ਕੁਦਰਤੀ ਖੇਤੀ ਵਿਚ ਕਣਕ
ਡਾ. ਓਮ ਪ੍ਰਕਾਸ਼ ਰੁਪੇਲਾ
ਭਾਰਤ ਵਿੱਚ ਫ਼ਸਲਾਂ ਦਾ ਝਾੜ: ਕੁੱਝ ਇਤਿਹਾਸਕ ਤੱਥ
ਅਨੇਕ ਇਤਿਹਾਸਿਕ ਦਸਤਾਵੇਜ਼ ਦਸਦੇ ਹਨ ਕਿ ਸਤਾਰਵੀਂ ਅਤੇ ਅਠਾਰਵੀਂ ਸਦੀ ਦੌਰਾਨ ਭਾਰਤ ਵਿੱਚ ਖੇਤੀ ਦਾ ਉਤਪਾਦਨ ਅੱਜ ਦੇ ਆਧੁਨਿਕ ਯੁਗ ਦੇ ਉਤਪਾਦਨ ਤੋਂ ਕਿਤੇ ਜਿਆਦਾ ਰਿਹਾ ਹੈ।
ਅਠਾਰਵੀਂ ਸਦੀ ਦੇ ਖੇਤੀ ਦਸਤਾਵੇਜ਼ ਦਸਦੇ ਹਨ ਕਿ ਉਸ ਵੇਲੇ ਤਾਮਿਲਨਾਡੂ ਦੇ ਚਿੰਗਲਪੇਟ ਜ਼ਿਲ੍ਹੇ ਵਿੱਚ ਕਣਕ ਦਾ ਘੱਟੋ-ਘੱਟ ਝਾੜ 2.5 ਟਨ ਪ੍ਰਤੀ ਹੈਕਟੇਅਰ ਸੀ। ਜਿਹੜਾ ਕਿ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਦੇ ਬਾਵਜੂਦ ਅੱਜ ਵੀ ਓਨਾਂ ਹੀ ਜਾਂ ਉਸ ਤੋਂ ਘੱਟ ਹੈ। ਹਾਲਾਂ ਕਿ ਚਿੰਗਲਪੇਟ ਸਮੁੰਦਰੀ ਕੰਢੇ ਦਾ ਇਲਾਕਾ ਹੈ ਜਿੱਥੋਂ ਦੀ ਜ਼ਮੀਨ ਨੂੰ ਵਧੇਰੇ ਉਪਜਾਊ ਨਹੀਂ ਮੰਨਿਆ ਗਿਆ।
ਤਾਮਿਲਨਾਡੂ ਦੇ ਹੀ ਤੰਜ਼ਾਵਰ ਜ਼ਿਲ੍ਹੇ ਵਿਚਲੇ ਨੌਵੀਂ ਤੋਂ ਬਾਰ੍ਹਵੀਂ ਸਦੀ ਦੇ ਸ਼ਿਲਾਲੇਖਾਂ ਮੁਤਾਬਿਕ ਅੱਜ ਦੇ ਹਿਸਾਬ ਨਾਲ ਝੋਨੇ ਦਾ ਝਾੜ ਪ੍ਰਤੀ ਹੈਕਟੇਅਰ 15 ਤੋਂ 18 ਟਨ ਮਿਲਦਾ ਸੀ।
ਇਸੇ ਤਰ੍ਹਾਂ ਤਾਮਿਲਨਾਡੂ ਦੇ ਹੀ ਦੱਖਣ ਅਰਕਾਟ ਜ਼ਿਲ੍ਹੇ ਵਿੱਚ ਝੋਨੇ ਦਾ ਪ੍ਰਤੀ ਹੈਕਟੇਅਰ ਝਾੜ 14.5 ਟਨ ਸੀ ਅਤੇ ਏਸੇ ਵੇਲੇ ਰਾਮਨਾਥਪੁਰਮ ਵਿੱਚ ਝੋਨੇ ਦਾ ਪ੍ਰਤੀ ਹੈਕਟੇਅਰ ਝਾੜ 20 ਟਨ ਸੀ।
ਇਸੇ ਪ੍ਰਕਾਰ ਸੰਨ 1803 ਦੇ ਦਸਤਾਵੇਜ਼ਾਂ ਮੁਤਾਬਿਕ ਇਲਾਹਾਬਾਦ ਜ਼ਿਲ੍ਹੇ ਵਿੱਚ ਪ੍ਰਤੀ ਹੈਕਟੇਅਰ 7.5 ਟਨ ਕਣਕ ਦਾ ਉਤਪਾਦਨ ਮਿਲਦਾ ਰਿਹਾ ਹੈ। ਅਰਥਾਤ ਉਸ ਵੇਲੇ 30 ਕੁਇੰਟਲ ਪ੍ਰਤੀ ਏਕੜ !
ਉਪਰੋਕਤ ਜ਼ਿਆਦਾਤਰ ਵੇਰਵੇ ਅੰਗਰੇਜ਼ਾਂ ਦੇ ਭਾਰਤ 'ਤੇ ਅਧਿਕਾਰ ਤੋਂ ਪਹਿਲਾਂ ਦੇ ਹਨ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਰਤ ਦੇ ਕਿਸਾਨਾਂ ਕੋਲ ਖੇਤੀ ਦਾ ਵਿਰਾਸਤੀ ਗਿਆਨ-ਵਿਗਿਆਨ ਅਤੇ ਤਕਨੀਕ ਦੀ ਕੋਈ ਘਾਟ ਨਹੀ ਸੀ ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀ ਆਪਣੀ ਖੇਤੀ ਦੀ ਵਿਰਾਸਤ, ਜੋ ਹਜਾਰਾਂ ਸਾਲ ਪੁਰਾਣੀ ਹੈ, ਨੂੰ ਭੁਲਾ ਕੇ ਕੋਈ 100-150 ਸਾਲ ਪਹਿਲਾਂ ਸ਼ੁਰੂ ਹੋਈ ਆਧੁਨਿਕ ਖੇਤੀ ਅੱਗੇ ਨਤਮਸਤਕ ਹੋ ਗਏ ਹਾਂ।
ਇਹ ਮਾਨਸਿਕ, ਬੌਧਿਕ ਅਤੇ ਵਿਚਾਰਕ ਗੁਲਾਮੀ ਦਾ ਪ੍ਰਤੀਕ ਹੈ। ਬਸਤੀਵਾਦ ਸਾਡੇ ਜ਼ਹਿਨ ਵਿੱਚ ਘਰ ਕਰ ਗਿਆ ਹੈ। ਇਸ ਤੋਂ ਨਿਜ਼ਾਤ ਪਾਉਣੀ ਹੀ ਪਏਗੀ। ਖੇਤੀ ਵਿਰਾਸਤ ਮਿਸ਼ਨ ਆਪਜੀ ਨੂੰ ਇਸੇ ਕੰਮ ਲਈ ਅੱਗੇ ਆਉਣ ਦਾ ਸੱਦਾ ਦਿੰਦਾ ਹੈ ।
ਭੂਮਿਕਾ
ਕੁਦਰਤੀ ਖੇਤੀ ਪੰਜਾਬ ਭਰ ਆਪਣੀ ਹੋਂਦ ਦਰਸਾਉਣ ਵਿੱਚ ਸਫਲ ਰਹੀ ਹੈ । ਸੂਬੇ ਭਰ ਵਿੱਚ ਕੁਦਰਤੀ ਖੇਤੀ ਕਰ ਰਹੇ ਕਿਸਾਨ ਸਫਲਤਾ ਦੇ ਨਿੱਤੇ ਨਵੇਂ ਆਯਾਮ ਸਥਾਪਿਤ ਕਰ ਰਹੇ ਹਨ। ਖੇਤੀ ਵਿਰਾਸਤ ਮਿਸ਼ਨ ਲੋਕ ਲਹਿਰ ਨਾਲ ਜੁੜੇ ਅਨੇਕ ਪ੍ਰਯੋਗਸ਼ੀਲ ਕਿਸਾਨ ਨੇ ਕੁਦਰਤੀ ਖੇਤੀ ਦੀਆਂ ਅਨੇਕਾਂ ਹੀ ਨਵੀਆਂ ਅਤੇ ਟਿਕਾਊ ਅਤੇ ਲਾਹੇਵੰਦ ਤਕਨੀਕਾਂ ਈਜਾਦ ਕੀਤੀਆਂ ਹਨ। ਕੁਦਰਤੀ ਖੇਤੀ ਦੇ ਕਈ ਸਫ਼ਲ ਪ੍ਰਯੋਗਾਂ ਵਿੱਚੋਂ ਨਿਕਲੀਆਂ ਇਹ ਤਕਨੀਕਾਂ ਅੱਜ ਦੇਸ਼ ਭਰ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਸਫ਼ਲਤਾ ਦੀ ਬੇਜੋੜ ਕਹਾਣੀ ਲਿਖ ਰਹੀਆਂ ਹਨ।
ਇਸ ਸਮੁੱਚੇ ਕਾਰਜ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਹੈ ਦੇਸ਼ ਦੇ ਕੁਦਰਤ ਅਤੇ ਲੋਕ ਪੱਖੀ ਉਹਨਾਂ ਖੇਤੀ ਵਿਗਿਆਨੀਆਂ ਨੇ ਜਿਹੜੇ ਕਿਸਾਨਾਂ ਦੀ ਬਦਹਾਲੀ ਦਾ ਕਾਰਨ ਬਣੇ ਅਜੋਕੇ ਖੇਤੀ ਮਾਡਲ ਨੂੰ ਬਦਲਣ ਲਈ ਲਗਾਤਾਰ ਯਤਨਸ਼ੀਲ ਹਨ। ਉਹਨਾਂ ਵਿੱਚੋਂ ਡਾ. ਓਮ ਪ੍ਰਕਾਸ਼ ਰੁਪੇਲਾ ਅਤੇ ਡਾ. ਰਾਮਾਂਜਿਯਾਲੂ ਪ੍ਰਮੁੱਖ ਹਨ । ਜ਼ਿਕਰਯੋਗ ਹੈ ਕਿ ਡਾ. ਰੁਪੇਲਾ 'ਇੰਟਰਨੈਸ਼ਨਲ ਕਰਾਪ ਰਿਸਰਚ ਸੈਂਟਰ ਫਾਰ ਸੈਮੀ ਏਰਿਡ ਟ੍ਰਾਪਿਕਸ(ICRISAT), ਸੰਯੁਕਤ ਰਾਸ਼ਟਰ ਖੇਤੀ ਅਤੇ ਖੁਰਾਕ ਸੰਗਠਨ(UNFAO) ਅਤੇ ਵਿਸ਼ਵ ਬੈਂਕ ਨਾਲ ਵੀ ਜੁੜੇ ਰਹੇ ਹਨ। ਬੀਤੇ 25 ਵਰ੍ਹਿਆਂ ਤੋਂ ਕੁਦਰਤੀ ਖੇਤੀ ਦੇ ਹੱਕ ਵਿੱਚ ਸਰਗਰਮ .ਡਾ ਰੁਪੇਲਾ ਖੇਤੀ ਵਿਰਾਸਤ ਮਿਸ਼ਨ ਨਾਲ ਸਰਪ੍ਰਸਤ ਵਜੋਂ ਜੁੜੇ ਹੋਏ ਹਨ।
ਇਸੇ ਪ੍ਰਕਾਰ ਡਾ. ਰਾਮਾਂਜਿਯਾਲੂ ਵੀ ਲਗਪਗ 10 ਵਰ੍ਹਿਆਂ ਤੋਂ ਦੇਸ਼ ਵਿੱਚ ਕੁਦਰਤੀ ਖੇਤੀ ਦੇ ਝੰਡਾਬਰਦਾਰ ਬਣੇ ਹੋਏ ਹਨ। ਭਾਰਤੀ ਖੇਤੀਬਾੜੀ ਖੋਜ਼ ਪਰਿਸ਼ਦ(ICAR) ਦੀ ਵੱਡੀ ਤਨਖਾਹ ਵਾਲੀ ਨੌਕਰੀ ਛੱਡ ਕੇ ਉਸ ਤੋਂ ਕਿਤੇ ਘੱਟ ਤਨਖਾਹ 'ਤੇ ਕੁਦਰਤੀ ਖੇਤੀ ਦੀ ਇੱਕ ਸਵੈਸੇਵੀ ਜੱਥੇਬੰਦੀ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ(CSA), ਹੈਦਰਾਬਾਦ ਨਾਲ ਜੁੜ ਕੇ ਕੁਦਰਤੀ ਖੇਤੀ ਦੇ ਵਿਗਿਆਨ ਨੂੰ ਬੜੀ ਸ਼ਿੱਦਤ ਨਾਲ ਅੱਗੇ ਵਧਾ ਰਹੇ ਹਨ। ਇਹਨਾਂ ਦੀ ਅਗਵਾਈ ਵਿੱਚ ਅੱਜ ਆਂਧਰਾ ਪ੍ਰਦੇਸ਼ ਵਿੱਚ 20 ਲੱਖ ਏਕੜ ਜ਼ਮੀਨ 'ਤੇ ਜ਼ਹਿਰ ਮੁਕਤ ਕੁਦਰਤੀ ਖੇਤੀ ਸਾਕਾਰ ਰੂਪ ਲੈ ਚੁੱਕੀ ਹੈ। ਨਾਨ ਪੈਸਟੀਸਾਈਡਲ ਪੈਸਟ ਮੈਨੇਜ਼ਮੈਂਟ ਡਾ. ਰਾਮਾਂਜਿਯਾਲੂ ਦੀ ਹੀ ਦੂਰਦਰਸ਼ੀ ਅਤੇ ਤਰਕਸ਼ੀਲ ਸੋਚ ਦਾ ਸਿੱਟਾ ਹੈ।
ਅਸੀਂ ਡਾ. ਓਮ ਪ੍ਰਕਾਸ਼ ਰੁਪੇਲਾ ਅਤੇ ਡਾ. ਰਾਮਾਂਜਿਯਾਲੂ ਹੁਣਾਂ ਦੇ ਯੋਗ ਦਿਸ਼ਾ ਨਿਰਦੇਸ਼ਨ ਵਿੱਚ ਹਥਲੀ ਪੁਸਤਕ "ਕੁਦਰਤੀ ਖੇਤੀ ਵਿੱਚ ਕਣਕ" ਆਪਜੀ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ । ਇਹ ਪੁਸਤਕ ਕੁਦਰਤੀ ਖੇਤੀ ਤਹਿਤ ਕਣਕ ਤੋਂ ਵੱਧ ਝਾੜ ਪ੍ਰਾਪਤ ਕਰਨ ਸਬੰਧੀ ਪ੍ਰਯੋਗ ਦੀ ਨਿਰਦੇਸ਼ਕ ਪੁਸਤਿਕਾ ਹੈ। ਸਾਨੂੰ ਆਸ ਹੈ ਕਿ ਇਹ ਪੁਸਤਕ ਕਿਸਾਨਾਂ ਨੂੰ ਪਸੰਦ ਆਏਗੀ ਅਤੇ ਸਮੂਹ ਕਿਸਾਨ ਭਰਾ ਕੁਦਰਤੀ ਖੇਤੀ ਵਿੱਚ ਪ੍ਰਯੋਗਸ਼ੀਲਤਾ ਦੇ ਇਸ ਉੱਦਮ ਨੂੰ ਸਹਿਭਾਗੀ ਬਣ ਕੇ ਸਫ਼ਲ ਬਣਾਉਣਗੇ।
ਦੋਸਤੋ! ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜਾ ਕੰਮ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ ਉਹ ਕਿਸਾਨਾਂ ਨੂੰ ਖੁਦ ਕਰਨਾ ਪਏਗਾ। ਅਸੀਂ ਕੁਦਰਤੀ ਖੇਤੀ 'ਤੇ ਖੋਜ਼ ਲਈ ਯੂਨੀਵਰਸਿਟੀਆਂ ਦੇ ਮੁਥਾਜ਼ ਨਹੀਂ ਰਹਿ ਸਕਦੇ। ਹਾਂ ਜੇਕਰ ਖੇਤੀਬਾੜੀ ਯੂਨੀਵਰਸਿਟੀਆਂ ਇਸ ਨੇਕ ਕਾਰਜ ਵਿੱਚ ਸਾਡਾ ਸਾਥ ਦੇਣ ਲਈ ਅੱਗੇ ਆਉਣਗੀਆਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਪਰ ਜੇਕਰ ਉਹ ਅਜਿਹਾ ਨਹੀਂ ਕਰਦੀਆਂ ਤਾਂ ਸਾਨੂੰ ਇਸ ਗੱਲ ਦੀ ਚਿੰਤਾ ਕੀਤੇ ਬਗ਼ੈਰ ਅੱਗੇ ਵਧਦੇ ਰਹਿਣਾ ਹੋਵੇਗਾ। ਜੇਕਰ ਉਹ ਸਾਡਾ ਵਿਰੋਧ ਕਰਨਗੀਆਂ ਤਾਂ ਇਸ ਸਥਿਤੀ ਵਿੱਚ ਵੀ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਅਸੀਂ ਆਪਣੇ ਰਾਹ 'ਤੇ ਚਲਦੇ ਰਹਾਂਗੇ।
ਸਾਨੂੰ ਇਹ ਸਪਸ਼ਟ ਹੈ ਕਿ ਸਾਡਾ ਇਹ ਸੰਘਰਸ਼ ਲੰਬਾਂ ਸਮਾਂ ਚੱਲਣ ਵਾਲਾ ਹੈ ਅਤੇ ਇਸ ਵਿੱਚੋਂ ਹੀ ਖੇਤੀ ਅਤੇ ਵਿਕਾਸ ਦੇ ਨਵੇਂ- ਕਿਸਾਨ, ਕੁਦਰਤ ਅਤੇ ਲੋਕ ਪੱਖੀ ਮਾਡਲ ਦੀ ਸਿਰਜਣਾ ਹੋਵੇਗੀ।
ਸਾਨੂੰ ਇਹ ਵੀ ਸਪਸ਼ਟ ਹੈ ਕਿ ਲਾਲਚ ਅਤੇ ਵਾਸ਼ਨਾ ਤੋਂ ਮੁਕਤ "ਨਾਨਕ ਖੇਤੀ " ਹੀ ਸਰਬਤ ਦੇ ਭਲੇ ਦੀ ਖੇਤੀ ਹੋ ਹੈ। ਸੋ ਹੁਣ ਨਾਨਕ ਨਾਮ ਲੇਵਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਭਰ ਵਿੱਚ "ਨਾਨਕ ਖੇਤੀ" ਦੀ ਸਥਾਪਨਾਂ ਲਈ ਆਪਣਾ ਖੂਨ-ਪਸੀਨਾ ਇੱਕ ਕਰ ਦੇਣ।
ਆਮੀਨ!