

ਸੱਜੇ ਪਾਸੇ ਦਫ਼ਤਰ ਲਾਗੇ ਅਸਲਾਖਾਨਾ ਅਤੇ ਸਿਪਾਹੀਆਂ ਦੀਆਂ ਰਿਹਾਇਸ਼ੀ ਕੱਠੜੀਆਂ ਹਨ। ਥਾਣੇ ਤੋਂ ਬਾਹਰ ਨਿਕਲ ਕੇ ਉਸ ਸਵਰਨ ਸਿੰਘ ਦੇ ਕਵਾਟਰ ਨੂੰ ਵੀ ਜਾਰ ਲਿਆ : ਜਿਹੜਾ ਥੋੜੀ ਵਿਥ ਨਾਲ ਹੀ ਸੀ। ਧੀਰੋ ਆਪਣੀ ਤਸੱਲੀ ਕਰਕੇ ਵਾਪਸ ਆ ਗਿਆ । ਗੁਰਦੇਵ ਅਤੇ ਪੀਤੂ ਤੋਂ ਪਿਛੋਂ ਐਕਸ਼ਨ ਦੇ ਹੱਕ ਵਿਚ ਉਹ ਬਹੁਤਾ ਤੱਤਾ ਸੀ । ਉਹ ਚਾਹੁੰਦਾ ਸੀ, ਕਿਹੜਾ ਵੇਲੇ ਹੋਵੇ, ਜਦੋਂ ਪੰਜਾਬ ਵਿਚ ਵੀ ਬੰਗਾਲ ਵਾਂਗ ਇਨਕਲਾਬ ਦਾ ਮੂੰਹ ਮੱਥਾ ਨਿਖਾਰ ਕੇ ਲੋਕਾਂ ਨੂੰ ਮਾਰੋ-ਮਾਰ ਕਰਦੇ ਜੱਸ਼ ਨਾਲ ਭਰ ਦਿੱਤਾ ਜਾਵੇ । ਉਹ ਸਮਝਦਾ ਸੀ, ਲਹੂ ਡੋਲ੍ਹੇ ਬਿਨਾਂ ਕੁਝ ਨਹੀਂ ਬਣਨਾ। ਪਾਰਟੀ ਵਲੋਂ ਹਥਿਆਰ ਸਪਲਾਈ ਕਰਨ ਦੀ ਜ਼ੁੰਮੇਵਾਰੀ ਉਸ ਆਪ ਹਿੱਕ ਥਾਪੜ ਕੇ ਲਈ ਸੀ । ਉਸ ਚੀਨੀ ਦੂਤਾਵਾਸ ਨਾਲ ਆਪਣੇ ਸੰਬੰਧਾਂ ਬਾਰੇ ਵੀ ਸਾਥੀਆਂ ਵਿਚ ਬੜ੍ਹ ਮਾਰ ਦਿੱਤੀ ਸੀ । '
ਐਕਸ਼ਨ ਵਾਲੇ ਮਿਥੇ ਦਿਨ ਥਾਣੇਦਾਰ ਸਵਰਨ ਸਿੰਘ ਸਵੇਰੇ ਹੀ ਬਸ ਚੜ੍ਹ ਕੇ ਕਿਤੇ ਬਾਹਰ ਚਲਿਆ ਗਿਆ । ਪਾਰਟੀ ਦੇ ਸੁਹੇ ਮਿੱਤੂ ਨੇ ਅੱਡੇ ਉਤੇ ਚਾਹ ਪੀਂਦੇ ਸਿਪਾਹੀ ਕੋਲੋਂ ਪੰਜਾਬੀ ਅਖ਼ਬਾਰ ਦੇ ਵਰਕੇ ਫੋਲਦਿਆਂ ਸੁਭਾਵਕ ਹੀ ਪੁੱਛ ਲਿਆ ।
"ਜਮਾਂਦਾਰ ਜੀ ! ਸਰਦਾਰ ਹੋਰੀਂ ਵਾਪਸ ਮੁੜ ਆਉਣਗੇ ?"
"ਸ਼ਹਾਦਤ ਤੇ ਗਏ ਐ, ਹੋਰ ਤਾਂ ਕੋਈ ਕੰਮ ਲਗਦਾ ਨਹੀਂ, ।" ਸਿਪਾਹੀ ਨੇ ਸਰਸਰੀ ਉੱਤਰ ਦੇ ਦਿੱਤਾ ।
ਮਿੱਤ੍ਰ ਨੇ ਆਪੇ ਨੂੰ ਅਵੇਸਲਾ ਬਣਾਈ ਰੱਖਿਆ, ਜਿਸ ਨੂੰ ਸਿਪਾਹੀ ਕਿਵੇਂ ਵੀ ਨਾ ਭਾਂਪ ਸਕਿਆ। ਸਿਪਾਹੀ ਦੇ ਤੁਰ ਜਾਣ ਪਿਛੋਂ ਵੀ ਉਹ ਆਰਾਮ ਨਾਲ ਬੈਠਾ ਰਿਹਾ। ਅਖ਼ਬਾਰ ਉਸ ਨੂੰ ਪੜ੍ਹਨਾ ਨਹੀਂ ਸੀ ਆਉਂਦਾ । ਉਸ ਪਾੜ੍ਹਿਆਂ ਵਾਲੀ ਪੋਚਵੀਂ ਪੱਗ ਬੰਨ੍ਹੀ ਹੋਈ ਸੀ । ਉਹ ਪਲ ਚਟ ਪਿਛੋਂ ਭਵਾਂ ਸਕੋੜ ਕੇ ਅਖ਼ਬਾਰ ਦੀਆਂ ਛੋਟੀਆਂ ਸੁਰਖੀਆਂ ਨੂੰ ਪੂਰੇ ਗਹੁ ਨਾਲ ਵੇਖ ਲੈਂਦਾ । ਦੁਕਾਨ ਵਾਲੇ ਨੂੰ ਚਾਹ ਦੇ ਪੈਸੇ ਦੇ ਕੇ ਬਸ ਚੜ੍ਹਨ ਵਾਲੀਆਂ ਸਵਾਰੀਆਂ ਵਿਚ ਉਹ ਦੋ ਕੁ ਮਿੰਟ ਆਪਣੀ ਹੋਂਦ ਖੁੰਝਾਂਦਾ ਰਿਹਾ । ਫਿਰ ਆਪਣੇ ਟਿਕਾਣੇ ਪਹੁੰਚ ਕੇ ਉਸ ਮਿਹਰ ਸਿੰਘ ਨੂੰ ਸਾਰੀ ਰੀਪੋਰਟ ਦੇ ਦਿੱਤੀ ਕਿ ਸ਼ਾਮ ਤੋਂ ਪਹਿਲਾਂ ਸਵਰਨੇ ਨੇ ਵਾਪਸ ਨਹੀਂ ਆਉਣਾ ।
ਰਾਹ ਰੋਕਣ ਜਾਂ ਮੋਰਚਾ ਮੱਲ ਕੇ ਬੈਠਣ ਦੀ ਉਨ੍ਹਾਂ ਨੂੰ ਕੋਈ ਸਬੀਲ ਨਹੀਂ ਸੁੱਝਦੀ ਸੀ । ਅੱਡੇ ਉਤੇ ਭਾਂਤ ਭਾਂਤ ਦੀਆਂ ਪੱਚੀ ਤੀਹ ਦੁਕਾਨਾਂ ਸਨ । ਬਾਜ਼ਾਰ ਵਿਚ ਗਾਹਕਾਂ ਅਤੇ ਆਉਣ ਜਾਣ ਵਾਲਿਆਂ ਦੀ ਹਮੇਸ਼ਾ ਭਰਪੂਰ ਰੌਣਕ ਰਹਿੰਦੀ ਸੀ । ਇਤਿਹਾਸਕ ਗੁਰਦਵਾਰਾ, ਬੈਂਕ, ਦੇਸੀ ਸ਼ਰਾਬ ਦਾ ਠੇਕਾ, ਐਨ ਬਾਜ਼ਾਰ ਦੇ ਵਿਚਕਾਰ ਪੈਂਦੇ ਸਨ । ਬਾਜ਼ਾਰ ਅਤੇ ਬਾਣੇ ਦੇ ਵਿਚਕਾਰ ਬਲਾਕ ਸੰਮਤੀ ਦਾ ਦਫ਼ਤਰ ਸੀ । ਵਿੱਥ ਬਹੁਤੀ ਤੋਂ ਬਹੁਤੀ ਸੌ ਕਰਮ ਦੀ ਹੋਵੇਗੀ । ਸੁੱਚੇ ਸਮੇਤ ਉਹ ਦਸ ਜਣੇ ਸਨ । ਵੱਖ-ਵੱਖ ਗਰੁੱਪਾਂ ਵਿਚ ਉਨ੍ਹਾਂ ਏਧਰ ਓਧਰ ਸਮਾਂ ਲੰਘਾ ਛਡਿਆ । ਅਧਿਆਂ ਰੋਟੀ ਢਾਬਿਆਂ ਤੋਂ ਖਾ ਲਈ ਅਤੇ ਬਾਕੀਆਂ ਅੱਗੇ ਪਿਛੇ ਹੋ ਕੇ ਗੁਰਦਵਾਰਿਓਂ । ਉਨ੍ਹਾਂ ਆਪਣੀ ਵਲੋਂ ਪੂਰੀ ਵਾਹ ਲਾਈ, ਢਾਣੀ ਦੇ ਤੌਰ ਤੇ ਉਨ੍ਹਾਂ ਨੂੰ ਕੋਈ ਤਾੜ ਨਾ ਲਵੇ । ਦੁਪਹਿਰ ਲੰਘ ਗਈ ਅਤੇ ਸ਼ਾਮ ਪੈ ਗਈ ; ਪਰ ਥਾਣੇਦਾਰ ਵਾਪਸ ਨਾ ਆਇਆ। ਨਾਜਾਇਜ਼ ਹਥਿਆਰਾਂ ਕਾਰਨ ਉਨ੍ਹਾਂ ਨੂੰ ਅੱਚਵੀਂ ਲੱਗੀ ਹੋਈ ਸੀ : ਕਿਹੜਾ ਵੇਲਾ ਹੋਵੇ, ਜਦੋਂ ਕਾਰਾ ਕਰਕੇ ਪੱਤੇ ਵਾਹ ਜਾਈਏ । ਦਿਨ ਛਿਪ ਜਾਣ ਪਿਛੋਂ ਉਨ੍ਹਾਂ ਸਵਰਨ ਸਿੰਘ ਦੇ ਕੁਆਰਟਰ ਨੂੰ ਆਪਣਾ ਮੁੱਖ ਨਿਸ਼ਾਨਾ ਮਿਥ ਲਿਆ । ਹੋਰ ਕੋਈ ਜਗਾ ਲੁਕਣ ਲਈ ਥੋੜਾ ਬਹੁਤਾ ਅੜਤਲਾ ਵੀ ਨਹੀਂ ਦੇਂਦੀ ਸੀ ।
ਥਾਣੇਦਾਰ ਸਵਰਨ ਸਿੰਘ ਨੂੰ ਸ਼ਹਾਦਤ ਦੇਣ ਪਿਛੋਂ ਉਸ ਦੇ ਦੋਸਤਾਂ ਘੇਰ ਲਿਆ। ਉਹ ਉਸ ਨੂੰ ਜੀਪ ਵਿਚ ਬਹਾ ਕੇ ਮੱਲਮੱਲੀ ਦਰਿਆ ਉਤੇ ਮੁਰਗਾਬੀਆਂ ਦੇ ਸ਼ਿਕਾਰ ਨੂੰ ਲੈ ਗਏ ।