ਉਸ ਮੁੱਠੀ ਵਿਚ ਸਾਰੇ।
ਸੁਹਣੀ ਨੇ ਅਸਮਾਨ ਖੜੋਕੇ
ਧਰਤੀ ਵੱਲ ਤਕਾ ਕੇ,
ਇਹ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਝ ਹੇਠ ਤਕਾ ਕੇ।
ਜਿਸ ਥਾਵੇਂ ਧਰਤੀ ਤੇ ਆਕੇ
ਇਹ ਮੁਠ ਡਿੱਗੀ ਸਾਰੀ-
ਓਸ ਥਾਉਂ 'ਕਸ਼ਮੀਰ ਬਣ ਗਿਆ
ਟੁਕੜੀ ਜਗ ਤੋਂ ਨ੍ਯਾਰੀ।
ਹੈ ਧਰਤੀ ਪਰ 'ਛੁਹ ਅਸਮਾਨੀ'
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸ੍ਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਕਸਕੇ। ੬.
ਇੱਛਾਬਲ ਦੇ ਚਨਾਰ ਤੇ ਨੂਰਜਹਾਂ
ਕਿਸੇ ਸੁੰਦਰੀ ਦੇ ਹਥ ਲਾਉਣ ਤੇ -
ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਨੂੰ ਲਾਏ,
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪ੍ਯਾਰ ਸੁਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨੂਰ ਜਹਾਂ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ। ੭.
ਕਸ਼ਮੀਰ ਤੇ ਸੁੰਦਰਤਾ
ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖ਼ਾਕ ਲੀਰਾਂ ਪਾਟੀਆਂ,
ਜਿੰਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਇ ਨਿਮਾਨੜਾ। ੮.
ਫੁੱਲਰ *
ਫੁੱਲਰ ਤੇਰਾ ਖੁਲ੍ਹਾ ਨਜ਼ਾਰਾ
ਵੇਖ ਵੇਖ ਦਿਲ ਠਰਿਆ,
ਖੁੱਲ੍ਹਾ, ਵੱਡਾ, ਸੁਹਣਾ, ਸੁੱਚਾ,
ਤਾਜਾ, ਹਰਿਆ ਭਰਿਆ
ਸੁੰਦਰਤਾ ਤਰ ਰਹੀ ਤੈਂ ਉਤੇ
ਖੁਲ੍ਹ ਉਡਾਰੀਆਂ ਲੈਂਦੀ
ਨਿਰਜਨ ਫਥਨ ਕੁਆਰੀ ਰੰਗਤ
ਰਸ ਅਨੰਤ ਦਾ ਵਰਿਆ। ੯.
ਬੀਜ ਬਿਹਾੜੇ ਦੇ ਬੁੱਢੇ ਚਨਾਰ ਨੂੰ - -
ਸਦੀਆਂ ਦੇ ਹੋ ਬੁੱਢੇ ਬਾਬੇ!
ਕਿਤਨੇ ਗੋਦ ਖਿਡਾਏ ?
ਕਿਤਨੇ ਆਏ ਛਾਵੇਂ ਬੈਠੇ?
ਕਿਤਨੇ ਪੂਰ ਲੰਘਾਏ? ৭০.
–––––––––––––––
* ਸਭ ਤੋਂ ਵੱਡੀ ਝੀਲ, ਜਿਸ ਵਿਚ ਜਿਹਲਮ ਇਕ ਪਾਸਿਓਂ ਪੈਂਦਾ ਤੇ ਦੂਜਿਓਂ ਨਿਕਲਦਾ ਹੈ।
ਵੈਰੀ ਨਾਗ ਦਾ ਪਹਿਲਾ ਝਲਕਾ
ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅਖੀਆਂ ਵਿਚ ਵਜਦਾ,
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ।
ਨਾ ਕੁਈ ਨਾਦ ਸਰੋਦ ਸੁਣੀਵੇ
ਫਿਰ ਸੰਗੀਤ-ਰਸ ਛਾਇਆ,
ਚੁੱਪ ਚਾਨ ਪਰ ਰੂਪ ਤਿਰੇ ਵਿਚ
ਕਵਿਤਾ ਰੰ ਗ ਜਮਾਇਆ,
ਸਰਦ ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ,
ਗਹਿਰ ਗੰਭੀਰ ਅਡੋਲ ਸੁਹਾਵੇ!
ਤੈਂ ਕਿਹਾ ਜੋਗ ਕਮਾਇਆ ? ৭৭.
ਕੋਈ ਹਰਿਆ ਬੂਟ ਰਹਿਓ ਰੀ
ਮੀਂਹ ਪੈ ਹਟਿਆਂ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ ਪਰ ਨਾ ਡਿੱਗੇ
ਪੁਛਿਆਂ ਰੋਇ ਸੁਣੰਦਾ;
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
"ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ।" १२.
ਮਹਿੰਦੀ
ਸੱਜਣ ਦੇ ਹੱਥ ਲਗੀ ਹੋਈ - -
ਆਪੇ ਨੀ ਅਜ ਰਾਤ ਸਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾ ਲਈ
ਵੇਖ ਵੇਖ ਖੁਸ਼ ਹੋਵੇ:
ਕਿਉਂ ਸਹੀਓ! ਕੋਈ ਸ੍ਵਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆ? ੧੩.
ਭੁੱਲ ਚੁਕੀ ਸਭ੍ਯਤਾ
ਪੰਡਤਾਣੀ ਕਸ਼ਮੀਰ
'ਸਤਿਕਾਰ-ਲਵੇ' ਦਿਸ ਆਂਵਦੀ,
ਇੱਜ਼ਤਦਾਰ ਅਮੀਰ
ਪਹਿਰਾਵਾ ਉਸ ਸੋਹਿਣਾ
ਵਰੀ ਹਯਾ ਦੇ ਨਾਲ
ਸੁੰਦਰਤਾ ਉਸ ਫਬ ਰਹੀ,
ਫਿਰਦੀ ਖੁੱਲੇ ਹਾਲ-
ਸੰਗ ਨਹੀਂ ਫਿਰ ਲਾਜ ਹੈ।
ਤੁਰ ਫਿਰ ਰਹੀ ਤਸਵੀਰ
ਕਿਸੇ ਪੁਰਾਣੇ ਸਮੇਂ ਦੀ;
ਜਦ ਹੋਸੀ ਕਸ਼ਮੀਰ
ਸਭ੍ਯ, ਪ੍ਰਾਬੀਨ, ਸੁਤੰਤਰਾ। १४.