

ਰਾਮ ਰੱਖਿਆ ! ਆ ਓਥੋਂ ਦੇ ਬੋਤਲਾਂ ਹੋਰ ਲਾਹ ਲਿਆ । ਹਾਂ, ਖ਼ਬਰਦਾਰ ਲਾਸ਼ ਦਾ ਧਿਆਨ ਰਖਣਾ ।"
ਇਨਸਪੈਕਟਰ ਦੇ ਧਿਆਨ ਰਖਣਾ ਬੋਲ ਸੁਣ ਕੇ ਮੈਨੂੰ ਖਿਸਕ ਜਾਣ ਦਾ ਖ਼ਿਆਲ ਆ ਗਿਆ । ਦਿਲਬਾਗ ਨੇ ਵਹਿੰਦੇ ਲਹੂ ਤੋਂ ਬਚਦਿਆਂ ਮੈਨੂੰ ਟਾਹਲੀ ਨਾਲੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ । ਉਹ ਥੁੜਬੁੜਾ ਰਿਹਾ ਸੀ । "ਵਾਹਿਗੁਰੂ ਸਤਿਨਾਮ ! ਬਖ਼ਸ਼ੀ ਗੁਨਾਹਗਾਰ ਨੂੰ । ਭਾਅ ਤੂੰ ਵੀ ਮਾਫ਼ ਕਰੀਂ। ਅਸੀਂ ਸੱਚੀ ਮੁੱਚੀਂ ਕੁੱਤੇ ਆਂ। ਹੈਂਸਿਆਰੇ, ਕਾਤਲ ਤੇ ਆਪਣੇ ਲੋਕਾਂ ਦੇ ਗਦਾਰ ।"
ਮੈਂ ਉਹਦੇ ਪਸ਼ਚਾਤਾਪ ਉਤੇ ਹੱਸ ਪਿਆ। ਮੇਰੇ ਪੈਰਾਂ ਦੀ ਗੰਢ ਸਰਕਾਉਂਦਾ ਉਹ ਡਰ ਕੇ ਪਿੱਠ ਪਰਨੇ ਡਿੱਗ ਪਿਆ ! ਉਹਦੇ ਭਾਣੇ ਕੋਈ ਭੂਤ ਹੱਸਿਆ ਸੀ ।
"ਕੋਈ ਨਾ ਬੀਰਿਆ ! ਤੈਨੂੰ ਸਾਰੇ ਨੂੰ ਮਾਫ਼ ਕੀਤਾ।" ਉਹ ਪੈਰਾਂ ਭਾਰ ਹੀ ਹੋਰ ਪਿਛਾਂਹ ਨੂੰ ਹਟ ਗਿਆ ਸ਼ਾਇਦ ਇਸ ਤਰਾਂ ਦਾ ਅਸਚਰਜ ਉਸ ਪਹਿਲਾਂ ਕਦੇ ਨਹੀਂ ਵੇਖਿਆ ਸੀ । "ਡਰ ਨਾ ਮੇਰੇਆਰ, ਮੈਂ ਮੋਇਆ ਨਹੀਂ।"
“ਹੈਂ ! ਤੂੰ ਮੋਇਆ ਨਹੀਂ ? ਇਹ ਕਿੱਦਾਂ ਹੋ ਸਕਦਾ ਏ ? ਜੇ ਤੂੰ ਮੇਰੀਆਂ ਦੋ ਗੋਲੀਆਂ ਨਾਲ ਨਹੀਂ ਮਰਿਆ, ਫਿਰ ਮੇਰਾ ਬਚਾਅ ਮੁਸ਼ਕਲ ਈ ਐ।" ਉਹ ਹੱਥ ਝਾੜ ਕੇ ਉਠ ਖਲੋਤਾ। “ਮੈਨੂੰ ਪਹਿਲਾਂ ਹੀ ਲਗਦਾ ਸੀ, ਪੀਤੂ ਤੂੰ ਮਰਨ ਵਾਲਾ ਨਹੀਂ।” ਇਉਂ ਜਾਪਦਾ ਸੀ, ਜਿਵੇਂ ਦਿਲਬਾਗ ਨਸ਼ੇ ਦੀ ਸਾਰੀ ਬੇਹੋਸ਼ੀ ਲਾਹ ਕੇ ਸੁਰਤ ਫੜ ਚੁੱਕਾ ਸੀ । ਉਹਦਾ ਅੰਦਰਲਾ ਡਰ ਲਹਿ ਗਿਆ ਸੀ ।
"ਹੂੰ, ਤੂੰ ਤਾਂ ਮੈਨੂੰ ਸਾੜਨ ਦੀਆਂ ਵੀ ਤਿਆਰੀਆਂ ਕਰ ਰਿਹਾ ਏਂ ।" ਮੈਂ ਪੂਰੇ ਹੇਜ ਨਾਲ ਤਾਹਨਾ ਮਾਰਿਆ ।
“ਭਲਿਆ, ਸਾਰੀ ਉਮਰ ਸੜਨ ਵਾਸਤੇ ਤਾਂ ਮੈਂ ਈ ਰਹਿ ਗਿਆ ਆਂ। ਜਿਹਨੂੰ ਤਿੰਨ ਸੋ ਤਿੰਨ ਦੀਆਂ ਗੋਲੀਆਂ ਨਾ ਮਾਰ ਸਕੀਆਂ, ਉਹਨੂੰ ਅੱਗ ਨੇ ਵੀ ਨਹੀਂ ਸਾੜਨਾ ।"
ਦਿਲਬਾਗ ਨੇ ਨਰੜੇ ਪੈਰ, ਪਿੱਠ ਪਿਛੇ ਬੱਧੇ ਹੱਥ ਅਤੇ ਧੜ ਉਤਲੇ ਸਾਰੇ ਵਲ ਲਾਹ ਦਿੱਤੇ, ਗੰਢਾਂ ਖੋਲ੍ਹ ਦਿੱਤੀਆਂ । ਮੈਂ ਜਾਣ ਕੇ ਉਹਦੀਆਂ ਬਾਹਵਾਂ ਵਿਚ ਡਿੱਗ ਪਿਆ । ਮੈਂ ਉਹਦੇ ਕੰਨ ਵਿਚ ਫੂਕ ਮਾਰਨਾ ਚਾਹੁੰਦਾ ਸਾਂ : ਹਵਾਲਦਾਰੀ ਦਿਆ ਲਗਦਿਆ, ਸਰਮਾਏਦਾਰੀ ਹਮੇਸ਼ਾ ਭਰਾ ਹੱਥੋਂ ਭਰਾ ਦਾ ਖੂਨ ਕਰਵਾਉਂਦੀ ਆਈ ਏ। ਉਸ ਬਾਹਾਂ ਪਸਾਰ ਕੇ ਮੈਨੂੰ ਹਿਤ ਨਾਲ ਸੰਭਾਲਦਿਆਂ ਪੁਕਾਰਿਆ :
"ਹਾਏ ਓਏ ਰੱਬਾ ! "ਮੈਂ ਕਮੀਨਾ. ਮੈਂ ਕੁੱਤਾ ਕੀ ਕਰ ਬੈਠਾ ਆਂ। ਓਏ ਹਰਾਮੀਓ, ਕੁੱਡੇ ਦੇ ਪੁੱਤ ! ਮੈਨੂੰ ਗੋਲੀ ਮਾਰ ਦਿਓ । ਹਾਇ ਓਏ ਰੱਬਾ ਤੂੰ ਹੀ ਚੁੱਕ ਲੈ !"
"ਬੀਰਿਆ ! "ਹੁਣ ਬੁਕ ਨਾ ।" ਮੈਂ ਸਹਿਜ ਨਾਲ ਉਹਦੇ ਕੰਨ ਵਿਚ ਆਖਿਆ। "ਹਾਲੇ ਜਸ ਖੱਟਣ ਦਾ ਮੌਕਾ ਏ । ਮੈਂ ਸੜਨਾ ਨਹੀਂ ਚਾਹੁੰਦਾ । ਇਹ ਲਹੂ ਮੈਂ ਖੇਤ ਖੇਤ ਵਿਚ ਵੰਡ ਦੇਣਾ ਚਾਹੁੰਦਾ ਆਂ । ਤਾਂ ਜੋ ਇਨ੍ਹਾਂ ਖੇਤਾਂ ਦੀ ਕਣਕ ਖਾ ਕੇ ਦਿਲਬਾਗ ਸਿੰਘ ਪੈਦਾ ਹੋਣੇ ਬੰਦ ਹੋ ਜਾਣ । ਤੂੰ ਮੈਨੂੰ ਏਥ ਨਸਾ ਦੇ ।"
"ਪੀੜ ਪੱਤੋਤੋੜ ਹੋ ਜਾਹ, ਪਿਛਾਂਹ ਭਉਂ ਕੇ ਨਾ ਵੇਖੀਂ, ਮੈਂ ਸਾਰੀਆਂ ਬੱਲ੍ਹੇ ।" ਉਸ ਹਿੱਕ ਨੂੰ ਦੋ ਵਾਰ ਥਾਪੜਿਆ ।
''ਤੇਰੀ ਹੌਲਦਾਰੀ ਦਾ ਕੀ ਬਣੇਗਾ ?" ਮੈਂ ਜਾਣ ਕੇ ਉਸ ਨੂੰ ਚੋਟ ਰੜਕਾਈ ।