

"ਕਾਹਦੀ ਮੀਟਿੰਗ ।"
"ਡੀ. ਸੀ. ਸਾਹਬ ਦੀ ਮਾਹਵਾਰੀ ।''
"ਕਦੋਂ ਆਉਣਗੇ ?" ਕਾਮਰੇਡ ਡੂੰਮਣੇ ਮਖੀਰ ਵਾਂਗ ਗਲ ਪੈ ਜਾਣਾ ਚਾਹੁੰਦਾ ਸੀ। ਉਹਦੇ ਅੰਦਰ ਕਲ ਦੀ ਦਿਹਾੜੀ ਮਾਵੇ ਜਾਣ ਦਾ ਗੁੱਸਾ ਰਿਝ ਰਿਹਾ ਸੀ।
"ਬਾਬਾ, ਸਾਹਬ ਮਾਲਕ ਹੈ, ਨੰਕਰ ਤਾਂ ਅਸੀਂ ਆਂ । ਉਹ ਨਾ ਆਵੇ ਤਾਂ ਨਾ ਈ ਆਵੇ । ਉਸ ਨੂੰ ਕਿਸੇ ਪੁੱਛਣਾ ਥੋੜੇ ਈ ਏ।" ਕਲਰਕ ਆਪਣੀ ਥਾਂ ਕੰਮ ਤੋਂ ਅੱਕਿਆ ਪਿਆ ਸੀ ।
ਉਡੀਕ ਕਰਦੇ ਲੋਕ ਔਖੇ ਤਾਂ ਸਾਰੇ ਹੀ ਸਨ : ਪਰ ਘਿਉ, ਖੰਡ ਆਦਿ ਵਧ ਲੈਣ ਦੇ ਲਾਲਚ ਕਾਰਨ ਪੁੱਛ-ਦੱਸ ਤੋਂ ਝਿਜਕਦੇ ਸਨ । ਹੀਰਾ ਸਿੰਘ ਨੇ ਚਿੱਤ ਔਖਿਆਈ, ਪਰ ਬਾਹਰੋਂ ਜ਼ਬਤ ਨਾਲ ਆਖਿਆ:
''ਲੋਕ ਨਿੱਤ ਹੀ ਆ ਕੇ ਮੁੜ ਜਾਂਦੇ ਐ ? ਇਉਂ ਕੰਮ ਕਿਵੇਂ ਚਲਣਾ ਏ ?" –
"ਬਾਬਾ ਮੇਰਾ ਸਿਰ ਲੋਹੇ ਦਾ ਨਹੀਂ । ਔਹ ਬੈਂਚ ਪਈ ਐ ਵਰਾਂਡੇ ਵਿਚ, ਆਰਾਮ ਨਾਲ ਬਹਿ ਜਾ, ਜਾ ਕੇ ।"
"ਕਲ ਦੀ ਸਾਰੀ ਦਿਹਾੜੀ ਓਸੇ ਬੈਂਚ ਉਤੇ ਬੈਠਾ ਤੈਨੂੰ ਰੋਂਦਾ ਰਿਹਾ ਆਂ ।"
"ਰੋ ਬੁੜ੍ਹਿਆ ਜਣਦਿਆਂ ਨੂੰ, ਸਰਕਾਰ ਨੂੰ ਜਾਂ ਸਰਕਾਰ ਬਣਾਉਣ ਵਾਲਿਆਂ ਨੂੰ । ਮੈਨੂੰ ਹੋ ਕੇ ਤਾਂ ਤੇਰੇ ਪੱਲੇ ਖੰਡ ਦੀ ਥਾਂ ਸੁਆਹ ਵੀ ਨਹੀਂ ਪੈਣੀ ।"
ਹੀਰਾ ਸਿੰਘ ਦੇ ਮਨ ਇਕ ਚੜ੍ਹਦੀ ਤੇ ਇਕ ਉਤਰਦੀ ਸੀ ; ਇਹ ਕਾਹਦਾ ਰਾਜ ਐ. ਫਰਿਆਦੀ ਆਵੇ. ਅਗੋਂ ਖ਼ਾਲੀ ਕੁਰਸੀ ਹੀ ਵੱਢ ਵੱਢ ਖਾਵੇ । ਫਿਰ ਉਸ ਨੂੰ ਕਮਿਊਨਿਸਟ ਪਾਰਟੀ ਉਤੇ ਗੁੱਸਾ ਛਾਲਾਂ ਮਾਰ ਕੇ ਚੜ ਆਇਆ। ਲੋਕ ਦੁਸ਼ਮਣ ਸਰਕਾਰ ਤੇ ਸਮਾਜ ਦੁਸ਼ਮਣ ਕਾਂਗਰਸ ਨਾਲ ਭਿਆਲੀ, ਲੱਖ ਲਾਹਨਤ ! ਉਸ ਇਕ ਪਲ ਨਰਮ ਪੈ ਕੇ ਮੁੜ ਪੁੱਛਿਆ :
"ਮੈਨੂੰ ਖੰਡ ਦਾ ਪਰਮਿਟ ਕਿਵੇਂ ਮਿਲ ਸਕਦਾ ਹੈ ? ਸਾਹਬ ਦੀ ਗ਼ੈਰ ਹਾਜ਼ਰੀ ਵਿਚ ਸਾਰਾ ਕੰਮ ਠੱਪ ਈ ਰਹਿੰਦਾ ਏ ?''
"ਬਾਬਾ ਕਿਉਂ ਬੁੱਢੀ ਜੋਕ ਵਾਂਗ ਚੰਬੜਿਆਂ ਏਂ । ਜੇ ਮੈਂ ਪਰਮਿਟ ਦੇ ਸਕਦਾ ਹੁੰਦਾ ਕਲ੍ਹ ਹੀ ਦੇ ਦਿੰਦਾ ।" ਕਲਰਕ ਨੇ ਮੱਥੇ ਵਿਚ ਹੱਥ ਮਾਰਦਿਆਂ ਮਨ ਵਿਚ ਆਖਿਆ, ਇਨ੍ਹਾਂ ਲੋਕਾਂ ਨੂੰ ਜੀਣਾ ਆਵੇ ਨਾ ਮਰਨਾ । ਸਾਰੀ ਉਮਰ ਈ ਖ਼ੁਆਰ ਹੋਈ ਜਾਣਗੇ ।
ਕਾਮਰੇਡ ਪਿਛਾਂਹ ਹਟ ਗਿਆ। ਉਸ ਨੂੰ ਯਕੀਨ ਆ ਗਿਆ, ਕਲਰਕ ਦੇ ਵੱਸ ਕੁਝ ਨਹੀਂ । ਉਹ ਮਨ ਦੇ ਉਤਰਾਵਾਂ ਚੜਾਵਾਂ ਵਿਚ ਕਰਿੱਬਦਾ ਰਿਹਾ। ਉਸ ਦੂਜੇ ਲੋਕਾਂ ਵਾਂਗ ਵਰਾਂਡੇ ਵਿਚ ਉਕਾਸੀਆਂ ਲੈਂਦਿਆਂ, ਚਾਹਾਂ ਪੀਂਦਿਆਂ ਤੇ ਅਫ਼ਸਰ ਨੂੰ ਉਡੀਕਦਿਆਂ ਸ਼ਾਮ ਪਾ ਦਿਤੀ । ਜਦੋਂ ਕਲਰਕਾਂ ਸਾਈਕਲਾਂ ਉਤੇ ਲੱਤਾਂ ਦੇ ਲਈਆਂ, ਹੀਰਾ ਸਿੰਘ ਵੀ ਮੋਢੇ ਦਾ ਦੁਪੱਟਾ ਝਾੜ ਕੇ ਉਠ ਖਲੋਤਾ ਅਤੇ ਘਰ ਤੱਕ ਸਿਵਲ ਅਫਸਰ, ਸਰਕਾਰ, ਕਾਂਗਰਸ ਤੇ ਆਪਣੀ ਪਾਰਟੀ ਨੂੰ ਗਾਲ੍ਹਾਂ ਦੇਂਦਾ ਆਇਆ। -
ਤੀਜੇ ਦਿਨ, ਉਸ ਦਫ਼ਤਰ ਦਾ ਬੂਹਾ ਫਿਰ ਆ ਠਕੋਰਿਆ। ਖਾਲੀ ਕੁਰਸੀ ਨੇ ਅਜ ਵੀ ਉਹਦਾ ਮੱਥਾ ਵੱਟ ਵੱਟ ਕਰ ਦਿੱਤਾ । ਪਰ ਸਾਰਾ ਗੁੱਸਾ ਅੰਦਰ ਦੱਬ ਕੇ ਉਹ ਬੈਂਚ ਤੇ ਬਹਿ ਗਿਆ। ਅਜ ਉਹ ਕਲ੍ਹ ਨਾਲੋਂ ਥੋੜਾ ਸਵਖਤੇ ਆ ਗਿਆ ਸੀ । ਉਸ ਨੂੰ ਚਾਹ ਇਕ ਵਾਰ ਹੀ ਪੀਣੀ ਪਈ, ਜਦੋਂ ਅਫ਼ਸਰ ਇਕ ਘੰਟਾ ਲੇਟ ਆ ਗਿਆ। ਹੀਰਾ ਸਿੰਘ ਇਕ ਤਰ੍ਹਾਂ ਧੱਕਾ ਦੇ ਕੇ ਅਗੇ ਜਾ ਹੋਇਆ ਅਤੇ ਦਰਖ਼ਾਸਤ ਮੇਜ਼ ਉਤੇ ਰਖਦਿਆਂ ਬੋਲਿਆ :