ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਲਹਿਰ ਹੁਲਾਰੇ
ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ ਤੇ
ਮਟਕ ਹੁਲਾਰੇ ਵਿਚੋਂ ਚੋਣਵੀਆਂ ਕਵਿਤਾਵਾਂ
ਭਾਈ ਸਾਹਿਬ ਭਾਈ ਵੀਰ ਸਿੰਘ
ਅਣਡਿਠਾ ਰਸਦਾਤਾ
ਬੁੱਲ੍ਹਾਂ ਅਧਖੁੱਲ੍ਹਿਆਂ ਨੂੰ, ਹਾਇ
ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ,
ਕੌਣ ਕੁਛ ਲਾ ਗਿਆ?
ਸ੍ਵਾਦ ਨੀ ਅਗੰਮੀ ਆਯਾ
ਰਸ ਝਰਨਾਟ ਛਿੜੀ,
ਲੂੰ ਲੂੰ ਲਹਿਰ ਉਠਿਆ
ਤੇ ਕਾਂਬਾ ਮਿੱਠਾ ਆ ਗਿਆ।
ਹੋਈ ਹਾਂ ਸੁਆਦ ਸਾਰੀ,
ਆਪੇ ਤੋਂ ਮੈਂ ਆਪ ਵਾਰੀ
ਰਸ-ਭਰੀ ਵਾਰੀ,- ਹੋਈ
ਸ੍ਵਾਦ ਸਾਰੇ ਧਾ ਗਿਆ।
ਹਾਇ, ਦਾਤਾ ਦਿੱਸਿਆ ਨਾ
ਸ੍ਵਾਦ ਜਿਨ੍ਹੇ ਦਿੱਤਾ ਐਸਾ,
ਦੇਂਦਾ ਰਸਦਾਨ ਦਾਤਾ
ਆਪਾ ਕਿਉਂ ਲੁਕਾ ਗਿਆ? ੧.
ਸਮਾਂ
ਰਹੀ ਵਾਸਤੇ ਘੱਤ
'ਸਮੇਂ' ਨੇ ਇਕ ਨ ਮੰਨੀ,
ਫੜ ਫੜ ਰਹੀ ਧਰੀਕ
'ਸਮੇਂ' ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ
ਅਟਕ ਜੋ ਪਾਈ ਭੰਨੀ,
ਤਿੱਖੇ ਅਪਣੇ ਵੇਗ
ਗਿਆ ਟਪ ਬੰਨੇ ਬੰਨੀ,
ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ
ਲੰਘ ਗਿਆ ਨ ਮੁੜਕੇ ਆਂਵਦਾ। २.