ਲੋਹ ਕਥਾ : ਅਵਤਾਰ ਸਿੰਘ ਪਾਸ਼
1. ਭਾਰਤ
ਭਾਰਤ-
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,
ਵਕਤ ਮਿਣਦੇ ਹਨ।
ਉਨ੍ਹਾਂ ਕੋਲ ਢਿੱਡ ਤੋਂ ਬਿਨਾਂ, ਕੋਈ ਸਮੱਸਿਆ ਨਹੀਂ।
ਤੇ ਉਹ ਭੁੱਖ ਲੱਗਣ ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਉਨ੍ਹਾਂ ਲਈ ਜ਼ਿੰਦਗੀ ਇਕ ਪ੍ਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ।
ਜਦ ਵੀ ਕੋਈ ਸਮੁੱਚੇ ਭਾਰਤ ਦੀ
ਕੌਮੀ ਏਕਤਾ ਦੀ ਗੱਲ ਕਰਦਾ ਹੈ-
ਤਾਂ ਮੇਰਾ ਚਿੱਤ ਕਰਦਾ ਹੈ
ਉਸ ਦੀ ਟੋਪੀ ਹਵਾ 'ਚ ਉਛਾਲ ਦਿਆਂ।
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ
ਸਗੋਂ ਖੇਤਾਂ ਵਿਚ ਦਾਇਰ ਹਨ।
ਜਿੱਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ…
2. ਬੇਦਾਵਾ
ਤੇਰੇ ਪੁਰਬਾਂ ਦੇ ਨਸ਼ੇ ਵਿਚ
ਉਹ ਤੈਨੂੰ ਬੇਦਾਵਾ ਲਿਖ ਗਏ ਹਨ।
ਮਾਛੀਵਾੜਾ
ਉਨ੍ਹਾਂ ਦੇ ਮੂੰਹਾਂ ਤੇ ਉੱਗ ਆਇਆ ਹੈ।
ਤੇ ਆਏ ਦਿਨ ਜੂੰਆਂ
ਉਥੇ ਜ਼ਫ਼ਰਨਾਮੇ ਲਿਖਦੀਆਂ ਹਨ।
ਉਹ ਨੌਂਆਂ ਮਹੀਨਿਆਂ ਵਿਚ,
ਦੋ ਸੌ ਸੱਤਰ ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ।
ਤੇ ਕੋਈ ਨਾਂ ਕੋਈ ਚਮਕੌਰ ਲੱਭ ਕੇ,
ਉਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਦਿਵਾ ਦਿੰਦੇ ਹਨ।
ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ,
ਲਾਲ ਕਿਲੇ ਦੇ ਸਿਖ਼ਰ
ਅਸ਼ੋਕ ਚੱਕਰ ਵਿਚ ਪ੍ਰਵੇਸ਼ ਕਰ ਲੀਤਾ ਹੈ
ਅਤੇ ਉਨ੍ਹਾਂ ਨੇ ਸਾਂਝੇ ਫਰੰਟ ਦੇ ਹਜ਼ੂਰ,
ਦਿੱਲੀ ਦੀ ਵਫ਼ਾਦਾਰੀ ਦੀ ਸਹੁੰ ਖਾਧੀ ਹੈ।
ਜੇ ਉਹ ਦੱਖਣ ਨੂੰ ਜਾਣ ਵੀ
ਤਾਂ ਸ਼ਿਵਾ ਜੀ ਨਹੀਂ,
ਸ਼ਿਵਾ ਜੀ ਗਣੇਸ਼ਨ ਨੂੰ ਸੰਗਠਿਤ ਕਰਨ ਜਾਂਦੇ ਹਨ।
ਕਟਾਰ ਉਨ੍ਹਾਂ ਦੀ ਵੱਖੀ ਵਿਚ,
ਸਫ਼ਰ ਦਾ ਭੱਤਾ ਬਣ ਚੁੱਭਦੀ ਹੈ।
ਉਨ੍ਹਾਂ ਮੁਲਕ ਭਰ ਦੀਆਂ 'ਚਿੜੀਆਂ' ਨੂੰ
ਇਸ਼ਤਿਹਾਰੀ ਮੁਲਜ਼ਮ ਕਰਾਰ ਦਿੱਤਾ ਹੈ।
ਪਰ ਗੁਰੂ ! ਉਹ ਸਿੰਘ ਕੌਣ ਹਨ ?
ਜਿਨ੍ਹਾਂ ਬੇਦਾਵਾ ਨਹੀਂ ਲਿਖਿਆ।
ਤੇ ਅੱਜ ਵੀ ਹਰ ਜੇਲ੍ਹ,
ਹਰ ਇਨਟੈਰੋਗੇਸ਼ਨ ਸੈਂਟਰ ਨੂੰ, ਸਰਹੰਦ ਦੀ ਕੰਧ,
ਤੇ ਅਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ।
ਉਹ ਹੜ੍ਹਿਆਈ ਸਰਸਾ ਵਿਚੋਂ ਟੁੱਭੀ ਮਾਰਕੇ,
ਤੇਰੇ ਗ੍ਰੰਥ ਕੱਢਣ ਗਏ ਹਨ।
ਹੇ ਗੁਰੂ ! ਉਹ ਸਿੰਘ ਕੌਣ ਹਨ ?
ਜਿਨ੍ਹਾਂ, ਬੇਦਾਵਾ ਨਹੀਂ ਲਿਖਿਆ
3. ਲੋਹਾ
ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।
ਲੋਹਾ ਜਦ ਪਿੱਘਲਦਾ ਹੈ,
ਤਾਂ ਭਾਫ ਨਹੀਂ ਨਿਕਲਦੀ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ 'ਚੋਂ
ਭਾਫ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ।
ਪਿਘਲੇ ਹੋਏ ਲੋਹੇ ਨੂੰ,
ਕਿਸੇ ਵੀ ਆਕਾਰ ਵਿਚ,
ਢਾਲਿਆ ਜਾ ਸਕਦਾ ਹੈ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢੱਲੀ ਪਈ ਹੁੰਦੀ ਹੈ,
ਇਹ ਮੇਰੀ ਬੰਦੂਕ,
ਤੁਹਾਡੀਆਂ ਬੈਂਕਾਂ ਦੇ ਸੇਫ,
ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ,
ਸਭ ਲੋਹੇ ਦੇ ਹਨ।
ਸ਼ਹਿਰ ਤੋਂ ਉਜਾੜ ਤੱਕ ਹਰ ਫ਼ਰਕ,
ਭੈਣ ਤੋਂ ਵੇਸਵਾ ਤਕ ਹਰ ਇਹਸਾਸ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ,
ਬਿੱਲ ਤੋਂ ਕਾਨੂਨ ਤਕ ਹਰ ਸਫ਼ਰ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ,
ਜੰਗਲ, ਭੋਰਿਆਂ ਤੇ ਝੁਗੀਆਂ ਤੋਂ ਇੰਟੈਰੋਗੇਸ਼ਨ,
ਤਕ ਹਰ ਮੁਕਾਮ, ਸਭ ਲੋਹੇ ਦੇ ਹਨ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ਤੇ ਨਿਰਭਰ ਲੋਕ
ਲੋਹੇ ਦਆਿਂ ਪੱਤੀਆਂ ਖਾ ਕੇ,
ਖੁਦਕੁਸ਼ੀ ਕਰਨੋ ਹੱਟ ਜਾਣ
ਮਸ਼ੀਨਾਂ ਵਿਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ
ਲਾਵਾਰਸਾਂ ਦੀਆਂ ਤੀਵੀਆਂ
ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ,
ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ।
ਪਰ ਆਖਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖਤਿਆਰ ਕਰਨੀ ਪਈ ਹੈ।
ਤੁਸੀਂ ਲੋਹੇ ਦੀ ਚਮਕ ਵਿਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ,
ਵੀ ਪਹਿਚਾਣ ਸਕਦਾ ਹਾਂ।
ਕਿਉਂਕਿ
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।
4. ਸੱਚ
ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ।
ਤੇ ਹਰ ਸੱਚ ਜੂਨ ਭੋਗਣ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,
ਫੌਜ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ।
ਕੱਲ੍ਹ ਜਦ ਇਹ ਯੁੱਗ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ।
ਹੁਣ ਸਾਡੀ ਉਪੱਦਰੀ ਜ਼ਾਤ ਨੂੰ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ,
ਕਿ ਝੁੱਗੀਆਂ 'ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ !
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।