ਵਲਵਲਾ
ਜਿਨ੍ਹਾਂ ਉਚਿਆਈਆਂ ਉਤੋਂ
ਬੁੱਧੀ ਖੰਭ ਸਾੜ ਢੱਠੀ
ਮੱਲੋ ਮੱਲੀ ਓਥੇ ਦਿਲ
ਮਾਰਦਾ ਉਡਾਰੀਆਂ,
ਪ੍ਯਾਲੇ ਅਣਡਿੱਠੇ ਨਾਲ
ਬੁੱਲ੍ਹ ਲਗ ਜਾਣ ਓਥੇ
ਰਸ ਤੇ ਸਰੂਰ ਚੜ੍ਹੇ
ਝੂਮਾਂ ਆਉਣ ਪ੍ਯਾਰੀਆਂ,
'ਗ੍ਯਾਨੀ' ਸਾਨੂੰ ਹੋੜਦਾ ਤੇ
'ਵਹਿਮੀ ਢੋਲਾ' ਆਖਦਾ ਏ :-
'ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ।'
"ਬੈਠ ਵੇ ਗਿਆਨੀ! ਬੁੱਧੀ-
ਮੰਡਲੇ ਦੀ ਕੈਦ ਵਿਚ
'ਵਲਵਲੇ ਦੇ ਦੇਸ਼' ਸਾਡੀਆਂ
ਲੱਗ ਗਈਆਂ ਯਾਰੀਆਂ।” ੪.
ਚੜ੍ਹ ਚੱਕ ਤੇ ਚੱਕ ਘੁਮਾਨੀਆਂ
ਚੜ੍ਹ ਚੱਕ ਤੇ ਚੱਕ ਘੁਮਾਨੀਆਂ,
ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ,
ਮੈਂ ਤਾਂ ਬਦਲਾਂ ਨੂੰ ਫ਼ਰਸ਼ ਬਨਾਨੀਆਂ,
ਉਤੇ ਨਾਚ ਰੰਗੀਲੜੇ ਪਾਨੀਆਂ,
ਬਾਜੀ ਬਿਜਲੀ ਦੇ ਨਾਲ ਲਗਾਨੀਆਂ,
ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ,
ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ,
ਚੰਦ ਮੱਥੇ ਤੇ ਚਾ ਲਟਕਾਨੀਆਂ,
ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ,
ਮੀਂਹ ਕਿਰਨਾਂ ਦਾ ਪਈ ਵਸਾਨੀਆਂ,
'ਜਿੰਦ-ਕਣੀਆਂ' ਦੀ ਲੁੱਟ ਲੁਟਾਨੀਆਂ,
'ਅਰਸ਼ੀ-ਪੀਂਘ' ਕਮਾਨ ਬਨਾਨੀਆਂ,
ਰੰਗ ਰੂਪ ਦੇ ਤੀਰ ਵਸਾਨੀਆਂ,
ਨੂਰ ਅੱਖੀਆਂ ਵਿੱਚ ਸਮਾਨੀਆਂ,
ਨੂਰੋ ਨੂਰ ਹੁਵੰਦੜੀ ਜਾਨੀਆਂ,
ਨੂਰ ਨੂਰੀਆਂ ਨੂੰ ਪਈ ਲਾਨੀਆਂ। ੫.
ਟੁਕੜੀ ਜਗ ਤੋਂ ਯਾਰੀ
ਅਰਸ਼ਾਂ ਦੇ ਵਿਚ 'ਕੁਦਰਤ ਦੇਵੀ'
ਸਾਨੂੰ ਨਜ਼ਰੀਂ ਆਈ,
‘ਹੁਸਨ-ਮੰਡਲ’ ਵਿਚ ਖੜੀ ਖੇਡਦੀ
ਖ਼ੁਸ਼ੀਆਂ ਛਹਿਬਰ ਲਾਈ।
ਦੌੜੀ ਨੇ ਇਕ ਮੁਠ ਭਰ ਲੀਤੀ
ਇਸ ਵਿਚ ਕੀ ਕੀ ਆਇਆ:-
ਪਰਬਤ, ਟਿੱਬੇ ਅਤੇ ਕਰੇਵੇ*
ਵਿਚ ਮੈਦਾਨ ਸੁਹਾਇਆ।
ਚਸ਼ਮੇ, ਨਾਲੇ, ਨਦੀਆਂ, ਝੀਲਾਂ
ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਵਾਂ, ਮਿੱਠੀਆਂ ਹ੍ਵਾਵਾਂ,
ਬਨ ਬਾਗਾਂ ਜਿਹੇ ਸੁੰਦਰ,
ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪ੍ਯਾਰੇ,
ਅਰਸ਼ੀ ਨਾਲ ਨਜ਼ਾਰੇ ਆਏ
–––––––––––––––––
੧. ਕਸ਼ਮੀਰ ਵਿਚ ਉਚੇਰੇ ਟਿੱਬਿਆਂ ਦੀਆਂ ਪੱਧਰਾਂ ਨੂੰ ਕਰੇਵਾ ਆਖਦੇ ਹਨ।
ਉਸ ਮੁੱਠੀ ਵਿਚ ਸਾਰੇ।
ਸੁਹਣੀ ਨੇ ਅਸਮਾਨ ਖੜੋਕੇ
ਧਰਤੀ ਵੱਲ ਤਕਾ ਕੇ,
ਇਹ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਝ ਹੇਠ ਤਕਾ ਕੇ।
ਜਿਸ ਥਾਵੇਂ ਧਰਤੀ ਤੇ ਆਕੇ
ਇਹ ਮੁਠ ਡਿੱਗੀ ਸਾਰੀ-
ਓਸ ਥਾਉਂ 'ਕਸ਼ਮੀਰ ਬਣ ਗਿਆ
ਟੁਕੜੀ ਜਗ ਤੋਂ ਨ੍ਯਾਰੀ।
ਹੈ ਧਰਤੀ ਪਰ 'ਛੁਹ ਅਸਮਾਨੀ'
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸ੍ਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਕਸਕੇ। ੬.
ਇੱਛਾਬਲ ਦੇ ਚਨਾਰ ਤੇ ਨੂਰਜਹਾਂ
ਕਿਸੇ ਸੁੰਦਰੀ ਦੇ ਹਥ ਲਾਉਣ ਤੇ -
ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਨੂੰ ਲਾਏ,
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪ੍ਯਾਰ ਸੁਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨੂਰ ਜਹਾਂ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ। ੭.
ਕਸ਼ਮੀਰ ਤੇ ਸੁੰਦਰਤਾ
ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖ਼ਾਕ ਲੀਰਾਂ ਪਾਟੀਆਂ,
ਜਿੰਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਇ ਨਿਮਾਨੜਾ। ੮.