ਕੁਦਰਤੀ ਖੇਤੀ 'ਚ ਕੀਟ ਅਤੇ ਖਾਦ ਪ੍ਰਬੰਧਨ
ਵਿਸ਼ਾ ਸੂਚੀ
ਸਵੈਨਿਰਭਰ ਖੇਤੀ ਦੇ ਸੱਤ ਸੂਤਰ
ਅਧਿਆਇ 1
ਸਮਗਰ ਕੀਟ ਪ੍ਰਬੰਧਨ
ਅਧਿਆਇ 2
ਬੀਜ ਉਪਚਾਰ ਅਤੇ ਉਤਪਾਦਾਂ ਦਾ ਉਚਿਤ ਭੰਡਾਰਨ
ਅਧਿਆਇ 3
ਜੈਵਿਕ ਕੀਟਨਾਸ਼ਕ
ਅਧਿਆਇ 4
ਜੈਵਿਕ ਟਾਨਿਕ ਤੇ ਜੈਵ ਖਾਦ
ਵਰਮੀ ਵਾਸ਼, ਵਧੇਰੇ ਝਾੜ ਲਈ ਟਾਨਿਕ,
ਗੋਬਰ ਗੈਸ ਸੱਲਰੀ, ਅੰਮ੍ਰਿਤ ਪਾਣੀ, ਜੀਵ ਅੰਮ੍ਰਿਤ,
ਘਣ ਜੀਵ ਅੰਮ੍ਰਿਤ, ਇੰਦੌਰ ਪੱਧਤੀ ਜੈਵਿਕ ਖਾਦ,
ਨਾਡੇਪ ਕੰਪੋਸਟ, ਭੂ-ਨਾਡੇਪ, ਮਟਕਾ ਖਾਦ
ਨਿੰਮ ਦੀ ਖਲ ਦੀ ਯਾਦ, ਅੰਡਿਆਂ ਦੀ ਖਾਦ, ਹਰੀ ਖਾਦ,
ਜੀਵਾਣੂ ਕਲਚਰ, ਗੁੜ ਜਲ ਅੰਮ੍ਰਿਤ
ਗੁੜ ਜਲ ਅੰਮ੍ਰਿਤ ਕੰਪੋਸਟ
ਸਵੈਨਿਰਭਰ ਖੇਤੀ ਦੇ ਸੱਤ ਸੂਤਰ
1. ਪਸ਼ੂ ਪਾਲਣ
2. ਮਜ਼ਬੂਤ ਵੱਟਾਂ ਬਣਾਓ
3. ਖੇਤਾਂ ਦੁਆਲੇ ਰੁੱਖ ਲਾਓ
4. ਹਰ ਸਾਲ ਖੇਤ ਵਿੱਚ ਛੱਪੜ ਦੀ ਮਿੱਟੀ ਪਾਓ
5. ਨਦੀਨਾਂ ਨੂੰ ਸਾੜੋ ਨਾ ਖੇਤਾਂ 'ਚ ਹੀ ਸੜਾਓ
6. ਮਿਸ਼ਰਤ ਫਸਲਾਂ ਬੀਜੋ
7. ਰਸਾਇਣ ਮੁਕਤ ਕੀਟ ਪ੍ਰਬੰਧ ਅਪਣਾਓ
ਪਸ਼ੂ ਪਾਲਣ: ਸਦੀਆਂ ਤੋਂ ਪਸ਼ੂ ਪਾਲਣ ਭਾਰਤੀ ਖੇਤੀ ਦੀ ਰੀੜ ਰਿਹਾ ਹੈ। ਕਿਸਾਨ ਪਸ਼ੂਬਲ ਦੀ ਮਦਦ ਨਾਲ ਹਕਾਈ, ਜੋਤਾਈ, ਵਹਾਈ, ਢੋਆ-ਢੁਆਈ ਵਰਗੇ ਕੰਮ ਕਰਦਾ ਰਿਹਾ ਹੈ। ਪਸ਼ੂਆਂ ਦੇ ਗੋਬਰ ਤੋਂ ਕਿਸਾਨਾਂ ਨੂੰ ਬਹੁਤ ਹੀ ਵਧੀਆ ਕਿਸਮ ਦੀ ਕੁਦਰਤੀ ਖਾਦ ਵੀ ਪ੍ਰਾਪਤ ਹੁੰਦੀ ਹੈ, ਜਿਸਨੂੰ ਕਿ ਜ਼ਮੀਨ ਦੀ ਸੁਭਾਵਿਕ ਖੁਰਾਕ ਕਿਹਾ ਜਾਂਦਾ ਹੈ। ਬੀਤੇ ਕੁਝ ਸਾਲਾਂ ਤੋਂ ਚਰਾਂਦਾਂ ਦੀ ਕਮੀ ਅਤੇ ਮਾਸ, ਚਮੜੇ ਅਤੇ ਹੱਡੀਆਂ ਦੇ ਵਪਾਰ ਕਾਰਨ ਪਸ਼ੂਆਂ ਦੀ ਸੰਖਿਆ ਵਿੱਚ ਚਿੰਤਾਜਨਕ ਕਮੀ ਆਈ ਹੈ। ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਇਹ ਵਪਾਰੀਕਰਨ ਦੇ ਉਸ ਭਿਆਨਕ ਚਿਹਰੇ ਕਾਰਨ ਹੋਇਆ ਹੈ ਜਿਸ ਵਿੱਚ ਵਪਾਰੀਆਂ ਦੇ ਫਾਇਦੇ ਨੂੰ ਛੱਡ ਕੇ ਸਭ ਕੁੱਝ ਅਰਥਹੀਣ ਹੋ ਜਾਂਦਾ ਹੈ। ਮਸ਼ੀਨਰੀ ਅਤੇ ਰਸਾਇਣਕ ਖਾਦਾਂ ਵੇਚਣ ਲਈ ਖੇਤੀ ਵਿੱਚੋਂ ਪਸ਼ੂਆਂ ਨੂੰ ਬਾਹਰ ਕੱਢਣਾ ਜ਼ਰੂਰੀ ਸੀ। ਸੋ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਆਧੁਨਿਕ ਖੇਤੀ ਦੇ ਨਾਂਅ 'ਤੇ ਭਾਰਤੀ ਖੇਤੀ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਕਿਸਾਨ ਪਸ਼ੂਆਂ ਦੀ ਬਜਾਏ ਮਸ਼ੀਨ ਅਤੇ ਰਸਾਇਣਕ ਖਾਦਾਂ 'ਤੇ ਨਿਰਭਰ ਹੋ ਗਏ। ਖੇਤੀ ਨੂੰ ਲਾਭਕਾਰੀ ਕਿੱਤਾ ਬਣਾਉਣ ਲਈ ਖੇਤੀ ਨਾਲ ਪਸ਼ੂ ਪਾਲਣ ਬੇਹੱਦ ਜ਼ਰੂਰੀ ਹੈ। ਜੇਕਰ ਪਸ਼ੂ ਪਾਲਣ ਮੁੜ ਤੋਂ ਖੇਤੀ ਦਾ ਧੁਰਾ ਬਣ ਜਾਏ ਤਾਂ ਖੇਤੀ ਲਾਗਤ ਅੱਧੀ ਕੀਤੀ ਜਾ ਸਕਦੀ ਹੈ ।
ਮਜ਼ਬੂਤ ਵੱਟਾਂ ਬਣਾਓ: ਭੂਮੀ ਦੀ ਉੱਪਰੀ ਸਤਹ ਉਪਜਾਊ ਹੁੰਦੀ ਹੈ। ਮਿੱਟੀ ਦੇ ਅਰਬਾਂ-ਖਰਬਾਂ ਸੂਖਮ ਕਣ ਮਿਲ ਕੇ ਉਪਜਾਊ ਜ਼ਮੀਨ ਦਾ ਨਿਰਮਾਣ ਕਰਦੇ ਹਨ। ਵਰਖਾ ਦੇ ਮੌਸਮ ਵਿੱਚ ਤੇਜ ਬਾਰਿਸ਼ ਕਾਰਨ ਇਹ ਸੂਖਮ ਕਣ ਪਾਣੀ ਨਾਲ ਵਹਿ ਕੇ ਵਿਅਰਥ ਚਲੇ ਜਾਂਦੇ ਹਨ। ਕਿਸਾਨ ਗਰਮੀਆਂ ਵਿੱਚ ਖੇਤਾਂ 'ਚ ਮਜ਼ਬੂਤ ਵੱਟ ਬਣਾ ਦੇਣ ਤਾਂ ਭੋਂ-ਖੋਰ ਨੂੰ ਰੋਕਿਆ ਜਾ ਸਕਦਾ ਹੈ। ਕਿਸਾਨ ਦੇ ਇਸ ਕਦਮ ਨਾਲ ਖੇਤ ਦੀ ਉਪਜਾਊ ਸ਼ਕਤੀ ਵਿੱਚ ਲਗਾਤਾਰ ਹੋਣ ਵਾਲੀ ਘਟੋਤੀ ਨੂੰ ਰੋਕਿਆ ਜਾ ਸਕਦਾ ਹੈ। ਇਸ ਪ੍ਰਕਾਰ ਭੋਂ-ਖੋਰ ਨੂੰ ਰੋਕ ਕੇ ਉਹਨਾਂ ਸੂਖਮ ਤੱਤਾਂ ਅਤੇ ਜੀਵਾਣੂਆਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਹੜੇ ਕਿ ਫਸਲਾਂ ਦੀ ਚੰਗੀ ਪੈਦਾਵਾਰ ਲਈ ਜਰੂਰੀ ਹੁੰਦੇ ਹਨ।