ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਲਹਿਰ ਹੁਲਾਰੇ
ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ ਤੇ
ਮਟਕ ਹੁਲਾਰੇ ਵਿਚੋਂ ਚੋਣਵੀਆਂ ਕਵਿਤਾਵਾਂ
ਭਾਈ ਸਾਹਿਬ ਭਾਈ ਵੀਰ ਸਿੰਘ
ਅਣਡਿਠਾ ਰਸਦਾਤਾ
ਬੁੱਲ੍ਹਾਂ ਅਧਖੁੱਲ੍ਹਿਆਂ ਨੂੰ, ਹਾਇ
ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ,
ਕੌਣ ਕੁਛ ਲਾ ਗਿਆ?
ਸ੍ਵਾਦ ਨੀ ਅਗੰਮੀ ਆਯਾ
ਰਸ ਝਰਨਾਟ ਛਿੜੀ,
ਲੂੰ ਲੂੰ ਲਹਿਰ ਉਠਿਆ
ਤੇ ਕਾਂਬਾ ਮਿੱਠਾ ਆ ਗਿਆ।
ਹੋਈ ਹਾਂ ਸੁਆਦ ਸਾਰੀ,
ਆਪੇ ਤੋਂ ਮੈਂ ਆਪ ਵਾਰੀ
ਰਸ-ਭਰੀ ਵਾਰੀ,- ਹੋਈ
ਸ੍ਵਾਦ ਸਾਰੇ ਧਾ ਗਿਆ।
ਹਾਇ, ਦਾਤਾ ਦਿੱਸਿਆ ਨਾ
ਸ੍ਵਾਦ ਜਿਨ੍ਹੇ ਦਿੱਤਾ ਐਸਾ,
ਦੇਂਦਾ ਰਸਦਾਨ ਦਾਤਾ
ਆਪਾ ਕਿਉਂ ਲੁਕਾ ਗਿਆ? ੧.
ਸਮਾਂ
ਰਹੀ ਵਾਸਤੇ ਘੱਤ
'ਸਮੇਂ' ਨੇ ਇਕ ਨ ਮੰਨੀ,
ਫੜ ਫੜ ਰਹੀ ਧਰੀਕ
'ਸਮੇਂ' ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ
ਅਟਕ ਜੋ ਪਾਈ ਭੰਨੀ,
ਤਿੱਖੇ ਅਪਣੇ ਵੇਗ
ਗਿਆ ਟਪ ਬੰਨੇ ਬੰਨੀ,
ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ
ਲੰਘ ਗਿਆ ਨ ਮੁੜਕੇ ਆਂਵਦਾ। २.
ਤ੍ਰੇਲ ਤੁਪਕਾ
ਮੋਤੀ ਵਾਂਙੂ ਡਲ੍ਹਕਦਾ
ਤੁਪਕਾ ਇਹ ਜੋ ਤੇਲ,
ਗੋਦੀ ਬੈਠ ਗੁਲਾਬ ਦੀ
ਹਸ ਹਸ ਕਰਦਾ ਕੇਲ,
ਵਾਸੀ ਦੇਸ਼ ਅਰੂਪ ਦਾ
ਕਰਦਾ ਪ੍ਯਾਰ ਅਪਾਰ,
ਰੂਪਵਾਨ ਹੈ ਹੋ ਗਿਆ
ਪ੍ਯਾਰੀ ਗੋਦ ਵਿਚਾਲ,
ਅਰਸ਼ੀ ਕਿਰਨ ਇਕ ਆਵਸੀ
ਲੈਸੀ ਏਸ ਲੁਕਾਇ,
ਝੋਕਾ ਮਤ ਕੁਈ ਪੌਣ ਦਾ
ਦੇਵੇ ਧਰਤ ਗਿਰਾਇ।
ਨਿੱਤ ਪ੍ਯਾਰ ਖਿਚ ਲ੍ਯਾਂਵਦਾ
ਕਰੇ ਅਰੂਪੋਂ ਰੂਪ,
ਅਰਸ਼ੀ ਪ੍ਰੀਤਮ ਹੈ ਕੁਈ
ਨਿਤ ਫਿਰ ਕਰੇ ਅਰੂਪ। ३.
ਵਲਵਲਾ
ਜਿਨ੍ਹਾਂ ਉਚਿਆਈਆਂ ਉਤੋਂ
ਬੁੱਧੀ ਖੰਭ ਸਾੜ ਢੱਠੀ
ਮੱਲੋ ਮੱਲੀ ਓਥੇ ਦਿਲ
ਮਾਰਦਾ ਉਡਾਰੀਆਂ,
ਪ੍ਯਾਲੇ ਅਣਡਿੱਠੇ ਨਾਲ
ਬੁੱਲ੍ਹ ਲਗ ਜਾਣ ਓਥੇ
ਰਸ ਤੇ ਸਰੂਰ ਚੜ੍ਹੇ
ਝੂਮਾਂ ਆਉਣ ਪ੍ਯਾਰੀਆਂ,
'ਗ੍ਯਾਨੀ' ਸਾਨੂੰ ਹੋੜਦਾ ਤੇ
'ਵਹਿਮੀ ਢੋਲਾ' ਆਖਦਾ ਏ :-
'ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ।'
"ਬੈਠ ਵੇ ਗਿਆਨੀ! ਬੁੱਧੀ-
ਮੰਡਲੇ ਦੀ ਕੈਦ ਵਿਚ
'ਵਲਵਲੇ ਦੇ ਦੇਸ਼' ਸਾਡੀਆਂ
ਲੱਗ ਗਈਆਂ ਯਾਰੀਆਂ।” ੪.