ਮੇਰੀ ਜਿੰਦੇ!
ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ
ਤੇ ਗਾਂਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਚੇ ਹੀ ਜੋਗਾ
ਤੂੰ ਆਪੇ ਆਪੇ ਨਾਲ ਖੇਲੇਂ,
ਤੂੰ ਕਿਵੇਂ ਰੋਲਿਆਂ ਵਿਚ ਆ ਖਲੋਤੀ
ਤੇਰੇ ਚਾਰ ਚੁਫੇਰੇ ਝਮੇਲੇ। ੨੭.
ਨਾ ਹੋਇ ਉਹਲੇ
ਲੱਗੇ ਪ੍ਯਾਰ ਤਾਂ ਪ੍ਯਾਰੜਾ ਪਾਸ ਵੱਸੇ,
ਕਦੇ ਅੱਖੀਆਂ ਤੋਂ ਨਾ ਹੋਇ ਉਹਲੇ,
ਕਦੇ ਅੱਖੀਆਂ ਤੋਂ ਜੇ ਹੋਇ ਉਹਲੇ
ਸੂਰਤ ਓਸਦੀ ਦਿਲੋਂ ਨਾ ਹੋਇ ਉਹਲੇ,
ਸੂਰਤ ਓਸਦੀ ਦਿਲੋਂ ਜੇ ਹੋਇ ਉਹਲੇ
ਨਾਮ ਜੀਭ ਤੋਂ ਕਦੇ ਨ ਹੋਇ ਉਹਲੇ,
ਨਾਮ ਜੀਭ ਤੋਂ ਕਦੇ ਜਿ ਹੋਇ ਉਹਲੇ
ਸੁਰਤ ਦੇਹ ਤੋਂ, ਸ਼ਾਲਾ! ਤਦ ਹੋਇ ਉਹਲੇ। ੨੮.