25. ਲਹੂ ਕ੍ਰਿਆ
ਹੁਣ ਚਾਂਦਨੀ ਨਹੀਂ
ਚਾਂਦਨੀ ਦੀ ਮਿੱਟੀ ਬੋਲਦੀ ਹੈ।
ਸਿਰਫ਼ ਫ਼ਰਜ਼ ਤੁਰੇ ਜਾਂਦੇ ਹਨ
ਹਕੀਕਤਾਂ ਦੀ ਠੰਡ ਵਿਚ ਠਿਠਰਦੇ ਹੋਏ…
ਮੈਂ ਆਪਣੇ ਨੌਂਹਾਂ ਨਾਲ
ਕੰਧਾਂ ਦੀ ਜੀਭ ਵੱਢ ਸੁੱਟੀ ਹੈ
ਤੇ ਹੁਣ ਉਨ੍ਹਾਂ ਕੋਲ ਸਿਰਫ ਕੰਨ ਹਨ
ਪੋਸਤ ਦੇ ਫੁੱਲ ਅਜ ਵੀ ਹੱਸਦੇ ਹਨ
ਤੇ ਮੈਂ ਉਹਨਾਂ ਨੂੰ ਸੂਹੇ ਰੰਗ ਦੀ
ਅਹਿਮੀਅਤ ਦਾ ਭਾਸ਼ਨ ਦਿੰਦਾ ਹਾਂ…
ਜ਼ਾਹਰ ਹੈ ਕਿ ਗੁਰੂ ਨੇ ਬੇਦਾਵਾ ਪਾੜ ਦਿਤਾ ਸੀ
ਪਰ ਸ਼ਬਦਾਂ ਦੇ ਸਫ਼ਰ ਨੂੰ
ਕੋਈ ਕੀ ਕਰ ਸਕਦਾ ਹੈ ?
ਉਹ ਬੇਦਾਵੇ ਦੇ ਇਤਿਹਾਸ ਨੂੰ ਨਹੀਂ ਪਾੜ ਸਕੇ ਸਨ।
ਰੁੱਖ ਸ਼ਾਂਤ ਹਨ, ਹਵਾ ਪਹਾੜਾਂ ਵਿਚ ਅਟਕ ਗਈ ਹੈ
ਫ਼ਾਇਰ ਦਾ ਸ਼ਬਦ
ਸਿਰਫ ਸਾਈਕਲ ਦਾ ਪਟਾਕਾ ਬੋਲਣ ਵਰਗਾ ਹੈ
ਹੋਰ, ਅਜੇ ਹੋਰ ਸੜਕ ਹੁੰਘਾਰਾ ਮੰਗਦੀ ਹੈ।
ਕਦਮਾਂ ਨਾਲ ਭਾਵੇਂ ਤੁਰੋ ਭਾਵੇਂ ਮਿਣੋ
ਸਫ਼ਰ ਦਾ ਨਾਂ ਕੰਮ ਵਰਗਾ ਹੈ
ਜਿਸ 'ਚ ਫਟੇ ਹੋਏ ਦੁੱਧ ਵਾਂਗ ਪੁੰਨ ਤੇ ਪਾਪ ਵੱਖ ਹੋ ਸਕਦੇ ਹਨ।
ਕੋਰਸ ਵਿਚ ਕੀਟਸ ਦੇ ਪ੍ਰੇਮ ਪੱਤਰਾਂ ਦੀ ਪ੍ਰੀਖਿਆ ਹੈ
ਪਰ ਰੁਜ਼ਗਾਰ ਦਫ਼ਤਰ ਵਿੱਚ
ਉਹ ਸਿਰਫ ਜ਼ਫ਼ਰਨਾਮੇ ਦੀ ਡਵੀਜ਼ਨ ਪੁੱਛਦੇ ਹਨ।
ਚੰਨ 'ਕਾਲੇ ਮਹਿਰ' ਵਾਂਗ ਸੁੱਤਾ ਹੈ
ਮੈਂ ਵੱਧਦਾ ਹਾਂ ਕਦਮਾਂ ਦੀ ਆਹਟ ਤੋਂ ਸੁਚੇਤ
ਰਾਤ ਸ਼ਾਇਦ ਮੁਹੰਮਦ ਗ਼ੌਰੀ ਦੀ ਕਬਰ ਹੈ
ਜਿਸ ਉੱਤੇ ਸ਼ੇਰੇ ਪੰਜਾਬ ਦਾ ਘੋੜਾ ਹਿਣਕਦਾ ਹੈ।
ਵਧਣ ਵਾਲੇ ਬਹੁਤ ਅੱਗੇ ਚਲੇ ਜਾਂਦੇ ਹਨ
ਉਹ ਵਕਤ ਨੂੰ ਨਹੀਂ ਪੁੱਛਦੇ
ਵਕਤ ਉਨ੍ਹਾਂ ਨੂੰ ਪੁੱਛ ਕੇ ਗੁਜ਼ਰਦਾ ਹੈ।
ਸਿਰਫ ਵਿਵਿਧ ਭਾਰਤੀ ਸੁਣਨ ਦੀ ਖ਼ਾਤਰ
ਪਿਸਤੌਲ ਦੀ ਲਾਗਤ ਖੁੰਝਾਈ ਨਹੀਂ ਜਾ ਸਕਦੀ।
ਪਾਨ ਖਾਣਾ ਜ਼ਰੂਰੀ ਨਹੀਂ
ਸਿਰਫ ਸਿਗਰਟ ਨਾਲ ਵੀ ਕੰਮ ਚਲ ਸਕਦਾ ਏ।
ਮੈਂ ਜਿੱਥੇ ਜੰਮਿਆ ਹਾਂ
ਉਥੇ ਸਿਰਫ ਚਾਕੂ ਉਗਦੇ ਹਨ, ਜਾਂ ਲਿੰਗ ਅੰਗ
ਅੱਗ ਤੋਂ ਘਰ ਲੂਹ ਕੇ ਰੌਸ਼ਨੀ ਦਾ ਕੰਮ ਲਿਆ ਜਾਂਦਾ ਹੈ।
ਜਾਂ ਮਹਾਤਮਾ ਲੋਕਾਂ ਦੇ ਬੋਲ ਸਿਸਕਦੇ ਹਨ…