ਅਧਿਆਇ 1
ਸਮਗਰ ਕੀਟ ਪ੍ਰਬੰਧਨ
ਵੱਖ-ਵੱਖ ਪ੍ਰਕਾਰ ਦੇ ਕੀਟਾਂ ਨੂੰ ਕਾਬੂ ਕਰਨ ਲਈ ਉਹਨਾਂ ਦੇ ਜੀਵਨ ਚੱਕਰ ਨੂੰ ਸਮਝਣਾ ਲਾਜਮੀ ਹੈ। ਉਸਤੋਂ ਵੀ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੀਟ ਪਨਪਦੇ ਕਿਉਂ ਹਨ ਅਤੇ ਉਹਨਾਂ ਦਾ ਸੁਭਾਅ ਕੀ ਹੈ। ਸਮਗਰ ਕੀਟ ਪ੍ਰਬੰਧਨ ਇਸੇ ਸਮਝ ਦੀ ਉਪਜ ਹੈ । ਇਸਦੇ ਕਈ ਪੜਾਅ ਹੁੰਦੇ ਹਨ। ਹਰੇਕ ਪੜਾਅ ਅਨੁਸਾਰ ਕੀਟਾਂ ਨੂੰ ਕਾਬੂ ਕਰਨ ਲਈ ਭਿੰਨ-ਭਿੰਨ ਉਪਾਅ ਕੀਤੇ ਜਾਂਦੇ ਹਨ।
ਆਓ ਕੀਟਾਂ ਦਾ ਜੀਵਨ ਚੱਕਰ ਸਮਝੀਏ: ਕੀਟ ਆਪਣੀ ਬਾਲਗ ਅਵਸਥਾ ਪਤੰਗੇ ਦੇ ਰੂਪ ਵਿੱਚ ਹੁੰਦੇ ਹਨ, ਜਦੋਂ ਕਿ ਸ਼ੁਰੂਆਤੀ ਅਵਸਥਾ ਵਿਚ ਇਹ ਅੰਡੇ ਦੇ ਰੂਪ ਵਿੱਚ ਪਾਏ ਜਾਂਦੇ ਹਨ। ਅਰਥਾਤ ਪਤੰਗੇ ਤੋਂ ਅੰਡਾ, ਅੰਡੇ ਤੋਂ ਲਾਰਵਾ ਅਰਥਾਤ ਸੁੰਡੀ ਅਤੇ ਲਾਰਵੇ ਤੋਂ ਪਿਊਪਾ। ਮੁੱਖ ਤੌਰ 'ਤੇ ਤਨਾ, ਫੁੱਲ, ਫਲ ਅਤੇ ਪੱਤਿਆਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟ ਉਪਰ ਦੱਸੀਆਂ ਚਾਰ ਅਵਸਥਾਵਾਂ ਚੋਂ ਗੁਜ਼ਰਦੇ ਹਨ। ਜਦੋਂ ਕਿ ਬਹੁਗਿਣਤੀ ਰਸ ਚੂਸਕ ਕੀਟਾਂ ਵਿੱਚ ਪਹਿਲੀਆਂ ਤਿੰਨ ਅਵਸਥਾਵਾਂ ਹੀ ਹੁੰਦੀਆਂ ਹਨ। ਇਹਨਾਂ ਵਿੱਚ ਪਿਊਪਾ ਨਹੀਂ ਬਣਦਾ।
ਫਸਲ ਉੱਤੇ ਕਿਹੜੇ ਕੀਟ ਤੇ ਕਿੰਨੀ ਮਾਤਰਾ ਵਿੱਚ ਹਮਲਾ ਕਰਨਗੇ ਇਸ ਗੱਲ ਦਾ ਫੈਸਲਾ ਖੇਤ ਦੀ ਤਿਆਰੀ ਅਤੇ ਫਸਲ ਦੀ ਬਿਜਾਈ ਦੇ ਢੰਗ ਤੋਂ ਹੀ ਹੋ ਜਾਂਦਾ ਹੈ। ਸੋ ਭਿਆਨਕ ਕੀਟ ਹਮਲੇ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਵਰਖਾ ਰੁੱਤ ਤੋਂ ਪਹਿਲਾਂ ਗਰਮੀਆਂ ਵਿੱਚ ਖੇਤ ਨੂੰ ਸੁੱਕਾ ਤੇ ਡੂੰਘਾ ਵਾਹੁਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਭੂਮੀ ਵਿੱਚ ਪਏ ਕੀਟਾਂ ਦੇ ਪਿਊਪੇ ਭੂਮੀ ਦੀ ਸਤਹ ਕੇ ਆ ਕੇ ਧੁੱਪ ਅਤੇ ਪੰਛੀਆਂ ਦੀ ਭੇਂਟ ਚੜ ਜਾਂਦੇ ਹਨ।
ਸੁੱਕੀ ਡੂੰਘੀ ਵਹਾਈ ਅਤੇ ਸਹੀ ਸਮਾਂ: ਇਹ ਕਿਸੇ ਵੀ ਤਰ੍ਹਾਂ ਦੇ ਜੈਵਿਕ ਜਾਂ ਰਸਾਇਣਕ ਕੀਟਨਾਸ਼ਕਾਂ ਦੇ ਬਿਨਾਂ ਫਸਲਾਂ ਵਿੱਚ ਸਫਲ ਕੀਟ ਪ੍ਰਬੰਧਨ ਦਾ ਪਲੇਠਾ ਕੰਮ ਹੈ। ਇਹਦੇ ਤਹਿਤ ਮਈ-ਜੂਨ ਵਿੱਚ ਖੇਤਾਂ ਨੂੰ ਸੁੱਕਾ ਤੇ ਡੂੰਘਾ ਵਾਹੁਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਭਿੰਨ-ਭਿੰਨ ਪ੍ਰਕਾਰ ਦੇ ਕੀੜਿਆਂ ਦੇ ਜਮੀਨ ਵਿਚ ਡੂੰਘੇ ਪਏ ਹੋਏ ਪਿਊਪੇ(ਕੈਪਸੂਲ ਨੁਮਾ ਉਹ ਕਵਚ ਜਿਹਨਾਂ ਵਿੱਚ ਸੁੰਡੀਆਂ ਦੇ ਪਤੰਗੇ ਅਨੁਕੂਲ ਹਾਲਤਾਂ ਵਿਚ ਬਾਹਰ ਨਿਕਲਦੇ ਹਨ) ਉੱਪਰ ਆ ਜਾਂਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਪੰਛੀ ਚੁਗ ਲੈਂਦੇ ਹਨ ਅਤੇ ਬਹੁਤ ਸਾਰੇ ਸਖ਼ਤ ਧੁੱਪ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਂਦੇ ਹਨ।
ਬਾਰਿਸ਼ ਤੋਂ 2 ਦਿਨਾਂ ਬਾਅਦ ਖੇਤਾਂ ਵਿੱਚ ਥਾਂ-ਥਾਂ ਅੱਗ ਬਾਲਣੀ: ਪਹਿਲੀ ਬਾਰਿਸ਼ ਤੋਂ ਦੋ ਦਿਨਾਂ ਦੇ ਅੰਦਰ- ਅੰਦਰ ਸਮੂਹ ਕਿਸਾਨ ਭਰਾਵਾਂ ਨੂੰ ਅਗਲੇ ਸੱਤ ਦਿਨਾਂ ਤੱਕ ਖੇਤਾਂ ਵਿੱਚ ਸ਼ਾਮ 7 ਤੋਂ 9 ਵਜੇ ਤੱਕ ਥਾਂ-ਥਾਂ ਅੱਗ ਬਾਲਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕੀਟਾਂ ਦੇ ਬਹੁਤ ਸਾਰੇ ਪਤੰਗੇ ਅੱਗ ਦੀਆਂ ਲਪਟਾਂ ਵਿੱਚ ਡਿੱਗ ਕੇ ਸੜ ਜਾਣਗੇ। ਇਹ ਕੰਮ ਕਰਕੇ ਘੱਟੋ-ਘੱਟ 20 ਫੀਸਦੀ ਕੀਟ ਖਤਮ ਹੋ ਜਾਂਦੇ ਹਨ।
ਖੇਤਾਂ ਵਿੱਚ ਟੀ ਅਕਾਰ ਦੇ ਢਾਂਚੇ ਖੜੇ ਕਰਨਾ: ਬਹੁ-ਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ ਅਤੇ ਸੁੰਡੀਆਂ ਉਹਨਾਂ ਦੀ ਮਨਭਾਉਂਦੀ ਖੁਰਾਕ। ਸੋ ਜੇ ਅਸੀਂ ਆਪਣੇ ਖੇਤਾਂ ਵਿੱਚ ਪੰਛੀਆਂ ਦੇ ਬੈਠਣ ਲਈ ਉਚਿੱਤ ਪ੍ਰਬੰਧ ਕਰ ਦੇਈਏ ਤਾਂ ਰਹਿੰਦਾ ਕੰਮ ਪੰਛੀ ਆਪ ਹੀ ਕਰ ਦੇਣਗੇ । ਇਸ ਲਈ ਪ੍ਰਤੀ ਏਕੜ ਅੰਗਰੇਜ਼ੀ ਦੇ ਟੀ ਅੱਖਰ ਵਰਗੇ ਅੱਠ ਦਸ ਵਰਡ ਪਰਚਰ ਅਰਥਾਤ ਲੱਕੜੀ ਦੇ ਅਜਿਹੇ ਢਾਂਚੇ ਖੜੇ ਕਰਨੇ ਚਾਹੀਦੇ ਹਨ ਜਿਹਨਾਂ ਉੱਪਰ ਪੰਛੀ ਆ ਕੇ ਬੈਠ ਸਕਣ ਅਤੇ ਵੱਧ ਤੋਂ ਵੱਧ ਸੁੰਡੀਆਂ ਖਾ ਕੇ ਸਾਡੀ ਖੇਤੀ ਵਿੱਚ ਸਾਡੇ ਸਹਾਇਕ ਬਣਨ।
ਫੈਰੋਮੋਨ ਟਰੈਪ ਲਾਉਣੇ: ਫੈਰੋਮੋਨ ਟਰੈਪ ਵੀ ਕੀਟਾਂ ਨੂੰ ਕਾਬੂ ਕਰਨ ਦਾ ਪ੍ਰਭਾਵੀ ਸਾਧਨ ਹਨ। ਫੈਰੋਮੋਨ ਟਰੈਪ ਵਿੱਚ ਲੱਗੇ ਕੈਪਸੂਲਾਂ ਵਿੱਚੋਂ ਨਿਕਲਣ ਵਾਲੀ ਗੰਧ ਕਾਰਨ ਨਰ ਪਤੰਗੇ ਇਹਨਾਂ ਟਰੈਪਾਂ ਵਿੱਚ ਫਸਦੇ ਚਲੇ ਜਾਂਦੇ ਹਨ। ਇੱਕ ਫੈਰੋਮੋਨ ਕੈਪਸੂਲ 15 ਦਿਨਾਂ ਤੱਕ ਪ੍ਰਭਾਵੀ ਰਹਿੰਦਾ ਹੈ। ਨਰ ਪਤੰਗਿਆਂ ਦੇ ਇਹਨਾਂ ਟਰੈਪਾਂ ਵਿੱਚ ਫਸਣ ਕਾਰਨ ਮਾਦਾ ਪਤੰਗੇ ਅੰਡੇ ਦੇਣ ਦੀ ਅਵਸਥਾ ਵਿੱਚ ਨਹੀਂ ਰਹਿੰਦੀਆਂ। ਸਿੱਟੇ ਵਜੋਂ ਖੇਤ ਵਿੱਚ ਸੁੰਡੀਆਂ ਦਾ ਪ੍ਰਕੋਪ ਵੱਡੇ ਪੱਧਰ 'ਤੇ ਘਟ ਜਾਂਦਾ ਹੈ । ਜਿਕਰਯੋਗ ਹੈ ਕਿ ਇਕ ਨਰ ਪਤੰਗਾ 500 ਦੇ ਕਰੀਬ ਮਾਦਾ ਪਤੰਗਿਆਂ ਨਾਲ ਮੇਲ ਕਰਨ ਦੀ ਸ਼ਕਤੀ ਰੱਖਦਾ ਹੈ।
ਫਸਲ ਦੁਆਲੇ ਪੀਲੇ ਰੰਗ ਦੇ ਫੁੱਲ ਵਾਲੇ ਪੌਦੇ ਦੀਆਂ ਕਤਾਰਾਂ ਲਾਉਣਾ: ਜਿਆਦਾਤਰ ਕੀਟਾਂ ਦੇ ਬਾਲਗ ਪੀਲੇ ਰੰਗ ਦੇ ਫੁੱਲਾਂ ਵੱਲ ਵਧੇਰੇ ਆਕ੍ਰਸ਼ਿਤ ਹੁੰਦੇ ਹਨ ਅਤੇ ਉਹਨਾਂ 'ਤੇ ਹੀ ਅੰਡੇ ਵੀ ਦਿੰਦੇ ਹਨ। ਸੋ ਜੇਕਰ ਕਿਸਾਨ ਖੇਤਾਂ ਦੁਆਲੇ ਪੀਲੇ ਰੰਗ ਦੇ ਫੁੱਲਾਂ ਵਾਲੇ ਪੌਦੇ ਜਿਵੇਂ ਗੇਂਦਾ, ਸੂਰਜਮੁਖੀ, ਜੰਗਲੀ ਸੂਰਜਮੁਖੀ ਆਦਿ ਲਗਾ ਦੇਣ ਤਾਂ ਫਸਲ 'ਤੇ ਕੀਟ ਹਮਲੇ ਦੀਆਂ ਸੰਭਾਵਨਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ।
ਖੇਤਾਂ ਦੁਆਲੇ ਅਰਿੰਡ ਦੀ ਕਤਾਰ ਲਗਾਉਣਾ: ਨਰਮਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪ੍ਰਤੀ ਏਕੜ 4-5 ਬੂਟੇ ਅਰਿੰਡ ਦੇ ਜਰੂਰ ਲਾਉਣੇ ਚਾਹੀਦੇ ਹਨ । ਇਹ ਤੰਬਾਕੂ ਦੀ ਸੁੰਡੀ ਟੋਕੇ ਤੋਂ ਛੁਟਕਾਰਾ ਪਾਉਣ ਦਾ ਬਹੁਤ ਕਾਰਗਰ ਤੇ ਨਾਯਾਬ ਤਰੀਕਾ ਹੈ। ਕਿਉਂਕਿ ਇਹਨਾਂ ਦੋਹਾਂ ਕਿਸਮਾਂ ਦੀਆਂ ਸੁੰਡੀਆਂ ਦੇ ਪਤੰਗ ਅਰਿੰਡ ਦੇ ਪੱਤਿਆਂ ਉੱਤੇ ਅੰਡੇ ਦੇਣਾ ਪਸੰਦ ਕਰਦੇ ਹਨ। ਕਿਸਾਨ ਨੇ ਸਿਰਫ ਅਰਿੰਡ ਦੇ ਬੂਟਿਆਂ ਦਾ ਨਿਰੀਖਣ ਹੀ ਕਰਨਾ ਹੈ। ਨਿਰੀਖਣ ਦੌਰਾਨ ਜਿੰਨੇ ਵੀ ਪੱਤਿਆਂ 'ਤੇ ਸੁੰਡੀਆਂ ਦੇ ਅੰਡੇ ਜਾਂ ਲਾਰਵੇ ਨਜ਼ਰ ਆਉਣ ਉਹਨਾਂ ਪੱਤਿਆਂ ਨੂੰ ਤੋੜ ਕੇ ਖੇਤ ਵਿੱਚ ਹੀ ਦੱਬ ਦਿਓ। ਕਿਸੇ ਵੀ ਕੀਟਨਾਸ਼ਕ ਦੀ ਲੋੜ ਨਹੀਂ ਪਵੇਗੀ।
ਲਾਈਟ ਟ੍ਰੈਪਸ- ਉਪ੍ਰੋਕਤ ਦੋਹੇਂ ਕਿਰਿਆਂਵਾਂ ਦੇ ਬਾਵਜੂਦ ਖੇਤਾਂ ਵਿੱਚ ਸੁੰਡੀਆਂ ਦੇ ਪਤੰਗਿਆਂ ਦੇ ਹੋਣ ਦੀ ਸੰਭਾਵਨਾ ਖਤਮ ਨਹੀਂ ਹੋ ਜਾਂਦੀ । ਸੋ ਹੋਰ ਵੀ ਜਿਆਦਾ ਪਤੰਗਿਆਂ ਨੂੰ ਖਤਮ ਕਰਨ ਲਈ ਖੇਤਾਂ ਵਿੱਚ ਮੋਟਰਾਂ ਵਾਲੇ ਕੋਠਿਆਂ 'ਤੇ ਲਾਈਟ ਟ੍ਰੈਪਸ ਲਾਉਣੇ ਚਾਹੀਦੇ ਹਨ। ਇਸ ਵਾਸਤੇ ਇੱਕ ਪਲਾਸਟਿਕ ਦੀ 5 ਲਿਟਰ ਵਾਲੀ ਪੀਪੀ ਦਾ ਉਪਰੋਂ ਥੋੜਾ ਛੱਡ ਕੇ ਕੱਟਿਆ ਹੋਇਆ ਹੇਠਲਾ ਹਿੱਸਾ, ਇੱਕ ਹੋਲਡਰ, 60 ਜਾਂ 100 ਵਾਟ ਦਾ ਇੱਕ ਬੱਲਬ, ਬਿਜਲੀ ਦੀ ਸਧਾਰਣ ਤਾਰ, ਇੱਕ ਬੱਠਲ, ਕੁੱਝ ਪਾਣੀ ਅਤੇ ਥੋੜੇ ਜਿੰਨੇ ਮਿੱਟੀ ਦੇ ਤੇਲ ਦਾ ਬੰਦੋਬਸਤ ਕਰੋ। ਕੱਟੀ ਹੋਈ ਪੀਪੀ ਵਿੱਚ ਹੋਲਡਰ ਫਿੱਟ ਕਰਕੇ ਉਸ ਵਿੱਚ ਬੱਲਬ ਚੜ੍ਹਾ ਕੇ ਬਿਜਲੀ ਦਾ ਕੁਨੈਕਸ਼ਨ ਦੇ ਦਿਓ। ਲਾਈਟ ਟ੍ਰੈਪ ਤਿਆਰ ਹੈ। ਹੁਣ ਬੱਠਲ ਵਿੱਚ ਮਿੱਟੀ ਦਾ ਤੇਲ ਮਿਲਿਆ ਪਾਣੀ ਪਾ ਕੇ ਇਸਨੂੰ ਲਾਈਟ ਟ੍ਰੈਪ ਦੇ ਹੇਠਾਂ ਰੱਖ ਦਿਓ। ਬੱਠਲ ਤੇ ਬੱਲਬ ਵਿੱਚ ਫਾਸਲਾ 1 ਜਾਂ 1.5 ਫੁੱਟ ਹੀ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਪਤੰਗੇ ਬੱਲਬ ਵੱਲ ਆਕ੍ਰਸ਼ਿਤ ਹੋਣਗੇ।
ਬੀਜਾਈ ਕਰ ਦਿਓ। ਦਾਲਾਂ ਅਤੇ ਹੋਰ ਨਰਮ ਸੁਭਾਅ ਦੇ ਬੀਜਾਂ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਉਸ ਵਿੱਚ ਚੂਨਾ ਨਾ ਮਿਲਾਓ।
ਇਸ ਤੋਂ ਇਲਾਵਾ ਹਿੰਗ ਦੇ ਪਾਣੀ, ਖੱਟੀ ਲੱਸੀ ਅਤੇ ਕੱਚੇ ਦੁੱਧ ਨਾਲ ਵੀ ਬੀਜ ਉਪਚਾਰ ਕਰਨਾ ਵੀ ਲਾਭਕਾਰੀ ਹੈ।
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਪਾਣੀ ਵਿੱਚ ਭਿਓਂ ਕੇ ਰੱਖਣ ਨਾਲ ਵਧੀਆ ਫੁਟਾਰਾ ਹੁੰਦਾ ਹੈ। ਬੀਜਾਂ ਨੂੰ ਪਾਣੀ 'ਚ ਭਿਓ ਕੇ ਰੱਖਣ ਦਾ ਸਮਾਂ ਬੀਜ ਦੇ ਉਪਰੀ ਖੋਲ ਦੀ ਮਜ਼ਬੂਤੀ 'ਤੇ ਨਿਰਭਰ ਕਰਦਾ ਹੈ । ਫਿਰ ਵੀ ਹੇਠ ਲਿਖੇ ਅਨੁਸਾਰ ਬੀਜਾਂ ਨੂੰ ਪਾਣੀ ਵਿੱਚ ਭਿਓਂਇਆ ਜਾ ਸਕਦਾ ਹੈ।
ਝੋਨਾ 12 ਘੰਟੇ
ਮੱਕੀ 12 ਘੰਟੇ
ਕਣਕ 07 ਘੰਟੇ
ਮੂੰਗਫਲੀ 1-2 ਘੰਟੇ
ਲੋੜੀਂਦੇ ਸਮੇਂ ਤੱਕ ਭਿਓਂਤੇ ਗਏ ਬੀਜਾਂ ਨੂੰ ਪਾਣੀ ਵਿੱਚ ਕੱਢ ਕੇ ਬੀਜ ਅੰਮ੍ਰਿਤ ਲਾਉਣ ਉਪਰੰਤ 4-5 ਘੰਟੇ ਛਾਂਵੇ ਸੁਕਾ ਕੇ ਬਿਜਾਈ ਕਰ ਦਿਓ। ਹੋਰ ਕਿਸੇ ਵੀ ਤਰ੍ਹਾਂ ਦੇ ਬੀਜ ਉਤੇ 1:9 ਦੇ ਅਨੁਪਾਤ ਵਿੱਚ ਦੇਸੀ ਗਊ ਦਾ ਦੁੱਧ ਅਤੇ ਪਾਣੀ ਮਿਲਾ ਕੇ ਛਿੜਕ ਕੇ ਛਾਂਵੇ ਸੁਕਾਉ। 100 ਕਿਲੋ ਬੀਜ ਲਈ 2 ਲਿਟਰ ਗਊ ਮੂਤਰ ਬੀਜ ਉਪਚਾਰ ਲਈ ਕਾਫੀ ਹੈ। ਇਸਤੋਂ ਇਲਾਵਾ ਬੀਜਾਂ ਉੱਤੇ ਪਾਥੀਆਂ ਦੀ ਰਾਖ ਅਤੇ ਪਾਣੀ ਦਾ ਘੋਲ ਛਿੜਕ ਕੇ ਵੀ ਬੀਜ ਉਪਚਾਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਬੀਜਾਂ ਵਿੱਚ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿਕਸਤ ਹੋ ਜਾਂਦੀ ਹੈ।
ਤਰਬੂਜ, ਕਰੇਲਾ ਅਤੇ ਫਲੀਦਾਰ ਬੀਜਾਂ ਨੂੰ ਰਾਤ ਭਰ ਦੁੱਧ ਵਿੱਚ ਭਿਉਂ ਕੇ ਬੀਜੀਏ ਤਾਂ ਬੀਜ ਤੇਜੀ ਨਾਲ ਉਗਦੇ ਹਨ। ਜਦਕਿ ਮੂਲੀ ਅਤੇ ਚੁਕੰਦਰ ਆਦਿ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਬਿਜਾਈ ਕਰਨੀ ਚਾਹੀਦੀ ਹੈ।
ਉਤਪਾਦਾਂ ਦਾ ਉਚਿਤ ਭੰਡਾਰਨ: ਨਿਮਨਲਿਖਤ ਅਨੁਸਾਰ ਵੱਖ ਫਸਲਾਂ ਦਾ ਸੁਰੱਖਿਅਤ ਭੰਡਾਰਣ ਕੀਤਾ ਜਾ ਸਕਦਾ ਹੈ:
- ਮੱਕੀ ਨੂੰ ਸੁਰੱਖਿਅਤ ਰੱਖਣ ਲਈ ਮੰਡੀ ਦੇ ਡੰਢਲਾਂ ਦੀ 20 ਕਿੱਲੋ ਰਾਖ 1 ਕੁਵਿੰਟਲ ਮੱਕੀ 'ਚ ਮਿਲਾ ਕੇ ਰੱਖਣ ਨਾਲ ਮੱਕੀ ਨੂੰ ਕੋਈ ਕੀੜਾ ਨਹੀਂ ਲੱਗਦਾ।
- ਸਾਰ ਅਨਾਜਾਂ ਦਾ ਭੰਡਾਰਣ ਕਰਦੇ ਸਮੇਂ ਨਿੰਮ੍ਹ ਦੇ ਸੁੱਕੇ ਪੱਤੇ, ਲਸਣ ਦੀਆਂ ਗੱਠੀਆਂ ਅਤੇ ਮਾਚਿਸਾਂ ਅਤੇ ਥੋੜੀ ਮਾਤਰਾ ਵਿੱਚ ਪਾਥੀਆਂ ਦੀ ਰਾਖ ਪਾਉਣ ਨਾਲ ਅਨਾਜ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।
- ਕਣਕ ਦਾ ਭੰਡਾਰਣ ਕਰਦੇ ਸਮੇਂ ਕਣਕ ਵਿੱਚ 2 ਕਿੱਲੋ ਅਰੀਠੇ ਮਿਲਾ ਦਿਉ। ਇਸ ਨਾਲ ਕਣਕ ਨੂੰ ਘੁਣ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਇੱਕ ਵਾਰ ਕਣਕ ਵਿੱਚ ਮਿਲਾਏ ਗਏ ਰੀਠੇ 5 ਸਾਲ ਤੱਕ ਵਰਤੇ ਜਾ ਸਕਦੇ ਹਨ।
ਅਧਿਆਇ 3
ਜੈਵਿਕ ਕੀਟਨਾਸ਼ਕ
ਤੰਬਾਕੂ ਦਾ ਕਾੜ੍ਹਾ
ਤੰਬਾਕੂ ਵਿੱਚ ਨਿਕੋਟਿਨ ਹੁੰਦਾ ਹੈ। ਇਹ ਕੀਟਾਂ ਨੂੰ ਪੌਦਿਆਂ ਦੇ ਨੇੜੇ ਆਉਣ ਤੋਂ ਰੋਕਦਾ ਹੈ । ਇਹ ਕਾੜ੍ਹਾ ਸਫੇਦ ਮੱਖੀਆਂ ਅਤੇ ਹੋਰ ਰਸ ਚੂਸਕ ਕੀਟਾਂ ਨੂੰ ਕਾਬੂ ਕਰਨ ਲਈ ਵਰਤਿਆ ਜਾਂਦਾ ਹੈ।
ਸਮਗਰੀ
ਤੰਬਾਕੂ 1 ਕਿੱਲੋ,
ਪਾਣੀ 10 ਲਿਟਰ
ਰੀਠਾ ਪਾਊਡਰ 200 ਗ੍ਰਾਮ
ਵਿਧੀ: ਤੰਬਾਕੂ ਨੂੰ 10 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲੋ। ਕਾੜਾ ਬਣਾਉਂਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ। ਹੁਣ ਇਸ ਨੂੰ ਅੱਗ ਤੋਂ ਉਤਾਰ ਠੰਡਾ ਕਰਕੇ ਪਤਲੇ ਕੱਪੜੇ ਨਾਲ ਛਾਣ ਲਵੋ। ਹੁਣ ਇਸ ਵਿੱਚ 500 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ। ਤੰਬਾਕੂ ਦਾ ਕਾੜ੍ਹਾ ਤਿਆਰ ਹੈ । ਪ੍ਰਤੀ ਪੰਪ 1/2 ਲਿਟਰ ਤੰਬਾਕੂ ਦੇ ਕਾੜ੍ਹੇ ਦਾ ਛਿੜਕਾਅ ਕਰੋ।
ਸਾਵਧਾਨੀ: ਕਾੜਾ ਬਣਾਉਂਦੇ ਸਮੇਂ ਕੱਪੜੇ ਨਾਲ ਮੂੰਹ ਢਕ ਕੇ ਰੱਖੋ। ਸਪ੍ਰੇਅ ਕਰਦੇ ਸਮੇਂ ਪੂਰਾ ਸਰੀਰ ਢਕ ਕੇ ਰੱਖੋ। ਇਸਦਾ ਛਿੜਕਾਅ ਸਿਰਫ ਇੱਕ ਹੀ ਵਾਰ ਕਰੋ। ਇੱਕ ਤੋਂ ਜਿਆਦਾ ਵਾਰ ਛਿੜਕਾਅ ਕਰਨ ਨਾਲ ਲਾਭਕਾਰੀ ਕੀਟ ਵੀ ਮਰ ਸਕਦੇ ਹਨ। ਇਸਦਾ ਭੰਡਾਰਣ ਨਹੀਂ ਕੀਤਾ ਜਾ ਸਕਦਾ।