ਪਰ ਮੇਰਾ ਆਕਾਰ ਹੋਰ ਨਿੱਖਰਦਾ ਹੈ,
ਠੀਕ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ,
ਮੈਂ ਤਾਂ ਸੜਕਾਂ ਤੇ ਤੁਰਿਆ ਹੋਇਆ,
ਏਨਾਂ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿਚ
ਤੇ ਕਿਹੜਾ ਅਫ਼ਰੀਕਾ ਦੇ ਕਿਸੇ ਮਾਰੂਥਲ ਵਿਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿਚ ਬੈਠਾ ਹਾਂ ਕਿ ਆਂਧਰਾ ਦੇ ਜੰਗਲਾਂ ਵਿਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ।
ਮੇਰੀਆਂ ਛੇ ਨਜ਼ਮਾਂ ਦੀ ਮਾਂ,
ਪਿਛਲੇ ਐਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ,
ਤੇ ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ
ਕਿੰਨਾਂ ਦੂਰ ਨਿਕਲ ਆਇਆ ਹਾਂ,
ਮੇਰੇ ਨਕਸ਼ ਤਿੱਥ ਪੱਤਰ-ਦੀਆਂ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ,
ਵਾਰੀ ਵਾਰੀ ਨੈਪੋਲੀਅਨ, ਚੰਗੇਜ਼ ਖਾਂ ਤੇ ਸਿਕੰਦਰ
ਮੇਰੇ ਵਿੱਚੋਂ ਦੀ ਲੰਘ ਗਏ ਹਨ
ਅਸੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ,
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਅੇਵਰੈਸਟ ਉਤੇ ਖਲੋ ਕੇ ਦੇਖਦਾ ਹਾਂ,
ਤੋੜਿਆ ਪਿਆ ਤਾਜਮਹਲ,
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ
ਕੁਤਬ ਦੀਆਂ ਪੰਜ ਮੰਜ਼ਲਾਂ ਜੋ ਅਜੇ ਬਾਕੀ ਹਨ,
ਕੀ ਖੁਦਕੁਸ਼ੀ ਲਈ ਕਾਫੀ ਹਨ ?
ਪਰ ਆਖ਼ਰ,
ਮੈਨੂੰ ਮੰਨਣਾ ਪੈਂਦਾ ਹੈ,
ਕਿ ਜਿਸ ਵੇਲੇ ਮੈਂ ਜੂਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ,
ਧੁੱਪ ਛੱਡ ਕੇ ਖਲੋਣ ਨੂੰ ਕਿਹਾ ਸੀ
ਤਾਂ ਮੇਰੇ ਤੇੜ ਕੇਵਲ ਜਾਂਘਿਆ ਸੀ।
ਤਾਂ ਹੀ ਮੈਂ
ਹੁਣ ਖੁਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ੍ਹ, ਦੀਆਂ ਕੰਧਾਂ ਤੇ ਲਿਖਣਾ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿਚ ਰੁਝਿਆ ਹਾਂ
ਕਿ ਦਿਸ-ਹੱਦੇ ਤੋਂ ਪਰੇ ਵੀ