

ਚੁੱਕੀ ਜੀਪ ਨੇ ਪੈਰ ਤੋਂ ਹੀ ਮੋੜ ਕਟਦਿਆਂ ਧੂੜ ਪਿਛਾਂਹ ਵਗਾਹ ਮਾਰੀ ਅਤੇ ਪੱਕੀ ਸੜਕ ਤੇ ਫਰਾਟੇ ਭਰਨ ਲੱਗੀ ।
"ਮੈਨੂੰ ਅਗੋਂ ਡਾਇਰੈਕਸ਼ਨ ਦਸਦਾ ਜਾਵੀਂ ।" ਡੀ. ਐਸ. ਪੀ. ਨੇ ਗੇਅਰ ਬਦਲਦਿਆਂ ਰਫ਼ਤਾਰ ਤੇਜ਼ ਕਰ ਦਿਤੀ। ਉਸ ਪਟਰੋਲ ਵਾਲੀ ਕਿੱਲੀ ਹੋਰ ਨੱਪ ਦਿਤੀ।
''ਬਸ ਜਨਾਬ ਏਹੀ ਸੜਕ, ਪਹਾੜ ਵਾਲੀ ਸਾਈਡ, ਸਿਧੀ ਨਹਿਰ ਦੇ ਪੁਲ ਨੂੰ ।"
"ਜਿਸ ਮੁਖਬਰ ਨੇ ਟੈਲੀਫੋਨ ਕੀਤਾ ਸੀ. ਕੀ ਨਾਂ ਸੀ ਉਸ ਜਮਾਂਦਰ ਦਾ ?"
"ਜਮਾਂਦਰ ਤਾਂ ਸੁਰੈਣ ਸਿੰਘ ਹੈ ਜੀ ਮਹੜੀ ਦਾ। ਉਹ ਸਾਡਾ ਸਿੱਕੇਬੰਦ ਮੁਖ਼ਬਰ ਐ । ਜਿਥੇ, ਜਿਵੇਂ ਮਰਜ਼ੀ ਵਰਤ ਲਈਏ ।"
“ਉਸ ਨੂੰ ਸੜਕ ਤੋਂ ਚੁਕਣਾ ਏਂ ਉਸ ਦਾ ਖ਼ਿਆਲ ਰਖੀਂ ।" ਜੀਪ ਨੇ ਸੜਕ ਦੇ ਵਿਚ- ਕਾਰ ਜਾਂਦੇ ਇਕ ਸਵਾਰੀਆਂ ਵਾਲੇ ਟੈਂਪੂ ਨੂੰ ਕੱਟਣ ਲਈ ਲੰਮਾ ਹਾਰਨ ਮਾਰਿਆ । ਸਵਾਰੀਆਂ ਉਸ ਦੇ ਪਿੱਛੇ ਤੇ ਪਾਸੀਂ ਵੀ ਲਮਕ ਰਹੀਆਂ ਸਨ । "ਇਨ੍ਹਾਂ ਟੈਂਪੂ ਵਾਲਿਆਂ ਉਤੇ ਵੀ ਹੱਥ ਫੇਰਨਾ ਪੈਣਾ ਏਂ । ਕੁੱਤੇ ਦੇ ਪੁੱਤ ਐਨ ਸੜਕ ਦੇ ਵਿਚਕਾਰ ਚਲਣਗੇ । ਖੈਰ, ਉਹ ਜਮਾਂਦਾਰ ਕੋਈ ਬਸ ਅੱਡਾ ਦਸਦਾ ਸੀ ?"
"ਬਸ ਅੱਡਾ ਮਹੇੜੀ ਦਾ ਹੀ ਹੋਵੇਗਾ ।"
"ਹਾਂ ਹਾਂ ! ਮਹੇੜੀ ਦਾ ਹੀ ਆਖਦਾ ਸੀ ।"
"ਬਸ ਦੋ ਕੁ ਮੀਲ ਤੇ ਮਹੇੜੀ ਆ ਜਾਣੀ ਏਂ ।" ਬਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਸਮਝਾਇਆ ।
ਜੀਪ ਦੀ ਰਫ਼ਤਾਰ ਵਿਚੋਂ ਇਕ ਗੂੰਜ ਪੈਦਾ ਹੋ ਰਹੀ ਸੀ । ਉਹ ਟਰੱਕਾਂ ਨੂੰ ਪਿਛਾਂਹ ਸੁਟਦੀ, ਬੈਲ ਗੱਡੀਆਂ ਨੂੰ ਕੱਟਦੀ ਅਤੇ ਧੂੜਾਂ ਪੁਟਦੀ ਮਹੇੜੀ ਦੇ ਬਸ ਅੱਡੇ ਨੇੜੇ ਹੌਲੀ ਹੋਣ ਲਗ ਪਈ । ਅਗੋਂ ਚੌੜੇ ਚੌਗਾਠੇ ਵਾਲੇ ਸੱਠ ਸਾਲਾ ਸੁਰੈਣੇ ਨੇ ਹੱਥ ਦੇ ਇਸ਼ਾਰੇ ਨਾਲ ਜੀਪ ਰੋਕ ਲਈ। ਉਹ ਟੈਲੀਫੋਨ ਕਰ ਕੇ ਵਾਹੋਦਾਹੀ ਜੀਪ ਤੋਂ ਪਹਿਲਾਂ ਪਹੁੰਚ ਗਿਆ ਸੀ । ਉਹ ਖਲੋਤੀ ਜੀਪ ਦੇ ਪਿਛੇ ਝਟ ਹੁਬਕਲੀ ਮਾਰ ਕੇ ਬਹਿ ਗਿਆ । ਜੀਪ ਗਰਦ ਦਾ ਵਰੋਲਾ ਅੱਡੇ ਵਿਚ ਖਿਲਾਰ ਕੇ ਤਾਰੀ ਮਾਰਦੇ ਪੰਛੀ ਵਾਂਗ ਚੌਅ ਦੀ ਢਾਲ ਉੱਤਰ ਗਈ । ਨਹਿਰ ਦਾ ਪੁਲ ਵੀ ਉਹ ਚੁੱਪ ਚਾਪ ਪਾਰ ਕਰ ਗਏ । ਜਮਾਂਦਾਰ ਦਾ ਦਿਲ ਇਕ ਸ਼ਕ ਵਿਚ ਧੜਕ ਧੜਕ ਜਾਂਦਾ ਸੀ, ਮਤਾਂ ਕਿਤੇ ਰਾਹ ਵਿਚ ਹੀ ਨਾ ਉੱਤਰ ਗਏ ਹੋਣ । ਪੰਜ ਸਤ ਮੀਲ ਹੋਰ ਅਗਾਂਹ ਜਾ ਕੇ ਉਨ੍ਹਾਂ ਨਿਰਾਸ ਹੋਣਾ ਸ਼ੁਰੂ ਕਰ ਦਿਤਾ। ਏਸੇ ਲਈ ਜੀਪ ਦੀ ਰਫਤਾਰ ਪਹਿਲਾਂ ਨਾਲੋਂ ਘਟ ਗਈ ਸੀ । ਰਾਹ ਵਿਚ ਪੈਂਦੇ ਇਕ ਦੇ ਅੱਡੇ ਤਾਂ ਤਾਂ ਕਰ ਰਹੇ ਸਨ ,
"ਅਸੀਂ ਬਸ ਨੂੰ ਸ਼ਾਇਦ ਨਾ ਫੜ ਸਕੀਏ ।" ਸਵਰਨ ਸਿੰਘ ਸੁਭਾਵਿਕ ਹੀ ਕਹਿ ਗਿਆ।
"ਖੈਰ ਸਾਨੂੰ ਕੋਸ਼ਿਸ਼ ਨਹੀਂ ਛਡਣੀ ਚਾਹੀਦੀ।" ਡੀ. ਐਸ. ਪੀ. ਨੇ ਰਫ਼ਤਾਰ ਹੋਰ ਤੇਜ਼ ਕਰ ਦਿਤੀ ਅਤੇ ਮੁਖ਼ਬਰ ਨੂੰ ਸੈਣਤ ਨਾਲ ਲਾਗੂ ਕਰਦਿਆਂ ਪੁੱਛਿਆ "ਜਮਾਂਦਾਰ ਸਾਹਬ, ਉਨ੍ਹਾਂ ਦੇ ਹੁਲੀਏ ਕਿਹੋ ਜਿਹੇ ਐ ?"
"ਜਨਾਬ, ਮਿਹਰ ਸਿੰਘ ਦੇ ਕਾਲੀ ਪੱਗ ਐ, ਲੀਹਦਾਰ ਬੁਸ਼ਰਟ ਅਤੇ ਬਾਕੀ ਪੈਂਟ । ਨਾਲ ਦੇ ਸਾਥੀ ਦੇ ਹਰਾ ਚਾਦਰਾ, ਚਿੱਟੀ ਕਲੀਆਂ ਵਾਲੀ ਕਮੀਜ਼ ਤੇ ਪੱਗ ਸਾਇਦ ਸਰ੍ਹੋਂ ਵਲੀ ਬੰਨ੍ਹੀ ਐ । ਦੋਵੇਂ ਪੱਚੀਆਂ ਤੀਹਾਂ ਦੇ ਹੋਣਗੇ । ਮਿਹਰ ਸਿੰਘ ਗੋਰੇ ਰੰਗ ਦਾ ਸੁਹਣਾ ਜਵਾਨ ਹੈ । ਦੂਜੇ ਸਾਥੀ ਨੂੰ ਜਾਣਦਾ ਨਹੀਂ । ਪਰ ਰੰਗ ਦਾ ਸੋਲਾ ਐ। ਤੇ ਕੋਲ ਤਿੰਨ ਫੁੱਟੀ ਕ੍ਰਿਪਾਨ ਹੈ ।"