ਬੀਜਾਈ ਕਰ ਦਿਓ। ਦਾਲਾਂ ਅਤੇ ਹੋਰ ਨਰਮ ਸੁਭਾਅ ਦੇ ਬੀਜਾਂ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਉਸ ਵਿੱਚ ਚੂਨਾ ਨਾ ਮਿਲਾਓ।
ਇਸ ਤੋਂ ਇਲਾਵਾ ਹਿੰਗ ਦੇ ਪਾਣੀ, ਖੱਟੀ ਲੱਸੀ ਅਤੇ ਕੱਚੇ ਦੁੱਧ ਨਾਲ ਵੀ ਬੀਜ ਉਪਚਾਰ ਕਰਨਾ ਵੀ ਲਾਭਕਾਰੀ ਹੈ।
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਪਾਣੀ ਵਿੱਚ ਭਿਓਂ ਕੇ ਰੱਖਣ ਨਾਲ ਵਧੀਆ ਫੁਟਾਰਾ ਹੁੰਦਾ ਹੈ। ਬੀਜਾਂ ਨੂੰ ਪਾਣੀ 'ਚ ਭਿਓ ਕੇ ਰੱਖਣ ਦਾ ਸਮਾਂ ਬੀਜ ਦੇ ਉਪਰੀ ਖੋਲ ਦੀ ਮਜ਼ਬੂਤੀ 'ਤੇ ਨਿਰਭਰ ਕਰਦਾ ਹੈ । ਫਿਰ ਵੀ ਹੇਠ ਲਿਖੇ ਅਨੁਸਾਰ ਬੀਜਾਂ ਨੂੰ ਪਾਣੀ ਵਿੱਚ ਭਿਓਂਇਆ ਜਾ ਸਕਦਾ ਹੈ।
ਝੋਨਾ 12 ਘੰਟੇ
ਮੱਕੀ 12 ਘੰਟੇ
ਕਣਕ 07 ਘੰਟੇ
ਮੂੰਗਫਲੀ 1-2 ਘੰਟੇ
ਲੋੜੀਂਦੇ ਸਮੇਂ ਤੱਕ ਭਿਓਂਤੇ ਗਏ ਬੀਜਾਂ ਨੂੰ ਪਾਣੀ ਵਿੱਚ ਕੱਢ ਕੇ ਬੀਜ ਅੰਮ੍ਰਿਤ ਲਾਉਣ ਉਪਰੰਤ 4-5 ਘੰਟੇ ਛਾਂਵੇ ਸੁਕਾ ਕੇ ਬਿਜਾਈ ਕਰ ਦਿਓ। ਹੋਰ ਕਿਸੇ ਵੀ ਤਰ੍ਹਾਂ ਦੇ ਬੀਜ ਉਤੇ 1:9 ਦੇ ਅਨੁਪਾਤ ਵਿੱਚ ਦੇਸੀ ਗਊ ਦਾ ਦੁੱਧ ਅਤੇ ਪਾਣੀ ਮਿਲਾ ਕੇ ਛਿੜਕ ਕੇ ਛਾਂਵੇ ਸੁਕਾਉ। 100 ਕਿਲੋ ਬੀਜ ਲਈ 2 ਲਿਟਰ ਗਊ ਮੂਤਰ ਬੀਜ ਉਪਚਾਰ ਲਈ ਕਾਫੀ ਹੈ। ਇਸਤੋਂ ਇਲਾਵਾ ਬੀਜਾਂ ਉੱਤੇ ਪਾਥੀਆਂ ਦੀ ਰਾਖ ਅਤੇ ਪਾਣੀ ਦਾ ਘੋਲ ਛਿੜਕ ਕੇ ਵੀ ਬੀਜ ਉਪਚਾਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਬੀਜਾਂ ਵਿੱਚ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿਕਸਤ ਹੋ ਜਾਂਦੀ ਹੈ।
ਤਰਬੂਜ, ਕਰੇਲਾ ਅਤੇ ਫਲੀਦਾਰ ਬੀਜਾਂ ਨੂੰ ਰਾਤ ਭਰ ਦੁੱਧ ਵਿੱਚ ਭਿਉਂ ਕੇ ਬੀਜੀਏ ਤਾਂ ਬੀਜ ਤੇਜੀ ਨਾਲ ਉਗਦੇ ਹਨ। ਜਦਕਿ ਮੂਲੀ ਅਤੇ ਚੁਕੰਦਰ ਆਦਿ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਬਿਜਾਈ ਕਰਨੀ ਚਾਹੀਦੀ ਹੈ।
ਉਤਪਾਦਾਂ ਦਾ ਉਚਿਤ ਭੰਡਾਰਨ: ਨਿਮਨਲਿਖਤ ਅਨੁਸਾਰ ਵੱਖ ਫਸਲਾਂ ਦਾ ਸੁਰੱਖਿਅਤ ਭੰਡਾਰਣ ਕੀਤਾ ਜਾ ਸਕਦਾ ਹੈ:
- ਮੱਕੀ ਨੂੰ ਸੁਰੱਖਿਅਤ ਰੱਖਣ ਲਈ ਮੰਡੀ ਦੇ ਡੰਢਲਾਂ ਦੀ 20 ਕਿੱਲੋ ਰਾਖ 1 ਕੁਵਿੰਟਲ ਮੱਕੀ 'ਚ ਮਿਲਾ ਕੇ ਰੱਖਣ ਨਾਲ ਮੱਕੀ ਨੂੰ ਕੋਈ ਕੀੜਾ ਨਹੀਂ ਲੱਗਦਾ।
- ਸਾਰ ਅਨਾਜਾਂ ਦਾ ਭੰਡਾਰਣ ਕਰਦੇ ਸਮੇਂ ਨਿੰਮ੍ਹ ਦੇ ਸੁੱਕੇ ਪੱਤੇ, ਲਸਣ ਦੀਆਂ ਗੱਠੀਆਂ ਅਤੇ ਮਾਚਿਸਾਂ ਅਤੇ ਥੋੜੀ ਮਾਤਰਾ ਵਿੱਚ ਪਾਥੀਆਂ ਦੀ ਰਾਖ ਪਾਉਣ ਨਾਲ ਅਨਾਜ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।
- ਕਣਕ ਦਾ ਭੰਡਾਰਣ ਕਰਦੇ ਸਮੇਂ ਕਣਕ ਵਿੱਚ 2 ਕਿੱਲੋ ਅਰੀਠੇ ਮਿਲਾ ਦਿਉ। ਇਸ ਨਾਲ ਕਣਕ ਨੂੰ ਘੁਣ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਇੱਕ ਵਾਰ ਕਣਕ ਵਿੱਚ ਮਿਲਾਏ ਗਏ ਰੀਠੇ 5 ਸਾਲ ਤੱਕ ਵਰਤੇ ਜਾ ਸਕਦੇ ਹਨ।
ਅਧਿਆਇ 3
ਜੈਵਿਕ ਕੀਟਨਾਸ਼ਕ
ਤੰਬਾਕੂ ਦਾ ਕਾੜ੍ਹਾ
ਤੰਬਾਕੂ ਵਿੱਚ ਨਿਕੋਟਿਨ ਹੁੰਦਾ ਹੈ। ਇਹ ਕੀਟਾਂ ਨੂੰ ਪੌਦਿਆਂ ਦੇ ਨੇੜੇ ਆਉਣ ਤੋਂ ਰੋਕਦਾ ਹੈ । ਇਹ ਕਾੜ੍ਹਾ ਸਫੇਦ ਮੱਖੀਆਂ ਅਤੇ ਹੋਰ ਰਸ ਚੂਸਕ ਕੀਟਾਂ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ।
ਸਮਗਰੀ
ਤੰਬਾਕੂ 1 ਕਿੱਲੋ,
ਪਾਣੀ 10 ਲਿਟਰ
ਰੀਠਾ ਪਾਊਡਰ 200 ਗ੍ਰਾਮ
ਵਿਧੀ: ਤੰਬਾਕੂ ਨੂੰ 10 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲੋ। ਕਾੜਾ ਬਣਾਉਂਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਹੁਣ ਇਸ ਨੂੰ ਅੱਗ ਤੋਂ ਉਤਾਰ ਠੰਡਾ ਕਰਕੇ ਪਤਲੇ ਕੱਪੜੇ ਨਾਲ ਛਾਣ ਲਵੋ। ਹੁਣ ਇਸ ਵਿੱਚ 500 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ। ਤੰਬਾਕੂ ਦਾ ਕਾੜ੍ਹਾ ਤਿਆਰ ਹੈ । ਪ੍ਰਤੀ ਪੰਪ 1/2 ਲਿਟਰ ਤੰਬਾਕੂ ਦੇ ਕਾੜ੍ਹੇ ਦਾ ਛਿੜਕਾਅ ਕਰੋ।
ਸਾਵਧਾਨੀ: ਕਾੜਾ ਬਣਾਉਂਦੇ ਸਮੇਂ ਕੱਪੜੇ ਨਾਲ ਮੂੰਹ ਢਕ ਕੇ ਰੱਖੋ। ਸਪ੍ਰੇਅ ਕਰਦੇ ਸਮੇਂ ਪੂਰਾ ਸਰੀਰ ਢਕ ਕੇ ਰੱਖੋ। ਇਸਦਾ ਛਿੜਕਾਅ ਸਿਰਫ ਇੱਕ ਹੀ ਵਾਰ ਕਰੋ। ਇੱਕ ਤੋਂ ਜਿਆਦਾ ਵਾਰ ਛਿੜਕਾਅ ਕਰਨ ਨਾਲ ਲਾਭਕਾਰੀ ਕੀਟ ਵੀ ਮਰ ਸਕਦੇ ਹਨ। ਇਸਦਾ ਭੰਡਾਰਣ ਨਹੀਂ ਕੀਤਾ ਜਾ ਸਕਦਾ।
ਨਿਰਗੁੰਡੀ ਦਾ ਕਾੜ੍ਹਾ
ਨਿਰਗੁੰਡੀ ਬਹੁਤ ਖਾਰੀ ਹੁੰਦੀ ਹੈ । ਇਸਨੂੰ ਕੀਟ ਅਤੇ ਉੱਲੀਨਾਸ਼ਕ ਦੋਹਾਂ ਵਜੋਂ ਵਰਤਿਆ ਜਾ ਸਕਦਾ ਹੈ।
ਸਮੱਗਰੀ
ਨਿਰਗੁੰਡੀ ਦੇ ਪੱਤੇ 5 ਕਿੱਲੋ
ਪਾਣੀ 10 ਲਿਟਰ
ਰੀਠਾ ਪਾਊਡਰ 200 ਗ੍ਰਾਮ
ਵਿਧੀ: ਨਿਰਗੁੰਡੀ ਦੇ ਪੱਤਿਆਂ ਨੂੰ 10 ਲਿਟਰ ਪਾਣੀ ਵਿੱਚ ਅੱਧਾ ਘੰਟੇ ਤੱਕ ਉਬਾਲੋ। ਉਬਾਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਠੰਡਾ ਹੋਣ 'ਤੇ ਘੋਲ ਨੂੰ ਪਤਲੇ ਕੱਪੜੇ ਨਾਲ ਪੁਣ ਲਵੋ। ਹੁਣ ਇਸ ਵਿੱਚ 500 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ। ਨਿਰਗੁੰਡੀ ਦਾ ਕਾੜ੍ਹਾ ਤਿਆਰ ਹੈ । 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕ ਦਿਓ। ਛਿੜਕਾਅ ਸ਼ਾਮ ਦੇ ਸਮੇਂ ਹੀ ਕਰੋ।
ਸਾਵਧਾਨੀ: ਕਾੜ੍ਹਾ ਬਣਾਉਂਦੇ ਸਮੇਂ ਮੂੰਹ ਨੂੰ ਕੱਪੜੇ ਨਾਲ ਢੱਕ ਕੇ ਰੱਖੋ। ਫਸਲ ਦੀ ਸਥਿਤੀ ਅਤੇ ਕੀਟਾਂ ਦੀ ਸੰਖਿਆ ਨੂੰ ਦੇਖਦੇ ਹੋਏ 2-3 ਵਾਰ ਇਸਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸਦਾ ਭੰਡਾਰਣ ਨਹੀਂ ਕੀਤਾ ਜਾ ਸਕਦਾ।
ਨਿੰਮ੍ਹ ਦੇ ਪੱਤਿਆਂ ਦਾ ਘੋਲ
ਇਸਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਨੂੰ ਕਾਬੂ ਕਰਨ ਅਤੇ ਕੀਟਾਂ ਦੇ ਅੰਡਿਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ।
ਸਮਗਰੀ
ਨਿੰਮ੍ਹ ਦੇ ਪੱਤੇ ਜਾਂ ਧਰੇਕ/ਡੇਕ/ਬਰਮਾ ਡੇਕ ਦੀਆਂ ਹਰੀਆਂ ਨਿੰਮੋਲੀਆਂ 5 ਕਿੱਲੋ
ਪਸ਼ੂ ਮੂਤਰ 3 ਲਿਟਰ
ਰੀਠਾ ਪਾਊਡਰ 250 ਗ੍ਰਾਮ
ਵਿਧੀ: ਨਿੰਮ ਦੇ ਪੱਤਿਆਂ ਜਾਂ ਨਿਮੋਲੀਆਂ ਨੂੰ ਕੁੱਟਕੇ ਤਿੰਨ ਲਿਟਰ ਪਸ਼ੂ ਮੂਤਰ ਵਿੱਚ 2-3 ਦਿਨਾਂ ਲਈ ਘੋਲ ਦਿਓ। 2-3 ਦਿਨਾਂ ਬਾਅਦ ਇਸ ਮਿਸ਼ਰਣ ਨੂੰ ਪਤਲੇ ਕੱਪੜੇ ਨਾਲ ਪੁਣ-ਨਿਚੋੜ ਲਵੋ। ਹੁਣ ਇਸ ਵਿੱਚ 250 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ । ਨਿੰਮ੍ਹ ਦਾ ਘੋਲ ਤਿਆਰ ਹੈ । ਪ੍ਰਤੀ ਪੰਪ ਅੱਧਾ ਲਿਟਰ ਨਿੰਮ੍ਹ ਦੇ ਘੋਲ ਦਾ ਛਿੜਕਾਅ ਕਰੋ । ਸਮੱਸਿਆ ਖਤਮ ਹੋ ਜਾਵੇਗੀ।
ਬ੍ਰਹਮ ਅਸਤਰ
ਫਸਲਾਂ 'ਤੇ ਸੁੰਡੀਆਂ ਦੇ ਹਮਲੇ 'ਤੇ ਕਾਬੂ ਕਰਨ ਲਈ ਬ੍ਰਹਮ ਅਸਤਰ ਦੀ ਵਰਤੋਂ ਕੀਤੀ ਜਾਂਦੀ ਹੈ।
ਸਮੱਗਰੀ
ਪਸ਼ੂ ਮੂਤਰ 10 ਲਿਟਰ
ਨਿੰਮ ਦੇ ਪੱਤੇ 02 ਕਿੱਲੋ
ਕਨੇਰ ਦੇ ਪੱਤੇ 02 ਕਿੱਲੋ
ਅਰਿੰਡ ਦੇ ਪੱਤੇ 02 ਕਿੱਲੋ
ਗਿਲੋ ਜਾਂ ਅਮਰੂਦਾਂ ਦੇ ਪੱਤੇ 02 ਕਿੱਲੋ
ਵਿਧੀ: ਸਾਰੇ ਤਰ੍ਹਾਂ ਦੇ ਪੱਤਿਆਂ ਦੀ ਚਟਣੀ ਬਣਾ ਕੇ 10 ਲਿਟਰ ਪਿਸ਼ਾਬ ਵਿੱਚ ਮਿਲਾ ਦਿਓ। ਹੁਣ ਇਸ ਮਿਸ਼ਰਣ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ ਪੂਰੇ ਚਾਰ ਉਬਾਲੇ ਦੇ ਕੇ ਠੰਡਾ ਕਰ ਲਵੋ। ਠੰਡਾ ਹੋਣ 'ਤੇ ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ ਸਾਫ ਭਾਂਡੇ ਵਿੱਚ ਭਰ ਕੇ ਰੱਖ ਲਵੋ। ਇਸ ਦੀ ਮੁਨਿਆਦ 6 ਮਹੀਨੇ ਹੈ ।
ਵਰਤੋਂ: ਹਰੇਕ ਫਸਲ 'ਤੇ ਪ੍ਰਤੀ ਪੰਪ ਇੱਕ ਤੋਂ ਡੇਢ ਲਿਟਰ ਬ੍ਰਹਮ ਅਸਤਰ ਦਾ ਛਿੜਕਾਅ ਕਰੋ। ਪੱਤੇ ਖਾਣ ਵਾਲੀਆਂ ਸੁੰਡੀਆਂ ਦਾ ਸਫਾਇਆ ਹੋ ਜਾਵੇਗਾ।
ਅਗਨੀ ਅਸਤਰ
ਇਸਦੀ ਵਰਤੋਂ ਤਣਾ ਛੇਦਕ, ਟੀਂਡੇ ਅਤੇ ਫਲਾਂ ਦੀਆਂ ਸੁੰਡੀਆਂ ਨੂੰ ਕਾਬੂ ਕਰਨ ਲਈ ਕੀਤੀ ਜਾਂਦੀ ਹੈ ।
ਸਮੱਗਰੀ
ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ ਦਾ 10 ਲਿਟਰ
ਨਿੰਮ ਦੀਆਂ ਨਿੰਮ੍ਹੋਲੀਆਂ 03 ਕਿੱਲੋ
ਪੂਰੀਆਂ ਕੌੜੀਆਂ ਹਰੀਆਂ ਮਿਰਚਾਂ 02 ਕਿੱਲੋ
ਵਿਧੀ: ਉਪਰੋਕਤ ਸਾਰੀ ਸਮਗਰੀ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ ਚਾਰ ਉਬਾਲੇ ਦਿਵਾਓ। ਉਪਰੰਤ ਇਸ ਘੋਲ ਨੂੰ ਠੰਡਾ ਹੋ ਜਾਣ 'ਤੇ ਕੱਪੜੇ ਨਾਲ ਪੁਣ ਲਵੋ। ਅਗਨੀ ਅਸਤਰ ਤਿਆਰ ਹੈ।
ਵਰਤੋਂ : ਫਸਲ 'ਤੇ ਕੀਟਾਂ ਦੇ ਹਮਲੇ ਮੁਤਾਬਿਕ ਪ੍ਰਤੀ ਪੰਪ ਅੱਧ ਤੋਂ ਇੱਕ ਲਿਟਰ ਅਗਨੀ ਅਸਤਰ ਦਾ ਛਿੜਕਾਅ ਕਰੋ।
ਗੋਹੇ ਅਤੇ ਪਿਸ਼ਾਬ ਦਾ ਘੋਲ
ਦੇਸੀ ਗਊ ਦੇ ਗੋਹੇ ਅਤੇ ਪਿਸ਼ਾਬ ਵਿੱਚ ਵੱਡੀ ਗਿਣਤੀ ਵਿੱਚ ਸੂਖਮ ਜੀਵਾਣੂ ਪਾਏ ਜਾਂਦੇ ਹਨ । ਜਿਹੜੇ ਕਿ ਕਈ ਤਰ੍ਹਾਂ ਦੀਆਂ ਉੱਲੀਆਂ ਨੂੰ ਕਾਬੂ ਕਰਨ ਦੇ ਸਮਰਥ ਹੁੰਦੇ ਹਨ। ਇਸਦੇ ਨਾਲ ਹੀ ਘੋਲ ਵਿੱਚ ਪੋਸ਼ਕ ਤੱਤ ਫਸਲ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਫਸਲ ਦੇ ਜੀਵਨ ਕਾਲ ਦੌਰਾਨ 2-3 ਵਾਰ ਇਸ ਘੋਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ ।
ਸਮੱਗਰੀ
ਦੇਸੀ ਗਊ ਦਾ ਗੋਹਾ 5 ਕਿੱਲੋ
ਦੇਸੀ ਗਊ ਦਾ ਪਿਸ਼ਾਬ 5 ਲਿਟਰ
ਪਾਣੀ 5 ਲਿਟਰ
ਚੂਨਾ 150 ਗ੍ਰਾਮ
ਵਿਧੀ: ਗੋਹੇ, ਪਿਸ਼ਾਬ ਅਤੇ ਪਾਣੀ ਨੂੰ ਇੱਕ ਟੱਬ ਵਿੱਚ ਘੋਲ ਕੇ ਢਕ ਦਿਓ। ਚਾਰ ਦਿਨਾਂ ਤੱਕ ਇਸ ਘੋਲ ਨੂੰ ਸੜਨ ਦਿਓ। ਦਿਨ ਵਿੱਚ 1-2 ਘੋਲ ਨੂੰ ਡੰਡੇ ਨਾਲ ਹਿਲਾਓ। ਚਾਰ ਦਿਨਾਂ ਬਾਅਦ ਘੋਲ ਨੂੰ ਕੱਪੜੇ ਨਾਲ ਪੁਣ ਲਵੋ । ਹੁਣ ਇਸ ਘੋਲ ਵਿੱਚ 150 ਗ੍ਰਾਮ ਚੂਨਾ ਮਿਲਾ ਦਿਓ। ਹੁਣ ਇਸ ਘੋਲ ਨੂੰ ਸੌ ਲਿਟਰ ਪਾਣੀ ਵਿੱਚ ਮਿਲਾ ਕੇ ਇੱਕ ਏਕੜ ਫਸਲ 'ਤੇ ਛਿੜਕ ਦਿਓ।
ਸਾਵਧਾਨੀ: ਇਹ ਮਿਸ਼ਰਣ ਗਾੜਾ ਹੁੰਦਾ ਹੈ ਇਸ ਲਈ ਪਹਿਲੀ ਵਾਰ ਪੁਣਦੇ ਸਮੇਂ ਖੱਦਰ ਦੀ ਬੋਰੀ ਦਾ ਇਸਤੇਮਾਲ ਕਰੋ। ਉਪਰੰਤ ਮਿਸ਼ਰਣ ਵਿੱਚ ਪਾਣੀ ਮਿਲਾ ਕੇ ਪਤਲੇ ਕੱਪੜੇ ਨਾਲ ਪੁਣ ਲਵੋ। ਕਿਸਾਨਾਂ ਦੇ ਤਜ਼ਰਬੇ ਮੁਤਾਬਿਕ ਇਸ ਮਿਸ਼ਰਣ ਨੂੰ ਇੱਕ-ਦੋ ਦਿਨਾਂ ਲਈ ਰੱਖਿਆ ਜਾ ਸਕਦਾ ਹੈ।
ਖਾਸੀਅਤ- ਇਹ ਘੋਲ ਫਸਲ ਦੇ ਰੋਗ ਪ੍ਰਤੀਰੋਧੀ ਤੰਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਘੋਲ ਦੇ ਛਿੜਕਾਅ ਨਾਲ ਫਸਲ ਨੂੰ ਸੋਕੇ ਨਾਲ ਲੜਨ ਦੀ ਵੀ ਸ਼ਕਤੀ ਮਿਲਦੀ ਹੈ।