਮੋਠ, ਬੌਣੇ ਚੌਲੇ (ਰਵਾਂ), ਦੇਸੀ ਟਿੰਡੋ, ਖੱਖੜੀਆਂ ਆਦਿ।
- ਮੁੱਖ ਫਸਲ ਦੇ ਚਾਰੇ ਪਾਸੇ ਉਸ ਤੋਂ ਲੰਬੇ ਕੱਦ ਦੀ ਫਸਲ ਦੇ ਘੱਟੋ-ਘੱਟ ਤਿੰਨ ਸਿਆੜ ਬਾਰਡਰ ਫਸਲ ਦੇ ਤੌਰ 'ਤੇ ਬੀਜੋ । -
- ਮੁੱਖ ਫਸਲ ਨਾਲ ਘੱਟ ਮਾਤਰਾ ਵਿੱਚ ਅਜਿਹੀਆਂ ਫਸਲਾਂ ਬੀਜੋ ਜਿਹੜੀਆਂ ਹਾਨੀਕਾਰਕ ਕੀਟਾਂ ਲਈ ਜਾਲ ਅਤੇ ਲਾਭਕਾਰੀ ਕੀਟਾਂ ਲਈ ਸੱਦਾ ਪੱਤਰ ਦਾ ਕੰਮ ਕਰਨ। ਜਿਵੇਂ ਕਿ ਧਨੀਆਂ, ਮੇਥੇ ਅਤੇ ਸਰੋਂ
ਕਣਕ ਵਿੱਚ ਅਤੇ ਅਰਿੰਡ, ਮੱਕੀ, ਭਿੰਡੀ ਅਤੇ ਚੌਲੇ (ਰਵਾਂ) ਨਰਮੇ ਵਿੱਚ।
- ਕੁਦਰਤੀ ਖੇਤੀ ਵਿੱਚ ਫਸਲਾਂ ਨੂੰ ਪਾਣੀ ਸਿਰਫ ਤਿੰਨ ਜਾਂ ਚਾਰ ਵਾਰ ਹੀ ਦਿਓ।
- ਪ੍ਰਤੀ ਏਕੜ ਘੱਟੋ-ਘੱਟ 6 ਕਿਆਰੇ ਪਾਓ ਤਾਂ ਕਿ ਫਸਲ ਨੂੰ ਪਾਣੀ ਪਤਲਾ ਅਤੇ ਲੋੜ ਮੁਤਾਬਿਕ ਹੀ ਲੱਗੇ।
- ਹਰ ਪਾਣੀ ਨਾਲ ਪ੍ਰਤੀ ਏਕੜ ਇੱਕ ਡਰੰਮ ਗੁੜ ਜਲ ਅੰਮ੍ਰਿਤ ਫਸਲ ਨੂੰ ਦਿਉ।
- ਫਸਲ ਉੱਤੇ ਘੱਟੋ-ਘੱਟ ਚਾਰ ਵਾਰ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕਰੋ।
- ਦੋਧੇ ਦੀ ਸਟੇਜ 'ਤੇ ਘੱਟੋ-ਘੱਟ 2 ਵਾਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਜ਼ਰੂਰ ਕਰੋ। ਝਾੜ ਵਿੱਚ 10 ਤੋਂ 20 ਫੀਸਦਾ ਦਾ ਵਾਧਾ ਹੋ ਜਾਵੇਗਾ।
- ਉੱਲੀ ਰੋਗਾਂ ਨੂੰ ਖਤਮ ਕਰਨ ਲਈ ਪ੍ਰਤੀ ਪੰਪ 1.5 ਲਿਟਰ 15 ਦਿਨ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰੋ।
- ਫਸਲ 'ਤੇ ਠੂਠੀ ਰੋਗ (ਵਾਇਰਲ ਅਟੈਕ) ਆ ਜਾਵੇ ਤਾਂ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਛਿੜਕੋ।
- ਕੀਟਨਾਸ਼ਕ ਮੁਕਤ ਕੀਟ ਪ੍ਰਬੰਧ ਰਾਹੀਂ ਕੀਤੇ ਕਾਬੂ ਕਰਨ 'ਤੇ ਵਧੇਰੇ ਜ਼ੋਰ ਦਿਓ।
- ਲਾਭਕਾਰੀ ਅਤੇ ਹਾਨੀਕਾਰਕ ਕੀੜਿਆਂ ਦੀ ਪਛਾਣ ਕਰੋ ।
- ਜੇ ਲੋੜ ਪਵੇ ਤਾਂ ਰਸ ਚੂਸਕ ਕੀੜਿਆਂ ਲਈ ਇੱਕ ਮਹੀਨਾ ਪੁਰਾਣੀ ਖੱਟੀ ਲੱਸੀ ਜਾਂ ਨਿੰਮ੍ਹ ਅਸਤਰ ਦੀ ਵਰਤੋਂ ਕਰੋ। ਪੱਤੇ ਖਾਣ ਵਾਲੀਆਂ ਸੁੰਡੀਆਂ ਲਈ 2 ਮਹੀਨੇ ਪੁਰਾਣੀ ਖੱਟੀ ਲੱਸੀ ਜਾਂ ਬ੍ਰਹਮ ਅਸਤਰ ਦੀ ਵਰਤੋਂ ਕਰੋ। ਟੀਂਡੇ ਦੀਆਂ ਅਤੇ ਤਣਾ ਛੇਦਕ ਸੁੰਡੀਆਂ ਲਈ ਲਸਣ ਮਿਰਚ ਦੇ ਘੋਲ ਦੀ ਵਰਤੋਂ ਕਰੋ।
- ਖੇਤਾਂ ਵਿੱਚ ਪੰਛੀਆਂ ਦੀ ਆਮਦ ਯਕੀਨੀ ਬਣਾਓ। ਇਸ ਕੰਮ ਲਈ ਖੇਤ ਵਿੱਚ ਥਾਂ-ਥਾਂ 'ਤੇ ਰੋਟੀ ਦੇ ਟੁਕੜੇ ਅਤੇ ਸੇਲਾ ਚੌਲ ਆਦਿ ਦੀ ਚੋਗ ਖਿੰਡਾਓ, ਮਿੱਟੀ ਦੇ ਬਰਤਨਾਂ ਵਿੱਚ ਉਹਨਾਂ ਲਈ ਪਾਣੀ ਵੀ ਜ਼ਰੂਰ ਰੱਖੋ ।
- ਖੇਤਾਂ ਵਿੱਚ ਪੰਛੀਆਂ ਦੇ ਬੈਠਣ ਲਈ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਉੱਚੇ ਟੀ ਅਕਾਰ ਦੇ ਡੰਡੇ ਹਰ ਹੀਲੇ ਗੱਡੋ।
ਕੁਦਰਤੀ ਖੇਤੀ ਤਹਿਤ ਭੂਮੀ ਪ੍ਰਬੰਧਨ
1. ਰੂੜੀ ਦੀ ਖਾਦ: ਰੂੜੀ ਦੀ ਖਾਦ ਬਹੁਤ ਵਧੀਆ ਕਿਸਮ ਦਾ ਜੈਵਿਕ ਮਾਦਾ ਹੈ। ਇਹ ਜਿੱਥੇ ਇੱਕ ਪਾਸੇ ਭੂਮੀ ਦੀ ਪਾਣੀ ਸੋਖਣ ਦੀ ਸ਼ਕਤੀ ਵਿੱਚ ਵਾਧਾ ਕਰਦੀ ਹੈ ਉੱਥੇ ਹੀ ਭੂਮੀ ਵਿਚਲੇ ਸੂਖਮ ਜੀਵਾਂ ਅਤੇ ਫਸਲ ਲਈ ਭਰਪੂਰ ਖ਼ੁਰਾਕ ਵੀ ਉਪਲਭਧ ਕਰਵਾਉਂਦੀ ਹੈ। ਸੋ ਕੁਦਰਤੀ ਖੇਤੀ ਸ਼ੁਰੂ ਕਰਦੇ ਸਮੇਂ ਅਤੇ ਫਿਰ ਹਰੇਕ ਤਿੰਨ ਸਾਲ ਬਾਅਦ ਖੇਤ ਵਿੱਚ ਪ੍ਰਤੀ ਏਕੜ 6 ਤੋਂ 8 ਟਰਾਲੀਆਂ ਰੂੜੀ ਦੀ ਖਾਦ ਜ਼ਰੂਰ ਪਾਓ।
2. ਰੁੱਖ: ਰੁੱਖ ਭੂਮੀ ਦੀ ਉਪਜਾਊ ਸ਼ਕਤੀ ਬਰਕਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਰੁੱਖਾਂ ਦੀਆਂ ਜੜ੍ਹਾਂ ਧਰਤੀ ਵਿੱਚ ਬਹੁਤ ਡੂੰਘੀਆਂ ਜਾਂਦੀਆਂ ਹਨ । ਇਹ ਪੋਸ਼ਕ ਤੱਤਾਂ ਨੂੰ ਬਹੁਤ ਗਹਿਰਾਈ ਤੋਂ ਖਿੱਚ ਕੇ ਭੂਮੀ ਦੀ ਉਤਲੀ ਸਤ੍ਹਾ 'ਤੇ ਲਿਆਉਣ ਦਾ ਅਦਭੁਤ ਕੰਮ ਕਰਦੇ ਹਨ। ਖੇਤ ਵਿੱਚ ਡਿੱਗ ਰੁੱਖਾਂ ਦੇ ਪੱਤੇ ਉੱਚ ਕੋਟੀ ਦੀ ਕੁਦਰਤੀ ਖਾਦ ਦੇ ਰੂਪ ਵਿੱਚ ਸਾਡੀਆਂ ਫਸਲਾਂ ਨੂੰ ਪ੍ਰਾਪਤ ਹੁੰਦੇ ਹਨ। ਸੁਹੰਜਣੇ ਅਤੇ ਜੰਡ ਵਰਗੇ ਰੁੱਖ ਭੂਮੀ ਵਿੱਚ ਕੁਦਰਤੀ ਨਾਈਰੋਜ਼ਨ ਵੀ ਜਮ੍ਹਾਂ ਕਰਦੇ ਹਨ। ਇੰਨਾ ਹੀ ਨਹੀਂ ਰੁੱਖਾਂ ਉੱਤੇ ਵਾਸ ਕਰਨ ਵਾਲੇ ਪੰਛੀ ਖੇਤ ਵਿੱਚ ਵਿੱਠਾਂ ਕਰਨ ਦੇ ਨਾਲ-ਨਾਲ ਫਸਲਾਂ 'ਤੇ ਹਮਲਾ ਕਰਨ ਵਾਲੇ ਕੀਟ ਪਤੰਗਿਆਂ ਨੂੰ ਵੀ ਖਾਂਦੇ ਹਨ । ਸੋ ਪ੍ਰਤੀ ਏਕੜ ਘੱਟੋ-ਘੱਟ 5 ਰੁੱਖ ਜ਼ਰੂਰ ਲਗਾਓ।
3. ਪਾਥੀਆਂ ਅਤੇ ਲੱਕੜੀ ਦੀ ਰਾਖ: ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਪ੍ਰਤੀ ਏਕੜ 40 ਕਿੱਲੋਂ ਪਾਥੀਆਂ ਅਤੇ ਲੱਕੜੀ ਦੀ ਰਾਖ ਪਾਓ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ ਸਮੇਤ ਫਸਲ ਲਈ ਲੋੜੀਂਦੇ ਲੋਹਾ, ਤਾਂਬਾ, ਜਿੰਕ, ਮੈਗਨੀਜ ਵਰਗੇ 30 ਤੋਂ ਵੀ ਵੱਧ ਕਿਸਮਾਂ ਦੇ ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।
4. ਫਸਲਾਂ ਦੀ ਰਹਿੰਦ ਖੂੰਹਦ: ਕਣਕ ਝੋਨੇ ਸਮੇਤ ਹਰੇਕ ਫਸਲ ਦੀ ਰਹਿੰਦ-ਖੂੰਹਦ ਸਾਨੂੰ ਕੁਦਰਤ ਵੱਲੋਂ ਬਖ਼ਸ਼ੀ ਗਈ ਅਨਮੋਲ ਦਾਤ ਹੈ। ਇਸ ਵਿੱਚ ਫਸਲ ਦੁਆਰਾ ਭੂਮੀ, ਪਾਣੀ ਅਤੇ ਵਾਤਾਵਰਨ 'ਚੋਂ ਲਏ ਗਏ ਅਨੇਕਾਂ ਛੋਟੇ ਅਤੇ ਵੱਡੇ ਪੋਸ਼ਕ ਤੱਤ ਸਮਾਏ ਹੁੰਦੇ ਹਨ। ਸੋ ਕਿਸੇ ਵੀ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਇਸਨੂੰ ਵਾਪਸ ਖੇਤ ਵਿੱਚ ਮਿਲਾਉਣ ਦਾ ਹੀਲਾ ਕਰੋ।
5. ਗੁੜ ਜਲ ਅੰਮ੍ਰਿਤ: ਗੁੜ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ। ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜ਼ਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਦੇਸੀ ਗਾਂ /ਮੱਝ ਦਾ ਤਾਜਾ ਗੋਹਾ 60 ਕਿੱਲੋ
ਪੁਰਾਣਾ ਗੁੜ 03 ਕਿੱਲੋ
ਬੇਸਣ 01 ਕਿੱਲੋ
ਸਰੋਂ ਦਾ ਤੇਲ 200 ਗ੍ਰਾਮ
ਪਾਣੀ 150 ਲਿਟਰ
ਵਿਧੀ: ਸਭ ਤੋਂ ਪਹਿਲਾਂ 3-4 ਕਿੱਲੋ ਗੋਹੇ ਵਿੱਚ ਦੋਹਾਂ ਹੱਥਾਂ ਨਾਲ ਮਲਦੇ ਹੋਏ ਸਰੋਂ ਦਾ ਤੇਲ ਅਤੇ ਬੇਸਣ ਚੰਗੀ ਤਰਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨੂੰ ਬਾਕੀ ਦੇ ਗੋਹੇ ਵਿੱਚ ਮਿਲਾ ਕੇ ਗੁੜ ਸਮੇਤ 150 ਲਿਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਨੂੰ ਖੱਦਰ ਦੀ ਬੋਰੀ ਨਾਲ ਨੂੰ ਢੱਕ ਕੇ ਛਾਂਵੇਂ ਰੱਖ ਦਿਓ। 48 ਘੰਟਿਆਂ 'ਚ ਗੁੜ ਜਲ ਅੰਮ੍ਰਿਤ ਤਿਆਰ ਹੋ ਜਾਵੇਗਾ।
6. ਗੁੜਜਲ ਅੰਮ੍ਰਿਤ ਕੰਪੋਸਟ-
ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖ਼ੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ.ਏ.ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ। ਗੁੜ ਜਲ ਅੰਮ੍ਰਿਤ ਕਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਗੁੜ ਜਲ ਅੰਮ੍ਰਿਤ ਇੱਕ ਡਰੰਮ
ਖੁਸ਼ਕ ਰੂੜੀ 10 ਕੁਇੰਟਲ
ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਚੀ ਰੂੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਖੇਤ ਵਿੱਚ ਪ੍ਰਤੀ ਏਕੜ 50 ਕਿੱਲੋ ਗੁੜ ਜਲ ਅੰਮ੍ਰਿਤ ਦਾ ਛਿੱਟਾ ਦਿਓ। ਭਰਪੂਰ ਫਾਇਦਾ ਹੋਵੇਗਾ।
ਵਾਫਸਾ: ਜ਼ਮੀਨ ਵਿੱਚ 50 ਫੀਸਦੀ ਨਮੀ ਅਤੇ ਇੰਨੀ ਹੀ ਮਾਤਰਾ ਵਿੱਚ ਹਵਾ ਦਾ ਮੌਜੂਦ ਹੋਣਾ ਵਾਫਸਾ ਕਹਾਉਂਦਾ ਹੈ। ਸੋ ਭੂਮੀ ਵਿੱਚ ਵਾਫਸਾ ਬਣਾਈ ਰੱਖਣ ਲਈ ਜ਼ਮੀਨ ਨੂੰ ਢੱਕ ਕੇ ਰੱਖਣਾ ਅਤੇ ਫਸਲ ਨੂੰ ਲੋੜ ਮੁਤਾਬਿਕ ਪਰੰਤੂ ਪਤਲਾ ਪਾਣੀ ਲੱਗੇ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਕਰਨ ਨਾਲ ਭੂਮੀ ਵਿੱਚ ਉਪਯੋਗੀ ਜੀਵਾਣੂਆਂ ਦੀ ਲੋੜੀਂਦੀ ਮਿਕਦਾਰ ਲਗਾਤਰ ਬਰਕਰਾਰ ਰਹਿੰਦੀ ਹੈ ਅਤੇ ਫਸਲ ਦੇ ਵਾਧੇ ਅਤੇ ਵਿਕਾਸ ਲਈ ਲੋੜੀਂਦੇ ਸੂਖਮ ਪੋਸ਼ਕ ਤੱਤ ਵੀ ਭੂਮੀ ਦੀ ਉਤਲੀ ਸਤ੍ਹਾ ਵਿੱਚ ਉਪਲਭਧ ਰਹਿੰਦੇ ਹਨ।
ਅੱਟਣ ਜਾਂ ਢਕਣਾ: ਇਹ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦਾ ਹੁੰਦਾ ਹੈ
1. ਮਿੱਟੀ ਦਾ ਢਕਣਾ
2. ਰਹਿੰਦ-ਖੂੰਹਦ ਦਾ ਢਕਣਾ
3. ਸਜੀਵ ਜਾਂ ਹਰਾ ਢਕਣਾ
ਮਿੱਟੀ ਦਾ ਢਕਣਾ: ਵਾਹੀ ਹੋਈ ਜ਼ਮੀਨ ਨੂੰ ਸੁਹਾਗ ਦੇਣਾ ਮਿੱਟੀ ਦਾ ਢਕਣਾ ਅਖਵਾਉਂਦਾ ਹੈ। ਇਸ ਨਾਲ ਭੂਮੀ ਦੀਆਂ ਤਰੇੜਾਂ ਬੰਦ ਹੋ ਜਾਂਦੀਆਂ ਹਨ ਅਤੇ ਭੂਮੀ ਅੰਦਰਲੀ ਨਮੀ ਬਾਹਰ ਨਹੀਂ ਨਿਕਲਦੀ।
ਰਹਿੰਦ ਖੂੰਹਦ ਦਾ ਢਕਣਾ: ਇਸ ਵਿਧੀ ਮੁਤਾਬਿਕ ਬਿਜਾਈ ਉਪਰੰਤ ਖੇਤ ਨੂੰ ਫਸਲਾਂ ਦੀ ਰਹਿੰਦ-ਖੂੰਹਦ ਜਾਂ ਘਾਹ-ਫੂਸ ਆਦਿ ਨਾਲ ਢਕ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਭੂਮੀ ਅੰਦਰ ਗੰਡੋਇਆਂ ਅਤੇ ਹੋਰਨਾਂ ਸੂਖਮ ਜੀਵਾਂ ਦੇ ਕੰਮ ਕਰਨ ਲਈ ਅਨੁਕੂਲ ਹਾਲਤਾਂ ਪੈਦਾ ਹੋ ਜਾਂਦੀਆਂ ਹਨ ਅਤੇ ਭੂਮੀ ਦਾ ਤਾਪਮਾਨ ਵੀ ਸਹੀ ਬਣਿਆ ਰਹਿੰਦਾ ਹੈ।
ਸਜੀਵ ਢਕਣਾ: ਸਜੀਵ ਢਕਣਾ ਕਰਨ ਲਈ ਮੁੱਖ ਫਸਲ ਵਿੱਚ ਉਸ ਤੋਂ ਛੋਟੇ ਕੱਦ ਜਾਂ ਬੇਲਾਂ ਬਣਾਉਣ ਵਾਲੀਆਂ ਅੰਤਰ ਫਸਲਾਂ ਬੀਜੀਆਂ ਜਾਂਦੀਆਂ ਹਨ। ਜਿਵੇਂ ਮੋਠ, ਮੂੰਗਫਲੀ, ਬੌਣੇ ਚੌਲ (ਰਵਾਂ), ਖੱਖੜੀਆਂ, ਮਸਰ, ਮੇਥੀ ਆਦਿ।
ਕੁਦਰਤੀ ਖੇਤੀ ਤਹਿਤ ਸਹੀ ਬੀਜ ਚੋਣ
ਕੁਦਰਤੀ ਖੇਤੀ ਵਿੱਚ ਸਹੀ ਬੀਜ ਚੋਣ ਸਫਲ ਕੁਦਰਤੀ ਖੇਤੀ ਦੀ ਬੁਨਿਆਦ ਹੈ। ਸੋ ਕਿਸਾਨਾਂ ਨੂੰ ਹਰੇਕ ਫਸਲ ਲਈ ਉੱਤਮ ਕਵਾਲਿਟੀ ਦੇ ਬੀਜ ਹੀ ਚੁਣ ਕੇ ਅਤੇ ਰੋਗ ਰਹਿਤ ਕਰਕੇ ਹੀ ਬੀਜਣੇ ਚਾਹੀਦੇ ਹਨ। ਹੇਠ ਲਿਖੇ ਅਨੁਸਾਰ ਉੱਚ ਕੋਟੀ ਦੇ ਬੀਜ ਚੁਣੇ ਅਤੇ ਰੋਗ ਰਹਿਤ ਕੀਤੇ ਜਾ ਸਕਦੇ।
ਰੋਗ ਰਹਿਤ ਬੀਜ ਦੀ ਚੋਣ: ਵੱਖ-ਵੱਖ ਫਸਲਾਂ ਮੁਤਾਬਿਕ ਉਪਲਭਧ ਬੀਜਾਂ ਵਿੱਚੋਂ ਹੇਠ ਲਿਖੇ ਅਨੁਸਾਰ ਜਾਨਦਾਰ ਬੀਜ ਚੁਣੇ ਜਾ ਸਕਦੇ ਹਨ:
ਛੱਜ-ਛਾਨਣਾ ਲਗਾ ਕੇ: ਇਸ ਵਿਧੀ ਤਹਿਤ ਪਹਿਲਾਂ ਤਾਂ ਬੀਜਾਂ ਨੂੰ ਛੱਜ ਨਾਲ ਛੱਡ ਕੇ ਉਹਨਾਂ ਵਿਚਲਾ ਕਚਰਾ ਅਤੇ ਫੋਕ ਅਲਗ ਕਰ ਦਿੱਤੀ ਜਾਂਦੀ ਹੈ। ਉਪਰੰਤ ਛਾਨਣੇ ਨਾਲ ਛਾਣ ਕੇ ਬਚੇ-ਖੁਚੇ ਟੁੱਟੇ-ਫੁੱਟੇ ਅਤੇ ਪਿਚਕੇ ਹੋਏ ਬੀਜ ਵੀ ਵੱਖ ਕਰ ਦਿੱਤੇ ਜਾਂਦੇ ਹਨ। ਇਹ ਕਣਕ, ਛੋਲਿਆਂ ਅਤੇ ਮੱਕੀ ਆਦਿ ਫਸਲਾਂ ਦੇ ਜਾਨਦਾਰ ਬੀਜ ਚੁਣਨ ਲਈ ਉੱਤਮ ਤੇ ਰਵਾਇਤੀ ਵਿਧੀ ਹੈ।
ਲੂਣ ਵਾਲੇ ਪਾਣੀ ਵਿੱਚ ਪਾ ਕੇ: ਇਸ ਵਿਧੀ ਤਹਿਤ ਬੀਜਾਂ ਨੂੰ ਭਾਰੇ ਪਾਣੀ ਵਿੱਚ ਪਾ ਕੇ ਫੋਕੇ ਅਤੇ ਰੋਗੀ ਬੀਜ ਬਾਹਰ ਕੱਢ ਦਿੱਤੇ ਜਾਂਦੇ ਹਨ। ਇਹ ਝੋਨੇ ਦੇ ਜਾਨਦਾਰ ਬੀਜ ਚੁਣਨ ਦੀ ਸਰਵਉੱਤਮ ਵਿਧੀ ਹੈ। ਹੇਠ ਲਿਖੇ ਅਨੁਸਾਰ ਝੋਨੇ ਦਾ ਜਾਨਦਾਰ ਬੀਜ ਚੁਣਿਆ ਜਾ ਸਕਦਾ ਹੈ:
- ਬੀਜ ਦੀ ਮਾਤਰਾ ਅਨੁਸਾਰ ਇੱਕ ਬਰਤਨ ਵਿੱਚ ਪਾਣੀ ਭਰ ਲਵੋ।
- ਹੁਣ ਇਸ ਪਾਣੀ ਵਿੱਚ ਇੱਕ ਆਲੂ ਪਾ ਦੇਵੋ, ਆਲੂ ਡੁੱਬ ਜਾਵੇਗਾ।
- ਹੁਣ ਇਸ ਪਾਣੀ ਵਿੱਚ ਉਦੋਂ ਤੱਕ ਨਮਕ (ਲੂਣ) ਮਿਲਾਉਂਦੇ ਜਾਓ ਜਦੋਂ ਤੱਕ ਆਲੂ ਪਾਣੀ ਉੱਤੇ ਤੈਰਨ ਨਹੀਂ ਲੱਗ ਜਾਂਦਾ।
- ਹੁਣ ਪਾਣੀ ਵਿੱਚੋਂ ਆਲੂ ਕੱਢ ਦਿਓ ਅਤੇ ਝੋਨੇ ਦਾ ਬੀਜ ਪਾ ਦਿਓ, ਬਹੁਤ ਸਾਰਾ ਬੀਜ ਪਾਣੀ ਉੱਤੇ ਤੈਰ ਜਾਵੇਗਾ।
- ਪਾਣੀ ਉੱਤੇ ਤੈਰ ਜਾਣ ਵਾਲੇ ਬੀਜ ਨੂੰ ਬਾਹਰ ਕੱਢ ਦਿਓ, ਇਹ ਸਾਰਾ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਹੈ ।
ਹੁਣ ਬਰਤਨ ਵਿੱਚ ਡੁੱਬੇ ਹੋਏ ਬੀਜ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਜਿੰਨਾਂ ਵੀ ਬੀਜ ਪਾਣੀ ਉੱਤੇ ਤੈਰ ਜਾਵੇਗਾ ਉਸਨੂੰ ਫਿਰ ਬਾਹਰ ਕੱਢ ਦਿਓ। ਇਹ ਕਿਰਿਆਂ ਘੱਟੋ-ਘੱਟ 3 ਵਾਰ ਦੁਹਰਾਓ। ਅੰਤ ਵਿੱਚ ਤੁਹਾਡੇ ਕੋਲੇ ਸਿਰਫ ਤੇ ਸਿਰਫ ਰੋਗ ਰਹਿਤ, ਸਿਹਤਮੰਦ ਅਤੇ ਜਾਨਦਾਰ ਬੀਜ ਬਚ ਜਾਵੇਗਾ।
ਕੁਦਰਤੀ ਖੇਤੀ ਤਹਿਤ ਬੀਜ ਉਪਚਾਰ
ਚੁਣੇ ਹੋਏ ਬੀਜਾਂ ਨੂੰ ਰੋਗ ਅਤੇ ਕੀਟਾਣੂ ਰਹਿਤ ਕਰਨਾ ਵੀ ਉਂਨਾਂ ਹੀ ਜ਼ਰੂਰੀ ਹੈ ਜਿੰਨਾਂ ਕਿ ਸਹੀ ਬੀਜ ਚੁਣਨੇ । ਬੀਜਾਂ ਦੀ ਸਤ੍ਹਾ 'ਤੇ ਕਈ ਪ੍ਰਕਾਰ ਦੇ ਹਾਨੀਕਾਰਕ ਕੀਟਾਣੂ ਅਤੇ ਰੋਗਾਣੂ ਚਿੰਬੜੇ ਹੋਏ ਹੁੰਦੇ ਹਨ। ਜਿਹੜੇ ਕਿ ਉੱਗਣ ਉਪਰੰਤ ਫਸਲ ਨੂੰ ਰੋਗ ਗ੍ਰਸਤ ਕਰ ਦਿੰਦੇ ਹਨ । ਸੋ ਬਿਜਾਈ ਤੋਂ ਪਹਿਲਾਂ ਬੀਜ ਉਪਚਾਰ ਕਰਨਾ ਲਾਜ਼ਮੀ ਹੈ। ਇਸ ਕੰਮ ਲਈ ਬੀਜ ਅੰਮ੍ਰਿਤ ਦੀ ਵਰਤੋਂ ਕੀਤੀ ਜਾਂਦੀ ਹੈ ।
ਬੀਜ ਅੰਮ੍ਰਿਤ: ਕੁਦਰਤੀ ਖੇਤੀ ਵਿੱਚ ਬੀਜ ਅੰਮ੍ਰਿਤ ਦੀ ਵਰਤੋਂ ਬੀਜਾਂ ਨੂੰ ਰੋਗ ਅਤੇ ਕੀਟਾਣੂ ਮੁਕਤ ਕਰਨ ਲਈ ਕੀਤੀ ਜਾਂਦੀ ਹੈ । ਬੀਜ ਅੰਮ੍ਰਿਤ ਨਾਲ ਸੋਧੇ ਹੋਏ 100 ਵਿਚੋਂ 90 ਬੀਜ ਉੱਗ ਜਾਂਦੇ ਹਨ। ਜਦੋਂਕਿ ਜ਼ਹਿਰ ਨਾਲ ਸੋਧੇ ਹੋਏ ਬੀਜਾਂ ਵਿੱਚ ਇਹ ਮਾਤਰਾ ਕਿਤੇ ਘੱਟ ਹੁੰਦੀ ਹੈ । 40 ਕਿੱਲੋਂ ਬੀਜਾਂ ਲਈ ਬੀਜ ਅੰਮ੍ਰਿਤ ਹੇਠ ਲਿਖੇ ਅਨੁਸਾਰ ਬਣਾਇਆ ਜਾਂਦਾ ਹੈ:
ਸਮਾਨ
ਦੇਸੀ ਗਾਂ ਦਾ ਗੋਬਰ 500 ਗ੍ਰਾਮ
ਦੇਸੀ ਗਾਂ ਦਾ ਮੂਤਰ 500 ਗ੍ਰਾਮ
ਦੇਸੀ ਸਾਦਾ ਪਾਣੀ 1.5 ਲਿਟਰ
ਚੂਨਾ 50 ਗ੍ਰਾਮ
ਵਿਧੀ: ਦੇਸੀ ਗਾਂ ਦੇ ਗੋਹੇ ਅਤੇ ਪਿਸ਼ਾਬ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਇੱਕ ਬਰਤਨ ਵਿੱਚ ਰੱਖ ਦਿਓ । ਹੁਣ ਦੂਜੇ ਬਰਤਨ ਵਿੱਚ ਬਚੇ ਹੋਏ ਅੱਧਾ ਲਿਟਰ ਪਾਣੀ ਵਿੱਚ 50 ਗ੍ਰਾਮ ਚੂਨਾ ਘੋਲ ਦਿਓ । ਦੋਹਾਂ ਮਿਸ਼ਰਣਾਂ ਨੂੰ 24 ਘੰਟਿਆਂ ਤੱਕ ਇਸੇ ਤਰ੍ਹਾ ਅਲਗ-ਅਲਗ ਪਏ ਰਹਿਣ ਦਿਓ। ਹੁਣ ਕੱਪੜੇ ਨਾਲ ਦੋਹਾਂ ਨੂੰ ਇੱਕ ਵੱਖਰੇ ਭਾਂਡੇ ਵਿੱਚ ਨਿਚੋੜ ਲਵੋ। ਬੀਜ ਅੰਮ੍ਰਿਤ ਤਿਆਰ ਹੈ। ਇਸ ਨੂੰ ਬੀਜਾਂ ਉੱਤੇ ਛਿੜਕਦੇ ਹੋਏ ਹੱਥਾਂ ਨਾਲ ਪੋਲਾ-ਪੋਲਾ ਮਲਦੇ ਜਾਓ। ਉਪਰੰਤ ਬੀਜਾਂ ਨੂੰ 2 ਘੰਟੇ ਛਾਂਵੇਂ ਸੁਕਾ ਕੇ ਬੀਜਾਈ ਕਰ ਦਿਓ। ਦਾਲਾਂ ਅਤੇ ਹੋਰ ਨਰਮ ਸੁਭਾਅ ਦੇ ਬੀਜਾਂ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਉਸ ਵਿੱਚ ਚੂਨਾ ਨਾ ਮਿਲਾਓ।
ਕੁਦਰਤੀ ਖੇਤੀ ਤਹਿਤ ਕੀਟ ਅਤੇ ਰੋਗ ਪ੍ਰਬੰਧਨ
ਗਰਮੀਆਂ ਵਿੱਚ ਖੇਤਾਂ ਦੀ ਸੁੱਕੀ ਡੂੰਘੀ ਵਹਾਈ: ਮਈ-ਜੂਨ ਵਿੱਚ ਖੇਤਾਂ ਨੂੰ ਸੁੱਕਾ ਤੇ ਡੂੰਘਾ ਵਹੁਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕੀੜਿਆਂ ਦੇ ਜ਼ਮੀਨ ਵਿਚ ਪਏ ਹੋਏ ਪਿਊਪੇ (ਕੈਪਸੂਲ) ਉੱਪਰ ਆ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਪੰਛੀ ਚੁਗ ਲੈਂਦੇ ਹਨ ਅਤੇ ਬਹੁਤ ਸਾਰੇ ਸਖਤ ਧੁੱਪ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਂਦੇ ਹਨ।
ਵਿਰਲੀ ਬਿਜਾਈ ਕਰੋ: ਸੰਘਣੀ ਬਿਜਾਈ ਇਸ ਗੱਲ ਦੀ ਗਾਰੰਟੀ ਹੈ ਕਿ ਤੁਹਾਡੀ ਖੇਤੀ ਵਿੱਚ ਹਰ ਪ੍ਰਕਾਰ ਦੇ ਕੀਟ ਵੱਡੇ ਪੱਧਰ 'ਤੇ ਹਮਲਾ ਕਰਨਗੇ। ਸੰਘਣੀ ਫਸਲ ਸਿੱਲੇ, ਹੁੰਮਸ ਅਤੇ ਹਨੇਰੇ ਵਾਲੇ ਮਾਹੌਲ ਨੂੰ ਜਨਮ ਦਿੰਦੀ ਹੈ। ਇਹ ਮਾਹੌਲ ਕੀਟਾਂ ਲਈ ਵਰਦਾਨ ਹੁੰਦਾ ਹੈ। ਸੋ ਕਦੇ ਵੀ ਕਿਸੇ ਵੀ ਫਸਲ ਸੰਘਣੀ ਬਿਜਾਈ ਨਹੀਂ ਕਰਨੀ ਚਾਹੀਦੀ।
ਖੇਤ ਵਿੱਚ ਅਰਿੰਡ ਲਗਾਉਣਾ: ਇੱਕ ਏਕੜ ਵਿੱਚ ਅਰਿੰਡ ਦੇ 5 ਪੌਦੇ ਕਾਫੀ ਹਨ। ਇਹ ਖੇਤ ਦੇ ਚਾਰੇ ਕੋਨਿਆਂ 'ਤੇ ਲਗਾਏ ਜਾ ਸਕਦੇ ਹਨ। ਇਹਨਾਂ ਨੂੰ ਲਗਾਉਣ ਨਾਲ ਸੁੰਡੀ ਮੁੱਖ ਫਸਲ ਉੱਤੇ ਅੰਡੇ ਨਾ ਦੇ ਕੇ ਅਰਿੰਡ ਦੇ ਪੱਤਿਆਂ ਦੇ ਉਲਟੇ ਪਾਸੇ ਅੰਡੇ ਦਿੰਦੀ ਹੈ ਜਿੱਥੋਂ ਕਿਸਾਨ ਆਸਾਨੀ ਨਾਲ ਅੰਡੇ ਲੱਭ ਕੇ ਸੁੰਡੀ ਨੂੰ ਖ਼ਤਮ ਕਰ ਸਕਦਾ ਹੈ।
ਖੇਤ ਵਿੱਚ ਪੀਲੇ ਅਤੇ ਚਿੱਟੇ ਫੁੱਲਾਂ ਵਾਲੇ ਪੌਦੇ ਲਗਾਉਣਾ: ਖੇਤ ਦੀਆਂ ਵੱਟਾ ਉੱਤੇ ਗੋਦੇਂ ਅਤੇ ਸੂਰਜਮੁਖੀ ਦੇ ਫੁੱਲ ਅਤੇ ਚਿੱਟੇ ਫੁੱਲਾਂ ਵਾਲੇ ਪੌਦੇ ਲਗਾਉਣ ਨਾਲ ਅਮਰੀਕਨ ਸੁੰਡੀ ਅਤੇ ਅਰਿੰਡ ਲਗਾਉਣ ਨਾਲ
ਤੰਬਾਕੂ ਸੁੰਡੀ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਖੇਤ ਵਿੱਚ ਅਲੱਗ-ਅਲੱਗ ਫ਼ਸਲਾਂ ਲਗਾਉਣਾ: ਖੇਤ ਵਿੱਚ ਇੱਕ ਫ਼ਸਲ ਲਗਾਉਣ ਨਾਲ ਕੀੜਿਆਂ ਅਤੇ ਸੁੰਡੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਹਮੇਸ਼ਾ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਲਗਾਉ। ਕਣਕ ਵਿੱਚ ਛੋਲੇ, ਧਨੀਆ ਅਤੇ ਮੇਥੇ ਅਤੇ ਸਰੋਂ ਮਿਸ਼ਰਤ ਫਸਲਾਂ ਵਜੋਂ ਬੀਜੇ ਜਾਣੇ ਚਾਹੀਦੇ ਹਨ।
ਨਰਮੇ ਅਤੇ ਕਪਾਹ ਦੇ ਵਿੱਚ ਦੇਸੀ ਟਿੰਡੋ, ਖੱਖੜੀਆਂ ਅਤੇ ਮਾਂਹ ਲਗਾਉ । ਇਹ ਫ਼ਸਲਾਂ ਵੀ ਸੁੰਡੀ ਅਤੇ ਕੀੜ੍ਹੇ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦੀਆਂ ਹਨ।
ਟਰੈਪ ਫਸਲਾਂ: ਅਲੱਗ- ਅਲੱਗ ਤਰ੍ਹਾਂ ਦੀ ਸੁੰਡੀ ਨੂੰ ਅਲੱਗ- ਅਲੱਗ ਤਰ੍ਹਾਂ ਦੀ ਬਾਰਡਰ ਫ਼ਸਲ ਲਗਾ ਕੇ ਕੰਟਰੋਲ ਕੀਤਾ ਜਾ ਸਕਦਾ ਹੈ, ਜਿਵੇਂ ਕਿ ਗੁਲਾਬੀ ਸੁੰਡੀ ਲਈ ਭਿੰਡੀ ਲਗਾਉਣੀ ਚਾਹੀਦੀ ਹੈ।
ਅਮਰੀਕਨ ਸੁੰਡੀ ਲਈ ਭਿੰਡੀ, ਸੂਰਜਮੁਖੀ, ਟਮਾਟਰ, ਗੋਦਾਂ, ਮੂੰਗਫਲੀ ਆਦਿ। ਤੰਬਾਕੂ ਸੁੰਡੀ ਲਈ ਅਰਿੰਡ, ਮੂੰਗਫਲੀ, ਭਿੰਡੀ, ਟਮਾਟਰ, ਬੰਦ ਗੋਭੀ ਆਦਿ।
ਚਿਤਕਬਰੀ ਸੁੰਡੀ ਲਈ ਭਿੰਡੀ ਗੇਦਾਂ, ਸੂਰਜਮੁਖੀ, ਭਿੰਡੀ ਅਤੇ ਅਰਿੰਡ ਨੂੰ ਵੱਟਾ ਉੱਤੇ ਲਗਾਉਣਾ ਚਾਹੀਦਾ ਹੈ ਅਤੇ ਰੋਜ਼ਾਨਾ ਜਾਂ 2 ਦਿਨਾਂ ਬਾਅਦ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।
ਬਾਰਡਰ ਫਸਲਾਂ: ਕਪਾਹ ਅਤੇ ਨਰਮੇ ਉੱਤੇ ਆਉਣ ਵਾਲੇ ਕੀੜਿਆਂ ਖਾਸ
ਕਰਕੇ ਰਸ ਚੂਸਕ ਕੀਟਾਂ ਤੇਲੇ, ਲਾਲ ਭੂੰਡੀ ਅਤੇ ਹੋਰ ਸੁੰਡੀਆਂ ਨੂੰ ਖੇਤ ਦੇ ਚਾਰੇ ਪਾਸੇ ਕਪਾਹ ਅਤੇ ਨਰਮੇ ਤੋਂ ਉੱਚੀਆਂ ਫ਼ਸਲਾਂ ਜਿਵੇਂ ਜ਼ਵਾਰ, ਮੱਕੀ ਦੀਆਂ 2-3 ਲਾਈਨਾਂ ਲਗਾ ਕੇ ਰੋਕਿਆ ਜਾ ਸਕਦਾ ਹੈ।
ਇਹ ਫਸਲਾਂ ਪੰਛੀਆਂ ਨੂੰ ਖੇਤ ਵਿੱਚ ਬੁਲਾਉਣ ਵਿੱਚ ਵੀ ਮੱਦਦ ਕਰਦੀਆਂ ਹਨ ਅਤੇ ਇਹ ਪੰਛੀ ਕਿਸਾਨ ਦੀ ਉਹਨਾ ਕੀੜ੍ਹਿਆਂ ਨੂੰ ਖ਼ਤਮ ਕਰਨ ਵਿੱਚ ਮੱਦਦ ਕਰਦੇ ਹਨ, ਜਿੰਨ੍ਹਾ ਨੂੰ ਕੀੜ੍ਹੇਮਾਰ ਜ਼ਹਿਰਾਂ ਵੀ ਖ਼ਤਮ ਨਹੀ ਕਰ ਪਾਉਂਦੀਆਂ।
- ਕਣਕ ਦੇ ਚਾਰੇ ਪਾਸੇ ਸਰੋਂ ਲਗਾਉਣ ਨਾਲ ਬਾਹਰੋਂ ਆਉਣ ਵਾਲੇ ਕੀੜੇ ਰੁਕ ਜਾਂਦੇ ਹਨ ।
- ਨਰਮੇ ਦੇ ਚਾਰੇ ਪਾਸੇ ਗੇਂਦੇ ਦੇ ਜਾਂ ਹੋਰ ਪੀਲੇ ਰੰਗ ਦੇ ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਰੋਕਿਆ ਜਾ ਸਕਦਾ ਹੈ।
- ਤੰਬਾਕੂ ਸੁੰਡੀ ਨੂੰ ਕਾਬੂ ਕਰਨ ਲਈ ਨਰਮ੍ਹੇ ਦੇ ਖੇਤ ਵਿੱਚ ਚਾਰੇ ਕੋਨਿਆਂ 'ਤੇ ਇੱਕ-ਇੱਕ ਬੂਟਾ ਅਰਿੰਡ ਦਾ ਲਗਾਉ ਅਤੇ ਸਮੇਂ-ਸਮੇਂ 'ਤੇ ਇਸ ਦੇ ਵਿਚਕਾਰਲੇ ਪੱਤਿਆ ਨੂੰ ਉਲਟਾ ਕਰਕੇ ਦੇਖੋ । ਤੁਹਾਨੂੰ ਅੰਡਿਆ ਦੀ ਥੈਲੀ ਜ਼ਰੂਰ ਮਿਲੇਗੀ। ਉਸਨੂੰ ਨਸ਼ਟ ਕਰ ਦਿਉ ।
ਪੀਲੇ ਅਤੇ ਚਿੱਟੇ ਬੋਰਡ ਲਗਾ ਕੇ: ਕੁੱਝ ਕੀੜ੍ਹੇ ਪੀਲੇ ਅਤੇ ਚਿੱਟੇ ਰੰਗ ਵੱਲ ਆਕਰਸ਼ਿਤ ਹੁੰਦੇ ਹਨ। ਇਸ ਲਈ ਫ਼ਸਲ ਤੋਂ ਇੱਕ ਫੁੱਟ ਉੱਚੇ ਪੀਲੇ ਅਤੇ
ਚਿੱਟੇ ਰੰਗ ਦੇ ਬੋਰਡ ਤੇਲ ਲਗਾ ਕੇ ਲਗਾਉਣੇ ਚਾਹੀਦੇ ਹਨ।
ਪੀਲੇ ਬੋਰਡ: ਚੇਪਾ, ਥ੍ਰਿਪਸ ਅਤੇ ਚਿੱਟਾ ਮੱਛਰ
ਚਿੱਟੇ ਬੋਰਡ: ਤੇਲੇ ਲਈ
ਕੀੜੇ ਇਹਨਾਂ ਵੱਲ ਆਕਰਸ਼ਿਤ ਹੋ ਕੇ ਇਹਨਾਂ ਉੱਪਰ ਚਿਪਕ ਜਾਂਦੇਂ ਹਨ। 2-3 ਦਿਨ ਬਾਅਦ ਇਹਨਾਂ ਨੂੰ ਸਾਫ ਕਰਕੇ ਫਿਰ ਤੋਂ ਤੇਲ ਲਗਾ ਦੇਣਾ ਚਾਹੀਦਾ ਹੈ। 1 ਏਕੜ ਵਿੱਚ 10-12 ਬੋਰਡ ਲਗਾਉਣੇ ਚਾਹੀਦੇ ਹਨ। ਪੀਲੇ ਸਟਿਕੀ ਬੋਰਡ ਅਤੇ ਕਈ ਪ੍ਰਕਾਰ ਦੇ ਹੋਰ ਫੈਰੋਮੋਨ ਟਰੈਪ ਕਈ ਵਾਰ ਖੇਤੀਬਾੜੀ ਵਿਭਾਗ ਦੁਆਰਾ ਕਿਸਾਨ ਭਰਾਵਾਂ ਨੂੰ ਮੁਫ਼ਤ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ । ਸੋ ਕਿਸਾਨ ਭਰਾ ਖੇਤੀਬਾੜੀ ਵਿਭਾਗ ਦੇ ਸਥਾਨਕ ਦਫ਼ਤਰਾਂ ਵਿੱਚੋਂ ਪੀਲੇ ਸਟਿਕੀ ਬੋਰਡ ਅਤੇ ਫੈਰੋਮੋਨ ਟੈਪ ਜ਼ਰੂਰ ਪ੍ਰਾਪਤ ਕਰਨ।
ਬੋਨ ਫਾਇਰ: ਬੋਨ ਫਾਇਰ ਦਾ ਅਰਥ ਹੈ ਬਾਰਿਸ਼ ਤੋਂ ਦੂਜੇ ਦਿਨ ਰਾਤ ਸਮੇਂ 7 ਤੋਂ 9 ਵਜੇ ਤੱਕ ਖੇਤਾਂ ਵਿੱਚ ਵੱਖ-ਵੱਖ ਥਾਂਵਾਂ 'ਤੇ ਲੱਕੜੀਆਂ ਦੀ ਅੱਗ ਬਾਲਣਾ। ਇਸ ਤਰ੍ਹਾਂ ਕਰਨ ਨਾਲ ਸੁੰਡੀਆਂ ਦੇ ਅਨੇਕਾਂ ਹੀ ਪਤੰਗੇ ਆਪਣੇ ਸੁਭਾਅ ਮੁਤਾਬਿਕ ਅੱਗ ਵਿੱਚ ਡਿੱਗ-ਡਿੱਗ ਕੇ ਭਸਮ ਹੋ ਜਾਂਦੇ ਹਨ।
ਲਾਈਟ ਟ੍ਰੈਪਸ: ਹੋਰ ਵੀ ਜਿਆਦਾ ਪਤੰਗਿਆਂ ਨੂੰ ਖਤਮ ਕਰਨ ਲਈ ਖੇਤਾਂ ਵਿੱਚ ਮੋਟਰਾਂ ਵਾਲੇ ਕੋਠਿਆਂ 'ਤੇ ਲਾਈਟ ਟੈਪਸ ਲਾਉਣੇ ਚਾਹੀਦੇ ਹਨ। ਇਸ ਵਾਸਤੇ ਇੱਕ ਪਲਾਸਟਿਕ ਦੀ 5 ਲਿਟਰ ਵਾਲੀ ਪੀਪੀ ਦਾ ਉਪਰੋਂ
ਥੋੜਾ ਛੱਡ ਕੇ ਕੱਟਿਆ ਹੋਇਆ ਹੇਠਲਾ ਹਿੱਸਾ, ਇੱਕ ਹੋਲਡਰ, 60 ਜਾਂ 100 ਵਾਟ ਦਾ ਇੱਕ ਬੱਲਬ, ਬਿਜਲੀ ਦੀ ਸਧਾਰਣ ਤਾਰ, ਇੱਕ ਬੱਠਲ, ਕੁੱਝ ਪਾਣੀ ਅਤੇ ਥੋੜੇ ਜਿੰਨੇ ਮਿੱਟੀ ਦੇ ਤੇਲ ਦਾ ਬੰਦੋਬਸਤ ਕਰੋ। ਕੱਟੀ ਹੋਈ ਪੀਪੀ ਵਿੱਚ ਹੋਲਡਰ ਫਿੱਟ ਕਰਕੇ ਉਸ ਵਿੱਚ ਬੱਲਬ ਚੜਾ ਕੇ ਬਿਜਲੀ ਦਾ ਕੁਨੈਕਸ਼ਨ ਦੇ ਦਿਓ। ਲਾਈਟ ਟ੍ਰੈਪ ਤਿਆਰ ਹੈ। ਹੁਣ ਬੱਠਲ ਵਿੱਚ ਮਿੱਟੀ ਦਾ ਤੇਲ ਮਿਲਿਆ ਪਾਣੀ ਪਾ ਕੇ ਇਸਨੂੰ ਲਾਈਟ ਟ੍ਰੈਪ ਦੇ ਹੇਠਾਂ ਰੱਖ ਦਿਓ। ਬੱਠਲ ਤੋਂ ਬੱਲਬ ਵਿੱਚ ਫਾਸਲਾ 1 ਜਾਂ 1.5 ਫੁੱਟ ਹੀ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਪਤੰਗੇ ਬੱਲਬ ਵੱਲ ਆਕ੍ਰਸ਼ਿਤ ਹੋ ਕੇ ਜਿਵੇਂ ਬੱਲਬ ਨਾਲ ਟਕਰਾਉਣਗੇ ਪਾਣੀ ਦੇ ਬੱਠਲ ਵਿੱਚ ਡਿੱਗ ਕੇ ਮਰ ਜਾਣਗੇ।
ਪੰਛੀਆਂ ਨੂੰ ਖੇਤਾਂ ਵਿੱਚ ਬੁਲਾਉਣਾ: ਬਹੁ-ਗਿਣਤੀ ਪੰਛੀਆਂ ਦੀ ਖੁਰਾਕ ਸੁੰਡੀਆਂ ਹਨ। ਜੇ ਇਹ ਉਹਨਾਂ ਨੂੰ ਮਿਲੇ ਤਾਂ ਉਹ ਫ਼ਸਲ ਕਦੇ ਖਰਾਬ ਨਾ ਕਰਨ । ਇਹਨਾਂ ਨੂੰ ਬੁਲਾਉਣ ਲਈ ਦਰੱਖਤ ਜਾਂ ਅੰਗਰੇਜ਼ੀ ਦੇ T ਅੱਖਰ ਦੇ ਆਕਾਰ ਦਾ ਲੱਕੜ ਦਾ ਡੰਡਾ ਲਗਾਇਆ ਜਾ ਸਕਦਾ ਹੈ।
ਜੇਕਰ ਫਸਲ ਨੂੰ ਹਾਨੀ ਪਹੁੰਚਾਉਣ ਵਾਲੇ ਕੀੜੇ ਫਸਲ 'ਤੇ ਹਾਵੀ ਹੋ ਜਾਣ ਤਾਂ ਹੇਠ ਦਿੱਤੀਆਂ ਵਿਧੀਆਂ ਨਾਲ ਕੀਟਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ:
1. ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ:
ਲੋੜੀਂਦਾ ਸਮਾਨ-
ਪਸ਼ੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਟਿਕ ਦਾ ਡਰੰਮ ਲੋੜ ਅਨੁਸਾਰ
ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਛੋਟੇ-ਛੋਟੇ ਟੁਕੜੇ ਰੱਖੇ ਹੋਣ ਵਿੱਚ ਇਕੱਠਾ ਕਰਦੇ ਰਹੋ। ਇਹ ਜਿੰਨਾਂ ਪੁਰਾਣਾ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।
ਵਰਤੋਂ ਦਾ ਢੰਗ : ਕਿਸੇ ਵੀ ਤਰ੍ਹਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ-ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ। ਜ਼ਿਕਰਯੋਗ ਫਾਇਦਾ ਹੋਵੇਗਾ।
2. ਲੋਹਾ+ਤਾਂਬਾ ਯੁਕਤ ਖੱਟੀ ਲੱਸੀ:
ਲੋੜੀਂਦਾ ਸਮਾਨ-
ਲੱਸੀ ਜਿੰਨੀ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਲੋੜ ਅਨੁਸਾਰ ਪਲਾਸਿਟਕ ਦਾ ਬਰਤਨ ਇੱਕ ਨਗ
ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 15 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰੋਥਹਾਰਮੋਨ ਤਿਆਰ ਹੈ।
ਵਰਤੋਂ ਦਾ ਢੰਗ- ਫਸਲ ਨੂੰ ਦੋਧਾ ਪੈਣ ਸਮੇਂ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ+ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੰਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ।
ਖੱਟੀ ਲੱਸੀ ਬਹੁਤ ਹੀ ਪ੍ਰਭਾਵਸ਼ਾਲੀ ਉੱਲੀਨਾਸ਼ਕ, ਗ੍ਰੋਥ ਪ੍ਰੋਮੋਟਰ ਅਤੇ ਉੱਚ ਕਵਾਲਿਟੀ ਦਾ ਕੀਟਨਾਸ਼ਕ ਹੈ। ਕਿਸੇ ਵੀ ਫਸਲ 'ਤੇ ਪ੍ਰਤੀ ਪੰਪ 1-1.5 ਲਿਟਰ 15 ਦਿਨ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰਨ ਨਾਲ ਹਰ ਤਰ੍ਹਾਂ ਦੀਆਂ ਫਸਲੀ ਉੱਲੀਆਂ ਦਾ ਨਾਸ਼ ਹੋ ਜਾਂਦਾ ਹੈ। ਇਹ ਸਰਦੀਆਂ ਵਿੱਚ ਫਸਲ ਨੂੰ ਕੋਹਰੇ ਤੋਂ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਪ੍ਰਤੀ ਪੰਪ ਪੌਣਾ ਲਿਟਰ ਇੱਕ ਮਹੀਨਾਂ ਪੁਰਾਣੀ ਖੱਟੀ ਲੱਸੀ ਦੇ ਛਿੜਕਾਅ ਨਾਲ ਹਰ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀਟਾਂ ਮਰ ਜਾਂਦੇ ਹਨ ।
ਨਿੰਮ੍ਹੱਕ ਅਸਤਰ: ਨਿੰਮ੍ਹ ਅਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀੜਿਆਂ ਨੂੰ ਕਾਬੂ ਕਰਨ ਲਈ ਕੀਤੀ ਜਾਂਦੀ ਹੈ। ਨਿੰਮ੍ਹ ਅਸਤਰ ਆਮ ਤੌਰ 'ਤੇ ਨਿੰਮ੍ਹ ਦੀਆਂ ਛਾਂਵੇਂ ਸੁਕਾਈਆਂ ਨਿੰਮੋਲੀਆਂ ਮੁੱਖ ਘਟਕ ਦੇ ਰੂਪ ਵਿੱਚ ਵਰਤੀਆਂ ਜਾਂਦੀਆਂ ਹਨ। ਹਾਲਾਂਕਿ ਡੇਕ, ਧਰੇਕ ਜਾਂ ਬਰਮਾ ਡੇਕ ਦੀਆਂ ਕੱਚੀਆਂ ਹਰੀਆਂ ਨਿਮੋਲੀਆਂ ਤੋਂ ਬਣਿਆ ਨਿੰਮ੍ਹਅਸਤਰ ਵੀ ਬਹੁਤ ਪ੍ਰਭਾਵੀ ਹੁੰਦਾ ਹੈ।
ਸਮਾਨ
ਪਸ਼ੂ ਮੂਤਰ 10 ਲਿਟਰ
ਨਿੰਮੋਲੀਆਂ 05 ਕਿੱਲੋ
ਦੇਸੀ ਅੱਕ ਦੇ ਪੱਤੇ 01 ਕਿੱਲੋ
ਗੁੜ 100 ਗ੍ਰਾਮ
ਵਿਧੀ: ਨਿੰਮੋਲੀਆਂ ਅਤੇ ਅੱਕ ਦੇ ਪੱਤਿਆਂ ਨੂੰ ਕੁੱਟ ਕੇ ਗੁੜ ਸਮੇਤ ਪਸ਼ੂ ਮੂਤਰ ਵਿੱਚ ਮਿਲਾ ਕੇ 48 ਘੰਟਿਆਂ ਤੱਕ ਢਕ ਕੇ ਛਾਂ ਵਿੱਚ ਰੱਖੋ। ਨਿੰਮ੍ਹ ਅਸਤਰ ਤਿਆਰ ਹੈ। ਪ੍ਰਤੀ ਪੰਪ 1 ਲਿਟਰ ਨਿੰਮੱਕ ਅਸਤਰ ਦਾ ਛਿੜਕਾਅ ਕਰੋ। ਤੇਲੇ ਤੋਂ ਛੁਟਕਾਰਾ ਮਿਲ ਜਾਵੇਗਾ।
ਲਸਣ, ਮਿਰਚ ਤੇ ਪਿਆਜ਼ ਦਾ ਘੋਲ: ਇਹ ਘੋਲ ਪੱਤੇ ਖਾਣ ਵਾਲੀਆਂ ਅਤੇ ਫ਼ਲਾਂ ਤੇ ਤਣੇ ਦੀਆਂ ਸੁੰਡੀਆਂ ਨੂੰ ਕਾਬੂ ਕਰਨ ਦਾ ਬੇਹੱਦ ਪ੍ਰਭਾਵੀ ਹਥਿਆਰ ਹੈ।
ਸਮਾਨ
ਪੂਰੀ ਕੌੜੀ ਹਰੀ ਮਿਰਚ 3 ਕਿੱਲੋ
ਪਿਆਜ਼ 1 ਕਿੱਲੋ
ਲਸਣ 1/2 ਕਿੱਲੋ
ਮਿੱਟੀ ਦਾ ਤੇਲ 250 ਮਿਲੀਲਿਟਰ
ਪਾਣੀ 10 ਲਿਟਰ
ਵਿਧੀ: ਤਿੰਨਾਂ ਚੀਜਾਂ ਨੂੰ ਅਲਗ-ਅਲਗ ਕੁੱਟ ਕੇ ਚਟਣੀ ਬਣਾ ਲਵੋ।
ਹੁਣ ਪਿਆਜ਼ ਤੇ ਹਰੀ ਮਿਰਚ ਦੀ ਚਟਣੀ ਨੂੰ 10 ਲਿਟਰ ਪਾਣੀ ਵਿੱਚ ਘੋਲ ਦਿਓ। ਇੱਕ ਵੱਖਰੇ ਭਾਂਡੇ ਵਿੱਚ ਲਸਣ ਦੀ ਚਟਣੀ ਅਤੇ ਮਿੱਟੀ ਦਾ ਤੇਲ ਚੰਗੀ ਤਰ੍ਹਾਂ ਮਿਕਸ ਕਰ ਦਿਓ। ਦੋਹਾਂ ਮਿਸ਼ਰਣਾਂ ਨੂੰ 24 ਘੰਟੇ ਇਸੇ ਤਰ੍ਹਾਂ ਅਲਗ-ਅਲਗ ਪਏ ਰਹਿਣ ਦਿਓ। ਹੁਣ ਇੱਕ ਪਤਲੇ ਕੱਪੜੇ ਨਾਲ ਦੋਹਾਂ ਮਿਸ਼ਰਣਾਂ ਦਾ ਨਿਚੋੜ ਇੱਕ ਥਾਂ ਕੱਢ ਲਵੋ। ਲਸਣ, ਮਿਰਚ ਤੇ ਪਿਆਜ ਦਾ ਘੋਲ ਤਿਆਰ ਹੈ । ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਮਿਲਾ ਕੇ ਛਿੜਕਾਅ ਕਰੋ। ਸੁੰਡੀਆਂ ਭੱਜ ਜਾਣਗੀਆਂ।
3. ਕੱਚਾ ਦੁੱਧ: ਕੱਚਾ ਦੁੱਧ ਦੁਨੀਆਂ ਦਾ ਸਭ ਤੋਂ ਵਧੀਆ ਐਂਟੀ ਵਾਇਰਸ ਹੈ। ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਸਾਦੇ ਪਾਣੀ 'ਚ ਮਿਲਾ ਕੇ ਹਫ਼ਤੇ ਵਿੱਚ ਤਿੰਨ ਵਾਰ ਛਿੜਕਣ ਨਾਲ ਵਾਇਰਸ ਅਰਥਾਤ ਵੱਖ-ਵੱਖ ਫਸਲਾਂ ਨੂੰ ਪੈਣ ਵਾਲਾ ਠੂਠੀ ਰੋਗ ਖਤਮ ਹੋ ਜਾਂਦਾ ਹੈ ।
4. ਚਿੱਟੀ ਫਟਕੜੀ: ਚਿੱਟੀ ਫਟਕੜੀ ਬਹੁਤ ਵਧੀਆ ਜੰਤੂ ਅਤੇ ਉੱਲੀਨਾਸ਼ਕ ਹੈ। ਇਹ ਜੜ੍ਹਾਂ ਦੀਆਂ ਉੱਲੀਆਂ ਨੂੰ ਖਤਮ ਕਰਦੀ ਹੈ। ਕੋਈ ਵੀ ਫਸਲ ਜਾਂ ਪੌਦਾ ਪੈਰ ਗਲਣੇ ਸ਼ੁਰੂ ਹੋਣ ਕਰਕੇ ਸੁੱਕਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਲਾਉਂਦੇ ਸਮੇਂ ਪ੍ਰਤੀ ਏਕੜ 1 ਕਿੱਲੋ ਚਿੱਟੀ ਫਟਕੜੀ ਖੇਤ ਦੇ ਮੂੰਹੇ 'ਤੇ ਰੱਖ ਦਿਓ। 100 ਫੀਸਦੀ ਫਾਇਦਾ ਹੋਵੇਗਾ।
5. ਹਿੰਗ: ਖੇਤੀ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ ਪ੍ਰਤੀ ਏਕੜ 100 ਗ੍ਰਾਮ ਹਿੰਗ ਅਤੇ 1 ਕਿੱਲੋ ਚਿੱਟੀ ਫਟਕੜੀ ਇੱਕ
ਪਤਲੇ ਕੱਪੜੇ ਵਿੱਚ ਲਪੇਟ ਕੇ ਖੇਤ ਦੇ ਮੂੰਹੇਂ 'ਤੇ ਰੱਖ ਦਿਓ। ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ। ਹਿੰਗ ਦੇ ਪਾਣੀ ਨਾਲ ਸੋਧ ਕੇ ਬੀਜੀ ਗਈ ਫਸਲ ਰੋਗ ਰਹਿਤ ਤੇ ਤੰਦਰੁਸਤ ਰਹਿੰਦੀ ਹੈ।
ਕੁਦਰਤੀ ਖੇਤੀ ਤਹਿਤ ਘਰੇਲੂ ਗਰੋਥ ਪ੍ਰੋਮੋਟਰ
ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ): ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗ੍ਰੋਥ ਪ੍ਰੋਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਣ ਉਪਰੰਤ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।
ਸਮਾਨ
ਇੱਕ ਸਾਲ ਪੁਰਾਣੀਆਂ ਪਾਥੀਆਂ 15 ਕਿੱਲੋ
ਸਾਦਾਪਾਣੀ 50 ਲਿਟਰ
ਵਿਧੀ: 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ। ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 2 ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।
ਫਲਾਂ ਤੇ ਸਬਜ਼ੀਆਂ ਦੇ ਛਿੱਲੜਾਂ ਦਾ ਰਸ: ਇਸਨੂੰ ਗਾਰਬੇਜ ਐਨਜਾਈਮ ਵੀ ਕਿਹਾ ਜਾਂਦਾ ਹੈ। ਇਹ ਵੀ ਉੱਚਕੋਟੀ ਦਾ ਗ੍ਰੋਥ ਪ੍ਰੋਮੋਟਰ
ਹੈ । ਇਸਨੂੰ ਬਣਾਉਣਾ ਬਹੁਤ ਆਸਾਨ ਹੈ ।
ਸਮਾਨ
ਫ਼ਲਾਂ/ਸਬਜ਼ੀਆਂ ਦੇ ਛਿੱਲੜ 300 ਗ੍ਰਾਮ
ਗੁੜ 100 ਗ੍ਰਾਮ
ਪਾਣੀ 1 ਲਿਟਰ
ਵਿਧੀ: ਤਿੰਨਾਂ ਚੀਜਾਂ ਨੂੰ ਪਲਾਸਟਿਕ ਦੇ ਇੱਕ ਬਰਤਨ ਵਿੱਚ ਘੋਲ ਦਿਓ। ਇਸ ਨੂੰ ਢਕ ਕੇ ਛਾਂਵੇ ਰੱਖੋ। ਇਸ ਘੋਲ ਨੂੰ ਹਰ ਰੋਜ ਇੱਕ ਵਾਰ ਡੰਡੇ ਨਾਲ ਹਿਲਾਓ। ਇਹ ਪੂਰੇ ਤਿੰਨ ਮਹੀਨਿਆਂ ਬਾਅਦ ਗਾਰਬੇਜ ਐਨਜਾਈਮ ਤਿਆਰ ਹੈ। ਪ੍ਰਤੀ ਏਕੜ 200 ਗ੍ਰਾਮ ਗਾਰਬੇਜ ਐਨਜਾਈਮ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕੋ। ਹਰੇਕ ਫਸਲ ਤੋਂ ਮਨਚਾਹਿਆ ਝਾੜ ਪ੍ਰਾਪਤ ਹੋਵੇਗਾ।
ਕੁਦਰਤੀ ਖੇਤੀ ਤਹਿਤ ਇੱਕ ਛੋਟੇ ਕਿਸਾਨ ਪਰਿਵਾਰ ਵਾਸਤੇ ਸਾਉਣੀ ਦੀਆਂ ਫਸਲਾਂ ਦੀ ਵਿਓਂਤਬੰਦੀ
ਹਰੀਆਂ ਸਬਜ਼ੀਆਂ
ਕੱਦੂ 1 ਮਰਲਾ
ਤੋਰੀ 1 ਮਰਲਾ
ਹਰੀ ਮਿਰਚ 1 ਮਰਲਾ
ਕਰੇਲਾ 1/2 ਮਰਲਾ
ਦੇਸੀ ਕਰੇਲਾ 1/2 ਮਰਲਾ
ਪੇਠਾ 1 ਮਰਲਾ
ਚੌਲੇ 1 ਮਰਲਾ
ਭਿੰਡੀ 1 ਮਰਲਾ
ਗੁਆਰਾ 1 ਮਰਲਾ
ਖੱਖੜੀ 1 ਮਰਲਾ
ਖੀਰ 1 ਮਰਲਾ
ਤਰ 1 ਮਰਲਾ
ਬੰਗਾ 1 ਮਰਲਾ
ਦੇਸੀ ਟਿੰਡੋ 1 ਮਰਲਾ
ਚੱਪਣ ਕੱਦੂ 1 ਮਰਲਾ
ਅਰਬੀ 1 ਮਰਲਾ
ਬੈਂਗਣ 1/2 ਮਰਲਾ
ਟਮਾਟਰ 1/2 ਮਰਲਾ
ਸੁੱਕੀਆਂ ਦਾਲਾਂ
ਮੂੰਗੀ 5 ਮਰਲੇ
ਅਰਹਰ 5 ਮਰਲੇ
ਮੋਠ 5 ਮਰਲੇ
ਮਾਂਹ 5 ਮਰਲੇ
ਸੋਇਆਬੀਨ 5 ਮਰਲੇ
ਹਰੇਕ ਸੁੱਕੀ ਦਾਲ ਵਿੱਚ ਮੱਕੀ, ਬਾਜ਼ਰੇ ਅਤੇ ਜਵਾਰ ਦਾ 10 ਗ੍ਰਾਮ ਬੀਜ ਮਿਲਾ ਕੇ ਬੀਜੋ।
ਅਨਾਜ
ਮੱਕੀ 5 ਮਰਲੇ
ਜਵਾਰ 5 ਮਰਲੇ
ਬਾਜ਼ਰਾ 5 ਮਰਲੇ
ਹਰੇਕ ਅਨਾਜ ਵਿੱਚ 100 ਗ੍ਰਾਮ ਮੂੰਗੀ ਜਾਂ ਬੌਣੇ ਚੌਲੇ ਵੀ ਲਾਜ਼ਮੀ ਬੀਜੋ।
ਹਰਾ ਚਾਰਾ
ਹਰਾ ਚਾਰਾ 14 ਮਰਲੇ
ਹਰੇ ਚਾਰੇ ਵਾਸਤੇ ਮੱਕੀ, ਬਾਜ਼ਰਾ, ਜਵਾਰ ਇਕੱਠੇ ਬੀਜੋ। ਇਹਨਾਂ ਵਿੱਚ ਮੂੰਗੀ, ਚੌਲੇ ਅਤੇ ਜੰਤਰ ਦਾ ਬੀਜ ਵੀ ਮਿਲਾ ਲਵੋ ਬਹੁਤ ਵਧੀਆ ਤੇ ਪੌਸ਼ਟਿਕ ਹਰਾ ਚਾਰਾ ਤਿਆਰ ਮਿਲੇਗਾ। ਸਿਆੜਾਂ ਵਿਚਲਾ ਫਾਸਲਾ ਇੱਕ ਤੋਂ ਸਵਾ ਫੁੱਟ ਰੱਖੋ।
ਗੰਨਾ
ਗੰਨਾ 10 ਮਰਲੇ
ਬਿਜਾਈ 4x2 ਫੁੱਟ
ਗੰਨੇ ਦੀਆਂ ਡੇਢ ਇੰਚ ਅਕਾਰ ਦੀਆਂ ਗੁੱਲੀਆਂ ਕੱਢ ਲਵੋ ਇਹਨਾਂ ਨੂੰ ਚੂਨੇ ਦੇ 2 ਫੀਸਦੀ ਮਿਸ਼ਰਣ ਚੋਂ ਡੁਬੋ ਕੱਢ ਲਵੋ ਹੁਣ ਬੀਜ ਅੰਮ੍ਰਿਤ ਲਾ ਕੇ ਵੱਤਰ ਭੂਮੀ ਵਿੱਚ ਖੁੱਡ ਕਰਕੇ ਗੁੱਲੀਆਂ ਬੀਜ ਦਿਓ।
ਨਰਮਾ ਜਾਂ ਝੋਨਾ 78 ਮਰਲੇ
ਨਰਮੇ ਵਿੱਚ ਹਰ 10 ਸਿਆੜਾਂ ਬਾਅਦ ਇੱਕ ਸਿਆੜ ਮੱਕੀ, ਬਾਜ਼ਰੇ ਅਤੇ ਜ਼ਵਾਰ ਦਾ ਕੱਢੋ। ਇਸਦੇ ਨਾਲ ਹੀ ਨਰਮੇ ਵਿੱਚ ਮੋਠ, ਮਾਂਹ, ਦੇਸੀ ਟਿੰਡੋ ਅਤੇ ਖੱਖੜੀਆਂ ਵੀ ਬੀਜੋ ।
ਝੋਨੇ ਦੀ ਪਨੀਰੀ ਦੀ ਉਮਰ 25 ਦਿਨਾਂ ਤੋਂ ਜਿਆਦਾ ਨਾ ਹੋਵੇ । ਬਿਨਾ ਕੱਦੂ ਕੀਤੇ ਖੇਤ ਵਿੱਚ ਬੂਟੇ ਤੋਂ ਬੂਟਾ 1x1 ਫੁੱਟ 'ਤੇ ਝੋਨਾ ਲਾਵੋ । ਇੱਕ ਥਾਂ 'ਤੇ ਇੱਕ ਹੀ ਬੂਟਾ ਲੱਗਣਾ ਚਾਹੀਦਾ ਹੈ ।
ਮਸਾਲੇ
ਹਲਦੀ 1 ਮਰਲਾ
ਅਦਰਕ 1 ਮਰਲਾ
ਦੋਹਾਂ ਨੂੰ ਦਰਖਤਾਂ ਦੀ ਛਾਂਵੇਂ ਬੀਜੋ। ਕਿਉਂ ਇਹਨਾਂ ਨੂੰ ਵਿਕਾਸ ਕਰਨ ਲਈ ਛਾਂ ਦੀ ਲੋੜ ਹੁੰਦੀ ਹੈ।
18 ਸਬਜ਼ੀਆਂ =16 ਮਰਲੇ
5 ਦਾਲਾਂ = 25 ਮਰਲੇ
3 ਅਨਾਜ = 15 ਮਰਲੇ
1 ਹਰਾ ਚਾਰਾ =14 ਮਰਲੇ
1 ਗੰਨਾ =10 ਮਰਲੇ
2 ਮਸਾਲੇ =2 ਮਰਲੇ
1 ਨਰਮਾ ਜਾਂ ਝੋਨਾ =78 ਮਰਲੇ
ਕੁਦਰਤੀ ਖੇਤੀ ਤਹਿਤ ਇੱਕ ਛੋਟੇ ਕਿਸਾਨ ਪਰਿਵਾਰ ਵਾਸਤੇ ਸਾਉਣੀ ਦੀਆਂ ਫਸਲਾਂ ਦੀ ਵਿਓਂਤਬੰਦੀ
ਹਰੀਆਂ ਸਬਜ਼ੀਆਂ
ਫੁੱਲ ਗੋਭੀ 1/2 ਮਰਲਾ
ਬੰਦ ਗੋਭੀ 1/2 ਮਰਲਾ
ਸਾਗ ਸਰੋਂ ਦਾ 1 ਮਰਲਾ
ਪਾਲਕ 1/4 ਮਰਲਾ
ਮੇਥੀ 1/4 ਮਰਲਾ
ਮੇਥੇ 1/4 ਮਰਲਾ
ਮਟਰ 1 ਮਰਲਾ
ਪਿਆਜ 2 ਮਰਲੇ
ਲਸਣ 2 ਮਰਲੇ
ਟਮਾਟਰ 1/2 ਮਰਲਾ
ਬੈਂਗਣ 1/2 ਮਰਲਾ
ਮੂਲੀਆਂ ਵੱਟਾਂ ਉੱਤੇ
ਗਾਜਰ 1/2 ਮਰਲਾ
ਸੂੰਗਰੇ 1/4 ਮਰਲਾ
ਸ਼ਲਗਮ 1/4 ਮਰਲਾ
ਪਰਮਲ 1/4 ਮਰਲਾ
ਮਟਰ ਗੁਆਰਾ 1 ਮਰਲਾ
ਸੁੱਕੀਆਂ ਦਾਲਾਂ
ਮਸਰ 10 ਮਰਲੇ
(ਮਸਰ ਡੇਢ ਕਿੱਲੋ + ਜੌਂ 100 ਗ੍ਰਾਮ)
ਮਸਾਲੇ
ਧਨੀਆ 1 ਮਰਲਾ
ਹਾਲੋਂ 1 ਮਰਲਾ
ਅਲਸੀ 2 ਮਰਲੇ
ਤਾਰਾਮੀਰਾ 1 ਮਰਲਾ
ਸੌਂਫ 1 ਮਰਲਾ
ਅਜਵਾਇਣ 1 ਮਰਲਾ
ਹਰੇਕ ਬੀਜ ਵਿੱਚ 10 ਗ੍ਰਾਮ ਕਣਕ ਦਾ ਬੀਜ ਮਿਲਾ ਕੇ ਬੀਜੋ।
ਹਰਾ ਚਾਰਾ
ਇੱਕ ਗਾਂ ਲਈ ਹਰਾ ਚਾਰਾ 15 ਮਰਲੇ
ਬਰਸੀਮ ਦੇ ਚਾਰੇ ਵਿੱਚ 20 ਗ੍ਰਾਮ ਸਰੋਂ, 10 ਗ੍ਰਾਮ ਤਾਰਾਮੀਰਾ, 100 ਗ੍ਰਾਮ ਹਾਲੋਂ, 20 ਗ੍ਰਾਮ ਅਲਸੀ ਅਤੇ 500 ਗ੍ਰਾਮ ਜੌਂ ਮਿਲਾ ਕੇ ਬੀਜੋ ।
ਗੰਨਾ
ਗੰਨਾ 10 ਮਰਲੇ
ਬਿਜਾਈ ਦਾ ਤਰੀਕਾ 4x2 ਫੁੱਟ
ਕਣਕ +ਛੋਲੇ+ਧਨੀਆ+ਮੇਥੇ 107 ਮਰਲੇ
ਸਰੋਂ ਵੱਟਾਂ ਉੱਤੇ ਅਤੇ ਚਾਰੇ ਪਾਸੇ
ਪੱਧਰ ਖੇਤ ਵਿੱਚ ਬਿਜਾਈ ਦਾ ਤਰੀਕਾ-
ਕਣਕ 25 ਕਿੱਲੋ
ਛੋਲੇ 04 ਕਿੱਲੋ
ਧਨੀਆ 250 ਗ੍ਰਾਮ
ਮੇਥੇ 150 ਗ੍ਰਾਮ
ਸਾਰੇ ਬੀਜ ਮਿਲਾ ਕੇ ਡ੍ਰਿਲ ਨਾਲ ਬੀਜ ਦਿਓ।