ਕੁਦਰਤੀ ਖੇਤੀ ਤਹਿਤ ਭੂਮੀ ਪ੍ਰਬੰਧਨ
1. ਰੂੜੀ ਦੀ ਖਾਦ: ਰੂੜੀ ਦੀ ਖਾਦ ਬਹੁਤ ਵਧੀਆ ਕਿਸਮ ਦਾ ਜੈਵਿਕ ਮਾਦਾ ਹੈ। ਇਹ ਜਿੱਥੇ ਇੱਕ ਪਾਸੇ ਭੂਮੀ ਦੀ ਪਾਣੀ ਸੋਖਣ ਦੀ ਸ਼ਕਤੀ ਵਿੱਚ ਵਾਧਾ ਕਰਦੀ ਹੈ ਉੱਥੇ ਹੀ ਭੂਮੀ ਵਿਚਲੇ ਸੂਖਮ ਜੀਵਾਂ ਅਤੇ ਫਸਲ ਲਈ ਭਰਪੂਰ ਖ਼ੁਰਾਕ ਵੀ ਉਪਲਭਧ ਕਰਵਾਉਂਦੀ ਹੈ। ਸੋ ਕੁਦਰਤੀ ਖੇਤੀ ਸ਼ੁਰੂ ਕਰਦੇ ਸਮੇਂ ਅਤੇ ਫਿਰ ਹਰੇਕ ਤਿੰਨ ਸਾਲ ਬਾਅਦ ਖੇਤ ਵਿੱਚ ਪ੍ਰਤੀ ਏਕੜ 6 ਤੋਂ 8 ਟਰਾਲੀਆਂ ਰੂੜੀ ਦੀ ਖਾਦ ਜ਼ਰੂਰ ਪਾਓ।
2. ਰੁੱਖ: ਰੁੱਖ ਭੂਮੀ ਦੀ ਉਪਜਾਊ ਸ਼ਕਤੀ ਬਰਕਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਰੁੱਖਾਂ ਦੀਆਂ ਜੜ੍ਹਾਂ ਧਰਤੀ ਵਿੱਚ ਬਹੁਤ ਡੂੰਘੀਆਂ ਜਾਂਦੀਆਂ ਹਨ । ਇਹ ਪੋਸ਼ਕ ਤੱਤਾਂ ਨੂੰ ਬਹੁਤ ਗਹਿਰਾਈ ਤੋਂ ਖਿੱਚ ਕੇ ਭੂਮੀ ਦੀ ਉਤਲੀ ਸਤ੍ਹਾ 'ਤੇ ਲਿਆਉਣ ਦਾ ਅਦਭੁਤ ਕੰਮ ਕਰਦੇ ਹਨ। ਖੇਤ ਵਿੱਚ ਡਿੱਗ ਰੁੱਖਾਂ ਦੇ ਪੱਤੇ ਉੱਚ ਕੋਟੀ ਦੀ ਕੁਦਰਤੀ ਖਾਦ ਦੇ ਰੂਪ ਵਿੱਚ ਸਾਡੀਆਂ ਫਸਲਾਂ ਨੂੰ ਪ੍ਰਾਪਤ ਹੁੰਦੇ ਹਨ। ਸੁਹੰਜਣੇ ਅਤੇ ਜੰਡ ਵਰਗੇ ਰੁੱਖ ਭੂਮੀ ਵਿੱਚ ਕੁਦਰਤੀ ਨਾਈਰੋਜ਼ਨ ਵੀ ਜਮ੍ਹਾਂ ਕਰਦੇ ਹਨ। ਇੰਨਾ ਹੀ ਨਹੀਂ ਰੁੱਖਾਂ ਉੱਤੇ ਵਾਸ ਕਰਨ ਵਾਲੇ ਪੰਛੀ ਖੇਤ ਵਿੱਚ ਵਿੱਠਾਂ ਕਰਨ ਦੇ ਨਾਲ-ਨਾਲ ਫਸਲਾਂ 'ਤੇ ਹਮਲਾ ਕਰਨ ਵਾਲੇ ਕੀਟ ਪਤੰਗਿਆਂ ਨੂੰ ਵੀ ਖਾਂਦੇ ਹਨ । ਸੋ ਪ੍ਰਤੀ ਏਕੜ ਘੱਟੋ-ਘੱਟ 5 ਰੁੱਖ ਜ਼ਰੂਰ ਲਗਾਓ।