ਵਿਸ਼ਾ ਸੂਚੀ
ਸਵੈਨਿਰਭਰ ਖੇਤੀ ਦੇ ਸੱਤ ਸੂਤਰ
ਅਧਿਆਇ 1
ਸਮਗਰ ਕੀਟ ਪ੍ਰਬੰਧਨ
ਅਧਿਆਇ 2
ਬੀਜ ਉਪਚਾਰ ਅਤੇ ਉਤਪਾਦਾਂ ਦਾ ਉਚਿਤ ਭੰਡਾਰਨ
ਅਧਿਆਇ 3
ਜੈਵਿਕ ਕੀਟਨਾਸ਼ਕ
ਅਧਿਆਇ 4
ਜੈਵਿਕ ਟਾਨਿਕ ਤੇ ਜੈਵ ਖਾਦ
ਵਰਮੀ ਵਾਸ਼, ਵਧੇਰੇ ਝਾੜ ਲਈ ਟਾਨਿਕ,
ਗੋਬਰ ਗੈਸ ਸੱਲਰੀ, ਅੰਮ੍ਰਿਤ ਪਾਣੀ, ਜੀਵ ਅੰਮ੍ਰਿਤ,
ਘਣ ਜੀਵ ਅੰਮ੍ਰਿਤ, ਇੰਦੌਰ ਪੱਧਤੀ ਜੈਵਿਕ ਖਾਦ,
ਨਾਡੇਪ ਕੰਪੋਸਟ, ਭੂ-ਨਾਡੇਪ, ਮਟਕਾ ਖਾਦ
ਨਿੰਮ ਦੀ ਖਲ ਦੀ ਯਾਦ, ਅੰਡਿਆਂ ਦੀ ਖਾਦ, ਹਰੀ ਖਾਦ,
ਜੀਵਾਣੂ ਕਲਚਰ, ਗੁੜ ਜਲ ਅੰਮ੍ਰਿਤ
ਗੁੜ ਜਲ ਅੰਮ੍ਰਿਤ ਕੰਪੋਸਟ
ਸਵੈਨਿਰਭਰ ਖੇਤੀ ਦੇ ਸੱਤ ਸੂਤਰ
1. ਪਸ਼ੂ ਪਾਲਣ
2. ਮਜ਼ਬੂਤ ਵੱਟਾਂ ਬਣਾਓ
3. ਖੇਤਾਂ ਦੁਆਲੇ ਰੁੱਖ ਲਾਓ
4. ਹਰ ਸਾਲ ਖੇਤ ਵਿੱਚ ਛੱਪੜ ਦੀ ਮਿੱਟੀ ਪਾਓ
5. ਨਦੀਨਾਂ ਨੂੰ ਸਾੜੋ ਨਾ ਖੇਤਾਂ 'ਚ ਹੀ ਸੜਾਓ
6. ਮਿਸ਼ਰਤ ਫਸਲਾਂ ਬੀਜੋ
7. ਰਸਾਇਣ ਮੁਕਤ ਕੀਟ ਪ੍ਰਬੰਧ ਅਪਣਾਓ
ਪਸ਼ੂ ਪਾਲਣ: ਸਦੀਆਂ ਤੋਂ ਪਸ਼ੂ ਪਾਲਣ ਭਾਰਤੀ ਖੇਤੀ ਦੀ ਰੀੜ ਰਿਹਾ ਹੈ। ਕਿਸਾਨ ਪਸ਼ੂਬਲ ਦੀ ਮਦਦ ਨਾਲ ਹਕਾਈ, ਜੋਤਾਈ, ਵਹਾਈ, ਢੋਆ-ਢੁਆਈ ਵਰਗੇ ਕੰਮ ਕਰਦਾ ਰਿਹਾ ਹੈ। ਪਸ਼ੂਆਂ ਦੇ ਗੋਬਰ ਤੋਂ ਕਿਸਾਨਾਂ ਨੂੰ ਬਹੁਤ ਹੀ ਵਧੀਆ ਕਿਸਮ ਦੀ ਕੁਦਰਤੀ ਖਾਦ ਵੀ ਪ੍ਰਾਪਤ ਹੁੰਦੀ ਹੈ, ਜਿਸਨੂੰ ਕਿ ਜ਼ਮੀਨ ਦੀ ਸੁਭਾਵਿਕ ਖੁਰਾਕ ਕਿਹਾ ਜਾਂਦਾ ਹੈ। ਬੀਤੇ ਕੁਝ ਸਾਲਾਂ ਤੋਂ ਚਰਾਂਦਾਂ ਦੀ ਕਮੀ ਅਤੇ ਮਾਸ, ਚਮੜੇ ਅਤੇ ਹੱਡੀਆਂ ਦੇ ਵਪਾਰ ਕਾਰਨ ਪਸ਼ੂਆਂ ਦੀ ਸੰਖਿਆ ਵਿੱਚ ਚਿੰਤਾਜਨਕ ਕਮੀ ਆਈ ਹੈ। ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਇਹ ਵਪਾਰੀਕਰਨ ਦੇ ਉਸ ਭਿਆਨਕ ਚਿਹਰੇ ਕਾਰਨ ਹੋਇਆ ਹੈ ਜਿਸ ਵਿੱਚ ਵਪਾਰੀਆਂ ਦੇ ਫਾਇਦੇ ਨੂੰ ਛੱਡ ਕੇ ਸਭ ਕੁੱਝ ਅਰਥਹੀਣ ਹੋ ਜਾਂਦਾ ਹੈ। ਮਸ਼ੀਨਰੀ ਅਤੇ ਰਸਾਇਣਕ ਖਾਦਾਂ ਵੇਚਣ ਲਈ ਖੇਤੀ ਵਿੱਚੋਂ ਪਸ਼ੂਆਂ ਨੂੰ ਬਾਹਰ ਕੱਢਣਾ ਜ਼ਰੂਰੀ ਸੀ। ਸੋ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਆਧੁਨਿਕ ਖੇਤੀ ਦੇ ਨਾਂਅ 'ਤੇ ਭਾਰਤੀ ਖੇਤੀ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਕਿਸਾਨ ਪਸ਼ੂਆਂ ਦੀ ਬਜਾਏ ਮਸ਼ੀਨ ਅਤੇ ਰਸਾਇਣਕ ਖਾਦਾਂ 'ਤੇ ਨਿਰਭਰ ਹੋ ਗਏ। ਖੇਤੀ ਨੂੰ ਲਾਭਕਾਰੀ ਕਿੱਤਾ ਬਣਾਉਣ ਲਈ ਖੇਤੀ ਨਾਲ ਪਸ਼ੂ ਪਾਲਣ ਬੇਹੱਦ ਜ਼ਰੂਰੀ ਹੈ। ਜੇਕਰ ਪਸ਼ੂ ਪਾਲਣ ਮੁੜ ਤੋਂ ਖੇਤੀ ਦਾ ਧੁਰਾ ਬਣ ਜਾਏ ਤਾਂ ਖੇਤੀ ਲਾਗਤ ਅੱਧੀ ਕੀਤੀ ਜਾ ਸਕਦੀ ਹੈ ।
ਮਜ਼ਬੂਤ ਵੱਟਾਂ ਬਣਾਓ: ਭੂਮੀ ਦੀ ਉੱਪਰੀ ਸਤਹ ਉਪਜਾਊ ਹੁੰਦੀ ਹੈ। ਮਿੱਟੀ ਦੇ ਅਰਬਾਂ-ਖਰਬਾਂ ਸੂਖਮ ਕਣ ਮਿਲ ਕੇ ਉਪਜਾਊ ਜ਼ਮੀਨ ਦਾ ਨਿਰਮਾਣ ਕਰਦੇ ਹਨ। ਵਰਖਾ ਦੇ ਮੌਸਮ ਵਿੱਚ ਤੇਜ ਬਾਰਿਸ਼ ਕਾਰਨ ਇਹ ਸੂਖਮ ਕਣ ਪਾਣੀ ਨਾਲ ਵਹਿ ਕੇ ਵਿਅਰਥ ਚਲੇ ਜਾਂਦੇ ਹਨ। ਕਿਸਾਨ ਗਰਮੀਆਂ ਵਿੱਚ ਖੇਤਾਂ 'ਚ ਮਜ਼ਬੂਤ ਵੱਟ ਬਣਾ ਦੇਣ ਤਾਂ ਭੋਂ-ਖੋਰ ਨੂੰ ਰੋਕਿਆ ਜਾ ਸਕਦਾ ਹੈ। ਕਿਸਾਨ ਦੇ ਇਸ ਕਦਮ ਨਾਲ ਖੇਤ ਦੀ ਉਪਜਾਊ ਸ਼ਕਤੀ ਵਿੱਚ ਲਗਾਤਾਰ ਹੋਣ ਵਾਲੀ ਘਟੋਤੀ ਨੂੰ ਰੋਕਿਆ ਜਾ ਸਕਦਾ ਹੈ। ਇਸ ਪ੍ਰਕਾਰ ਭੋਂ-ਖੋਰ ਨੂੰ ਰੋਕ ਕੇ ਉਹਨਾਂ ਸੂਖਮ ਤੱਤਾਂ ਅਤੇ ਜੀਵਾਣੂਆਂ ਨੂੰ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਹੜੇ ਕਿ ਫਸਲਾਂ ਦੀ ਚੰਗੀ ਪੈਦਾਵਾਰ ਲਈ ਜਰੂਰੀ ਹੁੰਦੇ ਹਨ।
ਖੇਤਾਂ ਦੁਆਲੇ ਰੁੱਖ ਲਾਓ: ਰੁੱਖ ਭੂਮੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇੰਨਾ ਹੀ ਨਹੀਂ ਰੁੱਖ ਭੋਂ ਖੋਰ ਵੀ ਰੋਕਦੇ ਹਨ। ਇਹਦੇ ਨਾਲ ਹੀ ਭੂ-ਗਰਭ ਵਿੱਚ ਪਾਣੀ ਜਮ੍ਹਾਂ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਰੁੱਖਾਂ ਤੋਂ ਡਿੱਗਣ ਵਾਲੀਆਂ ਪੱਤੀਆਂ ਭੂਮੀ ਨੂੰ ਵਧੀਆ ਕਿਸਮ ਦੀ ਖੁਰਾਕ ਉਪਲਬਧ ਕਰਵਾਉਂਦੀਆਂ ਹਨ। ਜੇਕਰ ਖੁੱਲੇ ਮਨ ਨਾਲ ਵਿਚਾਰਿਆ ਜਾਵੇ ਤਾਂ ਰੁੱਖ ਭੂਮੀ ਨੂੰ ਤੰਦਰੁਸਤੀ ਬਖ਼ਸ਼ਣ ਵਿੱਚ ਕਾਫੀ ਮਦਦਗਾਰ ਸਾਬਿਤ ਹੁੰਦੇ ਹਨ। ਇਹਦੇ ਨਾਲ ਹੀ ਰੁੱਖਾਂ ਤੋਂ ਮਿਲਣ ਵਾਲੀ ਲੱਕੜੀ ਕਿਸਾਨਾਂ ਲਈ ਵਾਧੂ ਆਮਦਨੀ ਅਤੇ ਬਾਲਣ ਦਾ ਵੀ ਸਾਧਨ ਬਣੇਗੀ। ਕੀਟ ਪ੍ਰਬੰਧਨ ਦੇ ਮਾਮਲੇ ਵਿੱਚ ਖੇਤੀ ਲਈ ਜਿੰਨਾ ਵੱਡਾ ਕੰਮ ਰੁੱਖ ਕਰਦੇ ਹਨ, ਉਸਦਾ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ । ਦਰਅਸਲ ਆਧੁਨਿਕ ਖੇਤੀ ਪੱਧਤੀ ਨੇ ਕੀਟਾਂ ਨਾਲ ਨਜਿਠਣ ਲਈ ਜਿਹੜੇ ਰਸਾਇਣਿਕ ਔਜਾਰ ਕਿਸਾਨਾਂ ਨੂੰ ਥਮਾ ਦਿੱਤੇ ਹਨ ਉਹਦੇ ਕਾਰਨ ਕਿਸਾਨਾਂ ਨੇ ਉਹਨਾਂ ਸੰਸਾਧਨਾਂ ਵੱਲ ਦੇਖਣਾ ਹੀ ਬੰਦ ਕਰ ਦਿੱਤਾ ਹੈ ਜਿਹੜੇ ਕਿ ਕੁਦਰਤ ਨੇ ਸੁਭਾਵਿਕ ਰੂਪ ਨਾਲ ਜੈਵਿਕ ਸੰਤੁਲਨ ਬਣਾਈ ਰੱਖਣ ਲਈ ਪੈਦਾ ਕੀਤੇ ਹਨ। ਰੁੱਖ ਕੁਦਰਤ ਦਾ ਇੱਕ ਅਜਿਹਾ ਹੀ ਸੰਸਾਧਨ ਹਨ ।ਖੇਡਾਂ ਦੇ ਆਲੇ-ਦੁਆਲੇ ਦੇ ਰੁੱਖਾਂ ਦੀਆਂ ਟਹਿਣੀਆਂ 'ਤੇ ਕਈ ਤਰ੍ਹਾਂ ਦੇ ਮਿੱਤਰ ਪੰਛੀ ਆ ਕੇ ਬੈਠਦੇ ਹਨ ਅਤੇ ਆਪਣਾ ਆਲ੍ਹਣਾ ਬਣਾਉਂਦੇ ਹਨ। ਬਹੁਗਿਣਤੀ ਪੰਛੀ ਆਪਣੀ ਖੁਰਾਕ ਲਈ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟਾਂ 'ਤੇ ਹੀ ਨਿਰਭਰ ਕਰਦੇ ਹਨ। ਜੇਕਰ ਕਿਸਾਨ ਆਪਣੇ ਖੇਤਾਂ ਦੁਆਲੇ ਕਾਫੀ ਸੰਖਿਆ ਵਿੱਚ ਰੁੱਖ ਲਾਵੇ ਤਾਂ ਇਹਨਾਂ 'ਤੇ ਨਿਵਾਸ ਅਤੇ ਪਰਵਾਸ ਕਰਨ ਵਾਲੇ ਮਿੱਤਰ ਪੰਛੀ ਵੱਡੀ ਗਿਣਤੀ ਵਿੱਚ ਫਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾਂ ਦਾ ਸਫਾਇਆ ਕਰ ਦੇਣਗੇ।
ਹਰ ਸਾਲ ਖੇਤ ਵਿੱਚ ਛੱਪੜ ਦੀ ਮਿੱਟੀ ਪਾਓ: ਖੇਤਾਂ ਵਿੱਚ ਹਰ ਸਾਲ ਛੱਪੜ/ਤਾਲਾਬ ਦੀ ਮਿੱਟੀ ਜ਼ਰੂਰ ਪਾਓ ।ਜਿਸ
ਪ੍ਰਕਾਰ ਕਾਇਆ ਕਲਪ ਕਰਕੇ ਸਰੀਰ ਨੂੰ ਮੁੜ ਸ਼ਕਤੀਸ਼ਾਲੀ ਬਣਾਇਆ ਜਾ ਸਕਦਾ ਹੈ। ਉਸ ਪ੍ਰਕਾਰ ਛੱਪੜ ਦੀ ਗਾਦ ਖੇਤ ਵਿੱਚ ਪਾ ਕੇ ਖੇਤ ਦੀ ਕਾਇਆਕਲਪ ਕੀਤੀ ਜਾ ਸਕਦੀ ਹੈ। ਇਹ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਦਾ ਅਦਭੁੱਤ ਨੁਸਖਾ ਹੈ। ਤਾਲਾਬ ਦੀ ਮਿੱਟੀ ਵਿਚ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਸਾਰੇ ਸੂਖਮ ਤੱਤ ਪਾਏ ਜਾਂਦੇ ਹਨ ।ਖੇਤਾਂ ਵਿਚ ਤਾਲਾਬ ਦੀ ਮਿੱਟੀ ਪਾਉਣ ਨਾਲ ਭੂਮੀ ਦੀ ਬਣਤਰ ਸੰਤੁਲਿਤ ਹੋ ਜਾਂਦੀ ਹੈ। ਤਾਲਾਬ ਦੀ ਗਾਦ ਭੂਮੀ ਨੂੰ ਉਪਜਾਊ ਬਣਾਉਣ ਦਾ ਬੇਹੱਦ ਕਾਰਗਰ ਤਰੀਕਾ ਹੈ। ਇਸ ਤਰ੍ਹਾਂ ਕਰਨ ਨਾਲ ਖੇਤਾਂ ਵਿਚ ਰਸਾਇਣਕ ਖਾਦਾਂ ਪਾਉਣ ਦੀ ਲੋੜ ਨਹੀਂ ਰਹਿੰਦੀ। ਗਾਦ ਪਾਉਣ ਨਾਲ ਭੂਮੀ ਦੀ ਨਮੀ ਅਤੇ ਹਵਾ
ਧਾਰਨ ਕਰਨ ਦੀ ਸਮਰਥਾ ਵਿੱਚ ਹੈਰਾਨੀਜਨਕ ਵਾਧਾ ਹੁੰਦਾ ਹੈ। ਕਿਸਾਨ ਭਰਾ ਤਾਲਾਬ ਜਾਂ ਛੱਪੜ ਦੀ ਗਾਦ ਖੇਤਾਂ ਵਿੱਚ ਪਾ ਕੇ ਘੱਟ ਖਰਚੇ ਨਾਲ ਜਿਆਦਾ ਉਤਪਾਦਨ ਲੈਣ ਦੇ ਸਮਰਥ ਹੋ ਸਕਦੇ ਹਨ। ਸੋ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਖੇਤਾਂ ਵਿੱਚ ਤਾਲਬ ਦੀ ਗਾਦ ਜਰੂਰ ਪਾਉਣ।
ਨਦੀਨਨਾਸ਼ਕਾਂ ਦੀ ਵਰਤੋਂ ਨਾ ਕਰੋ: ਖੇਤਾਂ ਵਿਚ ਫਸਲਾਂ ਦੇ ਨਾਲ-ਨਾਲ ਕਈ ਪ੍ਰਕਾਰ ਦੇ ਨਦੀਨ ਵੀ ਉੱਗ ਜਾਂਦੇ ਹਨ। ਬਹੁਗਿਣਤੀ ਕਿਸਾਨ ਨਦੀਨਨਾਸ਼ਕ ਜਹਿਰਾਂ ਛਿੜਕ ਨਦੀਨਾਂ ਦਾ ਖਾਤਮਾ ਕਰ ਦਿੰਦੇ ਹਨ। ਇਹ ਬਹੁਤ ਹੀ ਗਲਤ ਵਰਤਾਰਾ ਹੈ। ਨਦੀਨਨਾਸ਼ਕ ਜ਼ਹਿਰਾਂ ਕਾਰਨ ਜਿੱਥੇ ਭੂਮੀ ਦੀ ਬਣਤਰ 'ਤੇ ਉਲਟ ਪ੍ਰਭਾਵ ਪੈਂਦਾ ਹੈ ਅਤੇ ਭੂਮੀ ਨੂੰ ਉਪਜਾਊ ਬਣਾਉਣ ਵਾਲੇ ਸੂਖਮ ਜੀਵ ਮਰ ਜਾਂਦੇ ਹਨ ਉੱਥੇ ਹੀ ਨਦੀਨਨਾਸ਼ਕ ਦੇ ਪ੍ਰਕੋਪ ਕਾਰਨ ਸਮਾਜ ਪ੍ਰਜਨਣ ਸਿਹਤ ਸਬੰਧੀ ਰੋਗਾਂ ਦਾ ਵੀ ਸ਼ਿਕਾਰ ਹੋ ਰਿਹਾ ਹੈ। ਇਹ ਨਦੀਨਨਾਸ਼ਕਾਂ ਦਾ ਹੀ ਮਾਰੂ ਪ੍ਰਭਾਵ ਹੈ ਕਿ ਅੱਜ ਪੰਜਾਬ ਪ੍ਰਜਨਣ ਸਿਹਤ ਸਬੰਧੀ ਰੋਗਾਂ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਪੰਜਾਬ ਵਿੱਚ ਧੜਾਧੜ ਲੂਲੇ-ਲੰਗੜੇ ਅਤੇ ਮੰਦਬੁੱਧੀ ਬੱਚੇ ਜਨਮ ਲੈ ਰਹੇ ਹਨ, ਸਤਮਾਹੇ-ਅਠਮਾਹੇ ਬੱਚੇ ਥੋਕ 'ਚ ਪੈਦਾ ਹੋ ਰਹੇ ਹਨ। ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਨਦੀਨਨਾਸ਼ਕਾਂ ਜ਼ਹਿਰ ਸਾਹ ਰਾਹੀਂ ਸ਼ੁਕਰਾਣੂਆਂ ਦੀ ਥੈਲੀ 'ਚ ਪ੍ਰਵੇਸ਼ ਕਰਕੇ ਸੁਕਰਾਣੂਆਂ ਨੂੰ ਤੋੜ-ਫੋੜ ਦਿੰਦੇ ਹਨ। ਨੁਕਸਾਨੇ ਹੋਏ ਸ਼ੁਕਰਾਣੂ ਅੱਗੇ ਚੱਲ ਕੇ ਉੱਪਰ ਵਰਣਿਤ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਇਸ ਲਈ ਨਦੀਨਨਾਸ਼ਕਾਂ ਦੀ ਬਜਾਏ ਗੁਡਾਈ ਕਰਕੇ ਨਦੀਨਾਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਭੂਮੀ ਨੂੰ ਨਦੀਨਾਂ ਦੇ ਅਵਸ਼ੇਸ਼ਾਂ ਤੋਂ ਉੱਚਕੋਟੀ ਦੀ ਜੈਵਿਕ ਖਾਦ ਵੀ ਪ੍ਰਾਪਤ ਹੁੰਦੀ ਹੈ। ਨਦੀਨਾਂ ਦੀ ਅਜਿਹੀ ਵਰਤੋਂ ਕਰਕੇ ਕਿਸਾਨ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰ ਸਕਦੇ ਹਨ।
ਮਿਸ਼ਰਤ ਫਸਲਾਂ ਬੀਜੋ: ਮਿਸ਼ਰਤ ਫਸਲ ਪ੍ਰਣਾਲੀ ਸਵੈਨਿਰਭਰ ਖੇਤੀ ਵੱਲ ਇੱਕ ਹੋਰ ਅਹਿਮ ਕਦਮ ਹੈ। ਕਿਸਾਨਾਂ ਨੂੰ ਕਦੇ ਵੀ ਏਕਲ ਫਸਲ ਪ੍ਰਣਾਲੀ ਤਹਿਤ ਖੇਤੀ ਨਹੀਂ ਕਰਨੀ ਚਾਹੀਦੀ। ਹਮੇਸ਼ਾ ਇੱਕ ਖੇਤ ਵਿੱਚ ਇੱਕ ਤੋਂ ਵਧੇਰੇ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਤਾਂ ਕਿ ਜੇਕਰ ਇੱਕ ਫਸਲ ਕਿਸੇ ਕਾਰਨ ਫੇਲ ਹੋ ਜਾਵੇ ਤਾਂ ਦੂਸਰੀ ਫਸਲ ਕਿਸਾਨ ਦੇ ਘਾਟੇ ਦੀ ਪੂਰਤੀ ਕਰ ਸਕੇ । ਇਹਦੇ ਨਾਲ ਹੀ ਮਿਸ਼ਰਤ ਖੇਤੀ ਵਿੱਚ ਫਸਲਾਂ ਉੱਤੇ ਕੀਟਾਂ ਦਾ ਹਮਲਾ ਵੀ ਬਹੁਤ ਘੱਟ ਹੁੰਦਾ ਹੈ। ਮਿਸ਼ਰਤ ਖੇਤੀ ਦੇ ਹੋਰ ਵੀ ਕਈ ਫਾਇਦੇ ਹਨ, ਜਿਵੇਂ ਕਿ ਜੇਕਰ ਕਿਸੇ ਇੱਕ ਫਸਲ ਦਾ ਭਾਅ ਘੱਟ ਮਿਲ ਰਿਹਾ ਹੋਵੇ ਤਾਂ ਦੂਜੀ ਫਸਲ ਉਸ ਘਾਟੇ ਦੀ
ਪੂਰਤੀ ਕਰ ਸਕਦੀ ਹੈ। ਇੰਨਾ ਹੀ ਨਹੀਂ ਕਿਸਾਨ ਦੀਆਂ ਖੁਰਾਕੀ ਲੋੜਾਂ ਪੱਖੋਂ ਵੀ ਮਿਸ਼ਰਤ ਖੇਤੀ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ । ਮੁੱਖ ਫਸਲ ਦੇ ਨਾਲ ਦਾਲਾਂ ਅਤੇ ਤੇਲ ਵਾਲੀਆਂ ਫਸਲਾਂ ਉਗਾ ਕੇ ਕਿਸਾਨ ਆਪਣੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰ ਸਕਦਾ ਹੈ। ਮਿਸ਼ਰਤ ਫਸਲਾਂ ਭੂਮੀ ਦਾ ਜੈਵਿਕ ਸੰਤੁਲਨ ਵੀ ਬਰਕਰਾਰ ਰੱਖਦੀਆਂ ਹਨ ਅਤੇ ਪੋਸ਼ਕ ਤੱਤਾਂ ਨੂੰ ਵੀ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੀ ਗ੍ਰਹਿਣ ਕਰਦੀਆਂ ਹਨ। ਸਿੱਟੇ ਵਜੋਂ ਭੂਮੀ ਦੀ ਉਪਜਾਊ ਸ਼ਕਤੀ ਉੱਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਕਿਸਾਨਾਂ ਦੀ ਖੇਤੀ ਲਾਗਤ ਵਿੱਚ ਵੀ ਜਿਕਰਯੋਗ ਕਮੀ ਆਉਂਦੀ ਹੈ। ਸੋ ਮਿਸ਼ਰਤ ਖੇਤੀ ਖੁਦਮੁਖਤਾਰ ਕਿਸਾਨੀ ਦਾ ਸਫਲ ਆਧਾਰ ਸਾਬਿਤ ਹੋ ਸਕਦੀ ਹੈ।
ਰਸਾਇਣ ਮੁਕਤ ਕੀਟ ਪ੍ਰਬੰਧਨ ਅਪਣਾਓ: ਖੇਤੀ ਖੁਦਮੁਖਤਾਰੀ ਲਈ ਇਹ ਜਰੂਰੀ ਹੈ ਕਿ ਕਿਸਾਨ ਰਸਾਇਣ ਮੁਕਤ ਕੀਟ ਪ੍ਰਬੰਧਨ ਅਪਣਾਉਣ। ਰਸਾਇਣ ਮੁਕਤ ਕੀਟ ਪ੍ਰਬੰਧਨ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਕਿਸਾਨ ਆਪਣੇ ਆਸਪਾਸ ਉਪਲਬਧ ਕੁਦਰਤੀ ਸੰਸਾਧਨਾਂ ਅਤੇ ਕੁਦਰਤ ਦੇ ਅਨੁਕੂਲ ਰਵਾਇਤੀ ਤਕਨੀਕਾਂ ਰਾਹੀਂ ਫਸਲਾਂ 'ਤੇ ਆਉਣ ਵਾਲੇ ਹਾਨੀਕਾਰਕ ਕੀਟਾਂ ਦੀ ਰੋਕਥਾਮ ਕਰਨ । ਇਹਦੇ ਲਈ ਕੀਟਾਂ ਦਾ ਜੀਵਨ ਚੱਕਰ ਸਮਝ ਕੇ ਉਹਨਾਂ ਨੂੰ ਪੜਾਅਵਾਰ ਢੰਗ ਨਾਲ ਕਾਬੂ ਕਰਨ ਦੀ ਤਕਨੀਕ ਵੀ ਅਪਣਾਈ ਜਾ ਸਕਦੀ ।ਇਸ ਵਿਧੀ ਨਾਲ ਕੀਟ ਨਿਯੰਤਰਨ ਸਦਕਾ ਭੂਮੀ ਦੀ ਉਪਜਾਊ ਸ਼ਕਤੀ ਉੱਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਕਿਸਾਨ ਨੂੰ ਵਧੇਰੇ ਪੈਸੇ ਵੀ ਨਹੀਂ ਖਰਚਣੇ ਪੈਂਦੇ। ਕਿਸਾਨਾਂ ਨੂੰ ਰਸਾਇਣਕ ਕੀੜੇਮਾਰ ਜ਼ਹਿਰ ਖਰੀਦਣ ਦੀ ਉੱਕਾ ਹੀ ਲੋੜ ਨਹੀਂ ਪੈਂਦੀ। ਸਿੱਟੇ ਵਜੋਂ ਬਜ਼ਾਰ 'ਤੇ ਉਹਦੀ ਨਿਰਭਰਤਾ ਵੀ ਘਟ ਜਾਂਦੀ ਹੈ।