ਕੁਦਰਤੀ ਖੇਤੀ
ਮੁੱਖ ਨੁਕਤੇ
ਸਹਿਯੋਗ:
ਇੰਡੀਅਨ ਸ਼ੋਸ਼ਲ ਐਕਸ਼ਨ ਫੋਰਮ (INSAF) ਦਿੱਲੀ
ਜ਼ਹਿਰੀਲੀ ਖੇਤੀ ਦੇ ਮਾੜੇ ਅਸਰਾਂ ਕਰਕੇ ਸਾਡੀ ਰੋਗ ਪ੍ਰਤੀਰੋਧੀ ਤਾਕਤ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਕਾਰਨ ਸਾਨੂੰ ਅਨੇਕਾਂ ਪ੍ਰਕਾਰ ਦੇ ਰੋਗ ਅਸਾਨੀ ਨਾਲ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਵੇਂ ਵਾਰ-ਵਾਰ ਜ਼ੁਕਾਮ ਲੱਗਣਾ, ਵਾਇਰਲ ਬੁਖ਼ਾਰ ਹੋਣਾ, ਕਾਲਾ ਪੀਲੀਆ ( ਹੈਪੇਟਾਈਟਸ ਬੀ, ਸੀ, ਈ), ਛੋਟੀ ਮਾਤਾ, ਜਨੇਊ, ਡੇਂਗੂ, ਚਿਕਨ ਗੁਣੀਆਂ, ਫਲੂ, ਦਿਮਾਗੀ ਬੁਖ਼ਾਰ, ਚਮੜੀ ਦੀਆਂ ਅਨੇਕਾਂ ਬਿਮਾਰੀਆਂ ਏਡਜ਼ ਅਤੇ ਭਾਂਤ-ਭਾਂਤ ਕਿੰਨੀਆਂ ਹੀ ਹੋਰ ਇਨਫੈਕਸ਼ਨਾਂ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਤੀਬਰਤਾ ਨਾਲ ਅਤੇ ਵੱਡੇ ਪੱਧਰ 'ਤੇ ਆਪਣਾ ਅਸਰ ਵਿਖਾ ਰਹੀਆਂ ਹਨ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਵਿੱਚ ਵੀ ਸਰੀਰ ਦੀ ਕਮਜ਼ੋਰ ਰੱਖਿਆ ਪ੍ਰਣਾਲੀ ਦਾ ਵੱਡਾ ਯੋਗਦਾਨ ਹੈ। ਕੁੱਝ ਲੋਕਾਂ ਵਿੱਚ ਰੋਗ ਪ੍ਰਤੀਰੋਧੀ ਸ਼ਕਤੀ ਦੇ ਸਹੀ ਕੰਮ ਨਾ ਕਰਨ ਕਾਰਨ ਕੁੱਝ ਵਾਇਰਸ ਸਰੀਰ 'ਤੇ ਭਾਰੂ ਹੋ ਜਾਂਦੇ ਹਨ ਜਿਹਨਾਂ ਕਰਕੇ ਕੈਂਸਰ ਹੋ ਜਾਂਦਾ ਹੈ। ਇਹ ਵਿਗਿਆਨਿਕ ਸੱਚ ਹੈ ਕਿ ਕੈਂਸਰ ਸੈੱਲ ਅਕਸਰ ਹੀ ਸਰੀਰ ਵਿੱਚ ਬਣਦੇ ਰਹਿੰਦੇ ਹਨ। ਜੇਕਰ ਸਰੀਰ ਦੀ ਰੱਖਿਆ ਪ੍ਰਣਾਲੀ ਮਜਬੂਤ ਹੋਵੇ ਤਾਂ ਇਹ ਕੈਂਸਰ ਸੈੱਲਾਂ ਨੂੰ ਬਿਮਾਰੀ ਦਾ ਰੂਪ ਧਾਰਣ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਹੈ।
ਸਾਡੇ ਜਨਣ ਅੰਗਾਂ ਪ੍ਰਜਨਣ ਕਿਰਿਆ ਅਤੇ ਬੱਚੇ ਦਾ ਸਰੀਰ ਮਾਂ ਦੇ ਪੇਟ ਵਿੱਚ ਹੀ ਬਹੁਤ ਸੋਹਲ ਹੁੰਦੇ ਹਨ। ਇਸ ਕਾਰਨ ਇਹਨਾਂ ਉੱਤੇ ਹੀ ਜ਼ਹਿਰਾਂ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ ਹੈ। 9-10 ਸਾਲ ਦੀਆਂ ਬੱਚੀਆਂ ਨੂੰ ਮਾਹਵਾਰੀ ਸ਼ੁਰੂ ਹੋਣਾ ਜਾਂ ਛਾਤੀ ਦੀਆਂ ਗੱਠਾਂ ਬਣਨਾ, ਮੁੰਡਿਆਂ ਵਿੱਚ ਜਵਾਨੀ ਦੀ ਆਮਦ ਲੇਟ ਹੋਣੀ, ਔਰਤਾਂ ਵਿੱਚ ਮਾਹਵਾਰੀ ਸਬੰਧੀ ਸਮੱਸਿਆਵਾਂ ਦਾ ਵਧਣਾ, ਅੰਡਕੋਸ਼ਾਂ ਜਾਂ ਬੱਚੇਦਾਨੀ ਦੀਆਂ ਗੱਠਾਂ-ਰਸੌਲੀਆਂ ਦਾ ਵਧਣਾ, ਬੇਔਲਾਦ ਜੋੜਿਆਂ ਦੀ ਗਿਣਤੀ ਵਿੱਚ ਕਈ ਗੁਣਾਂ ਦਾ ਵਾਧਾ, ਗਰਭ ਡਿੱਗ ਜਾਣਾ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਜਾਣਾ, ਮਰੇ ਹੋਏ ਬੱਚੇ ਪੈਦਾ ਹੋਣਾਂ ਜਾਂ ਜੰਮਣ ਉਪਰੰਤ ਕੁੱਝ ਹੀ ਸਮੇਂ ਬਾਅਦ ਮਰ ਜਾਣਾ, ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘਟਣਾ ਇਹ ਸਾਰੀਆਂ ਅਲਾਮਤਾਂ ਪਿਛਲੇ ਵੀਹਾਂ-ਤੀਹਾਂ ਦੌਰਾਨ ਹੀ ਕਈ ਗੁਣਾਂ ਵਧ ਗਈਆਂ ਹਨ।
ਅੱਜ ਪੰਜਾਬ ਦੇ ਹਰੇਕ ਪਿੰਡ 5 ਤੋਂ 20 ਜੋੜੇ ਬੇਔਲਾਦ ਪਾਏ ਜਾ ਰਹੇ ਹਨ। ਇੰਨੇ ਕੁ ਹੀ ਅਜਿਹੇ ਜੋੜੇ ਵੀ ਹਨ ਜਿਹਨਾਂ ਨੂੰ ਵੱਡੇ-ਵੱਡੇ ਡਾਕਟਰਾਂ ਤੋਂ ਮਹਿੰਗੇ-ਮਹਿੰਗੇ ਇਲਾਜ਼ ਕਰਵਾ ਕੇ ਹੀ ਔਲਾਦ ਦਾ ਸੁਖ ਨਸੀਬ ਹੋਇਆ ਹੈ। ਲਗਪਗ 20 ਤੋਂ 50 ਫੀਸਦੀ ਔਰਤਾਂ ਵਿੱਚ ਬੱਚਾ ਠਹਿਰਣ ਉਪਰੰਤ ਗਰਭਪਾਤ ਹੋ ਜਾਂਦਾ ਹੈ।
ਕੁਦਰਤੀ ਖੇਤੀ : ਮੁੱਖ ਨੁਕਤੇ
- ਕਿਸੇ ਵੀ ਫਸਲ ਦਾ ਨਾੜ ਨਹੀਂ ਸਾੜਨਾ, ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿੱਚ ਹੀ ਵਾਹ ਦਿਓ।
- ਸਮੇਂ-ਸਮੇਂ ਹਰੇਕ ਖੇਤ ਵਿੱਚ ਹਰੀ ਖਾਦ ਬਣਾ ਕੇ ਵਾਹੋ।
- ਕੁਦਰਤੀ ਖੇਤੀ ਸ਼ੁਰੂ ਕਰਦੇ ਸਮੇਂ ਪ੍ਰਤੀ ਏਕੜ 6-8 ਟਰਾਲੀਆਂ ਰੂੜੀ ਦੀ ਖਾਦ ਪਾਓ।
- ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਘੱਟੋ-ਘੱਟ 2 ਕੁਇੰਟਲ ਗੁੜ ਜਲ ਅੰਮ੍ਰਿਤ ਕੰਪੋਸਟ ਪਾਓ।
- ਬਿਜਾਈ ਤੋਂ 2 ਘੰਟੇ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਬੀਜ ਅੰਮ੍ਰਿਤ ਲਾ ਕੇ ਛਾਂਵੇਂ ਸੁਕਾ ਲਵੋ ।
- ਮੁੱਖ ਫਸਲ ਨਾਲ ਉਸਦੀਆਂ ਸਹਿਜੀਵੀ ਫਸਲਾਂ ਜ਼ਰੂਰ ਬੀਜੋ। ਜਿਵੇਂ ਕਣਕ ਵਿੱਚ ਛੋਲੇ, ਸਰੋਂ ਆਦਿ ਅਤੇ ਨਰਮੇ ਵਿੱਚ ਮੋਠ, ਬੌਣੇ ਚੌਲੇ (ਰਵਾਂ), ਦੇਸੀ ਟਿੰਡੋ, ਖੱਖੜੀਆਂ ਆਦਿ।
- ਮੁੱਖ ਫਸਲ ਦੇ ਚਾਰੇ ਪਾਸੇ ਉਸ ਤੋਂ ਲੰਬੇ ਕੱਦ ਦੀ ਫਸਲ ਦੇ ਘੱਟੋ-ਘੱਟ ਤਿੰਨ ਸਿਆੜ ਬਾਰਡਰ ਫਸਲ ਦੇ ਤੌਰ 'ਤੇ ਬੀਜੋ । -
- ਮੁੱਖ ਫਸਲ ਨਾਲ ਘੱਟ ਮਾਤਰਾ ਵਿੱਚ ਅਜਿਹੀਆਂ ਫਸਲਾਂ ਬੀਜੋ ਜਿਹੜੀਆਂ ਹਾਨੀਕਾਰਕ ਕੀਟਾਂ ਲਈ ਜਾਲ ਅਤੇ ਲਾਭਕਾਰੀ ਕੀਟਾਂ ਲਈ ਸੱਦਾ ਪੱਤਰ ਦਾ ਕੰਮ ਕਰਨ। ਜਿਵੇਂ ਕਿ ਧਨੀਆਂ, ਮੇਥੇ ਅਤੇ ਸਰੋਂ
ਕਣਕ ਵਿੱਚ ਅਤੇ ਅਰਿੰਡ, ਮੱਕੀ, ਭਿੰਡੀ ਅਤੇ ਚੌਲੇ (ਰਵਾਂ) ਨਰਮੇ ਵਿੱਚ।
- ਕੁਦਰਤੀ ਖੇਤੀ ਵਿੱਚ ਫਸਲਾਂ ਨੂੰ ਪਾਣੀ ਸਿਰਫ ਤਿੰਨ ਜਾਂ ਚਾਰ ਵਾਰ ਹੀ ਦਿਓ।
- ਪ੍ਰਤੀ ਏਕੜ ਘੱਟੋ-ਘੱਟ 6 ਕਿਆਰੇ ਪਾਓ ਤਾਂ ਕਿ ਫਸਲ ਨੂੰ ਪਾਣੀ ਪਤਲਾ ਅਤੇ ਲੋੜ ਮੁਤਾਬਿਕ ਹੀ ਲੱਗੇ।
- ਹਰ ਪਾਣੀ ਨਾਲ ਪ੍ਰਤੀ ਏਕੜ ਇੱਕ ਡਰੰਮ ਗੁੜ ਜਲ ਅੰਮ੍ਰਿਤ ਫਸਲ ਨੂੰ ਦਿਉ।
- ਫਸਲ ਉੱਤੇ ਘੱਟੋ-ਘੱਟ ਚਾਰ ਵਾਰ ਪਾਥੀਆਂ ਦੇ ਪਾਣੀ ਦੀ ਸਪ੍ਰੇਅ ਕਰੋ।
- ਦੋਧੇ ਦੀ ਸਟੇਜ 'ਤੇ ਘੱਟੋ-ਘੱਟ 2 ਵਾਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਜ਼ਰੂਰ ਕਰੋ। ਝਾੜ ਵਿੱਚ 10 ਤੋਂ 20 ਫੀਸਦਾ ਦਾ ਵਾਧਾ ਹੋ ਜਾਵੇਗਾ।
- ਉੱਲੀ ਰੋਗਾਂ ਨੂੰ ਖਤਮ ਕਰਨ ਲਈ ਪ੍ਰਤੀ ਪੰਪ 1.5 ਲਿਟਰ 15 ਦਿਨ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰੋ।
- ਫਸਲ 'ਤੇ ਠੂਠੀ ਰੋਗ (ਵਾਇਰਲ ਅਟੈਕ) ਆ ਜਾਵੇ ਤਾਂ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਪ੍ਰਤੀ ਪੰਪ 250 ਗ੍ਰਾਮ ਕੱਚਾ ਦੁੱਧ ਛਿੜਕੋ।
- ਕੀਟਨਾਸ਼ਕ ਮੁਕਤ ਕੀਟ ਪ੍ਰਬੰਧ ਰਾਹੀਂ ਕੀਤੇ ਕਾਬੂ ਕਰਨ 'ਤੇ ਵਧੇਰੇ ਜ਼ੋਰ ਦਿਓ।
- ਲਾਭਕਾਰੀ ਅਤੇ ਹਾਨੀਕਾਰਕ ਕੀੜਿਆਂ ਦੀ ਪਛਾਣ ਕਰੋ ।