ਨਾਟਕ ਦਾ ਪਿਛੋਕੜ
(1950 ਦੀ ਭੂਮਿਕਾ)
ਪਿੰਡ ਵਿਚੋਂ ਜਦੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈ ਜਾਂਦਾ। ਤੀਵੀਆ ਕੋਠਿਆਂ ਉੱਤੇ ਚੜ੍ਹ ਕੇ ਹਾਕਾਂ ਮਾਰਦੀਆਂ। ਅਜੀਬ ਸਨਸਨੀ ਛਾ ਜਾਂਦੀ। ਅਕਸਰ ਕਿਸੇ ਕਤਲ ਜਾਂ ਕੁੜੀ ਦੇ ਦੌੜਨ ਉੱਤੇ ਇਹੋ ਜਿਹਾ ਵਾਯੂ ਮੰਡਲ ਉਸਰਦਾ।
ਮਰਾਸੀਆਂ ਦੀ ਕੁੜੀ ਬੈਣੋ ਬਹੁਤ ਸੁਹਣੀ ਸੀ । ਲੰਮੀ ਲੱਝੀ ਛਮਕ ਵਰਗੀ। ਉਹ ਦੁਪਹਿਰੇ ਟੋਭੇ ਉਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਉਸ ਦੇ ਨਾਲ ਹੁੰਦੀ। ਪਿੰਡ ਦੀਆਂ ਤੀਵੀਆਂ ਉਹਨਾਂ ਉੱਤੇ ਨਜ਼ਰ ਰੱਖਦੀਆਂ। ਫਿਰ ਬੈਣੋ ਕਿਸੇ ਨਾਲ ਦੌੜ ਗਈ।
ਕਾਕੂ ਲੁਹਾਰ ਦੀ ਬੀਵੀ ਉੱਨੀ ਸਾਲ ਗ੍ਰਹਿਸਥੀ ਨਿਭਾ ਕੇ ਘਰੋਂ ਨਿਕਲ ਗਈ ਸੀ। ਮੈਂ ਨਿੱਕਾ ਹੁੰਦਾ ਕਾਕੂ ਲਹਾਰ ਦੀ ਭੱਠੀ ਤੇ ਜਾਂਦਾ ਤੇ ਉਸ ਦੀ ਬੀਵੀ ਨੂੰ ਸਾਣ ਦਾ ਪਟਾ ਖਿਚਦੇ ਦੇਖਦਾ। ਕਾਕੂ ਕੁਹਾੜੀਆ ਗੰਡਾਸੇ ਤੇਜ ਕਰਦਾ ਤਾਂ ਮੈਂ ਇਹਨਾਂ ਦੇ ਉਡਦੇ ਹੋਏ ਚੰਗਿਆੜੇ ਫੜਦਾ।
ਮੈਨੂੰ ਉਸ ਦੀ ਬੀਵੀ ਦੇ ਦੌੜ ਜਾਣ ਦਾ ਵਾਕਿਆ ਬਹੁਤ ਦੇਰ ਤੀਕ ਯਾਦ ਰਿਹਾ। ਬੈਣੋ ਤੇ ਕਾਕੂ ਦੀ ਬੀਵੀ ਦੋਵੇਂ ਮੈਨੂੰ ਚੰਗੀਆਂ ਲਗਦੀਆਂ ਸਨ। ਉਹ ਮੈਨੂੰ ਹੀਰ ਤੇ ਸਾਹਿਬਾ ਵਰਗੀਆਂ ਹੀ ਲਗਦੀਆਂ ਸਨ ਜਿਨ੍ਹਾਂ ਦੇ ਕਿੱਸੇ ਕਵੀਸ਼ਰ ਗਾਉਂਦੇ ਹੁੰਦੇ ਸਨ।
1944 ਵਿਚ ਮੈਂ ਲੋਹਾ ਕੁੱਟ ਦਾ ਪਲਾਟ ਘੜਿਆ ਤੇ ਸੋਢੀ ਜੁਗਿੰਦਰ ਸਿੰਘ (ਸੁਰਿੰਦਰ ਕੌਰ ਦੇ ਪਤੀ) ਨੂੰ ਸੁਣਾਇਆ। ਉਹ ਸਾਈਕਾਲੋਜੀ ਦੀ ਐਮ.ਏ. ਕਰ ਰਿਹਾ ਸੀ। ਉਸ ਨੂੰ ਇਸ ਪਲਾਟ ਦਾ ਮਨੋਵਿਗਿਆਨਕ ਪੱਖ ਤੇ ਮਾਂ ਧੀ ਦੀ ਈਰਖਾ ਤੇ ਪਿਆਰ ਦੇ ਵਿਰੋਧਾ-ਭਾਸ਼ੀ ਰਿਸ਼ਤੇ ਚੰਗੇ ਲਗੇ । ਮੈਂ ਨਾਟਕ ਲਿਖਣਾ ਸ਼ੁਰੂ ਕੀਤਾ।
ਇਸ ਦਾ ਇਕ ਸੀਨ ਮੈਂ ਮੁਰਾਦਾਬਾਦ ਦੇ ਪਲੇਟਫਾਰਮ ਉੱਤੇ ਗੱਡੀ ਨੂੰ ਉਡੀਕਦੇ ਰਾਤ ਨੂੰ ਲਿਖਿਆ। ਮੇਰੇ ਕੋਲ ਦੀ ਇੰਜਣ ਧੂੰਆਂ ਛਡਦਾ ਤੇ ਮੱਚੇ ਹੋਏ ਕੋਲੇ ਕੇਰਦਾ ਨਿਕਲ ਜਾਂਦਾ। ਨਾਟਕ ਵਿਚ ਭੱਠੀ ਦੇ ਕੋਲੇ ਤੇ ਧੂੰਏਂ ਦਾ ਵਾਤਾਵਰਣ ਸ਼ਾਇਦ ਉਸ ਇੰਜਣ ਦੇ ਧੂੰਏ ਤੇ ਮਘਦੇ ਕੋਲਿਆਂ ਦਾ ਨਤੀਜਾ ਸੀ।
ਅਗਸਤ 1944 ਵਿਚ ਮੈਂ ਨਾਟਕ ਖਤਮ ਕੀਤਾ। ਪ੍ਰੀਤ ਨਗਰ ਵਿਚ ਸੋਢੀ ਜੁਗਿੰਦਰ ਸਿੰਘ ਤੇ ਦੋ ਭੈਣਾਂ ਆਗਿਆ ਕੌਰ ਤੇ ਸੰਪੂਰਣ ਕੌਰ ਨੂੰ ਸੁਣਾਇਆ। ਉਹ ਦੋਵੇਂ ਮੇਰੇ ਨਾਟਕਾਂ ਵਿਚ ਅਕਸਰ ਮਾਂ ਤੇ ਧੀ ਦਾ ਪਾਰਟ ਕਰਦੀਆਂ ਸਨ। ਫੈਸਲਾ ਕੀਤਾ ਕਿ ਇਹ ਨਾਟਕ ਸਟੇਜ ਕੀਤਾ ਜਾਵੇ।
ਮੈਂ ਨਾਟਕ ਦਾ ਖਰੜਾ ਸ: ਗੁਰਬਖਸ ਸਿੰਘ ਪ੍ਰੀਤਲੜੀ ਨੂੰ ਦਿਤਾ ਕਿ ਉਹ ਮਿਹਰਬਾਨੀ ਕਰਕੇ ਇਸਨੂੰ ਪੜ੍ਹ ਲੈਣ ਤੇ ਜੇ ਹੋ ਸਕੇ ਤਾਂ ਇਸਦਾ ਮੁਖ-ਬੰਦ ਲਿਖ ਦੇਣ।
ਖਰੜਾ ਉਹਨਾਂ ਕੋਲ ਕਈ ਹਫ਼ਤੇ ਪਿਆ ਰਿਹਾ। ਕਈ ਵਾਰ ਨਵਤੇਜ ਤੋਂ ਪਤਾ ਕੀਤਾ। ਅਖੀਰ ਉਨ੍ਹਾਂ ਨੇ ਖਰੜਾ ਵਾਪਿਸ ਕਰ ਦਿੱਤਾ ਇਹ ਆਖ ਕੇ ਕਿ ਇਹ ਨਾਟਕ ਸਦਾਚਾਰਕ ਤੇ ਸਾਹਿਤਕ ਪੱਖ ਤੋਂ ਠੀਕ ਨਹੀਂ।
ਉਸ ਪਿਛੋਂ ਮੈਂ ਕਦੇ ਕਿਸੇ ਨੂੰ ਮੁਖ-ਬੰਦ ਲਿਖਣ ਲਈ ਨਾ ਆਖਿਆ।
ਦੂਜੀ ਜੰਗ ਲਗੀ ਹੋਈ ਸੀ । ਕਾਗਜ ਕਿਤੇ ਮਿਲਦਾ ਨਹੀਂ ਸੀ। ਪਰ ਮੋਹਨ ਸਿੰਘ ਨੇ ਮੋਟੇ ਕੀਮਤੀ ਕਾਗਜ ਉੱਤੇ ਇਹ ਨਾਟਕ ਛਾਪਿਆ। ਬਗੈਰ ਕਿਸੇ ਭੂਮਿਕਾ ਦੇ ਨਾਟਕ ਤੀਜੇ ਸਫੇ ਤੋਂ ਸ਼ੁਰੂ ਹੋ ਗਿਆ। ਇਸ ਦਾ ਟਾਈਟਲ ਕਵਰ ਸੋਭਾ ਸਿੰਘ ਨੇ ਬਣਾਇਆ ਸੀ - ਲੋਹੇ ਵਰਗੇ ਨਿੱਗਰ ਕਾਲੇ ਅੱਖਰਾਂ ਵਿਚ।
ਮੰਚ ਉੱਤੇ ਖੇਡਣ ਲਈ ਪ੍ਰੀਤ ਨਗਰ ਵਿਚ ਇਸ ਦੀਆਂ ਰਿਹਰਸਲਾਂ ਹੋਈਆਂ ਪਰ ਪ੍ਰੀਤਨਗਰ ਦੇ ਸੁੱਚੇ ਮੰਚ ਉਤੇ ਇਹ ਨਾ ਖੇਡਿਆ ਜਾ ਸਕਿਆ।
ਲਾਹੌਰ ਰੇਡੀਓ ਸਟੇਸ਼ਨ ਤੋਂ ਜਦੋਂ ਇਹ ਬ੍ਰਾਡਕਾਸਟ ਹੋਇਆ ਤਾਂ ਇਕਬਾਲ ਮੁਹੰਮਦ ਨੇ ਕਾਕੂ ਲੁਹਾਰ ਦਾ ਪਾਰਟ ਕੀਤਾ, ਓਮ ਪ੍ਰਕਾਸ (ਫ਼ਿਲਮ ਐਕਟਰ) ਨੇ ਗੱਜਣ ਦਾ, ਮੋਹਿਨੀ ਦਾਸ ਨੇ ਬੈਣੋ ਦਾ ਤੇ ਆਗਿਆ ਅਰੋੜਾ ਨੇ ਸੰਤੀ ਦਾ। ਕਰਤਾਰ ਸਿੰਘ ਦੁੱਗਲ ਨੇ ਇਸ ਨੂੰ ਪ੍ਰੋਡਿਊਸ ਕੀਤਾ।
ਲਾਹੌਰ ਰੇਡੀਓ ਸਟੇਸ਼ਨ ਉਸ ਵੇਲੇ ਸਾਹਿਤਕ ਨਾਟਕਾਂ ਦਾ ਕੇਂਦਰ ਸੀ। ਇਮਤਿਆਜ ਅਲੀ ਤਾਜ, ਰਫ਼ੀ ਪੀਰ, ਰਾਜਿੰਦਰ ਸਿੰਘ ਬੇਦੀ ਤੇ ਬਹੁਤ ਸਾਰੇ ਉੱਘੇ ਲੇਖਕ ਤੇ ਕਵੀ ਰੇਡੀਓ ਸਟੇਸ਼ਨ ਨਾਲ ਜੁੜੇ ਹੋਏ ਸਨ। ਲੋਹਾ ਕੁੱਟ ਦੀ ਸਾਹਿਤਕ ਵਿਸ਼ੇਸਤਾ, ਜਬਾਨ ਤੇ ਇਸ ਦੇ ਵਿਸ਼ੇ ਦਾ ਚਰਚਾ ਹੋਇਆ। ਕਈ ਚਿੱਠੀਆਂ ਨਾਟਕ ਦੇ ਹਕ ਵਿਚ ਆਈਆਂ। ਪਰ ਕਸੂਰ ਸ਼ਹਿਰ ਦੇ ਲੁਹਾਰਾਂ ਦਾ ਇਕ ਡੈਲੀਗੇਸ਼ਨ ਇਸ ਦੇ ਖ਼ਿਲਾਫ਼ ਆਇਆ ਕਿ ਲੁਹਾਰਾਂ ਦੇ ਕਿੱਤੇ ਨੂੰ ਬਦਨਾਮ ਕੀਤਾ ਗਿਆ ਹੈ। ਕੀ ਲੁਹਾਰਾਂ ਦੀਆਂ ਤੀਵੀਆਂ ਏਦਾਂ ਦੀਆਂ ਹੁੰਦੀਆਂ ਨੇ?
ਮੈਂ ਆਪਣੀ ਸਫਾਈ ਪੇਸ਼ ਕੀਤੀ ਕਿ ਕਾਕੂ ਲੁਹਾਰ ਤਾਂ ਮੇਰੇ ਨਾਟਕ ਦਾ ਇਕ ਪਾਤਰ ਹੈ, ਲੁਹਾਰਾਂ ਦੀ ਸ਼੍ਰੇਣੀ ਉੱਤੇ ਕੋਈ ਫਤਵਾ ਨਹੀਂ ਲਾ ਰਿਹਾ। ਸਾਹਿਤ ਨੂੰ ਸ੍ਰੇਣੀ ਵੰਡ ਅਨੁਸਾਰ ਪਰਖਿਆ ਜਾਵੇ ਤਾਂ ਸ਼ਾਇਦ ਕੁਝ ਵੀ ਨਾ ਲਿਖਿਆ ਜਾਵੇ। ਜੇ ਮੇਰਾ ਪਾਤਰ ਕੋਈ ਟੀਚਰ ਹੁੰਦਾ ਜਿਸ ਦੀ ਬੀਵੀ ਉਸ ਨੂੰ ਛਡ ਕੇ ਚਲੀ ਗਈ ਹੁੰਦੀ ਤਾਂ ਪੰਜਾਬ ਦੇ ਟੀਚਰਾਂ ਦੀ ਯੂਨੀਅਨ ਮੈਨੂੰ ਨੋਟਿਸ ਦੇ ਦੇਂਦੀ। ਜੇ ਮੇਰਾ ਪਾਤਰ ਕੋਈ ਵਪਾਰੀ ਲਾਲਾ ਹੁੰਦਾ ਤਾਂ ਪੰਜਾਬ ਵਪਾਰ-ਮੰਡਲ ਮੈਨੂੰ ਕਚਹਿਰੀ ਵਿਚ ਲੈ ਜਾਂਦਾ। ਜੇ ਮੇਰਾ ਪਾਤਰ ਵਕੀਲ ਹੁੰਦਾ ਤਾਂ ਵਕੀਲ- ਮੰਡਲ ਮੇਰੇ ਉੱਤੇ ਦਾਅਵਾ ਠੋਕ ਦਿੰਦਾ।
ਗੱਲ ਮੁਕ ਗਈ। 'ਲੋਹਾ ਕੁੱਟ ਨੂੰ ਪਹਿਲਾਂ ਨਾਲੋਂ ਵਧੇਰੇ ਮਾਨਤਾ ਮਿਲੀ।
ਇਕ ਸ਼ਾਮ ਪ੍ਰੋ: ਤੇਜਾ ਸਿੰਘ ਐਮਪ੍ਰੱਸ ਰੋਡ ਉਤੇ ਮੇਰੀ ਨਿੱਕੀ ਜਿਹੀ ਕੋਠੀ ਮੈਨੂੰ ਮਿਲਣ ਆਏ। ਉਹਨਾਂ ਦੇ ਹੱਥ ਵਿਚ ਖੂੰਡੀ ਸੀ। ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਨਹੀਂ ਸੀ ਮਿਲਿਆ।
ਉਹ ਆਖਣ ਲਗੇ, ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਇਥੇ ਰੇਡੀਓ ਸਟੇਸ਼ਨ ਉੱਤੇ ਨਵੀਆਂ ਕਿਤਾਬਾਂ ਬਾਰੇ ਬੋਲਣ । ਤੇਰੇ 'ਲੋਹਾ ਕੁੱਟ’ ਬਾਰੇ ਬੋਲ ਰਿਹਾ ਹਾਂ। ਇਹ ਲੋਹਾ ਕੁੱਟ ਬਸ ਲੋਹੇ ਨੂੰ ਹੀ ਕੁੱਟਣ ਜਾਣਦਾ ਹੈ, ਤੀਵੀਂ ਦੇ ਮਨ ਨੂੰ ਨਹੀਂ। ਉਹ ਲਹਾਰ ਨਹੀਂ, ਲੋਹਾ ਕੁੱਟ ਹੈ। ਸਾਡੇ ਬਹੁਤੇ ਪ੍ਰੋਫੈਸਰ ਵੀ ਲੋਹਾ ਕੁੱਟ ਹੀ ਹਨ ?" ਇਹ ਆਖ ਕੇ ਉਹ ਚਲੇ ਗਏ।
ਕਈ ਔਰਤਾਂ ਨੇ ਸੁਆਲ ਉਠਾਇਆ ਕਿ ਪੰਜਾਬ ਦੀ ਔਰਤ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ ਜੋ ਉੱਨੀ ਸਾਲ ਵਿਆਹ ਪਿਛੋਂ ਪਤੀ ਤੇ ਪੁੱਤ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਵੇ।
ਪਰ ਅਖ਼ਬਾਰਾਂ ਵਿਚ ਬੇਸ਼ੁਮਾਰ ਇਹੋ ਜਿਹੀਆਂ ਘਟਨਾਵਾਂ ਛਪੀਆਂ ਜਿਨ੍ਹਾਂ ਵਿਚ ਤੀਵੀਆਂ ਜਜ਼ਬੇ ਦੀ ਅੱਗ ਖਾਤਰ ਘਰ ਨੂੰ ਛੱਡ ਕੇ ਆਪਣੇ ਪ੍ਰੇਮੀਆਂ ਨਾਲ ਚਲੀਆਂ ਗਈਆਂ। ਇਹੋ ਜਿਹੀਆਂ ਤੀਵੀਆਂ ਲਈ ਮੇਰੇ ਦਿਲ ਵਿਚ ਆਦਰ ਹੈ ਜੋ ਪਾਖੰਡ ਤੇ ਝੂਠੀ ਪਰੰਪਰਾ ਦੇ ਖਿਲਾਫ ਲੜ ਕੇ ਆਪਣੇ ਦਿਲ ਦਾ ਸਦਾ ਸੱਚ ਪਗਾਉਂਦੀਆਂ ਹਨ। ਸੰਤੀ ਤੇ ਬੈਣੋ ਇਸੇ ਬਰਾਦਰੀ ਦੀਆਂ ਨਾਇਕਾਵਾਂ ਹਨ।
ਦੋ ਸ਼ਬਦ
(ਜੂਨ 1991)
'ਲੋਹਾ ਕੁੱਟ' ਨੂੰ ਹੁਣ ਤੀਕ ਬਹੁਤਾ ਕਰਕੇ ਸਾਹਿਤਕ ਪੱਖੋਂ ਹੀ ਪਰਖਿਆ ਜਾਂਦਾ ਰਿਹਾ ਹੈ। ਇਸ ਦੇ ਵਿਸ਼ੇ ਬਾਰੇ ਚਰਚਾ ਹੋਈ, ਇਸ ਦੇ ਪਾਤਰਾਂ ਤੇ ਇਸ ਦੀ ਸੰਰਚਨਾ ਬਾਰੇ ਬਹਿਸਾਂ ਹੋਈਆਂ, ਇਸ ਦੇ ਵਾਰਤਾਲਾਪ ਤੇ ਬਿੰਬਾਂ ਦੀ ਸ਼ਲਾਘਾ ਹੋਈ। ਪਰ ਇਸ ਦੇ ਪ੍ਰਸਤੁਤੀਕਰਣ ਬਾਰੇ ਕੋਈ ਘੋਖਵੀਂ ਗੱਲ ਘੱਟ ਹੀ ਤੁਰੀ।
ਮੈਨੂੰ ਇਸ ਨਾਟਕ ਵਿਚ ਮੰਚ-ਪ੍ਰਦਰਸ਼ਨ ਦੀ ਦ੍ਰਿਸ਼ਟੀ ਤੋਂ ਕੁਝ ਘਾਟਾਂ ਨਜਰ ਆਈਆਂ। ਭਾਵੇਂ ਇਸਨੂੰ ਲਿਟਲ ਥੀਏਟਰ ਗਰੁੱਪ ਨਿਊ ਦਿੱਲੀ ਨੇ 1950 ਵਿੱਚ ਵੇਵਲ ਥੀਏਟਰ ਵਿੱਚ ਖੇਡਿਆ, ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਨੇ ਇਸ ਨੂੰ ਕਈ ਵਾਰ ਸਟੇਜ ਕੀਤਾ ਪਰ ਮੈਨੂੰ ਇਸ ਦੀਆਂ ਘਾਟਾਂ ਰੜਕਦੀਆਂ ਰਹੀਆਂ।
ਇਸ ਦੀ ਨਾਇਕਾ ਸੰਤੀ ਆਪਣੇ ਮਨ ਵਿਚ ਦੱਬੇ ਜਜਬੇ ਨੂੰ ਭੁਲਾ ਕੇ ਕਾਕੂ ਲੁਹਾਰ ਨਾਲ ਰਹਿ ਰਹੀ ਹੈ। ਉਸ ਦੀ ਜੁਆਨ ਧੀ ਬੈਣੋ ਘਰ ਦੇ ਲੋਹੇ ਵਰਗੇ ਕਰੜੇ ਮਾਹੌਲ ਦੇ ਖਿਲਾਫ ਬਗਾਵਤ ਕਰਦੀ ਹੈ, ਪਿਓ ਨੂੰ ਵੰਗਾਰਦੀ ਹੈ ਅਤੇ ਸਰਬਣ ਨਾਲ ਦੌੜ ਜਾਂਦੀ ਹੈ। ਮਾਂ ਆਪਣੀ ਧੀ ਦੇ ਇਸ ਸਮਾਜਕ ਪਾਪ ਦੇ ਖਿਲਾਫ ਚੰਡੀ ਵਾਂਗ ਗਰਜਦੀ ਹੈ। ਪਰ ਇਸ ਪਿਛੋਂ ਉਹ ਖੁਦ ਹੌਲੀ ਹੌਲੀ ਆਪਣੀ ਜਿੰਦਗੀ ਬਾਰੇ ਸੋਚਣ ਲਗਦੀ ਹੈ। ਉਸ ਨੂੰ ਆਪਣੀ ਧੀ ਯਾਦ ਆਉਂਦੀ ਹੈ ਜੋ ਉਸ ਦੇ ਢਿੱਡ ਵਿਚ ਛਮਕਾ ਮਾਰਦੀ ਹੈ। ਉਸਨੂੰ ਲਗਦਾ ਹੈ ਕਿ ਬੈਣੋ ਠੀਕ ਸੀ, ਕਿਉਂ ਕਿ ਉਸ ਨੇ ਜਜਬੇ ਦਾ ਸੱਚ ਪੁਗਾਇਆ। ਬੈਣੋ ਉਸ ਦੀ ਆਪਣੀ ਜੁਆਨੀ ਦਾ ਹੀ ਰੂਪ ਸੀ, ਓਸ ਦੀ ਢਿੱਡ ਦੀ ਜਾਈ, ਉਸ ਦੀ ਮਹਿਰਮ, ਉਸ ਦੀ ਕੁੱਖ ਦੀ ਆਵਾਜ।
ਸੰਤੀ ਦੇ ਮਨ ਅੰਦਰ ਦੱਬੇ ਅੰਗਿਆਰ ਮਘਣ ਲਗਦੇ ਹਨ। ਉਸ ਨੂੰ ਸਮਾਜੀ ਦਿਖਾਵਾ ਤੇ ਪ੍ਰਵਾਰਕ ਰਸਮੀ ਬੰਧਨ ਝੂਠੇ ਜਾਪਦੇ ਹਨ। ਹੌਲੀ ਹੌਲੀ ਉਹ ਬੈਣੋ ਦਾ ਰੂਪ ਬਣ ਜਾਂਦੀ ਹੈ। ਉਹ ਕਾਕੂ ਦੇ ਕਰੜੇ ਸੁਭਾਅ ਅਤੇ ਜ਼ੁਲਮ ਦੇ ਖਿਲਾਫ਼ ਖੜ੍ਹੀ ਹੋ ਜਾਂਦੀ ਹੈ ਤੇ ਗੱਜਣ ਨਾਲ ਨਿਕਲ ਜਾਂਦੀ ਹੈ।
ਮੈਂ ਨਾਟਕ ਦੇ ਵਿਸ਼ੇ ਬਾਰੇ ਪਹਿਲਾਂ ਵੀ ਲਿਖ ਚੁੱਕਾ ਹਾਂ, ਮੈਨੂੰ ਜਜਬੇ ਦੇ ਜੁਲਮ ਨਾਲ ਦਿਲਚਸਪੀ ਹੈ। ਜੋ ਕੁਝ ਲੋਹਾ ਕੁੱਟ ਵਿਚ ਵਾਪਰਦਾ ਹੈ ਉਹ ਆਮ ਲੋਹਾਰੇ ਟੱਬਰ ਦਾ ਨਹੀਂ, ਸਗੋਂ ਸਮਾਜ ਦੇ ਉਲਾਰ ਰਿਸ਼ਤਿਆਂ ਤੇ ਭਾਵਾਤਮਕ ਦਮਨ ਦਾ ਪਰਤੀਕ ਹੈ। ਇਹ ਮਾਨਸਿਕ ਅੰਡੋਪਾਟੀ ਤੇ ਜਜਬੇ ਦੀ ਸੱਚਾਈ ਨੂੰ ਪਰਗਟ ਕਰਦਾ ਹੈ।
ਨਾਟਕ ਵਿਚ ਮੈਂ ਵਿਰਸੇ ਦੀ ਤੁਰੀ ਆਉਂਦੀ ਭਾਵਨਾ ਨੂੰ ਉਲਟਾ ਕੇ ਪੇਸ਼ ਕੀਤਾ ਹੈ। ਸੁਭਾਵਕ ਤੌਰ ਉਤੇ ਧੀ ਆਪਣੀ ਮਾਂ ਦਾ ਪ੍ਰਤੀਕਰਮ ਹੈ। ਨਵੀਂ ਪੀੜ੍ਹੀ ਵਿਚ ਬਗਾਵਤ ਹੈ, ਪੁਰਾਣੀ ਪੀੜ੍ਹੀ ਦੇ ਖਿਲਾਫ਼ । ਨਵੀਂ ਚੇਤਨਤਾ ਪੁਰਾਣੀ ਚੇਤਨਤਾ ਦੀ ਕੁੰਜ ਲਾਹ ਕੇ ਅਗੇ ਤੁਰਦੀ ਹੈ। ਪਰ ਮੈਂ ਨਾਟਕ ਵਿਚ ਮਾਨਸਿਕ ਬਗਾਵਤ ਦੀ ਚਿਣਗ ਮਾਂ ਤੋਂ ਧੀ ਵਲ ਨਹੀਂ ਸੁੱਟੀ, ਸਗੋਂ ਧੀ ਤੋਂ ਮਾਂ ਵਲ ਸੁੱਟੀ ਹੈ। ਪੀੜ੍ਹੀ-ਦਰ-ਪੀੜ੍ਹੀ ਤੁਰੇ ਆਉਂਦੇ ਸੰਸਕਾਰਾਂ ਦੀ ਗਤੀ ਨੂੰ ਪੁੱਠਾ ਮੋੜਿਆ ਹੈ।
ਲੋਹਾ ਕੁੱਟ ਜੀਵਨ ਦੀ ਕਰੜੀ ਨਿਰਦਈ, ਨਿਤਾਪ੍ਰਤੀ ਦੇ ਜੁਲਮ ਦਾ ਚਿੰਨ੍ਹ ਹੈ। ਲੋਹਾਰ ਦੀ ਭੱਠੀ ਪਾਤਰਾਂ ਦੇ ਮਾਨਸਿਕ ਕਰਮ ਅਨੁਸਾਰ ਧੁਖਦੀ ਬਲਦੀ ਤੇ ਮੱਚਦੀ ਹੈ। ਇਹ ਇਸੇ ਚਿੰਨਾਤਮਕ ਪ੍ਰਗਟਾਵੇ ਦੀ ਮੰਗ ਕਰਦੀ ਹੈ । ਹਥੌੜੇ ਦੀ ਸੱਟ ਇਸ ਦੇ ਨਾਇਕ ਦੇ ਕਰੜੇ ਸੁਭਾ ਵਿਚ ਹੈ। ਪਾਤਰਾਂ ਦੇ ਕਰਮ ਤੇ ਵਾਰਤਾਲਾਪ ਵਿਚ ਕਠੋਰਤਾ ਹੈ। ਭਾਵੁਕਤਾ ਨਹੀਂ। ਕਿਤੇ ਕਿਤੇ ਵਾਰਤਾਲਾਪ ਵਿਚ ਕਾਵਿਮਈ ਬੋਲੀ ਭਖਦੀ ਹੈ ਜੋ ਪਾਤਰਾਂ ਦੇ ਅੰਤਰੀਵ ਮਾਨਸਿਕ ਸੰਘਰਸ਼ ਉਜਾਗਰ ਕਰਨ ਲਈ ਵਰਤੀ ਗਈ ਹੈ।
ਸਾਰਾ ਨਾਟਕ ਇਕੋ ਥਾਂ ਵਾਪਰਦਾ ਹੈ। ਲੋਹਾਰ ਦੀ ਅਹਿਰਨ ਤੇ ਚੀਜ਼ਾਂ ਵਸਤਾਂ ਇਓ ਪਰਤੀਤ ਹੋਣ ਜਿਵੇਂ ਇਹਨਾਂ ਨੂੰ ਬੇਰਹਿਮੀ ਨਾਲ ਵਰਤਿਆ ਗਿਆ ਹੈ।
ਨਾਟਕ ਦੇ ਦ੍ਰਿਸ਼ਾ ਵਿਚ ਲੜੀ-ਬਧ ਗਤੀ ਪੈਦਾ ਕੀਤੀ ਹੈ। ਹਰ ਸੀਨ ਕਿਸੇ ਸਿਖਰ ਤੇ ਮੁਕਦਾ ਹੈ ਜਾਂ ਜਜ਼ਬੇ ਦੀ ਅਜਿਹੀ ਟੱਕਰ ਉਤੇ ਕਿ ਦ੍ਰਿਸ਼ਟੀਮੂਲਕ ਜਾਂ ਮੁਖ ਕਾਰਜ ਸਾਡੀ ਚੇਤਨਾ ਵਿਚ ਝੁਣਝੁਣੀ ਛੇੜ ਦੇਵੇ।
ਨਾਟਕ ਦੇ ਇਸ ਸੋਧੇ ਹੋਏ ਰੂਪ ਵਿਚ ਸਿਰਫ ਮੰਚ-ਤਕਨੀਕ ਤੇ ਕਲਾਤਮਕ ਚਮਕ ਹੀ ਨਹੀਂ ਆਈ ਸਗੋਂ ਸਾਹਿਤਕ ਗੁਣ ਵੀ ਨਿਖਰ ਕੇ ਆਏ ਹਨ।
ਨਾਟਕ ਵਿਚ ਵਾਤਾਵਰਣ ਦੀਆਂ ਆਵਾਜ਼ਾਂ ਦਾ ਪ੍ਰਯੋਗ ਇਸ ਤਰਾਂ ਹੈ ਕਿ ਉਹ ਜਜ਼ਬਿਆਂ ਨੂੰ ਹੋਰ ਮਘਾਉਣ ਦਾ ਕਾਰਜ ਨਿਭਾਉਣ। ਪਹਿਲੇ ਐਕਟ ਵਿਚ ਥਾਣੇਦਾਰ ਦੀ ਘੋੜੀ ਨੂੰ ਗਲੀ ਵਿਚ ਨਾਲ਼ ਠੋਕੇ ਜਾਦੇ ਹਨ ਤਾਂ ਕਈ ਆਦਮੀਆਂ ਨੇ ਘੋੜੀ ਨੂੰ ਰੱਸਿਆਂ ਨਾਲ ਫੜਿਆ ਹੋਇਆ ਹੈ । ਨਾਲ਼ ਠੋਕਣ ਦੀ ਆਵਾਜ਼ ਘੋੜੀ ਦੇ ਹਿਣਕਣ ਤੇ ਲੋਕਾਂ ਦੀਆਂ ਉੱਚੀਆਂ ਆਵਾਜਾਂ ਕੱਸ ਕੇ ਫੜੋ, ਜ਼ੋਰ ਦੀ ਫੜ ਕੇ ਰੱਖੋ, ਰੱਸਾ ਨਾ ਛੁੜਾ ਲਵੇ ਫੜ ਕੇ ਰੱਖੋ। ਬੈਣੋ ਦੀ ਮਾਨਸਿਕ ਦਸ਼ਾ ਤੇ ਖੌਫ ਦਾ ਭੌਤਿਕੀਕਰਣ ਕਰਦੀਆਂ ਹਨ। ਜਦੋਂ ਦੂਜੇ ਐਕਟ ਦੇ ਅੰਤ ਵਿਚ ਬੈਣੋ ਨਿਕਲ ਜਾਂਦੀ ਹੈ ਤਾਂ ਗਲੀ ਦੀਆਂ ਤੀਵੀਆਂ ਉਸ ਨੂੰ ਉੱਚੀ ਉੱਚੀ ਤ੍ਰਿਸਕਾਰਦੀਆ ਹਨ ਤੇ ਮਾਂ ਬੂਹੇ 'ਤੇ ਖੜ੍ਹ ਕੇ ਚੰਘਿਆੜਦੀ ਹੋਈ ਗਾਲਾਂ ਕੱਢਦੀ ਹੈ ਤਾਂ ਇਹ ਵੇਹੜੇ ਦੇ ਸਮੁੱਚੇ ਜ਼ੁਲਮ ਦਾ ਚਿੰਨ੍ਹ ਬਣ ਜਾਦੇ ਹਨ। ਅੰਤ ਵਿਚ ਗਲੀ ਵਿਚਲਾ ਸ਼ੋਰ, ਤੀਵੀਆਂ ਦੀਆਂ ਹਾਕਾਂ ਤੇ ਚੀਖਾਂ ਦਾ ਰੌਲਾ ਸੰਤੀ ਦੇ ਦੌੜ ਜਾਣ ਨੂੰ ਮੂਰਤੀਮਾਨ ਕਰਦਾ ਹੈ।
ਵੇਹੜੇ ਤੇ ਗਲੀ ਤੇ ਵਾੜੇ ਦੀਆਂ ਹਾਕਾਂ, ਵੈਣ ਤੇ ਝਗੜੇ ਪਿੰਡ ਦੇ ਪਿਛੋਕੜ ਨੂੰ ਗੰਡਾਸੇ ਦੀ ਧਾਰ ਵਾਂਗ ਤਿਖੇਰਾ ਕਰਦੇ ਹਨ। ਇਹ ਆਵਾਜਾਂ, ਰੌਲਾ ਤੇ ਹਾਕਾਂ ਪ੍ਰਕਿਰਤੀਵਾਦੀ ਨਹੀਂ ਹਨ ਸਗੋਂ ਇਹਨਾਂ ਨੂੰ ਨਾਟਕੀ ਢੰਗ ਨਾਲ ਸੂਤ ਕੇ ਵਿਉਂਤਬੱਧ ਕੀਤਾ ਗਿਆ ਹੈ। ਇਹ ਅਵਾਜਾਂ ਤੇ ਚੀਖਾਂ ਸਮੂਹਗਾਣ ਵਾਂਗ ਗਤੀਬੱਧ ਹਨ।
ਰੰਗਾਂ ਦਾ ਪ੍ਰਯੋਗ ਵੀ ਕਿਤੇ ਕਿਤੇ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਉਹ ਨਾਟਕ ਦੇ ਵਾਤਾਵਰਣ ਦਾ ਹਿੱਸਾ ਹੁੰਦਿਆਂ ਹੋਇਆਂ ਜਜ਼ਬੇ ਨੂੰ ਉਭਾਰਦੇ ਹਨ। ਬੈਣੋ ਪਹਿਲੇ ਐਕਟ ਦੇ ਸ਼ੁਰੂ ਵਿਚ ਹਰੀ ਚੁੰਨੀ ਲੈ ਕੇ ਧਾਰ ਕੱਢਣ ਜਾਂਦੀ ਹੈ। ਉਸ ਦੀ ਮਾਂ ਵੀ ਤੀਜੇ ਐਕਟ ਦੇ ਅੰਤ ਵਿਚ ਹਰੀ ਚੁੰਨੀ ਕਿੱਲੀ ਤੋਂ ਲਾਹ ਕੇ ਸਿਰ ਉੱਤੇ ਲੈਂਦੀ ਹੈ ਤੇ ਦੋਹਣਾ ਚੁਕ ਕੇ ਧਾਰ ਕੱਢਣ ਜਾਂਦੀ ਹੈ। ਨਾਟਕ ਵਿਚਲੇ ਬਿੰਬ-ਭੱਠੀ, ਕੁੱਕੜ, ਛੈਣੀ, ਹਥੌੜਾ, ਦੁੱਧ ਆਦਿ - ਵਾਤਾਵਰਣ ਦਾ ਜ਼ਰੂਰੀ ਹਿੱਸਾ ਹਨ। ਇਹ ਖ਼ੁਦ-ਬ-ਖ਼ੁਦ ਕਾਰਜ ਤੇ ਜਜ਼ਬੇ ਨੂੰ ਚੰਡਦੇ ਤੇ ਪ੍ਰਜਵਲਿਤ ਕਰਦੇ ਹਨ।
27 ਕਸਤੂਰਬਾ ਗਾਂਧੀ ਮਾਰਗ ਬਲਵੰਤ ਗਾਰਗੀ
ਨਵੀਂ ਦਿੱਲੀ-110001
ਜੂਨ 1991
ਸੱਜਰਾ ਰੂਪ
ਅੱਜ ਲੋਹਾ-ਕੁਟ ਦੇ ਪਿਛਲੇ ਤਿੰਨੇ ਰੂਪ ਮੇਰੇ ਸਾਮ੍ਹਣੇ ਪਏ ਹਨ। ਪੰਜਾਹ ਸਾਲ ਪਿਛੋਂ ਹੁਣ ਮੈਂ ਚੌਥੀ ਵਾਰ ਇਸ ਨੂੰ ਘੋਖ ਕੇ ਪੇਸ਼ ਕਰ ਰਿਹਾ ਹਾਂ।
ਨਾਟਕ, ਇਸਦੇ ਮਾਹੌਲ ਤੇ ਪਾਤਰਾਂ ਦੀ ਗੱਲ-ਬਾਤ ਵਿਚ ਉਸੇ ਸਮੇਂ ਦਾ ਰੰਗ ਸੀ। ਕਾਕੂ ਤੇ ਉਸਦੇ ਦੋਸਤ ਵਿਹੜੇ ਵਿਚ ਰੋਟੀ ਖਾਂਦੇ ਤੇ ਸ਼ਰਾਬ ਪੀਂਦੇ ਹੋਏ ਹਿਟਲਰ ਦੀਆਂ ਫ਼ੌਜਾਂ ਦੀ ਤਾਰੀਫ ਕਰਦੇ ਹਨ ਤੇ ਅੰਗਰੇਜ਼ਾਂ ਨੂੰ ਭੰਡਦੇ ਹਨ।
ਇਹਨਾਂ ਪਾਤਰਾਂ ਦੀਆਂ ਗੱਲਾਂ ਉਸ ਸਮੇਂ ਦੇ ਹਾਲਾਤ ਉਪਰ ਟਿੱਪਣੀ ਹਨ। ਉਹ ਇਕ ਪਰਕਾਰ ਦਾ 'ਕੋਰਸ' ਹਨ (ਸਮੂਹ-ਗਾਣ) ਯਾਨੀ ਵਿਵੇਕ ਜੋ ਸਮਕਾਲੀਨ ਵਾਯੂਮੰਡਲ ਦੀ ਹੋਣੀ ਨੂੰ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ। ਮੈਂ ਇਹਨਾਂ ਦੋਸਤਾਂ ਦੀ ਗੱਲ-ਬਾਤ ਅਤੇ ਨਾਟਕ ਦੇ ਕਾਰਜ ਦਾ ਕਾਲ 1980 ਤੇ ਫਿਰ 1991 ਦੇ ਐਡੀਸ਼ਨਾਂ ਵਿਚ ਬਦਲ ਦਿਤਾ ਸੀ।
ਇਸ ਨਾਟਕ ਦੀਆਂ ਬਾਕੀ ਘਟਨਾਵਾਂ ਤੇ ਜਜ਼ਬਾਤੀ ਚਿੱਤਰਾਂ ਦਾ ਤਾਲ-ਮੇਲ ਟੁੱਟ ਗਿਆ। ਨਾਟਕ ਦੇ ਮਨੋਵਿਗਿਆਨਕ ਯਥਾਰਥਵਾਦ ਵਿਚ ਝਟਕੇ ਲਗਦੇ ਸਨ। ਕਈ ਪਾਤਰਾਂ ਦਾ ਚਿਤਰਣ ਅਧੂਰਾ ਸੀ। ਬਣਸੋ, ਕਾਕੂ ਦੀ ਰਖੇਲ, ਅਧੂਰੀ ਸੀ। ਈਰਖਾ ਤੇ ਅਤ੍ਰਿਪਤੀ ਦਾ ਸੰਤਾਪ ਜੋ ਸੰਤੀ ਦੇ ਸੀਨੇ ਵਿਚ ਮੰਦਾ ਹੈ, ਉਸਦੇ ਪਰਗਟਾਵੇ ਤੋਂ ਵੀ ਮੈਂ ਸੰਤੁਸ਼ਟ ਨਹੀਂ ਸਾਂ।
ਹੁਣ ਨਾਟਕ ਦੇ ਸੱਜਰੇ ਰੂਪ ਵਿਚ ਸੰਤੀ ਦੇ ਮਨ ਦੀਆਂ ਦੂਹਰੀਆਂ ਤੀਹਰੀਆਂ ਪਰਤਾਂ ਨਜ਼ਰ ਆਉਂਦੀਆਂ ਹਨ। ਮੈਂ ਵਾਰਤਕ ਬਿਰਤਾਂਤ ਵਿਚ ਮੰਚੀ ਸੰਭਾਵਨਾਵਾਂ ਭਰ ਕੇ ਮਾਨਸਿਕ ਤੜਪਾਂ ਨੂੰ ਦ੍ਰਿਸ਼ਮਈ ਰੂਪ ਦਿੱਤਾ ਹੈ। ਮਿਸਾਲ ਦੇ ਤੌਰ ਤੇ ਦੂਜੇ ਐਕਟ ਦੇ ਅੰਤ ਵਿਚ ਬੈਣੋ ਦੌੜ ਜਾਂਦੀ ਹੈ, ਕਾਕੂ ਗੰਡਾਸਾ ਲੈ ਕੇ ਉਸ ਦੇ ਮਗਰ ਜਾਂਦਾ ਹੈ, ਗਲੀ ਵਿਚ ਰੌਲਾ ਪੈ ਜਾਂਦਾ ਹੈ ਤੇ ਸੰਤੀ ਚੀਖ਼ ਕੇ ਆਖਦੀ ਹੈ,
"ਵਾਲਾਂ ਤੋਂ ਧੂਹ ਕੇ ਲਿਆਈ ਇਸ ਬਦਜ਼ਾਤ ਨੂੰ! ਕੋਠੇ ਅੰਦਰ ਸੁੱਟ ਕੇ ਡੱਕਰੇ ਕਰ ਦੇਹ ਇਸ ਪਾਪਣ ਦੇ!" ਇਕ ਗੁਆਂਢਣ ਗਰਜਦੀ ਹੈ, ਇਹੋ ਜਿਹੀ ਧੀ ਨੂੰ ਧਰਤੀ ਚ ਗੱਡ ਦਿਉ!"
ਮੈਂ ਇਸਨੂੰ ਅੱਗੇ ਤੋਰਿਆ ਤੇ ਰੇਤਲੇ ਟਿੱਬੇ ਉਤੇ ਕਾਕੂ ਤੇ ਬੈਣੋ ਦੇ ਝਗੜੇ ਤੇ ਬੈਣੋ ਆਪਣੇ ਬਾਪ ਨੂੰ 'ਲਲਕਾਰਦੀ ਹੈ ਤੇ ਦਾਤਰੀ ਫੜ ਕੇ 'ਖੜ੍ਹੀ ਹੋ ਜਾਂਦੀ ਹੈ—ਚੰਡੀ ਦਾ ਰੂਪ।
ਜਦੋਂ ਬੈਣੋਂ ਆਪਣੇ ਪ੍ਰੇਮੀ ਸਰਬਣ ਨਾਲ ਦੌੜ ਜਾਂਦੀ ਹੈ, ਕਾਕੂ ਦੋਹਾਂ ਹੱਥਾਂ ਵਿਚ ਬੈਣੋ ਦੀ ਹਰੀ ਚੁੰਨੀ ਚੁੱਕੀ ਵਾਪਿਸ ਆਉਂਦਾ ਹੈ। ਜਿਵੇਂ ਬੈਣੋ ਦੀ ਲਾਸ਼ ਹੋਵੇ। ਸੰਤੀ ਕਾਕੂ ਨੂੰ ਆਖਦੀ ਹੈ ਕਿ ਉਹ ਆਪਣੀ ਧੀ ਦੀ ਲਾਸ਼ ਨੂੰ ਵਿਹੜੇ ਵਿਚ ਟੋਆ ਪੁੱਟ ਕੇ ਦੱਬ ਦੇਵੇ। ਕਾਕੂ ਕਹੀ ਨਾਲ ਟੋਟਾ ਪੁੱਟਦਾ ਹੈ। ਸੰਤੀ ਬੈਣੋ ਦੀ ਚੁੰਨੀ ਨੂੰ ਇਸ ਟੋਏ ਵਿਚ ਦੱਬਦੀ ਹੈ ਤੇ ਮਿੱਟੀ ਨਾਲ ਪੂਰਦੀ ਹੈ। ਇਸ ਸਾਰੇ ਸੀਨ ਨੂੰ ਕਿਸੇ ਘੋਰ ਰੀਤ ਵਾਂਗ ਖੇਡਿਆ ਜਾਣਾ ਚਾਹੀਦਾ ਹੈ ਤਾਂ ਜੁ ਪਾਤਰਾਂ ਦੇ ਸੰਤਾਪ, ਮੌਤ ਤੇ ਇੱਜਤ-ਆਬਰੂ ਦਾ ਗੌਰਵ ਉਜਾਗਰ ਹੋ ਸਕੇ। ਇਹ ਟੋਆ ਵਿਹੜੇ ਵਿਚ ਨਹੀਂ ਪੁੱਟਿਆ ਜਾ ਰਿਹਾ, ਸੰਤੀ ਦੇ ਸੀਨੇ ਵਿਚ ਪੁੱਟਿਆ ਜਾ ਰਿਹਾ ਹੈ ਜਿਥੇ ਬੈਣੋ ਦਫ਼ਨ ਹੁੰਦੀ ਹੈ।
ਵਾਰਤਾਲਾਪ ਦੀ ਸ਼ੈਲੀ:
ਦੋ ਚਾਰ ਸ਼ਬਦ ਆਪਣੇ ਪਾਤਰਾਂ ਦੀ ਭਾਸ਼ਾ ਬਾਰੇ ਵੀ ਆਖਣਾ ਚਾਹਵਾਂਗਾ।
ਮੈਂ ਬਠਿੰਡੇ ਦੇ ਰੇਤਲੇ ਇਲਾਕੇ ਦਾ ਰਹਿਣ ਵਾਲਾ ਹਾਂ। ਸਹਿਣਾ ਪਿੰਡ ਵਿਚ ਜੰਮਿਆ, ਜੋ ਤੱਪਾ ਮੰਡੀ ਤੋਂ ਪੰਜ ਛੇ ਮੀਲ ਤੇ ਬਠਿੰਡੇ ਤੋਂ ਅਠਾਰਾਂ ਵੀਹ ਮੀਲ ਦੇ ਫਾਸਲੇ ਉਤੇ ਹੈ। ਬਚਪਨ ਇਥੇ ਗੁਜ਼ਰਿਆ। ਫਿਰ ਬਠਿੰਡੇ ਵਿਚ, ਜੋ ਉਸ ਵੇਲੇ ਪਿੰਡ ਹੀ ਤਾਂ ਸੀ। ਆਬਾਦੀ ਮਸਾਂ ਅਠਾਰਾਂ ਹਜ਼ਾਰ। ਇਥੇ ਕੱਚੀਆਂ ਗਲੀਆਂ ਵਿਚ ਮਹੱਲੇ ਦੇ ਤਖਾਣਾ, ਜੁਲਾਹਿਆਂ, ਜੱਟਾਂ ਤੇ ਮਰਾਸੀਆਂ ਦੇ ਮੁੰਡਿਆਂ ਨਾਲ ਖੇਡਦਾ ਮੈਂ ਵੱਡਾ ਹੋਇਆ। ਮਲਵਈ ਜ਼ਬਾਨ ਦਾ ਜੰਮਪਲ ਆਦਮੀ ਆਪਣੀ ਜ਼ਬਾਨ ਕਦੇ ਨਹੀਂ ਭੁੱਲਦਾ। ਦਿੱਲੀ ਦੱਖਣ ਗਾਹ ਆਵੇ ਵਲੈਤ ਫਿਰ ਆਵੇ, ਭਾਵੇਂ ਉਥੇ ਹੀ ਰਹਿ ਜਾਵੇ ਪਰ ਆਪਣੀ ਜ਼ਬਾਨ ਉਸਦੇ ਸੁਪਨਿਆਂ ਵਿਚ ਵੀ ਧੜਕਦੀ ਹੈ। ਜਦ ਬੰਦੇ ਦਾ ਘੋਰੜੂ ਵੱਜਣ ਲੱਗਦਾ ਹੈ ਤਾਂ ਉਸ ਵੇਲੇ ਵੀ ਉਹ ਆਪਣੀ ਜ਼ਬਾਨ ਵਿਚ ਹੀ ਪਾਣੀ ਮੰਗਦਾ ਹੈ।
ਮਲਵਈ ਜ਼ਬਾਨ ਮੇਰੇ ਹੱਡਾਂ ਵਿਚ ਹੈ। ਪਹਿਲਾ ਨਾਟਕ 'ਬੇਬੇ' ਮੈਂ 1943 ਵਿਚ ਮਲਵਈ ਵਿਚ ਲਿਖਿਆ। ਉਸ ਪਿਛੋਂ ਲੋਹਾ-ਕੁੱਟ ਲਿਖਿਆ ਤਾਂ ਇਸਦੀ ਬੋਲੀ ਤੇ ਮਾਹੌਲ ਮਾਲਵੇ ਦਾ ਸੀ ਪਰ ਜਿਥੇ ਸੰਤੀ ਜਜ਼ਬੇ ਵਿਚ ਭਰੀ ਆਪਣੇ ਅੰਤਰੀਵ ਭਾਵਾਂ ਨੂੰ ਪਰਗਟ ਕਰਦੀ ਹੈ ਤੇ ਨਾਟਕੀ ਸਿਖਰਾਂ ਨੂੰ ਛੋਂਹਦੀ ਹੈ ਉਥੇ ਜ਼ਬਾਨ ਭੜਕ ਕੇ ਦਘਣ ਲਗਦੀ ਹੈ, ਤੇ ਕਾਵਿਮਈ ਬਣ ਜਾਂਦੀ ਹੈ। ਇਹ ਇਕ ਸੁਚੇਤ ਪ੍ਰਕ੍ਰਿਆ ਹੈ ਜੋ ਨਾਟਕੀ ਗਤੀ ਨੂੰ ਪ੍ਰਭਾਵਕਾਰੀ ਬਣਾਉਂਦੀ ਹੈ।
ਘੋਰ ਯਥਾਰਥ ਦੇ ਨਾਟਕਾਂ ਵਿਚ- ਜਿਵੇਂ 'ਕੇਸਰੋ, ਬਿਸਵੇਦਾਰ' 'ਰਾਈ ਦਾ ਪਹਾੜ, ਨਵਾਂ ਮੁਢ, 'ਜੁਆਈ: 'ਦੋ ਅੰਨ੍ਹੇ, 'ਮੋਘਾ, ਤਕਾਲਾਂ, ਡੰਗੋਰੀ - ਵਿਚ ਮੈਂ ਮੋਟੀ ਠੁੱਲ੍ਹੀ ਮਲਵਈ ਦੀ ਵਰਤੋਂ ਕੀਤੀ ਹੈ ਕਿਉਂਕਿ ਇਹ ਪਾਤਰਾਂ ਦੇ ਸੁਭਾਅ ਤੇ ਉਹਨਾਂ ਦੇ ਨੈਣ ਨਕਸ਼ਾਂ ਨੂੰ ਵਧੇਰੇ ਚੰਗੀ ਤਰ੍ਹਾਂ ਉਘਾੜਦੀ ਹੈ। ਕਣਕ ਦੀ ਬੋਲੀ (1954) ਦੀ ਫਫੈਕਟਣੀ, ਤਾਬਾਂ ਝੰਡੂ ਤੇ ਮੱਘਰ ਦੀ ਜ਼ਬਾਨ ਨੂੰ ਵੀ ਮਲਵਈ ਪੁੱਠ ਦਿਤੀ ਹੈ, ਪਰ ਤਾਰੋ ਤੇ ਨਰੈਣਾ ਤੇ ਬਚਨਾ ਦੀ ਜ਼ਬਾਨ ਸਰੋਦੀ ਤੇ ਰਮਾਂਚਕ ਹੈ। ਇਸ ਤਰ੍ਹਾਂ ਭਾਸ਼ਾ ਨੂੰ ਨਾਟਕ ਦੀ ਗਤੀ ਤੇ ਜਜ਼ਬੇ ਦੀ ਲੋੜ ਅਨੁਸਾਰ ਵਰਤਿਆ ਹੈ।
ਪੱਤਣ ਦੀ ਬੇੜੀ' (1950) ਦੀ ਨਾਇਕਾ ਦੀਪੇ ਜੇ ਦਰਿਆ ਦੇ ਕੰਢੇ ਝੁੱਗੀ ਵਿਚ ਰਹਿੰਦੀ ਹੈ, ਟਕਸਾਲੀ ਪੰਜਾਬੀ ਬੋਲਦੀ ਹੈ। ਇਸ ਬੋਲੀ ਵਿਚ ਹੀ ਉਹ ਆਪਣੇ ਜਜ਼ਬਾਤ ਦੀਆਂ ਟੱਕਰਾਂ, ਪਿਆਰ ਦੀਆਂ ਤੜਪਾਂ ਤੇ ਗੈਰ ਮਰਦ ਲਈ ਉਬਲਦੇ ਵੇਗ ਨੂੰ ਪਰਗਟਾਉਂਦੀ ਹੈ। ਇਹ ਆਮ ਮੌਲਾਹ ਦੀ ਅਨਪੜ ਤੀਵੀਂ ਦੀ ਬੋਲੀ ਨਹੀਂ, ਸਗੋਂ ਇਹ
ਇਸੇ ਤਰ੍ਹਾਂ ਮੈਂ ਕਣਕ ਦੀ ਬੱਲੀ', ਸੁਲਤਾਨ ਰਜੀਆ' (1972), 'ਧੂਣੀ ਦੀ ਅੱਗ (1968), ਸੌਂਕਣ (1980) ਤੇ ਅਭਿਸਾਰਿਕਾ (1993) ਦੀ ਜਬਾਨ ਨੂੰ ਬਲਦੇ ਵੇਗ ਦਾ ਸੇਕ ਦੇ ਕੇ ਪਾਤਰਾਂ ਦੇ ਦੁਖਾਂਤ ਨੂੰ ਪ੍ਰਜਵਲਿਤ ਕੀਤਾ ਹੈ।
ਕੁਝ ਸ਼ਬਦ ਮੰਚ ਸੈਟਿੰਗ ਤੇ ਮੱਚ ਸਾਮੱਗਰੀ ਬਾਰੇ ਵੀ ਜਰੂਰੀ ਹਨ।
ਲੋਹਾ ਕੁੱਟ' ਦੇ ਪਹਿਲੇ ਐਡੀਸ਼ਨ ਵਿਚ ਕਾਕੂ ਲਹਾਰ ਦੀ ਭੱਠੀ ਦਾ ਜਿਕਰ ਹੈ ਤਾਂ ਮੈਂ ਲੁਹਾਰ ਦੇ ਸਾਰੇ ਸੰਦ ਗਿਣਾ ਛੱਡੇ ਸਨ। ਅਕਵਾਈ ਤੇ ਘਣ-ਵੀ ਫਰਿਰਿਸਤ ਵਿੱਚ ਸ਼ਾਮਲ ਸਨ ਹਾਲਾਂਕਿ ਇਹਨਾਂ ਦੀ ਕੋਈ ਨਾਟਕੀ ਲੋੜ ਨਹੀਂ ਸੀ । ਇਸ ਤਰ੍ਹਾਂ ਕੁੱਕੜ ਤੇ ਤਿੱਤਰਾਂ ਬਾਰੇ ਵੇਰਵੇ। ਮੰਚ ਉੱਤੇ ਅਸਲੀ ਕੁੱਕੜ ਲਿਆਉਣ ਦੀ ਲੋੜ ਨਹੀਂ ਕਿਉਂਕਿ ਅਸਲ ਕੁੱਕੜ ਸ਼ਾਇਦ ਕਾਕੂ ਦੇ ਹੱਥ ਤੇ ਠੁੰਗਾ ਮਾਰ ਕੇ ਐਕਟਰ ਨੂੰ ਜਖਮੀ ਕਰ ਦੇਵੇ ਤੇ ਬਾਂਗਾਂ ਦੇਣ ਲਗ ਪਵੇ। ਟ੍ਰੈਜੇਡੀ, ਅਸਲੀ ਕੁੱਕੜ ਦੀ ਵਰਤੋਂ ਨਾਲ ਕਾਮੇਡੀ ਬਣ ਜਾਵੇਗੀ। ਨਾ ਹੀ ਦੁੱਧ ਦੇ ਉਬਲਣ ਤੇ ਅੰਗ ਦੇ ਭਾਂਬੜਾਂ ਦੀ ਲੋੜ ਹੈ। ਮੰਚ ਦੀ ਬਾਕੀ ਸਾੱਮਗਰੀ ਨੂੰ ਵੀ ਕਲਾਤਮਕ ਤੌਰ ਉਤੇ ਵਰਤਣ ਦੀ ਲੋੜ ਹੈ, ਨਾ ਕਿ ਵਾਸਤਵਿਕ ਰੂਪ ਵਿਚ।
ਦਸੰਬਰ 1994 ਵਿਚ, ਜਦੋਂ ਮਹੇਂਦ੍ਰ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਡੀਪਾਰਟਮੈਂਟ ਦੇ ਸਟੂਡੀਓ ਵਿਚ ਇਹ ਨਾਟਕ ਡਾਇਰੈਕਟ ਕੀਤਾ ਤਾਂ ਉਸ ਨੇ ਇਸ ਨੂੰ ਚਿੰਨ੍ਹਾਤਮਕ ਸ਼ੈਲੀ ਵਿਚ ਰੂਪਮਾਨ ਕੀਤਾ। ਮੰਚ ਦੇ ਯਥਾਰਥਕ ਰੂਪ ਨੂੰ ਤੋੜ ਕੇ ਦਰਸ਼ਕਾਂ ਵਿਚਕਾਰ ਵਗਦੀਆਂ ਪਗਡੰਡੀਆਂ ਨੂੰ ਮੰਚ ਦਾ ਅੰਗ ਬਣਾਇਆ। ਇਸ ਤਰ੍ਹਾਂ ਯਥਾਰਥ ਦੇ ਜੰਮੇ ਹੋਏ ਕਾਰਜ ਸਥਾਨ ਨੂੰ ਪਿਘਲਾ ਕੇ ਵਿਸ਼ਾਲਤਾ ਲਿਆਂਦੀ। ਸਾਹਿਤਕ ਸ਼ਬਦਾਂ ਨੂੰ ਥੀਏਟਰ ਦੀ ਦਰਸ਼ਨੀ ਭਾਸ਼ਾ ਦਿਤੀ।
'ਲੋਹਾ ਕੁਟ' ਦੀ ਪੇਸ਼ਕਾਰੀ ਵਿਚ ਕਈ ਵਿਰੋਧਾਭਾਸੀ ਪ੍ਰਭਾਵ ਉਜਾਗਰ ਕਰਨ ਲਈ ਔਟਲੀਆਂ ਜੁਗਤਾਂ ਵਰਤੀਆਂ ਗਈਆਂ ਹਨ। ਜਦੋਂ ਸਰਬਣ ਪਸ਼ੂਆਂ ਦੇ ਵਾੜੇ ਵਿਚ ਚੋਰੀੳ ਬੈਣੋ ਨੂੰ ਮਿਲਦਾ ਹੈ ਤੇ ਉਹਨਾਂ ਦੇ ਪਿਆਰ ਦਾ ਪਹਿਲਾ ਅੰਗਿਆਰ ਮਘਦਾ ਹੈ ਤਾਂ ਦੂਰ ਕਿਸੇ ਵਿਹੜੇ ਵਿਚ ਜੁਆਨ ਪੁੱਤ ਦੀ ਮੌਤ ਉਤੇ ਸਿਆਪਾ ਹੋ ਰਿਹਾ ਹੁੰਦਾ ਹੈ। ਦੋ ਚਾਨਣ ਚੱਕਰ ਵੱਖ ਵੱਖ ਸਥੱਲਾਂ ਉਤੇ ਬਦਲਦੇ ਪ੍ਰਭਾਵ ਦਰਸਾਉਂਦੇ ਹਨ। ਇਕ ਪਾਸੇ ਤੀਵੀਆਂ ਦਾ ਸਿਆਪਾ ਤੇ ਦੂਜੇ ਪਾਸੇ ਪਿਆਰ ਦਾ ਹੜ੍ਹ।
ਤੀਜੇ ਐਕਟ ਵਿਚ ਜਦੋਂ ਕਾਕੂ ਸ਼ਰਾਬ ਪੀਂਦਾ ਹੈ ਤੇ ਸੰਤੀ ਪਾਣੀ ਦਾ ਅਰਘ ਚੜ੍ਹਾਉਂਦੀ ਹੈ ਤਾਂ ਇਹ ਕਾਰਜ ਦੋ ਪੱਧਰਾਂ ਉੱਤੇ ਵਾਪਰਦਾ ਹੈ। ਕਾਕੂ ਭੱਠੀ ਕੋਲ ਖੜ੍ਹਾ ਸ਼ਰਾਬ ਪੀਂਦਾ ਹੈ ਤੇ ਸੰਤੀ ਚੱਲ੍ਹੇ ਲਾਗੇ ਚੌਂਤਰੇ ਉਤੇ ਖੜ੍ਹੀ ਪਰਾਂਤ ਵਿਚ ਡਿਗਦੇ ਪਾਣੀ ਵਿਚ ਚੰਦਰਮਾ ਦੇਖਦੀ ਹੈ। ਪਾਣੀ ਦੀ ਧਾਰ ਤੇ ਸ਼ਰਾਬ ਦੀ ਧਾਰ ਆਬਸ਼ਾਰ ਵਾਂਗ ਨਜ਼ਰ ਆਉਂਦੇ ਹਨ। ਇਹ ਦੋ ਧਾਰਾਂ ਵੱਖਰੇ ਵੱਖਰੇ ਭਾਵ ਉਜਾਗਰ ਕਰਦੀਆਂ ਹਨ।
ਰੀਹਰਸਲਾਂ ਵਿਚ ਐਕਟਰਾਂ ਨੇ ਕਾਕੂ ਲੁਹਾਰ ਤੇ ਸੰਤੀ ਦੇ ਪਾਤਰਾਂ ਨੂੰ ਤੇ ਉਹਨਾਂ ਦੀ ਜੁਆਨ ਧੀ ਬੈਣੋ ਦੇ ਦੂਹਰੇ ਤੀਹਰੇ ਰਿਸ਼ਤਿਆਂ ਨੂੰ ਘੋਖਿਆ।
ਨਾਟਕ ਵਿਚ ਇਹ ਨਵਾਂ ਮੋੜ ਡਾਇਰੈਕਟਰ ਦੀ ਰਚਨਾਤਮਕ ਸੂਝ ਦਾ ਸਿੱਟਾ ਸੀ। ਜਦੋਂ ਇਹ ਨਾਟਕ ਇਸ ਨਵੇਂ ਰੂਪ ਵਿਚ ਖੇਡਿਆ ਗਿਆ ਤਾਂ ਇਹ ਠੀਕ ਲਗਿਆ ਕਿ ਕਾਕੂ ਬੈਣੋ ਦੀ ਲਾਸ਼ ਚੁਕ ਕੇ ਅੱਧੀ ਰਾਤ ਪਿਛੋਂ ਘਰ ਆਉਂਦਾ ਹੈ। ਜਦੋਂ ਉਹ ਕਹੀ ਚੁਕ ਕੇ ਟੋਆ ਪਟਣ ਲਗਦਾ ਹੈ ਤੇ ਪਹਿਲਾ ਟੱਪ ਮਾਰਦਾ ਹੈ ਤਾਂ ਮਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ। ਇਹ ਘਟਨਾ ਸਾਡੇ ਸਮਾਜ ਵਿਚ ਦੱਬੇ ਜ਼ੁਲਮ ਦੀ ਸਾਖੀ ਭਰਦੀ ਹੈ। ਇਹ ਟ੍ਰੈਜਡੀ ਭਰਪੂਰ ਸ਼ਕਤੀ ਨਾਲ ਉਭਰ ਕੇ ਸਾਹਮਣੇ ਆਉਂਦੀ ਹੈ। ਬੈਣੋ ਦੇ ਕਤਲ ਪਿਛੋਂ ਵਿਹੜੇ ਵਿਚ ਉਦਾਸੀ ਛਾ ਜਾਂਦੀ ਹੈ। ਪਾਤਰਾਂ ਦੀ ਗਤੀ ਉਧੜਨ ਲਗਦੀ ਹੈ। ਉਹਨਾਂ ਦੇ ਪ੍ਰਸਪਰ ਸਬੰਧ ਬਦਲਣ ਲਗਦੇ ਹਨ ਤੇ ਤੀਹਰੇ ਚੌਹਰੇ ਰੂਪਾਂ ਵਿਚ ਉਹਨਾਂ ਦੀ ਚਾਲ ਤੇ ਗਤੀ ਦਿਸਦੀ ਹੈ। ਸੰਤੀ ਹੌਲੀ ਹੌਲੀ ਬਦਲ ਕੇ ਬੈਣੋ ਦੀ ਯਾਦ ਵਿਚ ਬੈਣੋ ਦਾ ਮਾਨਸਿਕ ਚੋਲਾ ਪਹਿਨ ਲੈਂਦੀ ਹੈ। ਕਾਕੂ ਵੀ ਅੰਤ ਵਿਚ ਬਦਲ ਜਾਂਦਾ ਹੈ।
ਸੰਤੀ ਦੇ ਦੌੜਨ ਪਿਛੋਂ ਉਹ ਗੰਡਾਸਾ ਲੈ ਕੇ ਉਸ ਦੇ ਪਿਛੇ ਜਾਂਦਾ ਹੈ ਪਰ ਉਸ ਵਿਚ ਹਿੰਮਤ ਨਹੀਂ ਕਿ ਉਹ ਸੰਤੀ ਨੂੰ ਮੋੜ ਲਿਆਵੇ। ਉਹ ਗੰਡਾਸਾ ਸੁੱਟ ਦੇਂਦਾ ਹੈ। ਉਸ ਨੇ ਸੰਤੀ ਦੇ ਬਾਗ਼ੀ ਰੂਪ ਨੂੰ ਸਵੀਕਾਰ ਕਰ ਲਿਆ ਹੈ। ਸੰਤੀ ਆਪਣੇ ਖਾਵੰਦ ਦੇ ਜ਼ੁਲਮ ਤੇ ਆਪਣੀ ਧੀ ਦੀ ਬਗਾਵਤ ਦੇਖ ਕੇ ਆਪਣੀ ਹੋਣੀ ਬਾਰੇ ਸੋਚਦੀ ਹੈ। ਆਪਣੇ ਮਰਦ ਦੇ ਜ਼ੁਲਮਾਂ ਦੇ ਖਿਲਾਫ਼ ਬਗ਼ਾਵਤ ਕਰਦੀ ਹੈ। ਉਹ ਅਜਿਹੀ ਤੀਂਵੀ ਹੈ ਜੋ ਆਪਣੇ ਜਜ਼ਬਾਤੀ ਸੱਚ ਨੂੰ ਪੁਗਾਉਣ ਲਈ ਕਾਕੂ ਨੂੰ ਛਡ ਕੇ ਚਲੀ ਜਾਂਦੀ ਹੈ ਅਤੇ ਉਸ ਬਗਾਵਤ ਦਾ ਚਿੰਨ੍ਹ ਬਣਦੀ ਹੈ ਜੋ ਅਤ੍ਰਿਪਤ ਤੀਵੀਆਂ ਦੇ ਅਚੇਤ ਮਨ ਵਿਚ ਸੁਲਘਦੀ ਰਹਿੰਦੀ ਹੈ।
ਇਸ ਨਾਟਕ ਨੇ ਕਈ ਮੰਜਿਲਾਂ ਤੈਅ ਕੀਤੀਆਂ। ਮੈਂ ਆਪਣੇ ਸਹਿਯੋਗੀ ਐਕਟਰਾਂ, ਡਾਇਰੈਕਟਰਾਂ ਤੇ ਆਲੋਚਕਾਂ ਦਾ ਸ਼ੁਕਰ ਗੁਜਾਰ ਹਾਂ ਜਿਨ੍ਹਾਂ ਨੇ ਪਚਵੰਜਾ ਸਾਲ ਤੀਕ ਇਸ ਨਾਟਕ ਨੂੰ ਜਿੰਦਾ ਰਖਿਆ ਤੇ ਇਸ ਵਿਚ ਸਾਹ ਭਰੇ। ਮੇਰੀ ਆਪਣੀ ਨਾਟ-ਕਲਾ ਦੇ ਵਿਕਾਸ ਵਿਚ ਲੋਹਾ-ਕੁੱਟ ਦੇ ਨਵੇਂ ਤੇ ਪੁਰਾਣੇ ਐਡੀਸ਼ਨ ਪੜ੍ਹਨ ਨਾਲ ਤੁਹਾਨੂੰ ਕਲਾ ਦੇ ਵਿਰੋਧਾਭਾਸੀ
ਮੈਨੂੰ ਦਸੰਬਰ 1994 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ। ਪ੍ਰੋ. ਤੇਜਵੰਤ ਸਿੰਘ ਗਿੱਲ ਦੇ ਘਰ ਡਿਨਰ ਪਾਰਟੀ ਸੀ । ਇਹ ਇਕ ਤਰ੍ਹਾਂ ਦੀ ਸਾਹਿਤਕ ਗੋਸ਼ਟੀ ਸੀ ਜਿਸ ਵਿਚ ਗੁਰਬਖਸ਼ ਸਿੰਘ ਫਰੈਂਕ, ਮਨਜੀਤਪਾਲ ਕੌਰ, ਗੁਰਉਪਦੇਸ਼ ਸਿੰਘ ਵੀ ਸ਼ਾਮਿਲ ਸਨ।
ਗੱਲਾਂ ਸਾਹਿਤ ਬਾਰੇ ਛਿੜੀਆਂ ਤਾਂ 'ਲੋਹਾ ਕੁਟ’ ਉਤੇ ਬਹਿਸ ਹੋਣ ਲੱਗੀ। ਤੇਜਵੰਤ ਨੇ ਭਖਦੀ ਬਹਿਸ ਵਿਚ ਆਖਿਆ, "ਮੈਨੂੰ ਤੁਹਾਡਾ ਉਨੀ ਸੌ ਚੁਤਾਲੀ ਦਾ ਨਾਟਕ ਜ਼ਿਆਦਾ ਪਸੰਦ ਹੈ। ਇਸ ਵਿਚ ਉਸ ਸਮੇਂ ਦੀਆਂ ਸਮਾਜਕ ਹਕੀਕਤਾਂ ਹਨ ਜੋ ਸ਼ਰਾਬ ਪੀਂਦੇ ਤੇ ਰੋਟੀ ਖਾਂਦੇ ਕਾਕੂ ਦੇ ਦੋਸਤ ਯੱਕੜ ਮਾਰਦੇ ਹੋਏ ਬੋਲਦੇ ਹਨ।" ਬਾਕੀ ਦੇ ਤਿੰਨੇ ਆਲੋਚਕ ਵੀ ਇਸੇ ਗਲ ਦੇ ਹਾਮੀ ਸਨ ਕਿ ਮੈਂ ਨਾਟਕ ਦੇ ਸਮਾਜਕ ਤੇ ਸਿਆਸੀ ਹਾਲਾਤ ਨੂੰ ਬਦਲ ਕੇ ਨਵੇਂ ਐਡੀਸ਼ਨਾਂ ਵਿਚ ਨਵੀਆਂ ਗੱਲਾਂ ਨਾ ਪਾਵਾਂ। ਇਸ ਨਾਲ ਨਾਟਕੀ ਸਿਖਰਾਂ ਦਾ ਪ੍ਰਸਪਰ ਰਿਸ਼ਤਾ ਤੇ ਸਮਾਜਕ ਯਥਾਰਥ ਖਿੰਡ ਜਾਂਦੇ ਹਨ।
ਮੈਂ ਖ਼ੁਦ ਇਹਨਾਂ ਲੀਹਾਂ ਉਤੇ ਹੀ ਨਾਟਕ ਨੂੰ ਸੋਧਣ ਬਾਰੇ ਸੋਚ ਰਿਹਾ ਸਾਂ। ਇਹਨਾਂ ਆਲੋਚਕਾਂ ਨੇ ਮੇਰੇ ਅਨੁਭਵ ਦੀ ਪੁਸ਼ਟੀ ਕੀਤੀ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹਨਾਂ ਦੀ ਅਲੋਚਨਾ ਵਿਚ ਨਿੱਘ ਸੀ ਤੇ ਵਿਸ਼ਲੇਸ਼ਣਾਤਮਕ ਚਮਕ।
ਮੈਂ ਨਾਟਕ ਨੂੰ 1944 ਦੇ ਕਾਲ-ਪਿਛੋਕੜ ਵਿਚ ਰਖ ਕੇ ਪਹਿਲੇ ਐਡੀਸ਼ਨ ਦੇ ਆਧਾਰ ਉਤੇ ਸੋਧਿਆ ਹੈ। ਪੂਰੇ ਪਚਵੰਜਾ ਸਾਲ ਹੋ ਗਏ ਹਨ ਇਸ ਨਾਟਕ ਨੂੰ ਲਿਖਿਆਂ ਤੇ ਹੁਣ ਤੀਕ ਇਹ ਮੰਚ-ਪ੍ਰਦਰਸ਼ਨ ਸਬੰਧੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਮੈਂ ਆਪਣੇ ਸ਼ਿਸ਼-ਮਿੱਤਰ ਬਖਸ਼ੀਸ਼ ਸਿੰਘ ਦਾ ਖ਼ਾਸ ਤੌਰ ਤੇ ਰਿਣੀ ਹਾਂ ਜੋ ਪਿਛਲੇ ਛੱਬੀ ਸਾਲ ਤੋਂ ਮੇਰੀ ਹਰ ਰਚਨਾ ਨਾਲ ਜੁੜਿਆ ਹੋਇਆ ਹੈ ਅਤੇ ਜਿਸ ਦੀ ਸੰਵੇਦਨਸ਼ੀਲਤਾ ਨੇ ਮੇਰੀਆਂ ਰਚਨਾਵਾਂ ਵਿਚ ਕਲਾਤਮਕ ਸ਼ਕਤੀ ਭਰੀ। ਮੇਰਾ ਵਿਸ਼ਵਾਸ ਹੈ ਕਿ ਇਸ ਨਾਟਕ ਨੂੰ ਖੇਡਣ ਨਾਲ ਕਲਾਕਾਰ ਇਸ ਦੇ ਸੋਧੇ ਹੋਏ ਰੂਪ ਦਾ ਜ਼ਿਆਦਾ ਆਨੰਦ ਮਾਣਨਗੇ। ਮੇਰੇ ਆਲੋਚਕ ਇਸ ਦੇ ਸਾਹਿਤਕ ਰੂਪ ਨੂੰ, ਅਤੇ ਬਿੰਬਾਂ, ਚਿੱਤਰਾਂ ਤੇ ਵਾਰਤਾਲਾਪ ਨੂੰ ਸੁਚੇਤ ਕਲਾ ਦਾ ਨਤੀਜਾ ਸਮਝਣਗੇ।
ਸਤੰਬਰ 1998 ਬਲਵੰਤ ਗਾਰਗੀ
ਪੰਜਾਬੀ ਯੂਨੀਵਰਸਿਟੀ
ਪਟਿਆਲਾ।
ਪਾਤਰ
ਕਾਕੂ : ਪਿੰਡ ਦਾ ਲੁਹਾਰ
ਸੰਤੀ : ਉਸ ਦੀ ਬੀਵੀ
ਬੈਣੋ : ਉਸ ਦੀ ਜਵਾਨ ਧੀ
ਦੀਪਾ : ਉਸ ਦਾ ਪੁੱਤ - ਉਮਰ ਬਾਰਾਂ ਸਾਲ
ਬਚਨੀ : ਸੰਤੀ ਦੀ ਸਹੇਲੀ
ਗੱਜਣ : ਸੰਤੀ ਦਾ ਬਚਪਨ ਦਾ ਹਾਣੀ
ਬਣਸੋ : ਰੋਟੀਆਂ ਥੱਪਣ ਵਾਲੀ ਝੀਊਰੀ
ਗੁਆਂਢਣ :
ਤਲੋਕਾ, ਕਰਮਾ, ਬਾਰੂ : ਕਾਕੂ ਦੇ ਦੋਸਤ
ਸਮਾਂ : 1944
ਸਥਾਨ : ਮਾਲਵੇ ਦਾ ਇਕ ਪਿੰਡ। ਸਾਰਾ ਕਾਰਜ ਕਾਕੂ ਲੁਹਾਰ ਦੀ ਭੱਠੀ ਦੇ ਵਿਹੜੇ ਵਿਚ ਵਾਪਰਦਾ ਹੈ।
ਐਕਟ ਪਹਿਲਾ
ਸੀਨ ਪਹਿਲਾ
ਕਾਕੂ ਦੀ ਭੱਠੀ। ਅਹਿਰਨ, ਖੱਲ ਦੀ ਧੋਂਕਣੀ, ਹਥੌੜਾ, ਸੰਨ੍ਹੀ ਤੇ ਹੋਰ ਸੰਦ। ਤਿੱਤਰਾਂ ਦਾ ਪਿੰਜਰਾ ਟੰਗਿਆ ਹੋਇਆ ਹੈ। ਵਿਹੜੇ ਵਿਚ ਲਿੱਪੀ ਹੋਈ ਖੁਲ੍ਹੀ ਰਸੋਈ, ਚੱਲ੍ਹਾ ਤੇ ਭਾਂਡੇ ਟੀਂਡੇ। ਇਕ ਬੂਹਾ ਗਲੀ ਵਿਚ ਖੁਲ੍ਹਦਾ ਹੈ।
ਸੰਤੀ ਭੱਠੀ ਵਿਚ ਕੋਲੇ ਸੁੱਟ ਰਹੀ ਹੈ ਤੇ ਉਸ ਦਾ ਬਾਰਾਂ ਸਾਲ ਦਾ ਪੁੱਤ ਦੀਪਾ ਖੱਲ ਦੀ ਧੌਂਕਣੀ ਚਲਾ ਰਿਹਾ ਹੈ। ਬੈਣੋ ਸਿਰ ਉਤੇ ਪਾਣੀ ਦਾ ਘੜਾ ਚੁਕੀ ਗਲੀ ਵਿਚੋਂ ਆਉਂਦੀ ਹੈ। ਸੰਤੀ ਭੱਠੀ ਤੋਂ ਉਠ ਕੇ ਉਸ ਦਾ ਘੜਾ ਲਹਾਉਂਦੀ ਹੈ। ਬੈਣੋ ਖੂੰਜੇ ਵਿਚ ਘੜਾ ਰੱਖ ਕੇ ਭਿੱਜੀ ਹੋਈ ਕੁੜਤੀ ਛੰਡਦੀ ਹੈ। ਪਿੰਜਰੇ ਨੂੰ ਦੇਖਦੀ ਹੈ ਤੇ ਤਿੱਤਰਾਂ ਨੂੰ ਚੋਗਾ ਪਾਉਂਦੀ ਹੈ। ਉਹ ਹਰੀ ਚੁੰਨੀ ਲਈ ਢਾਕ ਉਤੇ ਦੋਹਣਾ ਰੱਖ ਕੇ ਵਿਹੜੇ ਵਿਚੋਂ ਨਿਕਲਦੀ ਹੈ।
ਸੰਤੀ : ਕਿਧਰ ਚੱਲੀ ਐ ਦੋਹਣਾ ਚੁਕ ਕੇ ?
ਬੈਣੋ : ਧਾਰ ਕੱਢਣ।
ਸੰਤੀ : ਐਡੀ ਛੇਤੀ ? ਡੰਗਰ ਹੁਣੇ ਬਾਹਰੋਂ ਆਏ ਨੇ, ਧਾਰ ਕੱਢਣ ਦਾ ਵੇਲਾ ਨਹੀ ਹੋਇਆ।
ਬੈਣੋ : ਗਾਂ ਨੂੰ ਹੁਣੇ ਚੋ ਲਿਆਵਾਂ, ਨਹੀਂ ਤਾਂ ਲੇਵਾ ਆਕੜ ਜਾਊ। ਮੇਰੀਆਂ ਬਿੜਕਾਂ ਭੰਨਦੀ ਹੋਊ। ਜੇ ਰਤਾ ਚਿਰ ਹੋ ਜਾਏ ਤਾਂ ਸਿੰਗਾਂ ਤੇ ਚੁੱਕਣ ਨੂੰ ਆਉਂਦੀ ਐ।
ਸੰਤੀ : ਹਾਲੇ ਤਾਂ ਦਿਨ ਵੀ ਨਹੀਂ ਛਿਪਿਆ।
ਬੈਣੋ : ਦਿਨ ਛਿਪੇ ਜਾਵਾ ਤਾਂ ਤੂੰ ਗੁੱਸੇ ਹੁੰਨੀ ਐਂ ਕਿ ਕੁਵੇਲੇ ਕਿਉਂ ਤੁਰੀ ਫਿਰਦੀ ਐਂ।
ਸੰਤੀ : ਜਾਹ ਫੇਰ। ਪਰ ਉਥੇ ਹੀ ਨਾ ਬੈਠੀ ਰਹੀ। ਵਾੜੇ ਵਿਚ ਦੁੱਧ ਦਾ ਛਿੱਟਾ ਦੇਣਾ ਨਾ ਭੁੱਲੀ ਨਹੀਂ ਤਾਂ ਗੁੱਗਾ ਪੀਰ ਰੁੱਸ ਜਾਊ। ਚੁਮਾਸੇ ਦੇ ਦਿਨ ਨੇ। ਦੀਵਾ ਬਾਲ ਕੇ ਰਖ ਆਵੀਂ ਤੇ ਛੇਤੀ ਮੁੜੀਂ।
ਦੀਪਾ : ਹਾਲੇ ਤਾਂ ਦਿਨ ਵੀ ਨਹੀਂ ਛਿਪਿਆ।
ਬੈਣੇ : ਤੂੰ ਭੱਠੀ ਤੇ ਬੈਠ ਤੇ ਇਥੋਂ ਦਾ ਕੰਮ ਕਰ। (ਬੈਣੋ ਜਾਂਦੀ ਹੈ।)
ਸੰਤੀ : ਤੂੰ ਕਿਥੇ ਚਲਿਐਂ ? ਹੁਣ ਤੇਰਾ ਬਾਪੂ ਆਉਣ ਵਾਲਾ ਐ। ਫਾਲੇ ਤੇ ਕਹੀਆਂ ਪਏ ਨੇ, ਉਹਨਾਂ ਨੂੰ ਡੰਗਣਾ ਐ।
ਦੀਪਾ : ਗਲੀ ਵਿਚ ਮੇਰੇ ਹਾਣੀ ਖੇਡਦੇ ਸੁਣਾਈ ਦੇਂਦੇ ਨੇ। ਬਾਪੂ ਦੇ ਆਉਣ ਤੋਂ ਪਹਿਲਾਂ ਹੀ ਮੁੜ ਆਊਂ।
ਸੰਤੀ : ਲੈ ਉਹ ਆ ਗਿਆ।
ਦੀਪਾ : ਇਹ ਬਾਪੂ ਨਹੀਂ।
ਸੰਤੀ : ਕੌਣ ਐ ?
ਦੀਪਾ : ਇਹ ਤਾਂ ਗੱਜਣ ਚਾਚਾ ਐ। (ਗੱਜਣ ਹਲ ਚੁਕੀ ਦਾਖ਼ਿਲ ਹੁੰਦਾ ਹੈ।)
ਗੱਜਣ : ਕਾਕੂ ਕਿਥੇ ਐ ?
ਸੰਤੀ : ਕਾਂਸੀ ਪਰੋਹਤ ਕੋਲ ਗਿਐ ਬੈਣੋ ਦੇ ਵਿਆਹ ਦਾ ਦਿਨ ਧਰਨ।
ਗੱਜਣ : ਕੋਈ ਮੁੰਡਾ ਟੋਲ੍ਹ ਲਿਆ ?
ਸੰਤੀ : ਹਾਂ, ਮੌੜਾਂ ਵਾਲੇ ਲਹਾਰ ਦਾ ਪੁਤ।
ਗੱਜਣ : ਚੰਗਾ ਕੀਤਾ। ਹੁਣ ਉਹ ਜੁਆਨ ਹੋ ਗਈ ਤੇ ਵਿਆਹੁਣ ਦੀ ਉਮਰ ਐ। ਸਮਾਂ ਬੀਤਦੇ ਕੀ ਚਿਰ ਲਗਦੈ ਹਾਲੇ ਕੱਲ੍ਹ ਦੀ ਗੱਲ ਐ ਉਹ ਵੇਹੜੇ ਵਿਚ ਗੁੱਡੀਆਂ ਪਟੋਲੇ ਖੇਡਦੀ ਸੀ। ਦਿਨਾਂ ਵਿਚ ਹੀ ਵੱਡੀ ਹੋ ਗਈ। (ਕਾਕੂ ਦਾਖ਼ਿਲ ਹੁੰਦਾ ਹੈ।)
ਸੰਤੀ : ਬੜਾ ਚਿਰ ਲਾ ਕੇ ਆਇਐਂ ?
ਕਾਕੂ : ਪਰੋਹਤ ਕੋਲ ਹੀ ਚਿਰ ਲਗ ਗਿਆ। ਮੌੜਾਂ ਤੋਂ ਬੈਣੋ ਦਾ ਸਹੁਰਾ ਆਇਆ ਹੋਇਆ ਸੀ। ਅਸੀਂ ਮਹੂਰਤ ਕਢਵਾ ਲਿਆ। ਅੱਸੂ ਦਾ ਸਾਹਾ ਨਿਕਲਿਆ। ਪੈਂਚਵੀਂ ਨੂੰ ਵਿਆਹ ਕਰ ਦਿਆਂਗੇ । ਵਿਆਹ ਉੱਤੇ ਤਿੰਨ ਦਿਨ ਜੰਝ ਰਖਾਂਗੇ। ਤਿੰਨ ਦਿਨ ਕੁੜਮਾਂ ਦੀ ਟਹਿਲ। ਰਜਾ ਕੇ ਤੋਰੂੰ ਪਿੰਡ ਵਾਲੇ ਯਾਦ ਰਖਣਗੇ।
ਸੰਤੀ : ਐਵੇਂ ਫੜ੍ਹਾਂ ਨਾ ਮਾਰ। ਜਿਸ ਨੇ ਧੀ ਦੇ ਦਿਤੀ ਉਸ ਨੇ ਸਭ ਕੁਝ ਦੇ ਦਿਤਾ।
ਗੱਜਣ : ਮੈਂ ਬੈਣੋ ਨੂੰ ਰੇਸ਼ਮੀ ਜੋੜਾ ਪਾਊਂ।
ਕਾਕੂ : ਆਪਣੇ ਘਰ ਤਾਂ ਰੇਸ਼ਮੀ ਜੋੜੇ ਵਾਲੀ ਨਾ ਲਿਆਂਦੀ। (ਹੱਸਦਾ ਹੈ)
ਸੰਤੀ : ਦੋ ਮੰਨੀਆਂ ਪਕਾਉਣ ਲਈ ਆਪ ਚੁੱਲ੍ਹੇ ਵਿਚ ਫੂਕਾਂ ਮਾਰਨੀਆਂ ਪੈਂਦੀਆਂ ਨੇ। ਤੀਵੀਂ ਹੁੰਦੀ ਤਾਂ ਪੱਕੀਆਂ ਪਕਾਈਆਂ ਮਿਲਦੀਆਂ। ਚੁੱਲ੍ਹਾ ਬਲਦਾ ਤੇ ਘਰ ਵਿਚ ਸੁਖ ਹੁੰਦਾ।
ਗੱਜਣ : ਭਾਬੀ ਸੰਤੀਏ! ਚੰਗੇ ਚੰਗੇ ਘਰਾਂ ਦੇ ਸਾਕ ਆਏ ਮੈਨੂੰ, ਖਰਬੂਜ਼ੇ ਵਰਗੀਆਂ ਕੁੜੀਆਂ। ਪਰ ਮੈਂ ਹਾਮੀ ਨਾ ਓਟੀ। ਕਬੀਲਦਾਰੀ ਵਿਚ ਫਸ ਕੇ ਘਰ ਜੋਗਾ ਰਹਿ ਜਾਂਦਾ।
ਸੰਤੀ : ਤੈਨੂੰ ਕਬੀਲਦਾਰੀ ਦੇ ਸੁਖ ਦਾ ਕੀ ਪਤਾ। ਮੈਂ ਤਾਂ ਚੁੱਲ੍ਹੇ 'ਤੇ ਬੈਠੀ ਰਾਜ ਕਰਦੀ ਹਾਂ।
ਕਾਕੂ : ਏਸ ਹਥੌੜੇ ਦੀ ਬਰਕਤ ਹੈ ਸਾਰੀ। ਲੋਹੇ ਵਿਚੋਂ ਹੀ ਅਨਾਜ ਉਗਦਾ ਹੈ। ਇਹ ਲੋਹੇ ਦਾ ਫਾਲਾ ਧਰਤੀ ਦੀ ਹਿਕ ਚੀਰਦਾ ਹੈ ਤਾਂ ਬੀਜ ਫੁਟਦਾ ਹੈ। ਫ਼ਸਲਾਂ ਲਹਿਲਹਾਉਂਦੀਆਂ ਨੇ। ਦਾਣਿਆਂ ਨਾਲ ਭੜੋਲੇ ਭਰਦੇ ਨੇ। ਤੇ ਏਸੇ ਲੋਹੇ ਵਿਚੋਂ ਹੀ ਦਾਰੂ ਦੀਆਂ ਬੋਤਲਾਂ ਨਿਕਲਦੀਆਂ ਨੇ। (ਹੱਸਦਾ ਹੈ)
ਸੰਤੀ : ਮਰਦ ਪਤਾ ਨਹੀਂ ਕਿਉਂ ਦਾਰੂ ਪੀਂਦੇ ਨੇ ? ਕਾਹਦਾ ਦੁੱਖ ਹੁੰਦੈ ਇਹਨਾਂ ਨੂੰ ? ਜੇ ਫ਼ਸਲਾਂ ਪੱਕੀਆਂ ਨੇ ਤਾਂ ਦਾਰੂ ਪੀਂਦੇ ਨੇ, ਜੇ ਸੋਕਾ ਪੈ ਜਾਵੇ ਤਾਂ ਦਾਰੂ ਪੀਂਦੇ ਨੇ। ਖ਼ੁਸ਼ੀ ਹੋਵੇ ਜਾਂ ਗ਼ਮੀ ਹੋਵੇ ਇਹਨਾਂ ਨੂੰ ਤਾਂ ਬਸ ਬਹਾਨਾ ਚਾਹੀਦੈ।
ਕਾਕੂ : ਨੀ ਕਮਲੀਏ, ਦੁੱਖ ਤਾਂ ਜੰਮਿਆ ਹੀ ਸਾਡੇ ਨਾਲ ਹੈ। ਤੀਵੀਆਂ ਰੋ ਕੇ, ਛਾਤੀ ਪਿੱਟ ਕੇ ਦਿਲ ਹੌਲਾ ਕਰਦੀਆਂ ਨੇ ਤੇ ਮਰਦ ਦਾਰੂ ਪੀ ਕੇ। ਮੈਂ ਜੇ ਦਾਰੂ ਦਾ ਘੁੱਟ ਨਾ ਲਾਵਾਂ ਤਾਂ ਇਹ ਸਾਲੇ ਹੱਡ ਹੀ ਨਹੀਂ ਖੁਲ੍ਹਦੇ।
ਕਾਕੂ : ਕਿਵੇਂ ਆਇਆ ਸੀ ਗੱਜਣਾ ?
ਗੱਜਣ : ਹਲ ਵਾਹੁੰਦੇ ਦਾ ਕੁੰਡਾ ਟੁਟ ਗਿਆ।
ਕਾਕੂ : ਅੱਜ ਕੱਲ੍ਹ ਕੰਮ ਦਾ ਬੜਾ ਜ਼ੋਰ ਐ। ਪਰਸੋਂ ਤੇਰਾ ਹਲ ਤਿਆਰ ਕਰ ਦੇਊਂਗਾ।
ਲੈ ਜਾਵੀਂ।
ਗੱਜਣ : ਦੀਪਿਆ, ਰਤਾ ਹਿੰਮਤ ਨਾਲ ਫੂਕਾਂ ਲਾ। (ਤਲੋਕਾ, ਕਰਮਾ ਤੇ ਬਾਰੂ ਆਉਂਦੇ ਹਨ। ਉਹਨਾਂ ਕੋਲ ਕਹੀ ਤੇ ਹਲ ਹੈ)
ਤਲੋਕਾ : ਮੇਰਾ ਫਾਲਾ ਡੰਗ ਦਿੱਤਾ ?
ਕਾਕੂ : ਬਸ ਤੇਰਾ ਕੰਮ ਹੀ ਚੜ੍ਹਿਆ ਹੋਇਐ ਅਹਿਰਨ ਉੱਤੇ। ਦੋ ਕੁ ਸੱਟਾਂ ਲਾਉਣੀਆ ਨੇ। ਤੂੰ ਹੀ ਲਵਾ ਦੇਹ। (ਤਲੋਕਾ ਲਾਲ ਸੂਹੇ ਫਾਲੇ ਉਤੇ ਸੱਟਾਂ ਮਾਰਦਾ ਹੈ) ਸ਼ਾਬਾਸ਼ੇ! ਜੀਉਂਦਾ ਰਹਿ! ਰਤਾ ਹੌਲੀ। ਹਾਂ, ਬਸ ਠੀਕ ਐ।
ਤਲੋਕਾ : (ਸੱਟਾਂ ਮਾਰਦਾ ਹੋਇਆ) ਹਈ ਸ਼ੈ।
ਕਾਕੂ : ਹੁਣ ਰਤਾ ਪੋਲੀਆਂ। ਤਲੀ ਵਾਲੇ ਪਾਸਿਉਂ।
ਤਲੋਕਾ : ਫ਼ਿਕਰ ਨਾ ਕਰ।
ਕਾਕੂ : ਬਸ ਸੂਤ ਐ। (ਉਹ ਫਾਲੇ ਨੂੰ ਪਾਣੀ ਦੀ ਬਾਲਟੀ ਵਿਚ ਡੁਬੋ ਕੇ ਕਢਦਾ ਹੈ।)
ਤਲੋਕਾ : ਫਾਲਾ ਰਤਾ ਠੀਕ ਤਰ੍ਹਾਂ ਠੋਕੀਂ ।
ਕਾਕੂ : ਤੂੰ ਵੇਖਦਾ ਜਾਹ। ਤੇਰਾ ਹਲ ਭਾਵੇਂ ਟੁੱਟ ਜਾਵੇ ਫਾਲਾ ਨਹੀਂ ਨਿਕਲਦਾ।
ਤਲੋਕਾ : ਮੀਂਹ ਵਰ੍ਹੇ ਹੋਏ ਨੇ, ਧਰਤੀ ਆਫਰੀ ਹੋਈ ਐ। ਮੈਨੂੰ ਨਵਾਂ ਫਾਲਾ ਚਾਹੀਦੈ। ਪੱਕੇ ਲੋਹੇ ਦਾ।
ਕਾਕੂ : ਪੱਕੇ ਲੋਹੇ ਦਾ ਅੱਜ ਕਲ੍ਹ ਕਾਲ ਪੈ ਗਿਐ। ਮੰਡੀ ਵਿਚ ਜਾ ਕੇ ਦਸ ਦੁਕਾਨਾਂ ਤੋਂ ਪੁੱਛਣਾ ਪਵੇਗਾ।
ਕਰਮਾ : ਕਿਉਂ ?
ਕਾਕੂ : ਅੱਜ ਕਲ੍ਹ ਲੋਹੇ ਦਾ ਹੀ ਕੰਮ ਐ। ਜੰਗ ਲਗੀ ਹੋਈ ਐ। ਲੋਹੇ ਦੀਆਂ ਬੰਦੂਕਾਂ ਬਣਦੀਆਂ ਨੇ, ਤੋਪਾਂ ਬਣਦੀਆਂ ਨੇ, ਤਲਵਾਰਾਂ ਬਣਦੀਆਂ ਨੇ। (ਕਾਕੂ ਫਾਲਾ ਠੋਕਦਾ ਹੈ)
ਕਰਮਾ : ਤੈਨੂੰ ਪਤੈ ਬਿਸ਼ਨੇ ਨੇ ਧੀ ਦੇ ਵਿਆਹ ਉੱਤੇ ਅੰਨ੍ਹਾ ਖਰਚ ਕੀਤਾ। ਪਰ ਪੰਦਰਾਂ ਦਿਨਾਂ ਪਿਛੋਂ ਹੀ ਕੁੜੀ ਦੇ ਸਹੁਰਿਆਂ ਨੇ ਟੂਮ ਛੱਲਾ ਲਹਾ ਕੇ ਉਸ ਨੂੰ ਪੇਕੀਂ ਤੋਰ ਦਿਤਾ।
ਬਾਰੂ : ਆਖਦੇ ਸਨ ਦਾਜ ਥੋੜ੍ਹਾ ਲਿਆਂਦਾ।
ਕਰਮਾ : ਭਾਈ ਅੰਤਾਂ ਦੇ ਗਹਿਣੇ ਕੱਪੜੇ ਦਿਤੇ ਸਨ ਮਾਪਿਆਂ ਨੇ। ਪਰ ਸੁਣਦੇ ਹਾਂ ਮੁੰਡੇ ਵਿਚ ਹੀ ਨੁਕਸ ਸੀ। ਕੁੜੀ ਨੂੰ ਪਹਿਲੀ ਰਾਤ ਹੀ ਪਤਾ ਲਗ ਗਿਆ।
ਤਲੋਕਾ : ਲੋਕ ਹਮੇਸ਼ਾਂ ਤੀਵੀਂ ਵਿਚ ਹੀ ਨੁਕਸ ਕਢਦੇ ਨੇ। ਲੱਭੂ ਸੁਨਿਆਰ ਨੇ ਤਿੰਨ
ਕਾਕੂ : ਓਏ ਕਮਲਿਓ! ਜੇ ਮੁੰਡਾ ਖੇਤ ਵਿਚ ਹਲ ਚਲਾਉਂਦਾ ਹੋਵੇ ਜਾਂ ਅਹਿਰਨ ਉੱਤੇ ਲੋਹਾ ਕੁਟਦਾ ਹੋਵੇ ਤਾਂ ਉਸ ਵਿਚ ਕੋਈ ਨੁਕਸ ਨਹੀਂ ਪੈਂਦਾ। ਉਹਨਾਂ ਦੀ ਕੁੜੀ ਦੇ ਚਾਲੇ ਹੀ ਨਹੀਂ ਸਨ ਚੰਗੇ।
ਬਾਰੂ : ਪਰ ਬਿਸ਼ਨੇ ਦੇ ਕੁੜਮ ਰੁਪਈਏ ਦੇ ਭੁੱਖੇ ਸਨ। ਨੂੰਹ ਨੂੰ ਧੱਕੇ ਦੇ ਕੇ ਮਾਪਿਆਂ ਦੇ ਘਰ ਤੋਰ ਦਿਤਾ ਕਿ ਇਹ ਬਦਚਲਨ ਐ। ਹੁਣ ਉਹ ਰਾਤ ਨੂੰ ਵਿਹੜੇ ਵਿਚ ਕੂਕਾਂ ਮਾਰਦੀ ਹੈ — ਮੈਂ ਕੁਆਰੀ ਆਂ ਵੇ ਲੋਕੋ। ਮੈਂ ਕੁਆਰੀ ਆਂ!
ਕਾਕੂ : ਐਵੇਂ ਪਾਖੰਡ ਕਰਦੀ ਹੈ। ਇਹੋ ਜਿਹੀ ਧੀ ਬਾਪ ਦੀ ਮਿੱਟੀ ਪੁੱਟਣ ਲਈ ਹੀ ਜੰਮਦੀ ਹੈ। (ਹਲ ਦਾ ਫਾਲਾ ਠੋਕ ਕੇ) ਲੈ ਬਈ ਤੇਰਾ ਹਲ ਤਿਆਰ ਐ ਤਲੋਕਿਆ। (ਤਿੰਨੇ ਜਾਂਦੇ ਹਨ।)
(ਹਾਕ ਮਾਰ ਕੇ) ਦੀਵਾ ਬਾਲ ਲਿਆਵੀਂ। ਕੁਵੇਲਾ ਹੋ ਗਿਆ।
(ਸੰਤੀ ਦੀਵਾ ਬਾਲ ਕੇ ਲਿਆਉਂਦੀ ਹੈ। ਕਾਕੂ ਫਾਲਾ ਕੁੱਟਦਾ ਹੈ।)
ਸੰਤੀ : ਰੋਟੀ ਖਾ ਲੈ, ਸਵੇਰ ਦਾ ਘਰੋਂ ਨਿਕਲਿਆ ਹੋਇਆ ਸੈਂ। ਰੋਟੀ ਠੰਢੀ ਹੋ ਜਾਊ।
ਕਾਕੂ : ਜੇ ਲੋਹਾ ਠੰਢਾ ਹੋ ਜਾਵੇ ਤਾਂ ਮਾੜਾ। ਇਸ ਵੇਲੇ ਫਾਲੇ ਲਾਲ ਸੂਹੇ ਹੋਏ ਪਏ ਨੇ, ਇਹਨਾਂ ਨੂੰ ਚੰਡਣਾ ਚਾਹੀਦੈ। ਬਸ ਤਿੰਨ ਕੁ ਹੋਰ ਰਹਿੰਦੇ ਨੇ। ਕਿਥੈ ਐ ਮੇਰੀ ਛੈਣੀ ?
ਦੀਪਾ : ਪਤਾ ਨਹੀਂ।
ਕਾਕੂ : ਛੈਣੀ ਕਿਥੇ ਐ ਬੈਣੋ ਦੀ ਮਾਂ ?
ਸੰਤੀ : ਏਥੇ ਈ ਕਿਤੇ ਰਖੀ ਹੋਣੀ ਐ ਬੈਣੋ ਨੇ।
ਕਾਕੂ : ਉਹ ਕੀ ਕਰਦੀ ਸੀ ਛੈਣੀ ਨਾਲ ?
ਸੰਤੀ : ਐਥੇ ਈ ਕਿਤੇ ਹੋਊ।
ਕਾਕੂ : ਤੂੰ ਲਭ ਦੇਹ।
ਸੰਤੀ : ਉਹੀ ਆ ਕੇ ਲੱਭ ਦੇਊ।
ਕਾਕੂ : ਕਿਥੇ ਐ ਉਹ ?
ਸੰਤੀ : ਗਾਂ ਦੀ ਧਾਰ ਕਢਣ ਗਈ ਐ।
ਕਾਕੂ : ਇਕੱਲੀ ?
ਸੰਤੀ : ਹਾਂ।
ਕਾਕੂ : ਤੈਨੂੰ ਐਨੀ ਵਾਰ ਆਖਿਐ ਕਿ ਉਸ ਨੂੰ ਵਾੜੇ ਵਿਚ ਦੁੱਧ ਚੋਣ ਇਕੱਲੀ ਨਾ ਭੇਜਿਆ ਕਰ।
ਸੰਤੀ : ਹੁਣੇ ਆ ਜਾਂਦੀ ਐ।
ਕਾਕੂ : ਤੂੰ ਆਪ ਕਿਉਂ ਨਾ ਗਈ ?
ਸੰਤੀ : ਮੈਂ ਇਕੱਲੀ ਕਿਧਰ ਕਿਧਰ ਜਾਵਾਂ ? ਟੋਭੇ ਉੱਤੇ ਕਪੜੇ ਧੋਣ ਗਈ ਭਾਂਡੇ ਮਾਂਜੇ, ਰੋਟੀਆਂ ਥੱਪੀਆਂ ਤੇ ਭੱਠੀ ਧੁਖਾਈ।
ਕਾਕੂ : ਰੋਟੀਆਂ ਠਹਿਰ ਕੇ ਥੱਪ ਲੈਂਦੀ ਜਾਂ ਉਸ ਨੂੰ ਆਖਦੀ ਉਹ ਪਕਾ ਲੈਂਦੀ। ਕਿੰਨਾ ਚਿਰ ਹੋ ਗਿਆ ਉਸ ਨੂੰ ਗਈ ਨੂੰ ?
ਦੀਪਾ : ਕਦੋ ਦੀ ਗਈ ਐ ਬਾਪੂ। ਮੈਂ ਜਾਵਾਂ ?
ਕਾਕੂ : ਜਾਹ, ਤੇ ਬੁਲਾ ਲਿਆ ਉਸ ਨੂੰ! (ਦੀਪਾ ਦੌੜ ਜਾਂਦਾ ਹੈ)
ਹੁਣ ਉਹ ਨਿਆਣੀ ਨਹੀਂ, ਮੁਟਿਆਰ ਹੋ ਗਈ ਐ। ਉਸ ਨੂੰ ਨਿਗਾਹ ਹੇਠ ਰਖਿਆ ਕਰ।
ਸੰਤੀ : ਉਹ ਜਾਂਦੀ ਵੀ ਕਿਥੇ ਐ ? ਬਸ ਘਰ ਦਾ ਕੰਮ ਕਰਦੀ ਐ।
ਕਾਕੂ : ਹਾਂ ਹਾਂ, ਘਰ ਦਾ ਕੰਮ ਘਰ ਬਹਿ ਕੇ ਕਰੇ।
ਸੰਤੀ : ਮੈਂ ਰੋਟੀਆਂ ਥੱਪ ਕੇ ਭੱਠੀ ਤਪਾ ਰਹੀ ਸਾਂ, ਧਾਰ ਕੱਢਣ ਕੌਣ ਜਾਂਦਾ ?
ਇਹ ਮਾਰ-ਖੁੰਡੀ ਗਾਂ ਕਿਸੇ ਹੋਰ ਨੂੰ ਨੇੜੇ ਵੀ ਤਾਂ ਨਹੀਂ ਆਉਣ ਦੇਂਦੀ। ਉਸ ਦਿਨ ਦੁੱਧ ਚੋਣ ਗਈ ਤਾਂ ਉਸ ਨੇ ਮੇਰੇ ਛੜ ਮਾਰੀ। ਹੁਣ ਤੀਕ ਛਾਤੀ ਦੁਖਦੀ ਐ। ਉਹ ਬੈਣੋ ਦੇ ਹੱਥ ਪਈ ਹੋਈ ਐ। ਉਹ ਉਸ ਦੀ ਧਾਰ ਕੱਢੇ ਤਾਂ ਕੱਢੇ।
ਕਾਕੂ : ਭੁੱਲ ਗਈ ? ਵਾੜੇ ਵਿਚ ਸਰਬਣ ਨਾਲ ਗੱਲ ਕਰਦੀ ਦੇਖੀ ਗਈ ਸੀ। ਦੀਵੇ ਬਲ ਉਠੇ ਸਨ। ਬਣਸੋ ਨੇ ਦੇਖਿਆ ਕਿ ਬੈਣੋ ਸਰਬਣ ਦੇ ਮੂੰਹ ਵਿਚ ਗਾਂ ਦੇ ਦੁੱਧ ਦੀਆਂ ਧਾਰਾਂ ਮਾਰ ਰਹੀ ਸੀ। ਸਾਰੇ ਪਿੰਡ ਵਿਚ ਗੱਲ ਉਡ ਗਈ। ਸੰਤੀ : ਲੋਕਾਂ ਦੀ ਕੋਈ ਜੀਭ ਫੜੀ ਜਾਂਦੀ ਹੈ ? ਖੰਡਾਂ ਦੀਆਂ ਡਾਰਾਂ ਬਣਾਉਂਦੀਆਂ ਨੇ ਇਸ ਪਿੰਡ ਦੀਆਂ ਤੀਵੀਆਂ। ਮੈਂ ਜਾਣਦੀ ਆਂ ਆਪਣੀ ਧੀ ਨੂੰ, ਕੋਈ ਐਬ ਨਹੀਂ ਉਸ ਵਿਚ।
ਕਾਕੂ : ਤੇਰੀ ਤਾਂ ਮੱਤ ਮਾਰੀ ਹੋਈ ਐ। ਮਸਾਂ ਮਸਾਂ ਸਾਕ ਟੋਲਿਐ ਉਸ ਲਈ। ਕੋਈ ਘੋੜੀ ਮੰਗਦਾ ਸੀ, ਕੋਈ ਜੋੜੀ। ਇਹ ਤਾਂ ਉਹਦੇ ਕਰਮ ਚੰਗੇ ਸਨ ਕਿ ਮੌੜਾਂ ਵਾਲਿਆਂ ਨੇ ਸਾਕ ਲੈ ਲਿਆ।
ਸੰਤੀ : ਮੁੰਡਾ ਦੇਖਿਆ ਏ ਕਿ ਸੁਣੀ ਸੁਣਾਈ ਉੱਤੇ ਆਫਰਿਆ ਫਿਰਦੈਂ?
ਕਾਕੂ : ਮੈਂ ਆਪ ਦੇਖ ਕੇ ਆਇਆਂ। ਸਾਰੇ ਇਲਾਕੇ ਵਿਚ ਲੁਹਾਰਾ ਕੰਮ ਅੱਬਲ ਐ। ਮੁੰਡਾ ਬੜਾ ਤਗੜਾ। ਪੰਦਰਾਂ ਪੰਦਰਾਂ ਘੱਟ ਕੰਮ ਕਰਦਾ ਨਹੀਂ ਥੱਕਦਾ, ਜਿਵੇਂ ਲੋਹੇ ਦਾ ਬਣਿਆ ਹੋਵੇ।
ਸੰਤੀ : ਫੱਤੇ ਘੁਮਿਆਰੀ ਕਹਿੰਦੀ ਸੀ ਕਿ ਮੁੰਡਾ ਕਾਲਾ-ਧੂਤ ਐ।
ਕਾਕੂ : ਹੂੰਹ! ਏਸ ਲਈ ਕੋਈ ਤਸੀਲਦਾਰ ਸਾਹਿਬ ਕਿਥੋਂ ਭਾਲ ਲਿਆਵਾਂ। ਨੀ ਇਹ ਤਾਂ ਵੇਹਲਿਆਂ ਦੀਆਂ ਗੱਲਾਂ ਨੇ-ਅੰਗ ਪੈਰ ਹਿਲਾਉਣਾ ਨਹੀਂ ਦੇਹ ਨੇ ਛੇਕੜ ਪੀਲਾ ਹੀ ਹੋਣਾ ਹੋਇਆ। ਅੱਗੇ ਤੋਂ ਯਾਦ ਰਖੀ ਉਸ ਨੂੰ ਰਾਤ ਵੇਲੇ ਵਾੜੇ ਵਿਚ ਨਾ ਭੇਜੀਂ। ਜੇ ਉਹਦੇ ਸਹੁਰੀ ਇਸ ਗੱਲ ਦੀ ਸੂਹ ਵੀ ਪੈ ਗਈ ਤਾਂ ਉਹਨਾਂ ਨੇ ਸਾਕ ਛਡ ਦੇਣਾ ਐ।
ਸੰਤੀ : ਤੈਨੂੰ ਤਾਂ ਐਵੇਂ ਕਵੱਲੀਆਂ ਸੁਝਦੀਆਂ ਨੇ। ਮੈਂ ਉਸ ਦਿਨ ਪੁਛਿਆ ਤਾਂ ਉਸ ਨੇ ਗਊ ਦੀ ਪੂਛ ਫੜ ਕੇ ਸਹੁੰ ਖਾਧੀ ਸੀ।
ਕਾਕੂ : ਜਾ ਕੇ ਦੇਖਦਾ ਆਂ ਕੀ ਕਰਦੀ ਐ ਉਥੇ। ਐਨਾ ਚਿਰ ਹੋ ਗਿਆ। ਨਜ਼ਾਮ ਸੱਕੇ ਦੀ ਘੋੜੀ ਦੋ ਫੇਰੇ ਲਾ ਕੇ ਆ ਗਈ। ਸੋਧਾਂ ਬੱਕਰੀ ਚਾਰ ਕੇ ਮੁੜ ਆਈ। ਤੰਦੂਰ ਤੋਂ ਸਾਰੀਆਂ ਤੀਵੀਆਂ ਰੋਟੀਆਂ ਪਕਾ ਕੇ ਚਲੀਆਂ ਗਈਆਂ। ਤੇ ਉਹ ਹੁਣ ਤੀਕ ਨਹੀਂ ਆਈ। ਜਿਥੇ ਜਾਂਦੀ ਐ ਛਪਰੀਆਂ ਪਾ ਕੇ ਬਹਿ ਜਾਂਦੀ ਐ। (ਦੀਪਾ ਦੌੜਦਾ ਆਉਂਦਾ ਹੈ।)
ਦੀਪਾ : ਬਾਪੂ!
ਕਾਕੂ : ਕੀ?
ਦੀਪਾ : ਬੈਣੋ ਵਾੜੇ ਵਿਚ ਨਹੀਂ। ਮੈਂ ਸਾਰੇ ਦੇਖਿਆ। ਖੁਰਲੀ ਉੱਤੇ ਦੁੱਧ ਦਾ ਦੋਹਣਾ ਪਿਆ ਸੀ ਤੇ ਉਹ ਆਪ ਉਥੇ ਨਹੀਂ ਸੀ।
ਕਾਕੂ : ਚੰਦਰੀ ਐਲਾਦ! ਘਰ ਦੀ ਇੱਜ਼ਤ ਉੱਤੇ ਕਲੰਕ। ਤੂੰ ਬੈਠ ਇਥੇ। ਮੈਂ ਜਾਨੈਂ ਤੇ ਲਿਆਉਂਦਾ ਹਾਂ ਉਸ ਨੂੰ। (ਬੈਣੋ ਦੁੱਧ ਦਾ ਦੋਹਣਾ ਚੁੱਕੀ ਆਉਂਦੀ ਹੈ ਤੇ ਅੰਦਰ ਜਾਣ ਲਗਦੀ ਹੈ।)
ਕਾਕੂ : ਬੈਣੋ!
ਬੈਣੋ : ਕੀ?
ਕਾਕੂ : ਕਿਥੇ ਗਈ ਸੈਂ ?
ਬੈਣੋ : ਧਾਰ ਕੱਢਣ।
ਕਾਕੂ : ਵਾੜੇ ਵਿਚ ਨਹੀਂ ਸੈਂ ਤੂੰ।
ਬੈਣੋ : ਮੈਂ ਉਥੇ ਹੀ ਸਾਂ। ਦੇਖ ਦੁੱਧ ਦਾ ਦੋਹਣਾ। ਹਾਲੇ ਤਾਂ ਝੱਗ ਵੀ ਨਹੀਂ ਬੈਠੀ।
ਕਾਕੂ : ਜਾਣਦੈਂ ਤੇਰੇ ਚਾਲੇ।
ਬੈਣੋ : ਮੈਂ ਵਾੜੇ ਵਿਚ ਹੀ ਸਾਂ। ਕਿੱਲੇ ਨਾਲੋਂ ਵੱਛਾ ਛਡਿਆ ਤਾਂ ਉਸ ਨੇ ਢੁੱਡਾਂ ਮਾਰ ਕੇ ਗਾਂ ਨੂੰ ਪਸਮਾ ਲਿਆ ਤੇ ਦੁੱਧ ਚੁੰਘਣ ਲੱਗਾ। ਮੈਂ ਨਿਆਣਾ ਪਾ ਕੇ ਉਸ ਦੇ ਥਣ ਧੋਤੇ। ਵੱਛੇ ਨੂੰ ਧੂਹ ਕੇ ਕਿੱਲੇ ਨਾਲ ਬੰਨ੍ਹਿਆ ਤੇ ਦੁੱਧ ਚੋਣ ਬੈਠ ਗਈ।
ਕਾਕੂ : ਤੇਰੇ ਪਿਛੇ ਦੀਪੇ ਨੂੰ ਭੇਜਿਆ, ਪਰ ਤੂੰ ਉਥੇ ਨਹੀਂ ਸੈਂ।
ਬੈਣੋ : ਮੈਨੂੰ ਪਤਾ ਨਹੀਂ ਸੀ ਕਿ ਦੁੱਧ ਚੋਣ ਲੱਗੇ ਜੇ ਰਤਾ ਚਿਰ ਹੋ ਗਿਆ ਤਾਂ ਘਰ ਵਿਚ ਧਮੱਚੜ ਮੱਚ ਜਾਊ। ਮਗਰੇ ਮੁੰਡਾ ਭਜਾ ਦਿਤਾ, ਜਿਵੇਂ ਮੈਂ ਚੋਰ ਹੁੰਨੀ ਆਂ।
ਦੀਪਾ : ਮੈਂ ਇਸ ਨੂੰ ਸਾਰੇ ਦੇਖਿਆ-
ਕਾਕੂ : ਮੈਨੂੰ ਪਤੈ ਜਿਥੇ ਗਈ ਸੈਂ। ਮਿਲਣ ਗਈ ਸੈਂ ਉਸ ਧਗੜੇ ਨੂੰ ਕੰਧ ਟੱਪ ਕੇ। ਘਰ ਤਾਂ ਜਿਵੇਂ ਤੈਨੂੰ ਸੱਪ ਲੜਦੈ।
ਬੈਣੋ : ਬਾਪੂ!
ਕਾਕੂ : ਕਮਜ਼ਾਤੇ! ਕਿਸੇ ਨਾ ਕਿਸੇ ਪੱਜ ਬਾਹਰ ਟਿਭੀ ਰਹਿਨੀ ਐਂ-ਕਦੇ ਛੋਪੇ ਕੱਤਣ, ਕਦੇ ਗਿੱਧਾ ਪਾਉਣ, ਕਦੇ ਟੋਭੇ ਉੱਤੇ ਕਪੜੇ ਧੋਣ। ਕੋਈ ਨਾ ਕੋਈ ਬਹਾਨਾ ਚਾਹੀਦੈ ਤੈਨੂੰ। ਬਾਜ ਨਹੀਂ ਆਉਂਦੀ ਮਿਲਣੋਂ ਉਸ ਬਦਮਾਸ਼ ਨੂੰ ?
ਬੈਣੋ : ਤੈਨੂੰ ਪਿੰਡ ਦਾ ਹਰ ਗਭਰੂ ਬਦਮਾਸ਼ ਲਗਦੈ। ਹਰ ਵੇਲੇ ਸ਼ੱਕ, ਹਰ ਵੇਲ ਅੱਖਾਂ ਵਿਚ ਲਹੂ।
ਕਾਕੂ : ਐਨੀ ਵਾਰ ਵਰਜਿਆ ਏ ਤੈਨੂੰ। (ਬੈਣੋ ਅੰਦਰ ਜਾਣ ਲਗਦੀ ਹੈ।)
ਬੈਣੋ : ਛਡ ਮੈਨੂੰ!
ਕਾਕੂ : ਜੇ ਕੱਲ੍ਹ ਤੋਂ ਦੁੱਧ ਚੋਣ ਗਈ ਤਾਂ ਟੰਗਾਂ ਭੰਨ ਦੇਊਂ।
ਬੈਣੋ : ਛ਼ੱਡ!
ਕਾਕੂ : ਤੇਰੇ ਇਹ ਚਾਲੇ ਕਿਸੇ ਦਿਨ ਸਾਨੂੰ ਲੈ ਡੁੱਬਣਗੇ। ਛੇਕੜਲੇ ਵੇਲੇ ਤੂੰ ਮੇਰੀ ਦਾਹੜੀ ਵਿਚ ਖੇਹ ਈ ਪਾਉਣੀ ਐ। ਹੋਰ ਕੀ। ਤੇ ਏਧਰ ਮੈਂ ਇਹਦੇ ਲਈ ਵਰ ਟੋਲਦਾ ਫਿਰਦਾ ਆਂ। ਐਡਾ ਤਗੜਾ ਲੁਹਾਰਾ ਕੰਮ ਐ ਉਸ ਮੁੰਡੇ ਦਾ।
ਬੈਣੋ : ਹਾਂ ਲੁਹਾਰਾ! ਏਸੇ ਲਈ ਮੇਰਾ ਜੀਅ ਉਸ ਤੋਂ ਨਫ਼ਰਤ ਖਾਂਦਾ ਐ।
ਕਾਕੂ : ਤੇਰੀ ਸੁਰਤ ਟਿਕਾਣੇ ਹੈ ਕਿ ਨਹੀਂ ?
ਬੈਣੋ : ਨਹੀਂ।
ਕਾਕੂ : ਕੀ ਆਖਿਆ ?
ਬੈਣੋ : ਨਹੀਂ, ਮੇਰੀ ਸੁਰਤ ਟਿਕਾਣੇ ਨਹੀਂ। ਮੈਂ ਰੋਜ਼ ਦਾ ਇਹ ਝੂਠ ਮੁਕਾ ਦਿਆਗੀ।
ਕਾਕੂ : ਕੌਣ ਮਾਰਦਾ ਐ ਝੂਠ ?
ਬੈਣੋ : ਮੈਂ।
ਕਾਕੂ : ਕੀ ?
ਬੈਣੋ : ਮੈਂ ਮਾਰਿਆ ਸੀ ਝੂਠ। ਮੈਂ ਇਹ ਗੱਲ ਲੁਕਾਉਂਦੀ ਰਹੀ। ਪਰ ਅੱਜ ਇਸ ਦਾ ਨਿਤਾਰਾ ਕਰ ਕੇ ਹਟੂੰ। ਮੈਂ ਉਸੇ ਨੂੰ ਮਿਲਣ ਗਈ ਸਾਂ –
ਕਾਕੂ : ਤੂੰ ਮੇਰੀ ਧੀ ਨਹੀਂ ਕਿਸੇ ਬੇਈਮਾਨ ਦੀ ਜਣੀ ਐਂ। ਦੇਖਦੀ ਕੀ ਏਂ ? ਸੁਣਦੀ ਨਹੀਂ ?
ਬੈਣੋ : ਨਹੀਂ।
ਕਾਕੂ : ਕੀ ?
ਬੈਣੋ : ਮੈਂ ਕੁਝ ਨਹੀਂ ਸੁਣਿਆ। ਮੇਰੀ ਸੰਘੀ ਘੁੱਟ ਦਿਉ। ਮੈਨੂੰ ਵਢ ਦਿਉ-
ਕਾਕੂ : ਤੂੰ ਇਹ ਲੱਛਣ ਛਡ ਦੇਹ ਕੁਪੱਤੀਏ। ਏਸ ਤਰ੍ਹਾਂ-
ਬੈਣੋ : ਹਾਂ ਏਸ ਤਰ੍ਹਾਂ... ਮੈਂ ਨਹੀਂ ਰਹਿਣਾ! ਨਹੀਂ! ਨਹੀਂ!! ਸੌ ਵਾਰੀ ਨਹੀਂ!!
ਕਾਕੂ : (ਉਸ ਦੀ ਬਾਂਹ ਮਰੋੜ ਕੇ) ਮਿਲੇਂਗੀ ਉਸ ਨੂੰ ? ਮਿਲੇਂਗੀ ? ਮਿਲੇਂਗੀ ?
ਬੈਣੋ : ਨਹੀਂ। ਛੱਡ ...ਨਹੀਂ... ਛੱਡ (ਸੰਤੀ ਦੌੜ ਕੇ ਆਉਂਦੀ ਹੈ)
ਸੰਤੀ : ਕਿਉਂ ਘੁਲਣ ਲਗਿਐਂ ਕੁੜੀ ਨਾਲ ? ਛੱਡ ਮੇਰੀ ਧੀ ਨੂੰ।
ਕਾਕੂ : ਜਦੋਂ ਮੈਂ ਇਸ ਨੂੰ ਸਾਹਮਣੇ ਬੋਲਦੀ ਦੇਖਦਾ ਆ, ਤਾਂ ਮੈਨੂੰ ਅੱਗ ਲਗ ਜਾਂਦੀ ਐ। ਲੈ ਜਾ ਇਸ ਬੇਹਯਾ ਨੂੰ ਅੰਦਰ। (ਬੈਣੋ ਅੰਦਰ ਜਾਂਦੀ ਹੈ।)
ਸੰਤੀ : ਕਿਉਂ ਲੋਹਾ ਲਾਖਾ ਹੋਣ ਲਗਿਐਂ? ਜੁਆਨ ਧੀ ਉੱਤੇ ਹੱਥ ਚੁੱਕਦੇ ਨੂੰ ਸਾਰਾ ਜਗ ਦੇਖਦਾ ਐ।
ਕਾਕੂ : ਦੇਖਣ ਦੇ। ਮੈਨੂੰ ਕਿਸੇ ਦੀ ਧੌਂਸ ਐ ? ਮੈਂ ਪਿੰਡ ਵਿਚ ਸਿਰ ਨੀਵਾਂ ਕਰ ਕੇ ਨਹੀਂ ਤੁਰਨਾ। ਮੈਂ ਤਾਂ ਸਿੱਧੀ ਸਰੰਗ ਕਰ ਦੇਊਂ। ਦੂਰ ਹੋ ਜਾਹ ਮੇਰੀਆਂ ਅੱਖਾਂ ਤੋਂ। (ਬੈਣੋ ਅੱਥਰੂ ਪੂੰਝਦੀ ਅੰਦਰ ਜਾਂਦੀ ਹੈ।) ਇਸ ਨੇ ਮੇਰਾ ਰੋਹ ਹਾਲੇ ਦੇਖਿਆ ਨਹੀਂ। ਜੇ ਕਦੇ ਕੁਸਕ ਵੀ ਜਾਏ। ਤੇਰੀ ਸਿਰ ਚੜ੍ਹਾਈ ਹੋਈ ਐ। ਤੂੰ ਇਸ ਦੀ ਹਮਾਇਤ ਕਰਦੀ ਐ। ਨਿਆਣੀ ਐ ਕੀ ਹੋਇਆ, ਟੋਭੇ ਤੇ ਕਪੜੇ ਧੋਣ ਚਲੀ ਗਈ ਤਾਂ ਕੀ ਹੋਇਆ ਵਾੜੇ 'ਚ ਧਾਰ ਕੱਢਣ ਲਈ ਗਈ ਤਾਂ ਕੀ ਹੋਇਆ। ਦੇਖਦੀ ਐਂ ਹੁਣ ਏਸ ਤਾਂ ਕੀ ਹੋਇਆ ਨੂੰ।
ਸੰਤੀ : ਤੂੰ ਉਸ ਉਤੇ ਹੱਥ ਚੁਕਿਆ ਤਾਂ ਹੀ ਉਹ ਮੂਹਰੇ ਬੋਲਦੀ ਐ। ਜੁਆਨ ਧੀ ਪੁੱਤ ਨੂੰ ਅੰਦਰ ਵੜ ਕੇ ਸਮਝਾਈਦੈ।
ਕਾਕੂ : ਉਹ ਸਮਝੇ ਵੀ। ਜੇ ਮੇਰੀ ਧੀ ਹੁੰਦੀ ਤਾਂ ਮਜਾਲ ਐ ਕਿਸੇ ਵੱਲ ਝਾਕ ਜਾਂਦੀ।
ਸੰਤੀ : ਉਹ ਤੇਰੀ ਧੀ ਐ ਇਸੇ ਕਰ ਕੇ ਅੜ੍ਹਬ ਐ।
ਕਾਕੂ : ਤੇਰੇ ਉੱਤੇ ਗਈ ਐ। ਚੰਗੀ ਭਲੀ ਸੀ। ਘਰ ਦਾ ਕੰਮ ਕਰਦੀ। ਅੱਖ ਦੀ ਸ਼ਰਮ ਮੰਨਦੀ। ਪਰ ਇਕ ਦਮ ਉਸ ਨੇ ਸਾਰੀ ਸ਼ਰਮ ਲਾਹ ਸੁੱਟੀ। ਚੰਦਰੀ ਔਲਾਦ! ਕੋਈ ਗੱਲ ਠੀਕ ਨਹੀਂ, ਕੋਈ ਤੌਰ ਠੀਕ ਨਹੀਂ। ਤੇ ਠੀਕ ਹੋਵੇ ਵੀ ਕਿਵੇਂ ? ਤੂੰ ਕਿਹੜਾ ਠੀਕ ਸੈਂ। ਏਸ ਘਰ ਵਿਚ ਆਉਣ ਪਿਛੋਂ ਸਾਲ ਭਰ ਨਹੀਂ ਸੀ ਬੋਲੀ ਮੇਰੇ ਨਾਲ।
ਸੰਤੀ : ਕਿਉਂ ਪੁਰਾਣੀਆਂ ਗੱਲਾਂ ਛੇੜਦਾ ਐਂ।
ਕਾਕੂ : ਪੰਜ ਸਾਲ ਲੱਗੇ ਸਨ ਤੈਨੂੰ... ਸ਼ਾਇਦ ਸੱਤ ਸਾਲ, ਤਾਂ ਜਾ ਕੇ ਕਿਤੇ ਸਿਧੇ ਮੂੰਹ ਗੱਲ ਕੀਤੀ ਤੂੰ ਮੇਰੇ ਨਾਲ। ਮੈਂ ਤੇਰੀ ਹਰ ਖ਼ਾਤਰ ਕੀਤੀ, ਪਰ ਤੂੰ ਸਦਾ ਆਪਣੇ ਪੇਕਿਆਂ ਦੀ ਹੀ ਬਣੀ ਰਹੀ। ਗੱਲ ਕਰਨ ਲਈ ਆਖਦਾ ਤਾਂ ਚੁਪ ਹੋ ਜਾਂਦੀ.. ਕਿਸੇ ਟੂਣੇ ਕੀਤੇ ਪੁਤਲੇ ਵਾਂਗ । ਤੂੰ ਇਸ ਘਰ ਵਿਚ ਬੇਗਾਨਿਆਂ ਵਾਂਗ ਰਹੀ।
ਸੰਤੀ : ਉਹਨਾਂ ਦਿਨਾਂ ਦੇ ਮੇਹਣੇ ਨਾਂ ਦੇਹ, ਮੇਰੇ ਕਾਲਜੇ ਨੂੰ ਅੱਗ ਲੱਗ ਜਾਂਦੀ ਐ। (ਬਾਹਰੋਂ ਆਵਾਜ਼)
ਆਵਾਜ਼ : ਕਾਕੂ ਘਰ ਹੈ ? ਕਾਕੂ! (ਕਾਕੂ ਬਾਹਰ ਆਉਂਦਾ ਹੈ)
ਕਾਕੂ : (ਝਾਕ ਕੇ) ਕੀ ਗੱਲ ਹੈ ਹਵਾਲਦਾਰ ਜੀ ?
ਸਿਪਾਹੀ : ਡਾਕ ਬੰਗਲੇ ਵਿਚ ਥਾਣੇਦਾਰ ਸਾਹਿਬ ਉਤਰੇ ਨੇ।
ਕਾਕੂ :ਹੁਕਮ।
ਸਿਪਾਹੀ : ਉਹਨਾਂ ਦੀ ਘੋੜੀ ਦੇ ਨਾਅਲ ਲੱਥ ਗਏ ਨੇ। ਤੜਕੇ ਉਹਨਾਂ ਨੇ ਦੌਰੇ ਤੇ ਜਾਣਾ ਹੈ। ਮੇਰੇ ਨਾਲ ਚੱਲ।
ਕਾਕੂ : ਤੁਸੀਂ ਘੋੜੀ ਨੂੰ ਇਥੇ ਹੀ ਲੈ ਆਉਣਾ ਸੀ। ਇਥੇ ਭੱਠੀ ਭਖੀ ਹੋਈ ਐ। ਸਭ ਸੰਦ ਇਥੇ ਨੇ। ਤੁਸੀਂ ਦੇਖਦੇ ਨਹੀਂ ਉਤੋਂ ਰਾਤ ਉਤਰ ਪਈ ਐ। ਮੈਂ ਉਥੇ ਭੱਠੀ ਕਿਵੇਂ ਭਖਾਵਾਂਗਾ ?
ਸਿਪਾਹੀ : ਮੈਨੂੰ ਹੁਕਮ ਐ ਤੈਨੂੰ ਬੁਲਾ ਕੇ ਲਿਆਵਾਂ। (ਸਿਪਾਹੀ ਨਾਲ ਕਾਕੂ ਜਾਂਦਾ ਹੈ।)
ਸੰਤੀ : ਕਿੰਨੀ ਵਾਰ ਸਮਝਾਇਆ ਕਿ ਆਪਣੇ ਬਾਪੂ ਦੇ ਸਾਹਮਣੇ ਨਾ ਬੋਲਿਆ ਕਰ। ਪਰ ਤੇਰਾ ਮੱਥਾ ਗਰਮ ਹੀ ਰਹਿੰਦਾ ਐ। ਚੁੱਪ ਕਿਉਂ ਐਂ ? ਬੋਲ ? ਕੁਝ ਤਾਂ ਬੋਲ। ਆਪਣੀ ਮਾਂ ਨਾਲ ਗੱਲ ਕਰ ਧੀਏ। ਐਨਾ ਗੁੱਸਾ ? ਤੇਰੇ ਭਲੇ ਲਈ ਆਖਦੀ ਹਾਂ। ਆਖ਼ਿਰ ਤੇਰੀ ਮਾਂ ਹਾਂ, ਵੈਰਨ ਤਾਂ ਨਹੀਂ। ਬੋਲ ਤੇਰੀ ਚੁੱਪ ਮੈਨੂੰ ਤੜਪਾ ਰਹੀ ਹੈ। ਕੁਝ ਹੀ ਬੋਲ ਮੇਰੀ ਲਾਡੋ। ਤੇਰੀ ਅੱਲ੍ਹੜ ਉਮਰ ਐ, ਤੈਨੂੰ ਪਤਾ ਨਹੀਂ। ਤੇਰੇ ਸਿਰ ਵਿਚ ਕੀ ਧੂੜ ਦਿਤਾ ਉਸ ਨੇ ? ਕਿਉਂ ਸਾਡੀ ਮਿੱਟੀ ਪੁੱਟਣ ਲੱਗੀ ਐਂ ?
ਬੈਣੋ : ਕੀ ਕਰਾਂ ਮੇਰੀਏ ਮਾਏਂ ? ਮੈਂ ਕਿਸੇ ਹੋਰ ਮਿੱਟੀ ਦੀ ਬਣੀ ਆਂ। ਮੇਰੀਆਂ ਛਾਤੀਆਂ ਵਿਚ ਸੂਰਜ ਤਪਦੇ ਨੇ । ਜੀਅ ਕਰਦੈ ਠੰਢੇ ਦੁੱਧ ਦਾ ਖੂਹ ਪੀ ਜਾਵਾਂ, ਤਾਂ ਜੁ ਠੰਢ ਪਵੇ। ਰਾਤ ਨੂੰ ਮੈਂ ਸੌਂ ਨਹੀਂ ਸਕਦੀ। ਹੇ ਰੱਬਾ! ਮੇਰੇ ਜਿਸਮ ਵਿਚ ਕਿਉਂ ਅੱਗ ਭਰ ਦਿਤੀ ? ਜੀਅ ਕਰਦੈ ਹਨ੍ਹੇਰੀਆਂ ਰਾਤਾਂ ਨੂੰ ਕਾਲੇ ਵਿਹੜੇ ਵਿਚ ਘੁੰਮਦੀ ਫਿਰਾਂ। ਮੁੱਕੀਆਂ ਮਾਰ ਮਾਰ ਕੇ ਭੰਨ ਸੁੱਟਾਂ ਇਸ ਵਿਹੜੇ ਦੀਆਂ ਕੰਧਾਂ ਨੂੰ।
ਸੰਤੀ : ਕਿਉਂ ਟੱਕਰਾਂ ਮਾਰਦੀ ਐਂ ਬੈਤਲੇ। (ਖਿੱਚ ਕੇ ਉਸ ਨੂੰ ਪਰੇ ਕਰਦੀ ਹੈ। )
ਮੈਨੂੰ ਦੇਖ। ਮੈਂ ਵੀ ਇਸ ਘਰ ਦੀ ਪੱਤ ਬਣ ਕੇ ਰਹੀ ਆਂ-ਪੂਰੇ ਅਠਾਰਾਂ ਵਰ੍ਹੇ।
ਬੈਣੋ : ਤੈਨੂੰ ਦੇਖ ਕੇ ਹੀ ਤਾਂ ਮੈਨੂੰ ਡਰ ਆਉਂਦੇ ?
ਸੰਤੀ : ਕੁੜੀ ਨੂੰ ਚਾਹੀਦੇ ਕਿ ਉਹ ਵਿਹੜੇ ਦੇ ਅੰਦਰ ਰਹੇ, ਨਹੀਂ ਤਾਂ ਉਸ ਨੂੰ ਸਰਾਪ ਲਗਦੈ। ਉਹ ਤਬਾਹ ਹੋ ਜਾਂਦੀ ਐ।
ਬੈਣੋ : ਪਰ ਮੈਂ ਕਿਹੜੇ ਖੂਹ ਵਿਚ ਡਿਗਾਂ ? ਜਿਸ ਗਲੀ ਵਿਚੋਂ ਦੀ ਲੰਘਦੀ ਆਂ, ਸੈਂਕੜੇ ਅੱਖਾਂ ਝਾਂਕਦੀਆਂ ਨੇ। ਕੰਧਾਂ ਵਿਚੋਂ ਖੁੱਲ੍ਹੀਆਂ ਤਾਕੀਆਂ ਵੀ ਮੈਨੂੰ ਘੂਰਦੀਆਂ ਨੇ। ਮੈਂ ਕੀ ਕਰਦੀ ਹਾਂ। ਕੀ ਸੋਚਦੀ ਹਾਂ, ਕਿਥੇ ਜਾਂਦੀ ਹਾਂ-ਸਭ ਕੁਝ ਦੇਖਦੀਆਂ ਨੇ ਲੋਕਾਂ ਦੀਆਂ ਅੱਖਾਂ। ਮੈਂ ਕੈਦੀ ਆਂ ਇਸ ਫੂਕਣੇ ਵਿਹੜੇ ਦੀ।
ਸੰਤੀ : ਬੈਣੋ! ਤੂੰ ਨਿਰੀ ਇਸ ਘਰ ਦੀ ਧੀ ਨਹੀਂ, ਸਾਰੇ ਪਿੰਡ ਦੀ ਧੀ ਐਂ। ਜੇ ਤੂੰ ਪਿੰਡ ਦੀ ਇੱਜ਼ਤ ਪੱਟ ਦਿਤੀ ਤਾਂ ਤੈਨੂੰ ਕਿਸੇ ਨਹੀਂ ਬਖ਼ਸ਼ਣਾ।
ਬੈਣੋ : ਪਿੰਡ ਦੀ ਇੱਜਤ ਤਾਂ ਰੋਜ ਪੱਟੀ ਜਾਂਦੀ ਐ- ਹਰ ਪਲ, ਹਰ ਘੜੀ। ਨਿਰੇ ਝੂਠ ਦੇ ਦਿਖਾਵੇ ਉਤੇ ਖੜ੍ਹੀ ਐ ਇਹ ਇੱਜ਼ਤ। ਇਥੋਂ ਦੀ ਹਰ ਤੀਂਵੀ ਦੀ ਹਿੱਕ ਵਿਚ ਵੇਗ ਸੁਲਗਦਾ ਐ ਤੇ ਇਸ ਦੀ ਅੱਗ ਵਿਚ ਮੱਚ ਕੇ ਉਹ ਸੁਆਹ ਹੋਈ ਪਈ ਐ।
ਸੰਤੀ : ਪਿੰਡ ਦੀ ਇੱਜ਼ਤ ਪੱਟਣ ਨਾਲੋਂ ਤਾਂ ਤੀਵੀਂ ਜਹਿਰ ਖਾ ਲਵੇ।
ਬੈਣੋ : ਸਭ ਨੂੰ ਪਤੈ ਪਿੰਡ ਦੀ ਇੱਜ਼ਤ ਦਾ। ਬੁੱਢੀਆਂ, ਜੁਆਨ ਤੇ ਨਿੱਕੀਆਂ ਕੁੜੀਆਂ ਨੂੰ ਜੰਮਦੀਆਂ ਹੀ ਪਤਾ ਹੁੰਦੈ ਕਿ ਹਨ੍ਹੇਰੇ ਵਿਚ ਕੀ ਹੋ ਰਿਹੈ। ਹਰ ਕੋਈ ਦੇਖਦਾ ਐ, ਪਰ ਮੰਨਦਾ ਨਹੀਂ। ਤੀਂਵੀਆਂ ਵਿਚ ਗੁਪਤ ਸਾਂਝ ਐ, ਗੁੱਝੇ ਭੇਤ ਨੂੰ ਲੁਕਾਉਣ ਦੀ ਸਾਜਿਸ਼। ਪਰ ਮੈਂ ਇਹ ਬੋਝ ਨਹੀਂ ਭੁੱਲ ਸਕਦੀ। ਨਹੀਂ ਝੱਲ ਸਕਦੀ ਇਹ ਬੋਝ।
ਬੈਣੋ : (ਹੰਝੂਆਂ ਵਿਚ) ਨਹੀਂ ਮਿਲਾਂਗੀ। ਮੈਂ ਬਹੁਤ ਬੁਰੀ ਹਾਂ। ਬਹੁਤ ਭੈੜੀ। ਮੈਨੂੰ ਮੁਆਫ਼ ਕਰ ਦੇ ਮੇਰੀਏ ਮਾਏਂ।
ਸੰਤੀ : ਮੇਰੀ ਸਹੁੰ ਖਾਹ, ਮੇਰੇ ਦੁੱਧ ਦੀ ਸਹੁੰ ਖਾਹ।
ਬੈਣੋ : ਤੇਰੇ ਦੁੱਧ ਦੀ ਸਹੁੰ, ਉਸ ਨੂੰ ਨਹੀਂ ਮਿਲਾਂਗੀ।
ਸੰਤੀ : ਜੇ ਤੂੰ ਉਸ ਫਿਰ ਕਦੇ ਮਿਲੀ ਤਾਂ ਮੇਰਾ ਮਰੀ ਦਾ ਮੂੰਹ ਦੇਖੇਂ।
ਬੈਣੋ : ਕਦੇ ਨਹੀਂ ਮਿਲਾਂਗੀ ਹੁਣ ਉਸ ਨੂੰ। (ਜਜ਼ਬਾਤ ਦੀ ਸ਼ਿੱਦਤ ਨਾਲ ਕੰਬਦੀ ਹੋਈ ਬੈਣੋ ਮਾਂ ਦੀ ਛਾਤੀ ਨਾਲ ਲਗ ਜਾਂਦੀ ਹੈ। ਬਾਹਰ ਕੁੜੀਆਂ ਦਾ ਗਿੱਧਾ ਮਚਦਾ ਹੈ। ਸੰਤੀ ਬੈਣੋ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ। ਉਚੇ ਉਚੇ ਸਾਹ... ਹੰਝੂਆਂ ਵਿਚ ਭਿੱਜੀਆਂ ਹਿਚਕੀਆਂ । ਬਾਹਰੋਂ ਘੋੜੀ ਦੇ ਹਿਣਹਿਣਾਉਣ ਦੀ ਆਵਾਜ਼। ਕਾਕੂ ਤੇ ਦੀਪਾ ਆਉਂਦੇ ਹਨ)
ਕਾਕੂ : ਬੈਣੋ ਦੀ ਮਾਂ, ਥਾਣੇਦਾਰ ਦੀ ਘੋੜੀ ਆ ਗਈ। ਹੁਣੇ ਨਾਅਲ ਠੋਕਣੇ ਨੇ। ਚਲ ਦੀਪਿਆ ਭੱਠੀ ਵਿੱਚ ਨਾਅਲ ਸੁਟ ਕੇ ਫੂਕਾਂ ਲਾ। (ਕਾਕੂ ਭੱਠੀ ਵਿਚੋਂ ਲਾਲ ਸੂਹਾ ਨਾਅਲ ਕਢ ਕੇ ਅਹਿਰਨ ਉਤੇ ਰਖਦਾ ਹੈ ਅਤੇ ਹਥੌੜੇ ਨਾਲ ਸੱਟਾਂ ਲਾਉਂਦਾ ਹੈ। ਫਿਰ ਪਾਣੀ ਵਿਚ
ਡੁਬੋ ਕੇ ਬਾਹਰ ਲੈ ਜਾਂਦਾ ਹੈ। ਦੀਪਾ ਲਾਲਟੈਣ ਲੈ ਕੇ ਉਸ ਦੇ ਪਿਛੇ ਜਾਂਦਾ ਹੈ (ਘੋੜੀ ਦੀ ਉੱਚੀ ਹਿਣਹਿਣਾਹਟ ਤੇ ਨਾਅਲ ਠੋਕਣ ਦੀ ਆਵਾਜ ਬੈਣੋ ਤੜਪ ਕੇ ਸੰਤੀ ਦੀ ਹਿੱਕ ਨਾਲ ਲਗ ਲਗ ਜਾਂਦੀ ਹੈ ਤੇ ਸਿਸਕੀਆਂ ਭਰਦੀ ਹੈ।)
ਅਵਾਜਾਂ (ਬਾਹਰੋਂ) : ਜੋਰ ਦੀ ਫੜ ਕੇ ਰੱਖੋ! ਰੱਸਾ ਨਾ ਛੁਡਾ ਲਵੇ! ਅੱਗੇ ਨਾ ਹੋਇਓ। ਮੂੰਹ ਜੋਰ ਐ। ਫੜ ਕੇ ਰਖੋ। (ਘੋੜੀ ਦੀਆਂ ਆਵਾਜਾਂ ਬੰਦ ਹੋ ਜਾਂਦੀਆਂ ਹਨ। ਸੰਤੀ ਰਸੋਈ ਵਿਚ ਕੰਮ ਕਰਨ ਲਗਦੀ ਹੈ ਚੁੱਲ੍ਹੇ ਉੱਤੇ ਤਵਾ ਰਖਦੀ ਹੈ। ਕਾਕੂ ਤੇ ਦੀਪਾ ਆਉਂਦੇ ਹਨ।)
ਕਾਕੂ : ਬੜੀ ਅੜ੍ਹਬ ਘੋੜੀ ਸੀ। ਮਸਾਂ ਫੜ ਕੇ ਰੱਖੀ।
ਸੰਤੀ: ਹੁਣ ਰੋਟੀ ਖਾ ਲੈ। (ਕਾਕੂ ਸ਼ਰਾਬ ਦੀ ਬੋਤਲ ਖੋਲ੍ਹਦਾ ਹੈ। ਗਲਾਸ ਵਿਚ ਪਾ ਕੇ ਪੀਂਦਾ ਹੈ।)
ਕਾਕੂ : ਲੈ ਪੁੱਤ ਇਕ ਘੁੱਟ ਤੂੰ ਵੀ ਪੀ ਲੈ।
ਸੰਤੀ : ਖ਼ਬਰਦਾਰ ਜੇ ਮੁੰਡੇ ਨੂੰ ਪਿਆਈ ਤਾਂ। (ਬੈਣੋ ਚੰਗੇਰ ਵਿਚੋਂ ਰੋਟੀਆਂ ਕੱਢ ਕੇ ਥਾਲੀ ਵਿਚ ਪਰੋਸਦੀ ਹੈ ਤੇ ਡੋਈ ਫੇਰ ਕੇ ਤੌੜੀ ਵਿਚੋਂ ਸਾਗ ਕਾਂਸੀ ਦੇ ਕਟੋਰੇ ਵਿਚ ਪਾਉਂਦੀ ਹੈ। ਕਾਕੂ ਮੁੱਕੀ ਮਾਰ ਕੇ ਗੰਢਾ ਭੰਨਦਾ ਹੈ। ਦੋਵੇਂ ਪਿਉ ਪੁੱਤ ਰੋਟੀ ਖਾਦੇ ਹਨ।
(ਕਾਕੂ ਸ਼ਰਾਬ ਦਾ ਘੁੱਟ ਭਰ ਕੇ ਸੰਤੀ ਵੱਲ ਦੇਖਦਾ ਹੈ। ਪਿਛੇਕੜ ਵਿਚ ਅਲਗੋਜਿਆਂ ਦੀਆਂ ਸੁਰਾਂ)
ਕਾਕੂ : ਮੈਂ ਸੋਚਦਾ ਹਾਂ, ਦੀਪਾ ਪੜ੍ਹਾਈ ਵਿਚ ਕਮਜ਼ੋਰ ਹੈ। ਇਹਨੂੰ ਪੁਲਿਸ ਵਿਚ ਭਰਤੀ ਕਰਵਾ ਦਿਆਂਗਾ । ਸ਼ਾਇਦ ਥਾਣੇਦਾਰ ਹੀ ਬਣ ਜਾਵੇ। ਲੋਹਾ ਕੁਟਣ ਨਾਲੋਂ ਲੋਕਾਂ ਨੂੰ ਕੁਟਣਾ ਜਿਆਦਾ ਫ਼ਾਇਦੇਮੰਦ ਹੈ।
ਸੰਤੀ : ਤੂੰ ਹਰ ਵੇਲੇ ਕੁੱਟਣ ਦੀਆਂ ਗੱਲਾ ਕਰਦੈਂ ਜਾਂ ਲੋਹੇ ਦੀਆਂ।
ਕਾਕੂ : ਹੋਰ ਕੀ ਸਿਉਨੇ ਦੀਆਂ ਗੱਲਾ ਕਰਾਂ ? ਸੱਚ ਪੁਛੇ ਤਾਂ ਲੋਹਾ ਸਿਉਨੇ ਨਾਲੋਂ ਕਿਤੇ ਚੰਗਾ। ਸਿਉਨਾ ਨਿਕੰਮੀ ਧਾਤ ਐ-ਪੀਲਾ ਜਰਦ ਰੰਗ, ਪਿੱਲੇ ਸਰੀਰ ਵਾਂਗ। ਨਾ ਇਹ ਲੱਕੜ ਵੱਢ ਸਕੇ, ਨਾ ਧਰਤੀ ਵਾਹ ਸਕੇ, ਨਾ ਦੁਸ਼ਮਣ ਦਾ ਵਾਰ ਡਕ ਸਕੇ। ਤਲਵਾਰ ਲੋਹੇ ਦੀ ਬਣਦੀ ਐ, ਸਿਉਨੇ ਦੀ ਨਹੀਂ! ਪਰ ਸ਼ਾਸਤਰਾਂ ਨੇ ਸਿਉਨੇ ਨੂੰ ਬਾਹਮਣ ਬਣਾ ਦਿਤਾ ਤੇ ਲੋਹੇ ਨੂੰ ਚੰਡਾਲ।
ਸੰਤੀ : ਏਸੇ ਲਈ ਤੂੰ ਮੈਨੂੰ ਲੋਹੇ ਦੀ ਨੱਥ ਪਾਈ ਹੋਈ ਐ।
ਕਾਕੂ : ਜਦੋਂ ਤੈਨੂੰ ਵਿਆਹ ਕੇ ਲਿਆਂਦਾ ਤਾਂ ਸੋਨੇ ਦੀ ਨੱਥ ਪਾਈ ਸੀ । ਭੁੱਲ ਗਈ ? ਪਿੱਪਲ-ਪੱਤੀਆਂ ਵਾਲੀ, ਲਾਲ ਮਣਕਿਆਂ ਤੇ ਸਹਾਰੇ ਵਾਲੀ ਸੋਨੇ ਦੀ ਨੱਥ।
ਸੰਤੀ : ਇਸ ਭੱਠੀ ਉੱਤੇ ਹੌਲੀ ਹੌਲੀ ਇਹ ਲੋਹੇ ਦੀ ਬਣ ਗਈ। ਦਿਨ ਰਾਤ ਬੰਨ੍ਹੀ ਹੋਈ ਆਂ ਮੈਂ ਇਸ ਚੰਦਰੀ ਭੱਠੀ ਨਾਲ।
ਕਾਕੂ : ਭੱਠੀ ਨੂੰ ਗਾਲ੍ਹ ਨਾ ਦੇਹ । (ਕਾਕੂ ਭੜਕ ਕੇ ਉਠ ਖੜਾ ਹੁੰਦਾ ਹੈ) । ਮੈਂ ਇਸ
ਭੱਠੀ ਉੱਤੇ ਹੀ ਪੈਦਾ ਹੋਇਆ ਸੀ। ਮੇਰਾ ਬਾਪ ਆਖਰੀ ਦਮ ਤੀਕ ਇਸੇ ਭੱਠੀ ਉੱਤੇ ਲੋਹਾ ਕੁੱਟਦਾ ਰਿਹਾ। ਜਦੋਂ ਪਲੇਗ ਪਈ ਤਾਂ ਪਿੰਡ ਦੇ ਸਾਰੇ ਲੋਕ ਦੌੜ ਗਏ ਤੇ ਉਹਨਾਂ ਨੇ ਨਹਿਰ ਦੇ ਪਰਲੇ ਕੰਢੇ ਉੱਤੇ ਝੁੱਗੀਆਂ ਪਾ ਲਈਆਂ। ਪਰ ਮੇਰਾ ਬਾਪ ਇਥੇ ਹੀ ਰਿਹਾ। ਰਾਤ ਨੂੰ ਉਸ ਦੇ ਹਥੌੜੇ ਦੀ ਆਵਾਜ਼ ਪਿੰਡ ਵਿਚ ਗੂੰਜਦੀ ਉਹ ਆਖਦਾ ਚੂਹੇ ਲੋਹੇ ਦਾ ਕੁਝ ਨਹੀਂ ਵਿਗਾੜ ਸਕਦੇ। ਪਰ ਅੰਤ ਵਿਚ ਉਸ ਨੂੰ ਪਲੇਗ ਨੇ ਲੈ ਲਿਆ। ਮਾਂ ਵੀ ਨਾਲ ਹੀ ਚਲ ਵਸੀ। ਮੈਂ ਉਸ ਵੇਲੇ ਦਸ ਵਰ੍ਹਿਆਂ ਦਾ ਸਾਂ... ਸਰਕਾਰੀ ਲੋਕ ਆਏ ਤੇ ਉਹਨਾਂ ਨੇ ਪਲੇਗ ਨੂੰ ਖਤਮ ਕਰਨ ਲਈ ਘਰਾਂ ਨੂੰ ਅੱਗ ਲਾ ਦਿਤੀ। ਪਿੰਡ ਦੇ ਬਹੁਤੇ ਘਰ ਖੇਲੇ ਬਣ ਗਏ। ਮੈਨੂੰ ਸਿਰਫ ਹਥੌੜਾ ਚਲਾਉਣਾ ਆਉਂਦਾ ਸੀ। ਹਥੌੜਾ, ਛੈਣੀ ਤੇ ਸੰਨ੍ਹੀ ਹੀ ਮੇਰੇ ਖਿਡੌਣੇ ਸਨ। ਇਹਨਾ ਨਾਲ ਖੇਡਦਾ ਮੈਂ ਵੱਡਾ ਹੋਇਆ। ਭੱਠੀ ਉੱਤੇ ਦਿਨ ਰਾਤ ਕੰਮ ਕੀਤਾ ਤੇ ਇਲਾਕੇ ਦਾ ਸਭ ਤੋਂ ਵੱਡਾ ਲੁਹਾਰ ਬਣ ਗਿਆ। ਕਬੀਲੇ ਵਿਚ ਲੋਕ ਮੇਰੀ ਤਾਕਤ ਨੂੰ ਮੰਨਣ ਲੱਗੇ। ਰੋਹੀ ਦੇ ਜੰਡ ਵਾਂਗ ਮੈਂ ਇਕੱਲਾ ਸਾਂ, ਤੇ ਤਾਕਤਵਰ। ਮੇਰੇ ਹਥੌੜੇ ਵਿਚੋਂ ਚੰਗਿਆੜੇ ਉਡਦੇ ਸਨ। ਤੇਰੇ ਬਾਪ ਨੇ ਮੈਨੂੰ ਇਸੇ ਭੱਠੀ ਉੱਤੇ ਦੇਖਿਆ ਮੇਰੇ ਵਾੜੇ ਵਿਚ ਦੋ ਗਊਆਂ ਸਨ, ਦੋਵੇਂ ਲਵੇਰੀਆਂ। ਤੇ ਭੱਠੀ ਉੱਤੇ ਚੋਖਾ ਕੰਮ। ਤੈਨੂੰ ਵਿਆਹ ਕੇ ਲਿਆਂਦਾ। ਜਦ ਤੂੰ ਆਈ ਤਾਂ ਇਸ ਦਲੀਜ ਉੱਤੇ ਤੇਲ ਚੋਣ ਨੂੰ ਕੋਈ ਨਹੀਂ ਸੀ, ਨਾ ਮਾਂ, ਨਾ ਕੋਈ ਭੈਣ, ਨਾ ਭਾਬੀ। ਤੇਰੇ ਆਉਣ ਨਾਲ ਵੇਹੜੇ ਵਿਚ ਚਾਨਣ ਹੋ ਗਿਆ.. ਯਾਦ ਹੈ ਤੈਨੂੰ ਪਹਿਲੀ ਰਾਤ ? ਮੈਂ ਦੀਵਾ ਬੁਝਾਉਣ ਲਗਾ ਤਾਂ ਤੂੰ ਆਖਿਆ ਅਜੇ ਨਹੀਂ। ਫੇਰ ਮੈਂ ਇਕੋ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ। ਹਨੇਰੇ ਵਿਚ ਮੈਂ ਤੇਰੇ ਭਰਵੇਂ ਜਿਸਮ ਨੂੰ ਮਹਿਸੂਸ ਕੀਤਾ, ਇਸ ਦੀ ਗਰਮੀ ਨੂੰ। ਤੇਰਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਦੂਜੇ ਦਿਨ ਉਠਿਆ ਤਾਂ ਖੁਸ਼ੀ ਨਾਲ ਡੱਕਿਆ ਹੋਇਆ। ਸ਼ਾਮ ਨੂੰ ਦੋਸਤਾਂ ਨਾਲ ਰੱਜ ਕੇ ਸ਼ਰਾਬ ਪੀਤੀ... ਤੂੰ ਮੇਰੀ ਹੈਂ। ਸਿਰ ਤੋਂ ਪੈਰਾਂ ਤੀਕ ਮੇਰੀ।
ਸੰਤੀ : ਪਰ ਤੂੰ ਖਾਰ ਖਾਂਦਾ ਸੈਂ।
ਕਾਕੂ : ਮੈਂ ਕਿਸ ਨਾਲ ਖਾਰ ਖਾਣੀ ਹੋਈ ? ਸਗੋਂ ਸਾਰਾ ਪਿੰਡ ਖਾਰ ਖਾਂਦਾ ਸੀ ਮੇਰੇ ਨਾਲ, ਕਿਉਂਕਿ ਤੂੰ ਸੁਹਣੀ ਸੈਂ ? ਤੇ ਮੇਰੀ।
ਸੰਤੀ : ਹੁਣ ਤੂੰ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ। ਬਸ ਸ਼ਰਾਬ ਦੀ ਬੋਤਲ ਚਾਹੀਦੀ ਐ ਤੈਨੂੰ।
ਕਾਕੂ : ਲੋਹਾ ਹਜਮ ਕਰਨਾ ਕੋਈ ਅਸਾਨ ਐ ? ਮੈਂ ਲੋਹਾ ਕੁੱਟਦਾ ਨਹੀਂ ਲੋਹਾ ਫਕਦਾ ਹਾਂ। ਧੂੰਆ, ਮੱਚੇ ਹੋਏ ਲੋਹੇ ਦਾ ਬੂਰ, ਅੱਗ... ਤੂੰ ਸਮਝਦੀ ਐਂ ਬਗੈਰ ਸ਼ਰਾਬ ਦੇ ਇਹਨਾਂ ਨੂੰ ਪਚਾ ਸਕਦਾਂ ਮੈਂ ਕਦੇ ? (ਬੋਤਲ ਮੂੰਹ ਨੂੰ ਲਾਉਂਦਾ ਹੈ।) ਸਾਲੀ ਸੰਘ ਵਿਚੋਂ ਦੀ ਲੰਘਦੀ ਕਾਲਜੇ 'ਚ ਦੀਵੇ ਬਾਲਦੀ ਜਾਂਦੀ ਐ।
ਸੰਤੀ : ਹੋਰ ਨਾ ਪੀਵੀ ਜਾਹ।
ਕਾਕੂ : ਸੰਤੀਏ ਇੱਕ ਘੁੱਟ ਤੂੰ ਵੀ ਲਾ ਲੈ ਮੇਰੇ ਨਾਲ ਅੱਜ। ਜਦੋਂ ਤੂੰ ਮੁਕਲਾਵੇ ਆਈ ਸੀ ਤਾਂ ਮੈਂ ਤੈਨੂੰ ਆਪਣੀ ਸਹੁੰ ਖੁਆ ਕੇ ਇਹੋ ਚੌਧਵਾਂ ਰਤਨ ਚਖਾਇਆ ਸੀ।
ਕਾਕੂ : ਪੀ ਲੈ ਇੱਕ ਘੁੱਟ।
ਸੰਤੀ : ਕਿਥੋਂ ਸਿੱਖ ਕੇ ਆਇਐਂ ਇਹ ਗੱਲਾਂ ? ਉਸ ਬਣਸੇ ਹਰਾਮਣ ਤੋਂ ਜੋ ਮਰਦਾਂ ਨੂੰ ਸਰਾਬ ਪਿਲਾਉਂਦੀ ਐ ਤੇ ਜਣੇ ਖਣੇ ਨਾਲ ਸੌਂਦੀ ਫਿਰਦੀ ਹੈ।
ਕਾਕੂ : ਸਹੁਰੀਏ, ਮਰਦ ਨਾਤ੍ਹਾ ਧੋਤਾ ਘੋੜਾ, ਉਸ ਦਾ ਕੀ ਲੱਥ ਜਾਂਦੈ।
ਸੰਤੀ : ਤੂੰ ਮੈਨੂੰ ਕਈ ਮਹੀਨਿਆਂ ਤੋਂ ਹੱਥ ਨਹੀਂ ਲਾਇਆ।
ਕਾਕੂ : ਭੱਠੀ ਦਾ ਕੰਮ ਨਹੀਂ ਦੇਖਦੀ ? ਦਿਨ ਰਾਤ ਲੋਹਾ ਕੁਟਦਾਂ…
ਸੰਤੀ : ਮੇਰਾ ਜੀਅ ਕਰਦੈ ਤੂੰ ਮੈਨੂੰ ਵੀ ਲੋਹੇ ਵਾਂਗ ਕੁੱਟੇ।
ਕਾਕੂ : ਠੀਕ ਆਖਦੀ ਹੈਂ, ਤੀਵੀਂ ਨੂੰ ਇਸ ਦੀ ਲੋੜ ਐ। ਰੱਬ ਨੇ ਤੀਵੀਂ ਦਾ ਸਰੀਰ ਦੂਹਰਾ ਤੀਹਰਾ ਬਣਾਇਐ... ਭਰਵੀਆਂ ਛਾਤੀਆਂ ਤੇ ਪੱਟ ਤਾਂ ਜੋ ਮਰਦ ਦਾ ਜ਼ੁਲਮ ਸਹਿ ਸਕਣ। (ਪਿਛੋਕੜ ਵਿਚ ਅਲਗੋਜਿਆਂ ਦੀ ਧੁਨ ਫਿਰ ਉਭਰਦੀ ਹੈ।
ਸੰਤੀ : ਤੇਰੀਆਂ ਅੱਖਾਂ ਲਾਲ ਨੇ।
ਕਾਕੂ : ਇਹ ਲਾਲ ਡੋਰੇ ਤੈਨੂੰ ਦੇਖ ਕੇ ਤਰਦੇ ਨੇ ਮੇਰੀਆਂ ਅੱਖਾਂ ਵਿਚ। ਬੈਣੋ ਸੌਂ ਗਈ ?
ਸੰਤੀ : ਹਾਂ।
ਕਾਕੂ : ਤੇ ਦੀਪਾ ?
ਸੰਤੀ : ਉਹ ਵੀ।
ਕਾਕੂ : ਤੇ ਕੁੱਕੜ ਤਾੜ ਦਿੱਤੇ ?
ਸੰਤੀ : ਹਾਂ।
ਕਾਕੂ : ਤੇ ਹੁਣ ਤੂੰ –
ਸੰਤੀ : ਮੈਂ ਕੀ ?
ਕਾਕੂ : ਤੈਨੂੰ ਇਸ ਤਰ੍ਹਾਂ ਭਰੀ ਭਰੀ ਦੇਖਦਾ ਹਾਂ ਤਾਂ ਜੀ ਕਰਦੈ ਤੈਨੂੰ ਵੀ ਫੱਕ ਲਵਾਂ... ਭੱਠੀ ਤੋਂ ਉਡਦੇ ਲੋਹੇ ਵਾਂਗ ... (ਕਾਕੂ ਉਸ ਵੱਲ ਵਧਦਾ ਹੈ। ਸੰਤੀ ਦੀਵੇ ਨੂੰ ਚੁਕ ਕੇ ਫੂਕ ਮਾਰਦੀ ਹੈ। ਹਨ੍ਹੇਰੇ ਵਿਚ ਸੰਗੀਤ ਉੱਚਾ ਹੋ ਜਾਂਦਾ ਹੈ)
(ਹਨੇਰਾ)
ਐਕਟ ਦੂਜਾ
ਸੀਨ - ਪਹਿਲਾ
(ਕਾਕੂ ਸਾਣ ਉੱਤੇ ਗੰਡਾਸਾ ਤੇਜ਼ ਕਰ ਰਿਹਾ ਹੈ। ਬੈਣੋ ਸਾਹਮਣੇ ਬੈਠੀ ਘੁੰਮਦੀ ਹੋਈ ਸਾਣ ਦੇ ਪਟੇ ਨੂੰ ਖਿਚ ਰਹੀ ਹੈ। ਗੰਡਾਸੇ ਵਿਚੋਂ ਚੰਗਿਆੜੇ ਉਡਦੇ ਹਨ।)
ਬੈਣੋ : (ਹੱਸਦੀ ਹੈ ।) ਜੀ ਕਰਦੈ ਇਹਨਾਂ ਚੰਗਿਆੜਿਆਂ ਨੂੰ ਫੜ ਲਵਾਂ, ਤੇ ਖਾ ਲਵਾਂ। ਬਾਪੂ, ਲੋਹੇ ਵਿੱਚੋਂ ਚੰਗਿਆੜੇ ਕਿਉਂ ਨਿਕਲਦੇ ਹਨ ?
ਕਾਕੂ : ਲੋਹੇ ਵਿੱਚ ਅੱਗ ਸੁੱਤੀ ਪਈ ਹੁੰਦੀ ਹੈ, ਬੈਣੋ। ਪੱਥਰ ਦੀ ਰਗੜ ਨਾਲ ਲੋਹਾ ਚੰਗਿਆੜੇ ਛੱਡਦੈ।
ਬੈਣੋ : ਜੀ ਕਰਦੈ ਇਹਨਾਂ ਨੂੰ ਝੋਲੀ ਵਿੱਚ ਪਾ ਲਵਾਂ।
ਕਾਕੂ : ਅੱਗ ਨੂੰ ਕੋਈ ਨਹੀਂ ਫੜ ਸਕਦਾ।
ਬੈਣੋ : ਮੈਨੂੰ ਅੱਗ ਤੋਂ ਡਰ ਨਹੀਂ ਲਗਦਾ, ਪਰ ਹਨੇਰੇ ਤੋਂ ਡਰ ਲਗਦੈ।
ਕਾਕੂ : ਕਾਹਦਾ ਡਰ ? ਇਸ ਹਥੌੜੇ ਅੱਗੇ ਤਾਂ ਭੂਤ ਵੀ ਦੌੜਦੇ। (ਕਾਕੂ ਗੰਡਾਸੇ ਦੀ ਧਾਰ ਨੂੰ ਅੰਗੂਠੇ ਨਾਲ ਮਹਿਸੂਸ ਕਰਦਾ ਹੈ। ਗੰਡਾਸਾ ਤੇਜ਼ ਹੋ ਗਿਆ, ਲੈ ਇਸ ਨੂੰ ਰਖ ਦੇਹ।
(ਬੈਣੋ ਗੰਡਾਸਾ ਫੜ ਕੇ ਸਬਾਤ ਦੇ ਛੱਪਰ ਵਿਚ ਉੜੰਗ ਦੇਂਦੀ ਹੈ।)
ਮੈਂ ਮੰਡੀ ਲੋਹਾ ਲੈਣ ਚਲਿਆ ਹਾਂ। ਤੂੰ ਪਿੱਛੋਂ ਇਹਨਾਂ ਦਾਤਰੀਆਂ ਦੇ ਦੰਦੇ ਕੱਢ ਦੇਵੀਂ। (ਉਹ ਜਾਂਦਾ ਹੈ। ਬੈਣੋ ਆਲੇ ਵਿੱਚੋਂ ਸ਼ੀਸਾ ਕੱਢਦੀ ਹੈ, ਕੰਘੀ ਕਰਦੀ ਹੈ ਤੇ ਖਿੜਕੀ ਕੋਲ ਖੜੀ ਬਾਹਰ ਝਾਕਦੀ ਹੈ। ਬਚਨੀ ਦਾਖ਼ਿਲ ਹੁੰਦੀ ਹੈ।)
ਬਚਨੀ : ਕੋਈ ਹੈ ਘਰ ਵਿੱਚ ? ਵੇਹੜਾ ਤਾਂ ਖਾਲੀ ਪਿਆ ਏ। ਭੱਠੀ ਮਘਦੀ ਐ। ਔਹ ਖੜੀ ਐ ਸੰਤੀ ਖਿੜਕੀ ਕੋਲ। ਸੰਤੀਏ! ਕਿਹੜੀਆਂ ਸੋਚਾਂ 'ਚ ਡੁੱਬੀ ਖੜ੍ਹੀ ਏਂ?
ਬੈਣੋ : (ਮੁੜ ਕੇ) ਕੌਣ ਐ ?
ਬਚਨੀ : ਤੂੰ ਕੌਣ ਐਂ ? ਬੈਣੋ! ਹਾਏ! ਕਿੱਡੀ ਵੱਡੀ ਹੋ ਗਈ ਤੂੰ। ਮੈਂ ਸਮਝੀ ਸੰਤੀ ਖੜੀ ਆ। ਉਹੀ ਕੱਦ, ਉਹੀ ਕਾਠ। ਉਹੀ ਨਹਾਰ, ਉਹੀ ਲੰਮੀ ਗੁੱਤ।
ਬੈਣੋ : ਤੇ ਤੂੰ ਮਾਸੀ ?
ਬਚਨੀ : ਹਾਂ ਮੈਂ ਆਂ, ਤੇਰੀ ਮਾਸੀ। ਤੇਰੀ ਮਾਂ ਦੀ ਸਹੇਲੀ। ਪਛਾਣਿਆ ਨਹੀਂ ਮੈਨੂੰ ? ਪੰਜ ਸਾਲ ਪਹਿਲਾਂ ਮੈਂ ਇਸ ਘਰ ਆਈ ਸਾਂ। ਭੁੱਲ ਗਈ ਮਾਸੀ ਨੂੰ ?
ਬੈਣੋ : ਆਹ ... ਪਿਛਲੀ ਵਾਰ ਤੂੰ ਮੇਰੇ ਲਈ ਬੇਰ ਲੈ ਕੇ ਆਈ ਸੈਂ ਨਾ ?
ਬਚਨੀ : ਹੁਣ ਵੀ ਲੈ ਕੇ ਆਈ ਹਾਂ। ਲੈ ਕਰ ਝੋਲੀ। ਲਾਲ ਲਾਲ ਬੇਰ ਨੇ ਮਲ੍ਹਿਆਂ
ਦੇ। ਮੈਂ ਸਮਝਦੀ ਸੀ ਤੂੰ ਓਡੀ ਹੀ ਹੋਵੇਂਗੀ ਪਰ ਸੁਖ ਨਾਲ ਹੁਣ ਤਾਂ ਮੁਟਿਆਰ ਹੋ ਗਈ ਏਂ।
(ਸੰਤੀ ਆਉਂਦੀ ਹੈ)
ਸੰਤੀ : ਧੰਨ ਭਾਗ ਤੂੰ ਆਈ। (ਜੱਫੀ ਪਾ ਕੇ ਮਿਲਦੀਆਂ ਹਨ।) ਤੈਨੂੰ ਮਿਲ ਕੇ ਕਾਲਜੇ ਠੰਢ ਪੈ ਗਈ। ਤੂੰ ਉਹੋ ਜਿਹੀ ਦੀ ਉਹੋ ਜਿਹੀ ਜੁਆਨ ਤੇ ਹਸਮੁਖ। ਮੈਨੂੰ ਤੇਰਾ ਸੁਨੇਹਾ ਮਿਲ ਗਿਆ ਸੀ, ਪਰ ਸਾਡੀ ਵਹਿੜਕੀ ਨੂੰ ਅਫਰੇਵਾਂ ਹੋ ਗਿਐ। ਅਸੀਂ ਸੋਚਿਆ ਕੋਈ ਸੱਪ ਸਲੂਟੀ ਖਾ ਆਈ ਐ ਸ਼ਾਇਦ। ਪਰ ਬੁੱਢੇ ਸਲੋਤਰੀ ਨੇ ਦੱਸਿਐ ਕਿ ਵਹਿੜਕੀ ਨਵੇਂ ਦੁੱਧ ਹੋ ਗਈ। ਸ਼ੁਕਰ ਐ।
ਬਚਨੀ : ਮੈਨੂੰ ਬਹੁਲੀ ਭੇਜੇਂਗੀ ?
ਸੰਤੀ : ਲੈ ਤੈਨੂੰ ਨਾ ਭੇਜੂੰ ਤਾਂ ਹੋਰ ਕਿਸ ਨੂੰ ? ਤੂੰ ਕਦੋਂ ਆਈ ?
ਬਚਨੀ : ਮੇਰੇ ਘਰ ਵਾਲੇ ਦੀ ਅਚਾਨਕ ਹੀ ਇਥੋਂ ਦੀ ਬਦਲੀ ਹੋ ਗਈ। ਪਹਿਲੇ ਪਟਵਾਰੀ ਨੂੰ ਲਾਹ ਦਿਤਾ-ਉਹ ਰਿਸ਼ਵਤ ਖਾਂਦਾ ਸੀ। ਕੱਲ੍ਹ ਆਥਣੇ ਸਾਡਾ ਗੱਡਾ ਪਹੁੰਚਿਆ।
ਸੰਤੀ : ਚੰਗਾ ਹੋਇਆ ਤੂੰ ਇਥੇ ਆ ਗਈ। (ਬੈਣੋ ਬੇਰ ਖਾਂਦੀ ਹੋਈ ਅੰਦਰ ਚਲੀ ਜਾਂਦੀ ਹੈ)
ਬਚਨੀ : ਐਨੇ ਸਾਲ ਹੋ ਗਏ ਪਰ ਇਹ ਵੇਹੜਾ ਨਹੀਂ ਬਦਲਿਆ। ਉਹੀ ਧੌਂਕਣੀ, ਉਹੀ ਅਹਿਰਨ, ਉਹੀ ਭੱਠੀ। ਕੁੱਕੜਾਂ ਦਾ ਖੁੱਡਾ ਵੀ ਉੱਥੇ ਹੀ ਹੈ।
ਸੰਤੀ : ਮੈਂ ਵੀ ਉੱਥੇ ਹੀ ਆਂ।
ਬਚਨੀ : ਜਦੋਂ ਮੈਂ ਬੈਣੋ ਨੂੰ ਖਿੜਕੀ ਕੋਲ ਖੜ੍ਹੀ ਨੂੰ ਦੇਖਿਆ ਤੇ ਸਮਝੀ ਕਿ ਤੂੰ ਖੜੀ ਐਂ।
ਸੰਤੀ : ਹੁਣ ਉਹ ਵੱਡੀ ਹੋ ਗਈ ਐ।
ਬਚਨੀ : ਐਨ ਤੇਰੇ ਵਰਗੀ, ਜਦੋਂ ਤੂੰ ਅਠਾਰਾਂ ਸਾਲ ਦੀ ਸੈਂ।
ਸੰਤੀ : ਠੀਕ ਆਖਦੀ ਐਂ। ਕੱਲ੍ਹ ਬੈਣੋ ਦੀ ਜੁੱਤੀ ਬਣ ਕੇ ਆਈ। ਮੈਂ ਪਾ ਕੇ ਦੇਖੀ ਤਾਂ ਮੇਰੇ ਮੇਚ ਆ ਗਈ।
ਬਚਨੀ : ਸਾਵੀਂ ਤੇਰੀ ਮੂਰਤ।
ਸੰਤੀ : ਪਰ ਸੁਭਾਅ ਮੇਰੇ ਨਾਲੋਂ ਪੁੱਠਾ।
ਬਚਨੀ : ਵਿਆਹ ਕਦ ਦਾ ਧਰਿਐ ?
ਸੰਤੀ : ਅਗਲੇ ਮਹੀਨੇ ਪੈਂਚਵੀਂ ਦਾ ਸਾਹਾ ਨਿਕਲਿਐ। ਟੂਮਾਂ ਮੈਂਗਲ ਸੁਨਿਆਰ ਨੇ ਘੜੀਆਂ ਨੇ। ਦਿਖਾਵਾਂ ਤੈਨੂੰ। (ਸੰਤੀ ਅੰਦਰ ਜਾ ਕੇ ਸੰਦੂਕ ਵਿਚੋਂ ਲਾਲ ਪੋਟਲੀ ਲਿਆਉਂਦੀ ਹੈ।) ਆਹ ਦੇਖ।
ਬਚਨੀ : ਬੜੀ ਭਾਰੀ ਨੱਥ ਐ।
ਸੰਤੀ : ਬੈਣੋ ਦੇ ਬਾਪੂ ਨੇ ਸਾਰਾ ਸਿਉਨਾ ਨੱਥ ਉੱਤੇ ਲਾ ਦਿਤਾ। ਆਖਦੈ ਨੱਥ ਸਾਰਿਆਂ ਗਹਿਣਿਆਂ ਦੀ ਮਲਕਾ ਹੈ। ਮੈਨੂੰ ਗਹਿਣਿਆਂ ਵਿਚੋਂ ਨੱਥ ਹੀ ਚੰਗੀ ਲਗਦੀ ਐ। ਤੇ ਇਹ ਲਾਲ ਜੁੱਤੀ। ਨਿਹਾਲੇ ਵਰਗਾ ਚਮਿਆਰ ਸਾਰੇ ਇਲਾਕੇ ਵਿੱਚ ਕਿਹੜਾ ਹੋਣੈਂ। ਬੜੀ ਰੀਝ ਨਾਲ ਬਣਾਈ ਐ ਉਸ ਨੇ ਇਹ ਜੁੱਤੀ।
ਬਚਨੀ : ਬੈਣੋ ਨੂੰ ਦੇਖ ਕੇ ਮੈਨੂੰ ਉਹ ਵੇਲਾ ਯਾਦ ਆ ਗਿਆ ਜਦੋਂ ਤੂੰ ਤੇ ਮੈਂ ਕੱਪੜੇ ਧੋਣ ਢਾਬ ਉੱਤੇ ਜਾਂਦੀਆਂ ਸਾਂ। ਪਾਣੀ ਵਿੱਚ ਲੱਤਾਂ ਲਮਕਾ ਕੇ ਬੈਠਦੀਆਂ
ਸੰਤੀ : ਪਰ ਹੁਣ ਆਪਣੇ ਹੱਥ ਦੇਖਦੀ ਹਾਂ ਤਾਂ ਸੁਆਹ ਦੀਆਂ ਲੀਕਾਂ ਦਿਸਦੀਆਂ ਨੇ। (ਯਕਦਮ) ਹਾਰੇ ਵਿੱਚ ਸਾਗ ਧਰ ਕੇ ਭੁੱਲ ਗਈ। ਗੱਲਾਂ ਵਿੱਚ ਲੱਗੀ ਰਹੀ। ਕਿਤੇ ਥੱਲੇ ਨਾ ਲੱਗ ਗਿਆ ਹੋਵੇ। ਜਾ ਕੇ ਦੇਖਾਂ।
ਬਚਨੀ : ਵਿਆਹ ਦੇ ਕੰਮ ਕਾਜ ਲਈ ਆਵਾਂਗੀ-ਗੋਟਾ ਲਵਾਉਣ ਤੇ ਤੇਰੇ ਨਾਲ ਰਲ ਕੇ ਗੀਤ ਗਾਉਣ। (ਜਾਂਦੀ ਹੈ।) (ਸੰਤੀ ਰਸੋਈ ਵਿੱਚ ਜਾ ਕੇ ਹਾਰੇ ਵਿਚ ਰਿਝਦੇ ਸਾਗ ਵਿਚ ਡੋਈ ਫੇਰਦੀ ਹੈ। ਬੈਣੋ ਨੂੰ ਹਾਕ ਮਾਰਦੀ ਹੈ।)
ਸੰਤੀ : ਬੈਣੋ। ਨੀ ਬੋਲਦੀ ਕਿਉਂ ਨਹੀਂ ? ਬੈਣੋ!
ਬੈਣੋ : (ਆਉਂਦੀ ਹੋਈ) ਹਾਂ ਕੀ ਐ ?
ਸੰਤੀ : ਸਾਗ ਰਿੱਝ ਗਿਆ। ਹੁਣ ਤੂੰ ਹਾਰੇ ਵਿਚ ਬੱਕਲੀਆਂ ਧਰ ਦੇਹ। ਪਾਥੀਆਂ ਦੀ ਅੱਗ ਤੇ ਹੌਲੀ ਹੌਲੀ ਰਿੱਝਣਗੀਆਂ। ਨੀ ਚੁੱਪ ਕਿਉਂ ਹੋ ਗਈ। ਇਹ ਕੀ ਲਈ ਫਿਰਦੀ ਹੈ ?
ਬੈਣੋ : ਕੱਲ੍ਹ ਗਾਂ ਨੇ ਨਿਆਣਾ ਤੁੜਵਾ ਲਿਆ ਸੀ। ਲੇਵਾ ਭਰਿਆ ਹੋਇਆ ਸੀ। ਮੈਂ ਚੋਣ ਬੈਠੀ ਤਾਂ ਕਿੱਲੇ ਨਾਲ ਬੰਨ੍ਹਿਆ ਵੱਛਾ ਅੜਾਉਣ ਲੱਗਿਆ। ਗਾਂ ਉੜਕ ਗਈ। ਉਸ ਨੇ ਦੋ ਛੜਾਂ ਮਾਰੀਆਂ ਤੇ ਨਿਆਣਾ ਤੁੜਵਾ ਕੇ ਰੰਭਣ ਲੱਗੀ।
ਸੰਤੀ : ਫਿਰ ਤੂੰ ਕੀ ਕਰਦੀ ਸੀ ਇਸ ਰੱਸੇ ਦਾ ?
ਬੈਣੋ : ਸੰਢਦੀ ਸਾਂ। ਘਸ ਕੇ ਬੋਦਾ ਹੋ ਗਿਆ। ਮੈਂ ਸੰਢਿਆ ਤਾਂ ਹੈ ਪਰ ਇਸ ਨੇ ਦੋ ਦਿਨ ਵੀ ਨਹੀਂ ਕੱਢਣੇ।
ਸੰਤੀ : ਤੂੰ ਸਿਆਣੀ ਹੋ ਗਈ ਹੈਂ.. ਕੁਝ ਘਰ ਦਾ ਕੰਮ ਕਰਿਆ ਕਰ। ਦੇਖ ਘਰੋਂ ਬਾਹਰੋਂ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਹੈ। ਰੋਟੀਆਂ ਥੱਪਣ...ਭੱਠੀ ਦੀ ਸੁਆਹ... ਕੱਢਣ ਵਾੜੇ ਵਿੱਚ ਗੁਤਾਵਾ ਕਰਨ ਦਾ ਸਾਰਾ ਕੰਮ... ਬਹੁਤ ਥੱਕ ਗਈ ਹਾਂ ਮੈਂ । (ਉਹ ਲਿੱਪੇ ਹੋਏ ਫਰਸ਼ ਉੱਤੇ ਪੱਸਰ ਕੇ ਲੇਟ ਜਾਂਦੀ ਹੈ। ਲੰਮੀ ਅੰਗੜਾਈ ਲੈਂਦੀ ਹੈ ਤੇ ਆਕੜਾਂ ਭੰਨਦੀ ਹੈ) ਬੈਣੋ । ਧੀਏ ਆ ਜ਼ਰਾ ਮੈਨੂੰ ਲਿਤਾੜ ਦੇਹ। (ਬੈਣੋ ਰੱਸਾ ਸੁੱਟ ਕੇ ਨੰਗੇ ਪੈਰੀਂ ਸੰਤੀ ਨੂੰ ਲਿਤਾੜਨ ਲਗਦੀ ਹੈ।)
ਬੈਣੋ : ਮਾਂ, ਤੈਨੂੰ ਮੇਰਾ ਬੋਝ ਨਹੀਂ ਲਗਦਾ ?
ਸੰਤੀ : ਨਹੀਂ! ਜਦੋਂ ਮੈਂ ਤੈਨੂੰ ਨੌਂ ਮਹੀਨੇ ਢਿੱਡ ਵਿੱਚ ਲਈ ਫਿਰਦੀ ਰਹੀ, ਉਦੋਂ ਤੇਰਾ ਬੋਝ ਨਾ ਲੱਗਿਆ ਤਾਂ ਹੁਣ ਕਿਉਂ ਲੱਗੂ।
ਬੈਣੋ : ਹੁਣ ਇਸ ਲਈ ਕਿ ਮੈਂ ਵੱਡੀ ਹੋ ਗਈ ਹਾਂ। ਤੈਥੋਂ ਵੀ ਲੰਮੀ। ਇਸੇ ਲਈ ਮੈਂ ਪੋਲੇ ਪੱਬੀ ਲਿਤਾੜਦੀ ਹਾਂ ਤੈਨੂੰ। ਲਗਦਾ ਹੈ ਜਿਵੇਂ ਮੈਂ ਪੋਲੀ ਧਰਤੀ ਉੱਤੇ ਤੁਰ ਰਹੀ ਹੋਵਾਂ।
ਸੰਤੀ : ਹੋਰ ਭਰਵਾਂ ਪੈਰ ਰੱਖ ਮੇਰੇ ਉੱਤੇ। ਮੇਰੇ ਮੋਢਿਆਂ ਉੱਤੇ ਪਿੱਠ ਉੱਤੇ.. ਲੱਤਾਂ ਉੱਤੇ .. ਮੈਨੂੰ ਚੰਗਾ ਲਗਦਾ ਹੈ .. (ਹੂੰਗਰ ਮਾਰਦੀ ਹੋਈ) ਚੈਨ ਪੈ ਰਿਹਾ
ਹੈ ਹੱਡਾਂ ਵਿੱਚ। ਆਰਾਮ ਆ ਗਿਆ ਮੇਰੀ ਦੇਹ ਨੂੰ। (ਦੂਰੋਂ ਢੋਲਕੀ ਦੀ ਆਵਾਜ ਉੱਚੀ ਹੋ ਜਾਂਦੀ ਹੈ। ਮਾਂ ਦੀਆ ਹੂੰਗਰਾਂ ਉੱਚੀਆਂ ਹੋ ਜਾਂਦੀਆਂ ਹਨ। ਹੌਲੀ ਹੌਲੀ ਉਹ ਸ਼ਾਂਤ ਹੋ ਜਾਂਦੀ ਹੈ। ਉਹ ਚੌਫਾਲ ਮਸਤ ਪਈ ਹੈ ਨਸ਼ੇ ਵਿੱਚ।)
ਬੈਣੋ ਕੁਝ ਚਿਰ ਲਈ ਖੜ੍ਹੀ ਸੋਚਦੀ ਹੈ। ਗਿੱਧਾ ਅਤੇ ਗੀਤ ਫਿਰ ਉੱਚਾ ਹੋ ਜਾਂਦਾ ਹੈ।
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ... ਬਾਜਰੇ ਦਾ ਸਿੱਟਾ ....
ਰੁਠੜਾ ਜਾਂਦਾ ਮਾਹੀਆ ਨੀ ਮੈਂ ਗਲੀ ਵਿਚੋਂ ਮੋੜਿਆ...
ਬਾਜਰੇ ਦਾ ਸਿੱਟਾ...
ਬੈਣੋ ਸਬਾਤ ਵਿਚ ਜਾਂਦੀ ਹੈ। ਸ਼ੀਸ਼ਾ ਦੇਖਦੀ ਹੈ, ਗੁੱਤ ਕਰਦੀ ਹੈ ਤੇ ਹਰੀ ਚੁੰਨੀ ਲੈਂਦੀ ਹੈ। ਨਵੀਂ ਜੁੱਤੀ ਪਾਉਂਦੀ ਹੈ। (ਯਕਦਮ ਸੰਤੀ ਉਸ ਨੂੰ ਦੇਖ ਕੇ ਕੜਕਦੀ ਹੈ।)
ਸੰਤੀ : ਕਿੱਥੇ ਚੱਲੀ ਹੈਂ ?
ਬੈਣੋ : ਪੀਂਘ ਝੂਟਣ। ਟੋਭੇ ਵਾਲੇ ਪਿੱਪਲ ਉੱਤੇ।
ਸੰਤੀ : ਖ਼ਬਰਦਾਰ ਜੇ ਉੱਥੇ ਗਈ।
ਬੈਣੋ : ਸਾਰੀਆਂ ਕੁੜੀਆਂ ਗਈਆਂ ਨੇ ਪੀਂਘ ਝੂਟਣ। ਗਿੱਧਾ ਪਾਉਣ ਤੇ ਤੀਆਂ ਖੇਡਣ। ਮੈਂ ਕਿਉਂ ਨਾ ਜਾਵਾਂ ?
ਸੰਤੀ : ਬਾਜ ਨਹੀਂ ਆਉਣਾ ? ਸੰਘੀ ਘੁੱਟ ਸੁੱਟਾਂਗੀ ਤੇਰੀ।
ਸੰਤੀ : ਪਤਾ ਹੈ ਤੈਨੂੰ ? ਪ੍ਰਤਾਪੇ ਦੀ ਜੁਆਨ ਧੀ ਨੂੰ ਦੋ ਚੋਬਰ ਲੈ ਗਏ ਸਨ ਚਰ੍ਹੀਆਂ ਦੇ ਖੇਤਾਂ ਵਿੱਚ। ਉੱਥੇ ਮੂੰਹ ਕਾਲਾ ਕੀਤਾ ਉਸ ਨਾਲ।
ਬੈਣੋ : ਕਿਉਂ ਰੋਕਦੀ ਹੈ ਮੈਨੂੰ ? (ਪਿਛੋਕੜ ਵਿੱਚ ਗਿੱਧਾ ਮਚਦਾ ਹੈ ਤੇ ਗੀਤ ਗੂੰਜਦਾ ਹੈ।)
ਗੀਤ : ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ ..
ਬਾਜਰੇ ਦਾ ਸਿੱਟਾ...
ਰੁੱਠੜਾ ਜਾਂਦਾ ਮਾਹੀਆ
ਨੀ ਗਲੀ ਵਿੱਚੋਂ ਮੋੜਿਆ...
ਬਾਜਰੇ ਦਾ ਸਿੱਟਾ...
ਸੰਤੀ : ਖੜ੍ਹੀ ਕੀ ਸੁਣਦੀ ਹੈਂ। ਜੇ ਪੀਂਘ ਝੂਟਣੀ ਏਂ ਤਾਂ ਵਿਹੜੇ ਵਿੱਚ ਝੂਟ, ਉਸ ਪਿੱਪਲ ਦੇ ਡਾਹਣੇ ਨਾਲ।
ਬੈਣੋ : ਇਹ ਡਾਹਣਾ ਪੀਂਘ ਝੂਟਣ ਲਈ ਨਹੀਂ। ਫਾਹਾ ਲੈਣ ਲਈ ਚੰਗਾ ਹੈ।
ਸੰਤੀ : ਕਿਉਂ ਕਬੋਲ ਬੋਲਦੀ ਹੈਂ ? ਇਹ ਦਰੱਖਤ ਤੇਰੇ ਨਾਲ ਵੱਡਾ ਹੋਇਆ। ਇਸ ਦੀ ਛਾਂ ਹੇਠ ਤੂੰ ਜੁਆਨ ਹੋਈ।
ਬੈਣੋ : ਮੈਂ ਟੋਭੇ ਵਾਲੇ ਪਿੱਪਲ ਉੱਤੇ ਹੀ ਝੂਟਣ ਜਾਵਾਂਗੀ, ਲੰਮੀ ਉੱਚੀ ਪੀਂਘ ਝੂਟਣ ਤਾਂ ਜੁ ਮੇਰੀਆਂ ਤਲੀਆਂ ਆਸਮਾਨ ਨੂੰ ਛੂਹ ਲੈਣ। ਧਰਤੀ ਪੁੱਠੀ ਹੋ ਜਾਵੇ। ਆਸਮਾਨ ਮੇਰੇ ਪੈਰਾਂ ਵਿਚ ਆ ਡਿੱਗੇ।
ਸੰਤੀ : (ਗੁੱਸੇ ਵਿਚ ਤੜਪ ਕੇ) ਮੈਂ ਕਰਦੀ ਹਾਂ ਤੇਰਾ ਇਲਾਜ। ਸੰਗਲ ਪਾ ਕੇ ਰੱਖੂੰਗੀ
ਤੈਨੂੰ ਅੰਦਰ। ਕੋਠੜੀ ਵਿੱਚ ਡੱਕ ਦਿਆਂਗੀ ਤੈਨੂੰ ਡੈਣੇ। ਦੇਖਦੀ ਆਂ ਤੂੰ ਕਿਵੇਂ ਜਾਨੀ ਐਂ ਬਾਹਰ!
(ਸੰਤੀ ਬੂਹੇ ਵਿੱਚੋਂ ਬਾਹਰ ਨਿਕਲਦੀ ਹੈ। ਦਰਵਾਜ਼ਾ ਬੰਦ ਕਰਦੀ ਹੈ ਤੇ ਬਾਹਰੋਂ ਕੁੰਡਾ ਜੜ ਦੇਂਦੀ ਹੈ। ਬੈਣੋ ਚੌਂਕਦੀ ਹੈ। ਉਹ ਦੌੜ ਕੇ ਦਰਵਾਜ਼ੇ ਨੂੰ ਖੋਹਲਣ ਦਾ ਯਤਨ ਕਰਦੀ ਹੈ। ਬੰਦ ਦਰਵਾਜੇ ਉੱਤੇ ਮੁੱਕੀਆਂ ਮਾਰਦੀ ਹੈ ਤੇ ਚੀਖਦੀ ਹੈ।)
ਬੈਣੋ : ਦਰਵਾਜ਼ਾ ਕਿਉਂ ਬੰਦ ਕਰ ਦਿੱਤਾ ? ਕੁੰਡਾ ਕਿਉਂ ਜੜ ਦਿੱਤਾ ਵਿਹੜੇ ਨੂੰ ਜਾਲਮੇ ? ਖੋਲ੍ਹ ਦਰਵਾਜ਼ਾ। ਕਿਉਂ ਤਾੜ ਰੱਖਿਐ ਮੈਨੂੰ ਇਸ ਵਿਹੜੇ ਵਿੱਚ? ਦਰਵਾਜ਼ਾ ਖੋਲ੍ਹ। ਹਾਏ ਰੱਬਾ! ਮੇਰਾ ਪਿੰਡਾ ਕਿਉਂ ਤਪ ਰਿਹੈ ? ਰਾਤ ਨੂੰ ਮੰਜੀ ਉੱਤੇ ਪਈ ਅੱਡੀਆਂ ਕਿਉਂ ਰਗੜਦੀ ਹਾਂ ? ਕਿਉਂ ਮੇਰੀਆਂ ਤਲੀਆਂ ਵਿੱਚੋਂ ਚੰਗਿਆੜੇ ਨਿੱਕਲਦੇ ਨੇ। ਹਾਏ ਰੱਬਾ!
ਬਾਜਰੇ ਦਾ ਸਿੱਟਾ ਨੀ ਮੈਂ ਤਲੀ ਤੇ ਮਰੋੜਿਆ..
ਬਾਜਰੇ ਦਾ ਸਿੱਟਾ....
ਤੇਜ਼ ਲੈਅ ਵਿੱਚ ਜੋਸ਼ ਤੇ ਮਸਤੀ ਦੀਆਂ ਘੁੰਮਣਘੇਰੀਆਂ ਤੜਪਦੀਆਂ ਹਨ। ਬੈਣੋ ਦੌੜ ਕੇ ਕੱਚੀ ਕੰਧ ਦੇ ਮਘੋਰੇ ਵਿੱਚੋਂ ਬਾਹਰ ਝਾਕਦੀ ਹੈ। ਕੰਧ ਉੱਤੇ ਮੁੱਕੀਆਂ ਮਾਰਦੀ ਹੈ। ਉਹ ਗੀਤ ਦੀ ਲੈਅ ਦੇ ਨਾਲ ਵਾਲ ਖੋਲ੍ਹ ਕੇ ਕੂਕਾਂ ਮਾਰਦੀ ਹੋਈ ਨੱਚਦੀ ਹੈ। ਇਹ ਨੱਚਣਾ ਵਹਿਸ਼ੀ ਰੂਪ ਧਾਰ ਲੈਂਦਾ ਹੈ। ਲੈਅ ਦੀ ਤੇਜ਼ੀ ਨਾਲ ਬੈਣੋ ਨੂੰ ਦੰਦਲਾਂ ਪੈਣ ਲਗਦੀਆਂ ਹਨ ਤੇ ਉਹ ਵਿਹੜੇ ਵਿੱਚ ਲੋਟਣੀਆਂ ਖਾਂਦੀ ਹੈ। ਉਸ ਦਾ ਕਾਮ-ਮੱਤਾ ਵੇਗ ਸਿਖਰ ਉੱਤੇ ਪੁਜਦਾ ਹੈ ਤੇ ਹੌਲੀ ਹੌਲੀ ਸ਼ਾਂਤ ਹੋ ਜਾਂਦਾ ਹੈ।
ਬਾਹਰ ਗਿੱਧਾ ਤੇ ਗੀਤ ਬੰਦ ਹੋ ਜਾਂਦੇ ਹਨ। ਬੈਣੋ ਦੇ ਚਿਹਰੇ ਉੱਤੇ ਪਸੀਨਾ ਤੇ ਸਾਹ ਚੜ੍ਹਿਆ ਹੋਇਆ ਹੈ। ਉਹ ਹਫ਼ ਰਹੀ ਹੈ। (ਸੰਤੀ ਬਾਹਰੋਂ ਬੂਹੇ ਦਾ ਕੁੰਡਾ ਖੋਲ੍ਹ ਕੇ ਅੰਦਰ ਆਉਂਦੀ ਹੈ। ਬੈਣੋ ਨੂੰ ਦੇਖਦੀ ਹੈ।)
ਸੰਤੀ : ਕੀ ਹੋ ਗਿਆ ਤੈਨੂੰ, ਚੰਦਰੀਏ। ਕਿਉਂ ਕਲੇਸ਼ ਪਾਇਆ ਘਰ ਵਿੱਚ। (ਬੈਣੋ ਜ਼ਮੀਨ ਉੱਤੇ ਪਈ ਸਿਸਕ ਰਹੀ ਹੈ। ਸੰਤੀ ਉਸ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ। ਹੌਲੀ ਹੌਲੀ ਉਹ ਡੂੰਘੀ-ਸੋਚ ਵਿੱਚ ਡੁੱਬ ਜਾਂਦੀ ਹੈ।)
(ਫੇਡ ਆਊਟ)
(ਸੰਤੀ ਭੱਠੀ ਨੂੰ ਫੂਕਾਂ ਲਾ ਕੇ ਭਖਾਉਂਦੀ ਹੈ।)
ਦੋ ਫਾਲੇ ਅੱਗ ਵਿੱਚ ਸੁੱਟਦੀ ਹੈ। ਬਣਸੋ ਲੋਹੇ ਦਾ ਵੱਡਾ ਕੜਛਾ ਫੜੀ ਦਾਖ਼ਿਲ ਹੁੰਦੀ ਹੈ।)
ਬਣਸੋ : ਅੱਗ ਮੰਗਣ ਆਈ ਹਾਂ ਤੇਰੇ ਕੋਲੋਂ। ਮੇਰੇ ਕੜਛੇ 'ਚ ਦੋ ਚਾਰ ਅੰਗਿਆਰ ਪਾ ਦੇਹ।
ਸੰਤੀ : ਹਾਲੇ ਭੱਠੀ ਮਘੀ ਨਹੀਂ।
ਬਣਸੋ : ਤੂੰ ਵੀਹ ਵਾਰ ਮੇਰੇ ਤੰਦੂਰ ਤੋਂ ਅੱਗ ਲੈਣ ਆਈ ਹੋਵੇਂਗੀ। ਮੈਂ ਵੀ ਕਦੇ ਮੋੜਿਆ ਤੈਨੂੰ ਇਸ ਤਰ੍ਹਾਂ ?
ਬਣਸੋ : ਸਾਂਭ ਕੇ ਰੱਖ ਆਪਣੇ ਮਰਦ ਨੂੰ। ਉਸ ਰਾਤ ਤੂੰ ਮੇਰੇ ਬੂਹੇ ਉੱਤੇ ਦੁਹੱਥੜ ਮਾਰੇ ਤਾਂ ਮੈਂ ਆਖਿਆ, ਪਿੱਟੀ ਜਾਹ ਆਪਣੇ ਖਸਮ ਨੂੰ। ਮਾਰ ਟੱਕਰਾਂ ਕੰਧ ਨਾਲ। ਜੇ ਉਸ ਨੇ ਡੱਬ ਵਿੱਚ ਬੋਤਲ ਦੇ ਕੇ ਮੇਰੇ ਕੋਲ ਆਉਣਾ ਹੈ ਤਾਂ ਤੇਰੇ ਵਰਗੀਆਂ ਸੌ ਜਣੀਆਂ ਨਹੀਂ ਰੋਕ ਸਕਦੀਆਂ। ਸਭ ਦੇ ਸਾਹਮਣੇ ਹਿੱਕ ਠੋਕ ਕੇ ਰਹਿੰਦੀ ਹਾਂ। ਜੇ ਇਸ ਤਰ੍ਹਾਂ ਨਾ ਰਹਾਂ ਤਾਂ ਤੇਰੇ ਵਰਗੀਆਂ ਮੈਨੂੰ ਦੋ ਦਿਨ ਨਾ ਜੀਣ ਦੇਣ। ਕਿਸੇ ਦਾ ਦਿੱਤਾ ਖਾਨੀ ਆਂ ? ਰੋਟੀਆਂ ਲਾਉਂਦੀ ਹਾਂ ਪਰ ਜੇ ਕੋਈ ਉੱਥੇ ਪਊਆ ਪੀ ਕੇ ਆ ਜਾਵੇ ਤਾਂ ਮੇਰਾ ਕੀ ਲੈਂਦੇ ? ਤੇਰੇ ਵਾਂਗ ਮੈਂ ਸੁੱਚੀ ਕਲੀ ਦਾ ਪੋਚਾ ਨਹੀਂ ਫੇਰਦੀ।
ਸੰਤੀ : ਮੇਰਾ ਵੇਹੜਾ ਸੁੱਚਾ ਤੇ ਮੇਰੀ ਦੇਹ ਵੀ ਸੁੱਚੀ।
ਬਣਸੋ : ਤੇ ਤੇਰੀ ਧੀ ?
ਸੰਤੀ : ਮੇਰੀ ਧੀ ਵੀ ਸੁੱਚੀ।
ਬਣਸੋ : ਫੇਰ ਉਹਦੇ ਸਹੁਰਿਆਂ ਨੇ ਰਿਸ਼ਤਾ ਕਿਉਂ ਛੱਡ ਦਿੱਤਾ ?
ਸੰਤੀ : ਕੌਣ ਆਖਦੈਂ ? ਜੀਭ ਨਾ ਵੱਢ ਸੁੱਟਾਂ ਆਖਣ ਵਾਲੇ ਦੀ।
ਬਣਸੋ : ਜੇ ਨਹੀਂ ਛੱਡਿਆ ਤਾਂ ਛੱਡ ਦੇਣਗੇ।
ਸੰਤੀ : ਤੇਰੇ ਵਰਗੀਆਂ ਦਾ ਇਹੋ ਕੰਮ ਰਹਿ ਗਿਆ, ਕਿਸੇ ਦਾ ਘਰ ਉਜਾੜਨ ਜਾ ਰਿਸ਼ਤੇ ਤੋੜਨ ਦਾ। ਤੈਨੂੰ ਦੱਸ ਦੇਵਾਂ, ਪਰਸੋਂ ਹੀ ਮੁੰਡੇ ਨੂੰ ਸੋਨੇ ਦਾ ਕੜਾ ਪਾ ਕੇ ਆਏ ਹਾਂ। ਉਸ ਨੇ ਮੇਰੀ ਧੀ ਦੇਖੀ ਹੈ ਤੇ ਆਖਦੈ ਵਿਆਹ ਕਰਾਂਗਾ ਤਾਂ ਬੈਣੋ ਨਾਲ। ਕੋਈ ਨਹੀਂ ਟਾਲ ਸਕਦਾ ਇਸ ਵਿਆਹ ਨੂੰ। ਬੈਣੋ ਨੂੰ ਆਪ ਬੜਾ ਚਾਅ ਐ ਇਸ ਵਿਆਹ ਦਾ। ਅਗਲੇ ਐਤਵਾਰ ਕੁੜੀਆਂ ਨੂੰ ਗਾਉਣ ਬਿਠਾ ਦੇਣੈ। ਢੋਲਕ ਉੱਤੇ ਸਾਵੀ ਮਹਿੰਦੀ ਲਾ ਦੇਣੀ ਐਂ।
ਬਣਸੋ : ਨੀ ਛੱਡ ਇਸ ਪਖੰਡ ਨੂੰ। ਜਾਹ ਜਾ ਕੇ ਵਾੜੇ ਵਿੱਚ ਦੇਖ! ਬੈਣੋ ਧਾਰ ਕੱਢਣ ਗਈ ਹੈ ਕਿ ਸਰਬਣ ਨਾਲ ਤੂੜੀ ਵਾਲੇ ਕੋਠੇ ਵਿੱਚ ਖੇਹ ਖਾਣ। (ਛਾਤੀ ਤਾਣ ਕੇ ਬਣਸੋ ਚਲੀ ਜਾਂਦੀ ਹੈ। ਸੰਤੀ ਗੁੱਸੇ ਵਿੱਚ ਭਰੀ ਪੀਤੀ ਤੱਕਦੀ ਹੈ।)
(ਹਨੇਰਾ)
ਸੀਨ - ਦੂਜਾ
(ਸ਼ਾਮ ਦਾ ਵੇਲਾ। ਸੰਤੀ ਭੱਠੀ ਵਿੱਚੋਂ ਸੁਆਹ ਕੱਢ ਰਹੀ ਹੈ। ਹੱਥ ਸੁਆਹ ਨਾਲ ਲਿੱਬੜੇ ਹੋਏ ਹਨ। ਚਿਹਰੇ ਤੋਂ ਮੁੜ੍ਹਕਾ ਪੂੰਝਦੀ ਹੈ। ਗੱਜਣ ਦਾਖ਼ਿਲ ਹੁੰਦਾ ਹੈ ਤੇ ਸੰਤੀ ਯਕਦਮ ਮੁੜ ਕੇ ਉਸ ਵੱਲ ਕੌੜੀਆਂ ਨਜ਼ਰਾਂ ਨਾਲ ਦੇਖਦੀ ਹੈ।)
ਗੱਜਣ : ਮੇਰਾ ਹਲ ਤਿਆਰ ਹੋ ਗਿਆ ?
ਸੰਤੀ : ਹਾਂ।
ਗੱਜਣ : ਫਾਲਾ ਚੰਡ ਦਿੱਤਾ ?
(ਵਕਫਾ)
ਗੱਜਣ : ਕਾਕੂ ਕਿੱਥੇ ਗਿਆ ਏ ?
ਸੰਤੀ : ਪੰਡਿਤ ਕੋਲ ਗਿਆ ਸੀ। ਸਭ ਨਛੱਤਰ ਠੀਕ ਨੇ।
ਗੱਜਣ : ਸੰਤੀਏ, ਪੰਡਿਤਾਂ ਦੇ ਕੱਢੇ ਹੋਏ ਨਛੱਤਰ ਘੱਟ ਹੀ ਠੀਕ ਹੁੰਦੇ ਨੇ। ਤਾਰਿਆਂ ਦੀ ਚਾਲ ਦਾ ਕਿਸ ਨੂੰ ਪਤਾ ? ਸਾਉਣ ਦੇ ਬੱਦਲਾਂ ਦਾ ਕੀ ਭਰੋਸਾ, ਕਿੱਥੇ ਵੱਸਣ। ਜੱਟ ਜਦ ਹਲ ਚਲਾਉਂਦਾ ਹੈ ਤਾਂ ਸਾਉਣ ਦੇ ਬੱਦਲਾਂ ਦੀ ਕਣੀ ਬਲਦ ਦੇ ਇੱਕ ਸਿੰਗ ਉੱਤੇ ਪੈਂਦੀ ਹੈ ਤੇ ਦੂਜਾ ਸਿੰਗ ਸੁੱਕਾ। ਤੀਵੀਂ ਦਾ ਪਿਆਰ ਵੀ ਸਾਉਣ ਦਾ ਬੱਦਲ ਹੈ। ਸੰਤੀਏ, ਮੈਂ ਇਸੇ ਛਿੱਟੇ ਨੂੰ ਉਡੀਕਦਾ ਰਿਹਾ।
ਸੰਤੀ : ਕੀ ਝਾਕਦਾ ਹੈਂ ?
ਗੱਜਣ : ਤੈਨੂੰ ਦੇਖਦਾ ਹਾਂ। ਕਦੇ ਮੌਕਾ ਨਾ ਮਿਲਿਆ ਤੈਨੂੰ ਇਸ ਤਰ੍ਹਾਂ ਦੇਖਣ ਦਾ।
ਸੰਤੀ : ਉਦੋਂ ਆਇਆ ਕਰ ਜਦੋਂ ਬੈਣੋ ਦਾ ਬਾਪੂ ਘਰ ਹੋਵੇ। ਲੋਕ ਗੱਲਾਂ ਕਰਦੇ ਨੇ।
ਗੱਜਣ : ਕਿਉਂ, ਭੱਠੀ ਵਿੱਚੋਂ ਬਦਨਾਮੀ ਦਾ ਧੂੰਆ ਉਠਦਾ ਦਿਸਦੈ ?
ਸੰਤੀ : ਹਾਂ ਬਦਨਾਮੀ। ਢਾਬ ਉੱਤੇ ਮਿਲਣ ਦੀ ਬਦਨਾਮੀ ਹੁਣ ਤੀਕ ਨਹੀਂ ਗਈ।
ਗੱਜਣ : ਉਹਨਾਂ ਨੂੰ ਮੁੱਦਤਾਂ ਬੀਤ ਗਈਆਂ। ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨ ਲਈ ਸਹਿਕਦਾ ਰਿਹਾ। ਜਿੰਨਾ ਮੈਂ ਤੇਰੇ ਵੱਲ ਵਧਿਆ ਉਨਾ ਤੂੰ ਪਿੱਛੇ ਹਟਦੀ ਗਈ। ਮੇਰਾ ਮਨ ਉੱਖੜਿਆ ਉੱਖੜਿਆ ਰਹਿੰਦਾ। ਖੇਤ ਉੱਜੜ ਗਿਆ। ਕਣਕ ਦੀ ਥਾਂ ਪੋਹਲੀ ਉੱਗ ਆਈ। ਹਰ ਚੀਜ਼ ਵੀਰਾਨ। ਹਰ ਚੀਜ਼ ਸੁੰਨੀ ਤੇਰੇ ਬਗੈਰ। ਕਈ ਵਾਰੀ ਜੀਅ ਕੀਤਾ ਕਿ ਪਿੰਡ ਛੱਡ ਜਾਵਾਂ। ਪਰ ਜੱਟ ਉਦੋਂ ਪਿੰਡ ਛੱਡਦੈ ਜਦੋਂ ਉਹ ਸਾਧ ਬਣ ਜਾਏ ਜਾਂ ਕਿਸੇ ਤੀਵੀਂ ਨੂੰ ਕੱਢ ਕੇ ਲੈ ਜਾਵੇ। ਇੱਕ ਵਾਰੀ ਪਿੰਡ ਛੱਡਣ ਦਾ ਮੌਕਾ ਆਇਆ ਸੀ...ਯਾਦ ਐ ਤੂੰ ਢਾਬ ਉੱਤੇ ਦਿਨ ਛਿਪੇ ਆਉਣ ਦਾ ਇਕਰਾਰ ਕੀਤਾ ਸੀ।
ਸੰਤੀ : ਉਹ ਗੱਲ ਨਾ ਛੇੜ। ਉਹ ਗੱਲ ਉੱਥੇ ਹੀ ਮਰ ਮੁੱਕ ਗਈ। ਮੈਂ ਮੰਗੀ ਹੋਈ ਸਾਂ ਤੇ ਮੇਰਾ ਵਿਆਹ ਹੋਣ ਵਾਲਾ ਸੀ। ਕਿਵੇਂ ਆਉਂਦੀ ? ਇਹੋ ਜਿਹਾ ਕਾਰਾ ਕੋਈ ਭੈੜੀ ਤੀਵੀਂ ਹੀ ਕਰਦੀ ਹੈ।
ਗੱਜਣ : ਮੈਨੂੰ ਨਹੀਂ ਪਤਾ ਕੀ ਚੀਜ਼ ਭੈੜੀ ਐ। ਉਸ ਰਾਤ ਮੈਂ ਤੈਨੂੰ ਉਡੀਕਿਆ। ਤਾਰਿਆਂ ਦੀ ਖਿੱਤੀ ਅਸਮਾਨ ਵਿੱਚ ਢਲ ਗਈ ਤੇ ਸਰਕੰਡੇ ਹਵਾ ਵਿਚ ਝੂਮਦੇ ਰਹੇ ... ਪਰ ਤੂੰ ਨਾ ਆਈ।
ਸੰਤੀ : ਦੇਖਦਾ ਨਹੀਂ ਹੁਣ ਮੇਰੀ ਧੀ ਸਿਆਣੀ ਹੋ ਗਈ ਐ ?
ਗੱਜਣ : ਦੇਖਦਾ ਹਾਂ ? ਤੇ ਤੇਰੇ ਬਾਰੇ ਸੋਚਦਾ ਹਾਂ। ਹਮੇਸ਼ਾ ਤੇਰੇ ਹੀ ਬਾਰੇ। ਇਸੇ ਕਰ ਕੇ ਮੈਂ ਵਿਆਹ ਨਾ ਕਰਵਾਇਆ।
ਸੰਤੀ : ਮੈਨੂੰ ਇਸ ਦਾ ਮੇਹਣਾ ਨਾ ਦੇਹ!
ਗੱਜਣ : ਅਜੇ ਵੀ ਤੂੰ ਮੇਰੀ ਹਿੱਕ ਵਿੱਚ ਵਸੀ ਹੋਈ ਹੈਂ।
ਸੰਤੀ : ਹੁਣੇ ਜੇ ਉਹ ਆ ਜਾਵੇ ਤਾਂ ਤੇਰਾ ਸਿਰ ਪਾੜ ਸੁੱਟੇ।
ਸੰਤੀ : ਆਪਣਾ ਹਲ ਚੁੱਕ ਤੇ ਇਥੋਂ ਤੁਰਦਾ ਬਣ।
ਗੱਜਣ : ਤੂੰ ਸਮਝਦੀ ਐਂ ਮੈਂ ਇੱਥੇ ਹਲ ਦਾ ਫਾਲਾ ਚੰਡਾਉਣ ਆਉਂਦਾ ਹਾਂ ? ਮੈਂ ਤਾਂ ਇਸ ਵੇਹੜੇ 'ਚ ਆਉਂਦੈਂ ਤੈਨੂੰ ਦੇਖਣ ਲਈ। ਪਿੰਡ ਤੋਂ ਆਉਣ ਲੱਗੇ ਪੰਜ ਕੋਹ ਦੀ ਵਾਟ ਬਸ ਪੰਜ ਕਰਮ ਲਗਦੀ ਐ। ਕਈ ਵਾਰ ਮੈਂ ਉਸੇ ਟੋਭੇ ਉੱਤੇ ਜਾਂਦਾ ਹਾਂ ਜਿਥੇ ਤੂੰ ਤੇ ਮੈਂ ਇਕੱਠੇ ਖੇਡੇ ਸਾਂ। ਇਕੱਠੇ ਪਿੱਪਲਾਂ ਤੇ ਚੜ੍ਹੇ ਸਾਂ। ਇਕੱਠੇ ਕੌਲ ਕਰਾਰ ਕੀਤੇ ਸਨ । ਇਕੱਠੇ ਬਾਹਾਂ ਤੇ ਚੰਦ ਖੁਣਵਾਏ ਸਨ। ਆਹ ਦੇਖ ਮੇਰੀ ਬਾਂਹ ਤੇ ਹੁਣ ਤੀਕ ਇਹ ਚੰਦ ਹਰੇ ਰੰਗ ਵਿੱਚ ਚਮਕ ਰਿਹੈ -ਪੈਂਚਵੀਂ ਦਾ ਚੰਦ।
ਸੰਤੀ : ਚਲਿਆ ਜਾਹ ਮੇਰੇ ਘਰੋਂ। ਲੱਚਾ ਕਿਸੇ ਥਾਂ ਦਾ।
ਗੱਜਣ : ਤੂੰ ਗਾਲ੍ਹ ਕਢਦੀ ਹੈ, ਤਾਂ ਹੋਰ ਅੱਗ ਮੱਚਦੀ ਐ ਮੇਰੇ ਅੰਦਰ । ਤੂੰ ਜਿੰਨੀ ਮਰਜ਼ੀ ਆਏਂ ਗਾਲ੍ਹਾਂ ਕੱਢ ? ਮੈਨੂੰ ਬੁਰਾ ਆਖ ਪਰ ਤੇਰੇ ਜਿਸਮ 'ਚ ਹੁਣ ਵੀ ਕਿਤੇ ਰੜਕਦੇ ਹੋਣਗੇ ਮੇਰੇ ਹੱਥ। ਇਹਨਾਂ ਹੱਥਾਂ ਨੇ ਤੈਨੂੰ ਬੋਚ ਕੇ ਕਈ ਵਾਰ ਪਿੱਪਲ ਦੇ ਡਾਹਣੇ ਤੋਂ ਹੇਠਾਂ ਲਾਹਿਆ ਸੀ। ਇਕ ਵਾਰ ਤੇਰੀ ਚੁੰਨੀ ਟੋਭੇ ਵਿੱਚ ਡਿਗ ਪਈ ਤਾਂ ਮੈਂ ਛਾਲ ਮਾਰ ਕੇ ਕੱਢੀ ਸੀ। ਇਸੇ ਹੱਥ ਉਤੇ ਦੰਦੀ ਵੱਢ ਕੇ ਤੂੰ ਸਹੁੰ ਖਾਧੀ ਸੀ ਸਦਾ ਮੇਰੇ ਨਾਲ ਰਹਿਣ ਦੀ। ਇਹਨਾਂ ਹੱਥਾਂ ਨੂੰ ਤੂੰ ਕਿਵੇਂ ਭੁੱਲ ਸਕਦੀ ਹੈਂ ?
ਸੰਤੀ : ਖ਼ਬਰਦਾਰ ਜੇ ਮੈਨੂੰ ਹੱਥ ਲਾਇਆ! ਮੈਂ ਵਿਆਹੀ ਗਈ। ਮੇਰੀ ਧੀ ਜਵਾਨ ਹੋ ਗਈ। ਮੈਂ ਭੱਠੀ ਦੇ ਮਾਲਕ ਦੀ ਸੁਹਾਗਣ ਬੀਵੀ ਹਾਂ। ਅੱਗੇ ਵਧਿਆ ਤਾਂ ਭੱਠੀ ਵਿਚ ਬਲਦਾ ਹੋਇਆ ਇਹੋ ਲੋਹਾ ਤੇਰੇ ਮੱਥੇ ਵਿੱਚ ਮਾਰਾਂਗੀ।
ਗੱਜਣ : ਮਾਰ ਇਹ ਲੋਹਾ ਮੇਰੇ ਮੱਥੇ ਵਿੱਚ! ਇੱਕ ਨਿਸ਼ਾਨ ਹੋਰ ਪੈ ਜਾਵੇਗਾ ਤੇਰੇ ਪਿਆਰ ਦਾ। ਇੱਕ ਹੋਰ ਜ਼ੁਲਮ। ਪਰ ਤੂੰ ਕਿਵੇਂ ਮਾਰੇਂਗੀ ? ਭੁੱਲ ਗਈ ਏਂ ਆਪਣੇ ਵਾਇਦੇ ? ਪਿੱਪਲ ਹੇਠ ਖੜ੍ਹੀ ਹੋ ਕੇ ਤੂੰ ਟੋਭੇ ਦੀ ਚੂਲੀ ਭਰ ਕੇ ਕੀ ਆਖਿਆ ਸੀ ?
ਸੰਤੀ : ਕਿਉਂ ਦੱਬੇ ਮੁਰਦੇ ਪੱਟੀ ਜਾਨੈਂ ? ਉਹ ਸਾਰੀਆਂ ਗੱਲਾਂ ਉਦੋਂ ਸਨ ਜਦੋਂ ਮੈਂ ਅਣਜਾਣ ਸਾਂ। ਮੈਨੂੰ ਨਹੀਂ ਪਤਾ ਮੈਂ ਕੀ ਆਖਿਆ ਸੀ ਤੈਨੂੰ। ਬਚਪਨ ਦੀਆਂ ਖੇਡਾਂ ਸਨ। ਰਾਜੇ ਰਾਣੀ ਦੀਆਂ ਕਹਾਣੀਆਂ। ਪਰੀਆਂ ਤੇ ਦੇਓਆਂ ਦੇ ਕਿੱਸੇ। ਝੂਠੇ ਸੁਫ਼ਨੇ ਤੇ ਝੂਠੀਆਂ ਰੀਝਾਂ। ਤੀਵੀਂ ਜਦੋਂ ਅੱਗ ਦੁਆਲੇ ਮਰਦ ਦਾ ਲੜ ਫੜ ਕੇ ਤੁਰਦੀ ਹੈ ਤਾਂ ਇਸ ਅੱਗ ਵਿਚ ਪਿਛਲਾ ਸਭ ਕੁਝ ਭਸਮ ਹੋ ਜਾਂਦੈ। ਮਾਂ ਬਾਪ ਪਰਾਏ ਹੋ ਜਾਂਦੇ ਹਨ। ਆਪਣਾ ਵੇਹੜਾ ਬਗਾਨਾ। ਹਰ ਮਰਦ ਓਪਰਾ। ਤੂੰ ਮੇਰੇ ਲਈ ਓਪਰਾ ਮਰਦ ਹੈ। ਖ਼ਬਰਦਾਰ ਜੇ ਅੱਗੇ ਵਧਿਆ ਤਾਂ।
(ਗੱਜਣ ਉਸਨੂੰ ਹੱਥ ਪਾਉਂਦਾ ਹੈ। ਸੰਤੀ ਸ਼ੇਰਨੀ ਵਾਂਗ ਉਸ ਉੱਤੇ ਝਪਟਦੀ ਹੈ। ਉਸ ਦੇ ਵਾਲ ਖੁੱਲ੍ਹ ਜਾਂਦੇ ਹਨ ਤੇ ਉਹ ਚੰਡੀ ਦਾ ਰੂਪ ਬਣ ਜਾਂਦੀ ਹੈ।)
ਸੰਤੀ : ਨਿਕਲ ਜਾਹ ਕੁੱਤਿਆ ਮੇਰੇ ਘਰੋਂ'। ਅੱਖਾਂ ਕੱਢ ਸੁੱਟਾਂਗੀ ਤੇਰੀਆਂ!
(ਉਹ ਗੱਜਣ ਦੇ ਮੂੰਹ ਉੱਤੇ ਘਰੂਟੇ ਵਢਦੀ ਹੈ ਤੇ ਉਸ ਨੂੰ ਕੰਧ ਨਾਲ ਮਾਰਦੀ ਹੈ। ਖੁਦ ਹਫ਼ਦੀ ਹੋਈ ਵੇਹੜੇ ਵਿੱਚ ਡਿਗ ਪੈਂਦੀ ਹੈ।)
ਸੰਤੀ : ਆਪਣਾ ਹਲ ਚੁੱਕਣ ਆਇਆ ਸੀ। ਆਖਣ ਲੱਗਾ ਤੇਰਾ ਬਾਪੂ ਬਣਸੋ ਕੋਲ ਜਾਂਦਾ ਹੈ। ਮੈਨੂੰ ਗੁੱਸਾ ਚੜ੍ਹ ਗਿਆ ਤੇ ਮੈਂ ਉਸ ਦਾ ਮੂੰਹ ਘਰੂਟ ਦਿੱਤਾ। ਕਿਸੇ ਦੀ ਕੀ ਮਜਾਲ ਕਿ ਤੇਰੇ ਬਾਪੂ ਬਾਰੇ ਕੋਈ ਇਹੋ ਜਿਹੀ ਗੱਲ ਆਖੇ।
(ਬੈਣੋ ਇੱਕ ਪਲ ਖੜ੍ਹੀ ਉਸ ਵੱਲ ਦੇਖਦੀ ਹੈ। ਸੰਤੀ ਹਫ ਰਹੀ ਹੈ। ਉਸ ਦੇ ਵਾਲ ਖੁੱਲ੍ਹੇ ਤੇ ਅੱਖਾਂ ਵਿੱਚ ਵਹਿਸ਼ਤ। ਬੈਣੋ ਸੋਚਦੀ ਹੋਈ ਕੋਈ ਫੈਸਲਾ ਕਰਦੀ ਹੈ ਤੇ ਭੜਕ ਉਠਦੀ ਹੈ।)
ਬੈਣੋ : ਉਹ ਇੱਥੇ ਕਿਉਂ ਆਉਂਦੈ ?
ਸੰਤੀ : ਕੌਣ ?
ਬੈਣੋ : ਗੱਜਣ।
ਸੰਤੀ : ਉਹ ਆਪਣੇ ਕੰਮ ਆਉਂਦਾ ਹੈ। ਹਲ ਦਾ ਫਾਲ ਚੰਡਾਉਣ ਜਾਂ ਦਾਤਰੀ ਦੇ ਦੰਦੇ ਕਢਾਉਣ।
ਬੈਣੋ : ਹਲ ਦਾ ਫਾਲਾ ਚੰਡਾਉਣ ਖਾਤਿਰ ਨਹੀਂ ਤੈਨੂੰ ਮਿਲਣ।
ਸੰਤੀ : ਜੇ ਮੇਰੇ ਵੱਲ ਕੋਈ ਦੂਜਾ ਮਰਦ ਦੇਖ ਵੀ ਜਾਏ ਤਾਂ ਮੈਂ ਅੱਖਾਂ ਕੱਢ ਸੁੱਟਾਂ ਉਸ ਦੀਆਂ।
ਬੈਣੋ : ਉਹ ਤੈਨੂੰ ਮਿਲਣ ਆਉਂਦਾ ਹੈ। ਤੈਨੂੰ।
ਸੰਤੀ : ਸ਼ਰਮ ਨਹੀਂ ਆਉਂਦੀ ਤੈਨੂੰ ਇਸ ਤਰ੍ਹਾਂ ਬਕਦੀ ਨੂੰ।
ਬੈਣੋ : ਕਾਹਦੀ ਸ਼ਰਮ ? ਚੀਖ ਚੀਖ ਕੇ ਆਖਾਂਗੀ ਕਿ ਉਹ ਤੈਨੂੰ ਹੀ ਮਿਲਣ ਆਉਂਦਾ ਹੈ। ਮੈਂ ਆਪ ਇਹਨਾਂ ਅੱਖਾਂ ਨਾਲ ਦੇਖਿਆ ਤੈਨੂੰ ਉਸ ਨਾਲ ਘੁਲਦੀ ਨੂੰ ਹੁਣੇ। ਉਹ ਤੈਨੂੰ ਝੰਜੋੜ ਰਿਹਾ ਸੀ। ਤੂੰ ਹਫ ਰਹੀ ਸੈਂ ਉਸ ਦੀਆਂ ਬਾਹਵਾਂ ਵਿੱਚ।
ਸੰਤੀ : ਮੈਂ ਉਸ ਨੂੰ ਜੁੱਤੀਆਂ ਮਾਰ ਕੇ ਕੱਢਿਆ ਹੈ ਇਸ ਵੇਹੜੇ 'ਚੋਂ। ਮੈਨੂੰ ਨਹੀਂ ਸੀ ਪਤਾ ਕਿ ਉਸ ਦੇ ਦਿਲ ਵਿੱਚ ਖੋਟ ਹੈ। ਮੈਂ ਦੁਨੀਆ ਦੀ ਹਯਾ ਰੱਖੀ ਹੋਈ ਐ। ਤੇਰਾ ਬਾਪੂ ਭਾਵੇਂ ਦਾਰੂ ਪੀਂਦਾ ਹੈ ਤੇ ਕਦੇ ਕਦੇ ਮੈਨੂੰ ਮਾਰਦਾ ਵੀ ਐ ਫਿਰ ਵੀ ਮੈਂ ਉਸੇ ਦੀ ਹਾਂ।
ਬੇਣੋ : ਪਰ ਮੈਂ ਜ਼ੁਲਮ ਨਹੀਂ ਬਰਦਾਸ਼ਤ ਕਰ ਸਕਦੀ।
ਸੰਤੀ : ਕਿਸ ਦਾ ਜ਼ੁਲਮ ?
ਬੈਣੋ : ਤੇਰਾ ਜ਼ੁਲਮ। ਤੇਰਾ ਜ਼ੁਲਮ ਮੇਰੇ ਉੱਤੇ। ਇੱਕ ਮਾਂ ਦਾ ਜ਼ੁਲਮ। ਤੂੰ ਮੈਨੂੰ ਵੀ ਆਪਣੇ ਵਰਗਾ ਬਨਾਉਣਾ ਚਾਹੁੰਦੀ ਹੈਂ। ਆਪਣੀ ਮੂਰਤ, ਆਪਣੀ ਹਾਰੀ ਹੋਈ ਬਾਜੀ ਮੇਰੇ ਸਿਰ ਮੜ੍ਹਨਾ ਚਾਹੁੰਦੀ ਹੈਂ। ਮੈਂ ਆਪਣੀ ਬਾਜ਼ੀ ਨਵੇਂ ਸਿਰਿਓਂ ਖੁਦ ਖੇਡਾਂਗੀ। ਜੇ ਹਾਰ ਵੀ ਜਾਵਾਂ ਤਾਂ ਇਹ ਮੇਰੀ ਆਪਣੀ ਹਾਰ ਹੋਵੇਗੀ। ਇੱਕ ਤਰ੍ਹਾਂ ਮੇਰੀ ਜਿੱਤ। ਮੇਰਾ ਆਪਣਾ ਇਰਾਦਾ, ਆਪਣੀ ਦਲੀਲ, ਆਪਣੀ ਮਰਜੀ। ਆਪਣੀ ਹੋਣੀ ਦੀ ਮੈਂ ਖੁਦ ਜਿੰਮੇਵਾਰ ਹਾਂ। ਤੇਰੀ ਜੂਠੀ ਹੋਣੀ ਦੀ ਮੈਂ ਭਾਈਵਾਲ ਨਹੀਂ ਬਣਨਾ ਚਾਹੁੰਦੀ।
ਸੰਤੀ : ਮੇਰੀ ਜੰਮੀ ਤੂੰ ਮੈਨੂੰ ਹੀ ਇਸ ਤਰ੍ਹਾਂ ਬੋਲਦੀ ਹੈਂ ?
ਸੰਤੀ : ਮੇਰੀਏ ਕਮਲੀਏ ਧੀਏ, ਇਸੇ ਤਰ੍ਹਾਂ ਦਾ ਉਬਾਲ ਮੇਰੇ ਮਨ ਵਿੱਚ ਵੀ ਆਇਆ ਸੀ ਜਦੋਂ ਮੈਂ ਅਠਾਰਾਂ ਸਾਲ ਦੀ ਸੀ। ਪਰ ਜਦੋਂ ਮੇਰੇ ਬਾਪ ਨੇ ਮੈਨੂੰ ਵਰ ਟੋਲ ਦਿੱਤਾ ਤੇ ਰੀਤਾਂ ਰਸਮਾਂ ਨਾਲ ਮੇਰਾ ਵਿਆਹ ਕਰ ਦਿੱਤਾ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਦੂਜਾ ਆਦਮੀ ਨਹੀਂ ਦੇਖਿਆ। ਹੁਣ ਤੇਰੇ ਬਾਪੂ ਨੇ ਤੇਰਾ ਵਰ ਟੋਲ ਦਿੱਤਾ ਹੈ।
ਬੈਣੋ : ਮੈਨੂੰ ਤੂੰ ਮੜ੍ਹਨਾ ਚਾਹੁੰਦੀ ਹੈਂ ਉਸ ਲੁਹਾਰਾਂ ਦੇ ਮੁੰਡੇ ਨਾਲ ? ਭੱਠੀ ਦੀ ਸੁਆਹ ਵਿੱਚ ਸਾਰੀ ਉਮਰ ਗਾਲਣ ਲਈ। ਜੋ ਤੂੰ ਸੈਂ ਉਹ ਮੈਂ ਨਹੀਂ ਬਣਨਾ ਚਾਹੁੰਦੀ। ਜਿੰਨਾ ਮਰਜੀ ਐਂ ਰੋਕ, ਮੈਂ ਸਰਬਣ ਨੂੰ ਮਿਲਾਂਗੀ।
ਸੰਤੀ : ਤੂੰ ਉਸ ਨੂੰ ਫਿਰ ਮਿਲੀ ਸੈਂ ?
ਬੈਣੋ : ਹਾਂ।
ਸੰਤੀ : ਤੈਨੂੰ ਲੱਜ ਨਾ ਆਈ ? ਮਾਂ ਦੇ ਦੁੱਧ ਦੀ ਸਹੁੰ ਖਾ ਕੇ ਤੂੰ ਬਚਨ ਤੋੜਿਆ।
ਬੈਣੋ : ਮੈਨੂੰ ਸਾਰੇ ਬਚਨ ਭੁੱਲ ਗਏ ਜਦੋਂ ਉਹ ਮੈਨੂੰ ਮਿਲਿਆ। ਸਭ ਸਹੁੰਆਂ ਝੂਠੀਆਂ ਪੈ ਗਈਆਂ।
ਸੰਤੀ : ਕਦੋਂ ਮਿਲੀ ਸੀ ਉਸ ਨੂੰ ?
ਬੈਣੋ : ਜਦੋਂ ਤੂੰ ਹਰਨਾਮੇ ਦੇ ਘਰ ਸਿਆਪੇ ਤੇ ਗਈ ਸੀ, ਉਦੋਂ। ਮੈਨੂੰ ਪਤਾ ਸੀ ਜੁਆਨ ਪੁੱਤ ਮਰਿਐ ਤੇ ਤੂੰ ਦੋ ਘੰਟੇ ਤੋਂ ਪਹਿਲਾਂ ਨਹੀਂ ਮੁੜਨਾ। ਉਹੀ ਮਰਾਸਣ ਉਹਨਾਂ ਦੇ ਵੇਹੜੇ ਵਿੱਚ ਖੜ੍ਹੀ ਸਿਆਪਾ ਕਰਵਾ ਰਹੀ ਸੀ ਜੋ ਹੁਣ ਮੇਰੇ ਵਿਆਹ ਦੇ ਗੀਤ ਗਾਉਣ ਆਉਂਦੀ ਹੈ। ਬਾਪੂ ਲਾਗਲੇ ਪਿੰਡ ਗਿਆ ਸੀ ਤੇ ਦੀਪਾ ਆਪਣੇ ਹਾਣੀਆਂ ਨਾਲ ਖੇਡਣ। ਮੈਂ ਇਕੱਲੀ ਸੀ ਘਰ ਵਿੱਚ... ਕਈ ਜੁਗਾਂ ਪਿਛੋਂ ਇਕੱਲੀ... ਦੂਰੋਂ ਮੈਂ ਸਿਆਪੇ ਦੀ ਆਵਾਜ਼ ਸੁਣੀ। ਤੇਰੀ ਆਵਾਜ਼ ਸਭ ਤੋਂ ਉੱਚੀ ਸੀ । ਜਦੋਂ ਤੀਵੀਆਂ ਛਾਤੀਆਂ ਪਿੱਟਣ ਲੱਗੀਆਂ ਤਾਂ ਮੈਂ ਕੱਚੀ ਕੰਧ ਟੱਪ ਕੇ ਵਾੜੇ ਵਿੱਚ ਚਲੀ ਗਈ। ਪਹਿਲੀ ਵਾਰ ਮੈਂ ਸਰਬਣ ਨੂੰ ਖੁੱਲ੍ਹ ਕੇ ਮਿਲੀ । ਜੁਗਾਂ ਤੋਂ ਦੱਬੀ ਹੋਈ ਅੱਗ ਮੱਚ ਉਠੀ। ਮੇਰੀ ਕੁੜਤੀ ਦੇ ਬੀੜੇ ਟੁਟੇ... ਪਹਿਲੀ ਵਾਰ ਉਸ ਦੇ ਹੱਥਾਂ ਦਾ ਸੇਕ ਮੈਂ ਆਪਣੇ ਅੰਗਾਂ ਵਿੱਚ ਮਹਿਸੂਸ ਕੀਤਾ। ਉਸ ਦਾ ਸਾਹ ਮੇਰੇ ਸਾਹ ਵਿੱਚ ਮਿਲ ਗਿਆ। ਪਸ਼ੂਆਂ ਦਾ ਸਾਹ, ਤੂੜੀ ਦੀ ਹਮਕ ਮੇਰੇ ਵਾਲਾਂ ਵਿੱਚ ਖਿਲਰ ਗਈ। ਸਾਰੇ ਸ਼ੋਰ ਗੁਆਚ ਗਏ। ਸਿਰਫ਼ ਸੁਣਦੀ ਸੀ ਉਸ ਦੇ ਦਿਲ ਦੀ ਧਮਕ... ਸਿਆਪੇ ਦੇ ਬੋਲ ਉੱਚੇ ਹੋ ਗਏ। ਸਰਬਣ ਨੇ ਪੁੱਛਿਆ, ਇਹ ਤੀਵੀਆਂ ਕਿਸ ਨੂੰ ਪਿੱਟ ਰਹੀਆਂ ਨੇ ? ਮੈਂ ਆਖਿਆ, ਆਪਣੀ ਜਵਾਨੀ ਨੂੰ। ਫਿਰ ਸਿਆਪੇ ਦੀ ਆਵਾਜ਼ ਰੂੰ ਰੂੰ ਵਿੱਚ ਬਦਲ ਗਈ ਤੇ ਪਿੱਟਣਾਂ ਬੰਦ ਹੋ ਗਿਆ। ਮੈਂ ਉਸ ਵੇਲੇ ਉੱਠੀ, ਵੱਛੇ ਨੂੰ ਧੂਹ ਕੇ ਕਿੱਲੇ ਨਾਲ ਬੰਨ੍ਹਿਆ ਤੇ ਕੰਧ ਟੱਪ ਕੇ ਘਰ ਵਾਪਿਸ ਆ ਗਈ। ਜਦੋਂ ਤੂੰ ਆਈ ਤਾਂ ਮੈਂ ਚੁੱਲ੍ਹੇ ਵਿੱਚ ਅੱਗ ਬਾਲ ਕੇ ਆਟਾ ਗੁੰਨ੍ਹ ਰਹੀ
ਸਾਂ। ਤੂੰ ਆ ਕੇ ਮੇਰਾ ਮੱਥਾ ਚੁੰਮਿਆ ਤੇ ਅਸੀਸ ਦਿੱਤੀ ਕਿ ਮੈਂ ਵੇਹੜੇ ਵਿੱਚ ਬੈਠੀ ਸੁਹਣੀ ਲਗਦੀ ਸਾਂ।
ਸੰਤੀ : (ਸੱਨਾਟੇ ਵਿੱਚ) ਕਿਹੜੀ ਮਾਂ ਦਾ ਭੈੜਾ ਦੁੱਧ ਪੀਤਾ ਏ ਤੂੰ ਚੰਦਰੀਏ। ਆਪ ਵੀ ਤਬਾਹ ਹੋਵੇਂਗੀ ਤੇ ਮੈਨੂੰ ਵੀ ਤਬਾਹ ਕਰੇਂਗੀ। ਤੂੰ ਮਰਨ ਨੂੰ ਫਿਰਦੀ ਹੈਂ।
ਬੈਣੋ : (ਗਰਜ ਕੇ) ਹਾਂ। ਇੱਥੇ ਇਸ ਵੇਹੜੇ ਵਿੱਚ ਨਾ ਪਿਆਰ ਹੈ ਨਾ ਮੌਤ।
ਸੱਤੀ : ਕਿਉਂ ਸ਼ਰਮ ਹਯਾ ਲਾਹ ਦਿੱਤੀ ਚੰਡਾਲੇ! ਕਰਦੀ ਹਾਂ ਮੈਂ ਤੇਰਾ ਮੂੰਹ ਕਾਲਾ(ਉਹ ਝਈ ਲੈ ਕੇ ਚੁੱਲ੍ਹੇ ਵੱਲ ਜਾਂਦੀ ਹੈ ਅਤੇ ਤਵੇ ਨੂੰ ਉਲਟਦੀ ਹੈ। ਪੁੱਠੇ ਤਵੇ ਉੱਤੇ ਹੱਥ ਰਗੜਦੀ ਹੈ ਤੇ ਬੈਣੋ ਵੱਲ ਵਧਦੀ ਹੈ। ਬੈਣੋ ਚੀਖ ਮਾਰਦੀ ਹੈ। ਗੁੱਸੇ ਨਾਲ ਪਾਗ਼ਲ ਹੋਈ ਸੰਤੀ ਉਸ ਨੂੰ ਧੱਕਾ ਦੇਂਦੀ ਹੈ ਤੇ ਬੈਣੋ ਚੌਫਾਲ ਡਿਗ ਪੈਂਦੀ ਹੈ। ਸੰਤੀ ਉਸ ਉੱਤੇ ਹਾਵੀ ਹੋ ਜਾਂਦੀ ਹੈ ਤੇ ਬੈਣੋ ਦਾ ਮੂੰਹ ਕਾਲਾ ਕਰ ਦੇਂਦੀ ਹੈ।
ਇਸ ਜਦੋ-ਜਹਿਦ ਵਿੱਚ ਬੈਣੋ ਕੁਰਲਾਉਂਦੀ ਤੜਪਤੀ ਤੇ ਚੰਘਿਆੜਦੀ ਹੈ। ਸੰਤੀ ਗੁੱਸੇ ਵਿੱਚ ਭਰੀ ਅੰਦਰ ਚਲੀ ਜਾਂਦੀ ਹੈ। ਬੈਣੋ ਵਿਹੜੇ ਵਿੱਚ ਨਿਢਾਲ ਪਈ ਹੈ।)
ਪਿਛੋਕੜ ਵਿੱਚ ਡਮਰੂ ਵਜਦਾ ਹੈ । ਸਾਰਾ ਸੀਨ ਭਿਅੰਕਰ ਰੂਪ ਧਾਰ ਲੈਂਦਾ ਹੈ।
ਸੀਨ - ਤੀਜਾ
(ਸ਼ਾਮ ਦਾ ਵੇਲਾ। ਸੰਤੀ ਪਿੰਜਰੇ ਵਿੱਚੋਂ ਤਿੱਤਰ ਕੱਢ ਕੇ ਉਹਨਾਂ ਨੂੰ ਚੋਗਾ ਪਾਉਂਦੀ ਹੈ। ਕੁੱਕੜ ਨੂੰ ਟੋਕਰੇ ਹੋਠੋਂ ਕੱਢ ਕੇ ਦਾਣੇ ਪਾਉਂਦੀ ਹੈ। ਫਿਰ ਚੁੱਲ੍ਹੇ ਉੱਤੇ ਧਰੀ ਹਾਂਡੀ ਵਿੱਚ ਡੋਈ ਫੇਰਦੀ ਹੈ। ਬੈਣੋ ਪਾਣੀ ਦੀ ਘੜੀ ਚੁੱਕੀ ਆਉਂਦੀ ਹੈ।)
ਸੰਤੀ : ਗਲੀ ਵਿੱਚ ਇਸ ਤਰ੍ਹਾਂ ਬੇਸ਼ਰਮੀ ਨਾਲ ਨਾ ਤੁਰਿਆ ਕਰ।
ਬੈਣੋ : ਹੋਰ ਕਿਸ ਤਰ੍ਹਾਂ ਤੁਰਾਂ ?
ਸੰਤੀ : ਗੁੱਤ ਖੁੱਲ੍ਹੀ ਤੇ ਗਲਮੇ ਦੇ ਬੀੜੇ ਖੁੱਲ੍ਹੇ। ਫਿਰ ਆਖਦੀ ਐ ਲੋਕ ਝਾਕਦੇ ਨੇ।
ਬੈਣੋ : ਮੈਂ ਕੀ ਕਰਾਂ ਜੇ ਗੁੱਤ ਆਪੇ ਖੁੱਲ੍ਹ ਜਾਵੇ, ਤੇ ਬੀੜੇ ਬੰਦ ਨਾ ਰਹਿਣ ?
ਸੰਤੀ : ਪਾਣੀ ਦਾ ਘੜਾ ਵੀ ਉੱਪਰ ਤੀਕ ਨਾ ਭਰਿਆ ਕਰ। ਤੁਰਦੀ ਐਂ ਛਲਕਦਾ ਏ। ਸਾਰੇ ਕੱਪੜੇ ਭਿੱਜ ਜਾਂਦੇ ਨੇ। (ਬੈਣੋ ਪਾਣੀ ਦਾ ਘੜਾ ਰਸੋਈ ਵਿੱਚ ਟਿਕਾਉਂਦੀ ਹੈ। ਕੁੜਤੀ ਛੰਡਦੀ ਹੈ ਤੇ ਗੁੱਤ ਕਰਦੀ ਹੈ।)
ਤੇਰੇ ਬਾਪੂ ਨੇ ਅੱਜ ਆਪਣੇ ਦੋਸਤਾਂ ਨੂੰ ਬੁਲਾਇਆ ਏ, ਰੋਟੀ ਉੱਤੇ। ਤੂੰ ਆਟਾ ਗੁੰਨ੍ਹ ਲੈ। (ਕਾਕੂ ਆਉਂਦਾ ਹੈ। ਬੈਣੋ ਅੰਦਰ ਜਾਂਦੀ ਹੈ।)
ਕਾਕੂ : ਕਈ ਹੱਟਾਂ ਦੇ ਫੇਰੇ ਮਾਰੇ। ਚੀਜ਼ਾਂ ਦੇ ਭਾਅ ਦਿਨੋ ਦਿਨ ਚੜ੍ਹ ਰਹੇ ਨੇ। ਸੋਚਿਆ ਹੁਣੇ ਤੋਂ ਬੈਣੋ ਦਾ ਦਾਜ ਬਣਾ ਲਈਏ। ਦਰਜ਼ੀਆਂ ਨੂੰ ਫਿਰ ਵਿਹਲ ਨਹੀਂ ਮਿਲਣੀ।
ਕਾਕੂ : ਇਹੋ ਜਿਹੀ ਬੜਬੋਲੀ ਔਲਾਦ ਦਾ ਬੰਦਾ ਕੀ ਕਰੇ ?
ਸੰਤੀ : ਵਿਆਹ ਪਿੱਛੋਂ ਆਪੇ ਅਕਲ ਆ ਜਾਊ।
ਕਾਕੂ : ਕੁੱਕੜ ਨੂੰ ਦਾਣੇ ਪਾਏ ਸਨ ?
ਸੰਤੀ : ਉਹ ਚੋਗੇ ਬਿਨਾਂ ਰਹਿੰਦਾ ਏ ? ਜੇ ਨਾ ਪਾਵਾਂ ਤਾਂ ਚੁੰਝਾਂ ਮਾਰਨ ਲਗਦਾ ਏ। ਕਲ੍ਹ ਵੇਹੜਾ ਸੰਭਰਦੀ ਸਾਂ, ਉਸ ਨੂੰ ਪਰ੍ਹਾਂ ਹਟਾਇਆ ਤਾਂ ਜ਼ੋਰ ਦੀ ਠੂੰਗਾ ਮਾਰਿਆ।
ਕਾਕੂ : ਉਸ ਨੂੰ ਤਾੜ ਕੇ ਰੱਖਿਆ ਕਰ, ਫੇਰ ਹੀ ਚੰਗਾ ਲੜੂ। ਕੀ ਪਕਾਇਆ ਏ।
ਸੰਤੀ : ਸਾਗ-ਗੋਸ਼ਤ ਤੇ ਗੁਆਰੇ ਦੀਆਂ ਫਲੀਆਂ। ਮਖਣੀ ਦਾ ਕੁੱਜਾ ਭਰਿਆ ਪਿਐ। (ਤਲੋਕਾ, ਕਰਮਾ ਤੇ ਬਾਰੂ ਆਉਂਦੇ ਹਨ।)
ਕਾਕੂ : ਆਉ ਭਈ ਆਉ! ਵੇਲੇ ਸਿਰ ਹੀ ਆ ਗਏ। ਲੰਘ ਆਉ। ਰੋਟੀ ਤਿਆਰ ਐ ? ਪਰ ਪਹਿਲਾਂ ਇਕ ਇਕ ਘੁੱਟ ਲਾ ਲਈਏ। ਥੋਡੇ ਨਾਲ ਪੀਣ ਦਾ ਦੁੱਗਣਾ ਸੁਆਦ ਆਉਂਦੈ। (ਉਹ ਜੁੱਤੀਆਂ ਲਾਹ ਕੇ ਖੱਜੀ ਦੀ ਸਫ਼ ਉੱਤੇ ਬੈਠ ਜਾਂਦੇ ਹਨ। ਕਾਕੂ ਡੱਬ ਵਿੱਚੋਂ ਬੋਤਲ ਖੋਲ੍ਹਦਾ ਹੈ। ਚਾਰੇ ਜਣੇ ਪੀਣ ਲਗਦੇ ਹਨ।)
ਤਲੋਕਾ : (ਘੁੱਟ ਭਰ ਕੇ) ਬੜੀ ਤਿੱਖੀ ਐ। ਚਾਨਣਾ ਹੋ ਗਿਆ ਡਮਾਕ ਵਿੱਚ।
ਕਾਕੂ : ਪਹਿਲੇ ਤੋੜ ਦੀ ਐ। ਰੋਡੇ ਸਾਧ ਦੇ ਡੇਰੇ ਤੋਂ ਲਿਆਂਦੀ ਐ। ਸੌਂਫ, ਇਲਾਚੀਆਂ ਤੇ ਲੌਂਗਾਂ ਦਾ ਸਤ ਐ ਇਸ ਵਿੱਚ।
ਕਰਮਾ : ਅੱਖਾਂ ਖੁੱਲ੍ਹ ਗਈਆਂ। ਇੱਕ ਵਾਰ ਸਰਪੰਚ ਦਾ ਮੁੰਡਾ ਵਲੈਤ ਤੋਂ ਦੋ ਬੋਤਲਾਂ ਲਿਆਇਆ। ਖੁਸ਼ੀ ਵਿੱਚ ਉਸ ਨੇ ਮੈਨੂੰ ਵੀ ਦੋ ਘੁੱਟਾਂ ਪਿਲਾਈਆਂ। ਨਿਰਾ ਪਾਣੀ।
ਤਲੋਕਾ : ਓਏ ਵਲੈਤੀ ਦਾਰੂ ਤਾਂ ਨਿਰੀ ਠੱਗੀ ਐ। ਸਾਡੀਆਂ ਹਰੀਆਂ ਬੋਤਲਾਂ ਦੀ ਕੀ ਰੀਸ।
ਕਾਕੂ : ਅਖਬਾਰ ਚੁਕੀ ਫਿਰਨੈਂ, ਤੈਨੂੰ ਪੜ੍ਹਨਾ ਵੀ ਆਉਂਦੈ ?
ਕਰਮਾ : ਇਉਂ ਨਾ ਆਖ ਛੇਵੀਂ ਫੇਲ੍ਹ ਐ ਤਲੋਕਾ। ਸਾਰੇ ਅਖਬਾਰ ਪੜ੍ਹਦੈ। ਹਾਂ ਬਾਈ, ਸੁਣਾ ਫਿਰ ਕੋਈ ਚੋਂਦੀ ਚੋਂਦੀ ਖਬਰ।
ਤਲੋਕਾ : (ਅਖ਼ਬਾਰ ਖੋਲ੍ਹ ਕੇ) ਸੁਣੋ! ਸਭ ਤੋਂ ਵੱਡੀ ਖ਼ਬਰ ਤਾਂ ਰੂਸ ਤੇ ਜਰਮਨ ਦੀ ਜੰਗ ਐ। ਤੈਨੂੰ ਪਤਾ ਏ ਕਿ ਜਰਮਨ ਹਾਰ ਰਿਹਾ ਏ ?
ਕਰਮਾ : ਇਹ ਸਹੁਰਾ ਉਲਟੀ ਗੱਲ ਹੀ ਕਰੂ। ਉਂ ਆਖਣ ਨੂੰ ਖ਼ਬਾਰ ਪੜ੍ਹਦਾ ਏ ਪਰ ਇਉਂ ਨਹੀਂ ਪਤਾ ਕਿ ਜਰਮਨ ਦੇ ਉੱਡਣੇ ਬੰਬਾਂ ਨੇ ਅੰਗਰੇਜ਼ਾਂ ਨੂੰ ਭਜਾ ਦਿੱਤਾ। ਹਿਟਲਰ ਹੀ ਠੀਕ ਕਰੂ ਇਹਨਾਂ ਗੋਰੇ ਬਾਂਦਰਾਂ ਨੂੰ ।
ਬਾਰੂ : ਮੈਂ ਆਖਦਾ ਸਾਂ ਨਾ ਆਪਣੇ ਵੀ ਪਹਿਲਾਂ ਉਡਣੇ ਬੰਬ ਹੁੰਦੇ ਸਨ। ਜਰਮਨਾਂ ਨੂੰ ਕਿਤੋਂ ਸੱਚੇ ਵੈਦ ਹੱਥ ਲੱਗੇ। ਆਪਣੇ ਕਾਸ਼ੀ ਦੇ ਬਾਹਮਣ ਤਾਂ ਬੋਦੀਆਂ ਬੰਨ੍ਹਣ ਤੇ ਤਿਲਕ ਖਿਚਣਾ ਈ ਜਾਣਦੇ ਨੇ । ਸੰਸਕ੍ਰਿਤ ਕਿਸੇ ਨੂੰ ਪੜ੍ਹਨੀ ਨਹੀਂ ਆਉਂਦੀ।
ਕਾਕੂ : ਜੰਗ ਲੱਗਣ ਨਾਲ ਇੱਕ ਗੱਲ ਦਾ ਤਾਂ ਫਾਇਦਾ ਹੋਇਆ। ਸਾਨੂੰ ਦੋਹੇਂ ਵੇਲੇ ਚੋਪੜੀ ਮਿਲਣ ਲੱਗ ਪਈ। ਪਹਿਲਾਂ ਕੀ ਸੀ ? ਤੜਕੇ ਤੋਂ ਰਾਤ ਤੀਕ ਲੋਹਾ
ਕਰਮਾ : ਪਰ ਚੀਜ਼ਾਂ ਬੜੀਆਂ ਮਹਿੰਗੀਆਂ ਹੋ ਗਈਆਂ।
ਕਾਕੂ : ਪੈਸੇ ਕੋਲ ਹੋਣ ਤਾਂ ਸਭ ਚੀਜ਼ਾਂ ਸਸਤੀਆਂ। ਮੈਂ ਤਾਂ ਆਖਦਾਂ ਹੋਰ ਛਿੜੀ ਰਹੇ ਜੰਗ। ਪਤਾ ਨਹੀਂ ਇਹ ਬਾਪੂ ਗਾਂਧੀ ਕਿਉਂ ਰੌਲਾ ਪਾਈ ਜਾਂਦੈਂ।
ਕਰਮਾ : ਲੋਕ ਜੁ ਮਰਦੇ ਨੇਂ।
ਕਾਕੂ : ਉਂਜ ਨਹੀਂ ਮਰਦੇ ਲੋਕ ? ਏਥੇ ਪਲੇਗ ਪੈ ਜਾਵੇ ਤਾਂ ਲੱਖਾਂ ਲੋਕ ਚੂਹਿਆਂ ਵਾਂਗ ਰੁੜ੍ਹ ਜਾਣਗੇ। ਗਾਂਧੀ ਦਾ ਕੀ ਐ, ਉਹ ਤਾਂ ਕੀੜੀ ਮਰਨ ਤੋਂ ਵੀ ਚਿਆਂਕ ਪੈਂਦੇ ਤੇ ਮਰਨ ਵਰਤ ਰੱਖ ਲੈਂਦੇ।
ਕਰਮਾ : ਦੇਖ ਲਵੀਂ ਗਾਂਧੀ ਨੇ ਵਰਤ ਰਖ ਰਖ ਕੇ ਹੀ ਅੰਗਰੇਜ਼ਾਂ ਨੂੰ ਭਜਾ ਦੇਣੈ। ਬੜਾ ਸਿਰੜੀ ਐ ਬਾਬਾ। ਹੱਠ ਦਾ ਪੱਕਾ। ਸਾਰਾ ਮੁਲਕ ਉਸ ਦੇ ਪਿੱਛੇ ਐ। ਸੁਰਾਜ ਲੈ ਕੇ ਮਰੂ।
ਕਾਕੂ : ਓਏ, ਸੁਰਾਜ ਨੇ ਸਾਡਾ ਕੀ ਸੰਵਾਰ ਦੇਣਾ। ਜੇ ਸੁਰਾਜ ਮਿਲ ਗਿਆ ਤਾਂ ਮੈਨੂੰ ਕਿਹੜੀ ਕੁਰਸੀ ਮਿਲ ਜਾਉ। ਤੂੰ ਇਸੇ ਤਰ੍ਹਾਂ ਕਿੱਲੇ ਘੜਨੇ ਨੇ, ਬਾਰੂ ਨੇ ਕੋਹਲੂ ਨੂੰ ਗੇੜੇ ਦਿਵਾਉਣੇ ਨੇ ਤੇ ਮੈਂ ਲੋਹਾ ਕੁੱਟਣੈ।
ਤਲੋਕਾ : (ਅਖਬਾਰ ਪੜ੍ਹਦੇ ਹੋਏ) ਲਓ ਦੂਜੀ ਖਬਰ ਸੁਣੋ। ਇਕ ਮੇਮ ਨੇ ਵਲੈਤ ਵਿੱਚ ਕੁੱਤੇ ਦਾ ਵਿਆਹ ਕੀਤਾ ਤੇ ਉਸ ਉੱਤੇ ਦੋ ਲੱਖ ਰੁਪਈਆ ਖਰਚ ਕਰ ਦਿੱਤਾ।
ਕਰਮਾ : ਸਾਡੇ ਮਹਾਰਾਜਾ ਪਟਿਆਲਾ ਨੇ ਟਿੱਕਾ ਸਾਹਿਬ ਦੇ ਵਿਆਹ ਉਤੇ ਸਾਰੀ ਰਿਆਸਤ ਵਿੱਚ ਦੇਸੀ ਘਿਓ ਦੇ ਲੱਡੂ ਵੰਡੇ। ਮੋਤੀ ਚੂਰ ਦੇ ਲੱਡੂ। ਤੇ ਜਦੋ ਛੇ ਘੋੜਿਆਂ ਵਾਲੀ ਸੁਆਰੀ ਨਿਕਲੀ ਤਾਂ ਚਾਂਦੀ ਦੇ ਰੁਪੱਈਆਂ ਦਾ ਮੀਂਹ ਵਰ੍ਹਾਅ ਦਿਤਾ। ਬੱਲੇ ਓਏ .. ਮਹਾਰਾਜ ਭੁਪਿੰਦਰ ਸਿਹਾਂ। ਨਹੀਂ ਰੀਸਾਂ ਤੇਰੀਆਂ।
ਬਾਰੂ : ਰਾਜਿਆਂ ਮਹਾਰਾਜਿਆਂ ਦੇ ਵਿਆਹਾਂ ਉੱਤੇ ਤਾਂ ਖਰਚਾ ਹੁੰਦਾ ਹੀ ਹੈ ਪਰ ਵਲਾਇਤ ਵਿੱਚ ਸਭ ਗੱਲਾਂ ਪੁੱਠੀਆਂ। ਭਲਾ ਦੱਸੋ, ਕਾਹਦੇ ਉੱਤੇ ਖਰਚ ਕਰ ਦਿੱਤਾ ਦੋ ਲੱਖ ਰੁਪਈਆ। ਕੁੱਤੇ ਭਲਾ ਕੋਈ ਸਿਹਰਾ ਬੰਨ੍ਹ ਕੇ ਢੁਕਦੇ ਨੇ।
ਤਲੋਕਾ : ਲੈ, ਦੇਖ ਲੈ। ਛਪੀ ਹੋਈ ਐ ਖ਼ਬਰ। ਇਹ ਐ ਮੂਰਤ ਕੁੱਤੇ ਦੀ ਤੇ ਇਹ ਐ ਮੇਮ ਦੀ।
ਬਾਰੂ : ਮੇਰੇ ਨਾਲੋਂ ਤਾਂ ਕੁੱਤਾ ਹੀ ਚੰਗਾ। ਜੋ ਘੋੜੀ ਚੜ੍ਹਿਆ। (ਤਿੰਨੇ ਜਣੇ ਭੂਮ ਝੂਮ ਕੇ ਗਾਉਂਦੇ ਹਨ।) ਜੇ ਤੂੰ ਚੜਿਆ ਘੋੜੀ ਵੇ ਤੇਰੇ ਨਾਲ ਭਰਾਵਾਂ ਜੋੜੀ ਵੇ
ਬਾਰੂ : ਉਹ ਕੁੱਤਾ ਰੇਸ਼ਮੀ ਗੱਦਿਆਂ ਉੱਤੇ ਸੌਂਦਾ ਹੋਊ ਤੇ ਬਾਲੂਸ਼ਾਹੀ ਖਾਂਦਾ ਹੋਊ।
ਤਲੋਕਾ : ਬੜੀਆਂ ਲਪਟਾਂ ਆ ਰਹੀਆਂ ਨੇ ਮਸਾਲੇ ਦੀਆਂ।
ਕਾਕੂ : ਤੇਰੀ ਭਾਬੀ ਨੇ ਸਾਗ-ਗੋਸ਼ਤ ਚਾੜ੍ਹਿਐ। ਬੈਣੋ ਦੀ ਮਾਂ, ਰੋਟੀ ਲਿਆ। (ਦੀਪਾ ਛਾਬੇ ਵਿੱਚ ਰੋਟੀਆਂ, ਤੇ ਚਾਰ ਕੌਲਿਆਂ ਵਿੱਚ ਸਾਗ ਤੇ ਮੱਖਣ ਆਦਿ ਲਿਆਉਂਦਾ ਹੈ। ਚਾਰੇ ਜਣੇ ਰੋਟੀ ਖਾਂਦੇ ਹਨ। ਢੋਲਕ ਦੀ ਧਮਕ। ਕੁੜੀਆਂ ਦਾ ਗੀਤ ਉੱਚਾ ਹੁੰਦਾ ਹੈ।
ਕਾਕੂ : ਸਾਗ ਹੋਰ ਲਿਆਈਂ, ਦੀਪਿਆ। (ਸੰਤੀ ਰੋਟੀਆਂ ਥਪਦੀ ਹੈ।)
ਕਰਮਾ : ਤੂੰ ਅੱਜ ਤਹਿਸੀਲਦਾਰ ਦੀ ਕਚਹਿਰੀ ਗਿਆ ਸੀ। ਘੋੜਿਆਂ ਦੇ ਨਾਅਲਾਂ ਦਾ ਠੇਕਾ ਮਿਲਣਾ ਸੀ। ਕੀ ਬਣਿਆਂ।
ਕਾਕੂ : ਬੋਲੀ ਬਹੁਤ ਚੜ੍ਹ ਕੇ ਟੁੱਟੀ। ਮੁਫਤ ਦੀ ਭਕਾਈ। ਸਾਰਿਆਂ ਨੇ ਉੱਪਰ ਤੋਂ ਹੇਠ ਤੀਕ ਰਿਸ਼ਵਤ ਖਾਧੀ ਹੋਈ ਸੀ। ਸਰਕਾਰ ਦੇ ਅੰਨ੍ਹੇ ਕੰਮ।
ਬਾਰੂ : ਜਿਹਨੇ ਐਨਾ ਪੈਸਾ ਤਾਰਿਆ ਹੋਵੇ ਉਸ ਨੇ ਵੀ ਤਾਂ ਵਿੱਚੋਂ ਕੁਝ ਕਮਾਉਣਾ ਹੋਇਆ।
ਕਾਕੂ : ਕੱਚੇ ਲੋਹੇ ਦੇ ਵਿੰਗ ਤੜਿੰਗੇ ਨਾਅਲ ਬਣਾ ਕੇ ਅੱਗੇ ਤੋਰ ਦੇਣਗੇ। ਬਸ ਕਾਗ਼ਜੀ ਕਾਰਵਾਈ ਪੂਰੀ ਚਾਹੀਦੀ ਐ। ਐਵੇਂ ਉੱਥੇ ਗਿਆ। ਮੈਥੋਂ ਤਾਂ ਆਪਣੀ ਭੱਠੀ ਦਾ ਹੀ ਕੰਮ ਨਹੀਂ ਮੁੱਕਦਾ। ਮੇਰਾ ਬਾਪ ਆਖਦਾ ਸੀ, ਪੁੱਤ ਆਪਣੇ ਅੱਡੇ ਉੱਤੇ ਚਾਰ ਪੈਸੇ ਘੱਟ ਆ ਜਾਣ ਉਹ ਚੰਗੇ। ਅੱਡਾ ਆਪਣਾ ਹੋਣਾ ਚਾਹੀਦੈ।
ਤਲੋਕਾ : ਬੜਾ ਮਜ਼ਾ ਆਇਆ ਰੋਟੀ ਦਾ। (ਹੱਥ ਧੋਂਦੇ ਹਨ। ਦੀਪਾ ਰੋਟੀ ਖੁਆ ਕੇ ਭਾਂਡੇ ਚੁੱਕ ਲੈ ਜਾਂਦਾ ਹੈ)
ਕਾਕੂ : ਬੈਣੋ ਦੀ ਮਾਂ।
ਸੰਤੀ : (ਅੰਦਰੋਂ) ਕੀ ਐ ?
ਕਾਕੂ : ਦੁੱਧ ਵਿੱਚ ਬੂਰਾ ਨਾ ਘੋਲ ਦੇਵੀਂ, ਅੱਜ ਮਿਸ਼ਰੀ ਪਾ ਕੇ ਦੇਵੀਂ। ਬੈਣੋ ਦੇ ਵਿਆਹ ਦਾ ਪਹਿਲਾ ਜਸ਼ਨ ਐ ਆਪਣੇ ਦੋਸਤਾਂ ਨਾਲ। (ਢੋਲਕ ਦੀ ਆਵਾਜ਼)
ਕੁੜੀਆਂ ਦਾ ਗੀਤ ਉੱਚਾ ਹੁੰਦਾ ਹੈ। ਕਾਕੂ ਟੋਕਰੇ ਹੇਠੋਂ ਕੁੱਕੜ ਨੂੰ ਕੱਢ ਕੇ ਪੁਚਕਾਰਦਾ ਹੈ।
ਆ ਮੇਰਾ ਲਾਟ, ਤੈਨੂੰ ਆਪਣੇ ਹੱਥ ਨਾਲ ਖੁਆਵਾਂ। ਬਸ ਬਾਜਰਾ ਤੇ ਮੱਕੀ ਖਾਂਦੈ ਖੁਸ਼ ਹੋ ਕੇ ਜਾਂ ਚਿੱਟੀ ਤਿਲੀ। ਏਸ ਨਾਲ ਈ ਤਾਂ ਇਸ ਦੇ ਹੱਡ ਨਰੋਏ ਨੇ। ਖਾੜੇ ਵਿੱਚ ਕਿਸੇ ਨੂੰ ਖੜ੍ਹਨ ਨਹੀਂ ਦੇਂਦਾ। ਦੇਖੇ ਸਨ ਪਿਛਲੀ ਵਾਰ ਇਸ ਦੇ ਹੱਥ ? ਗਰਦਨ ਤਾਣ ਕੇ ਅਜਿਹੀ ਤਾੜ ਮਾਰੀ ਕਿ ਫੱਤੂ ਤੇਲੀ ਦਾ ਕੁੱਕੜ ਮੈਦਾਨ ਛੱਡ ਕੇ ਭੱਜ ਗਿਆ।
ਤਲੋਕਾ : ਕਿੰਨੀ ਉਮਰ ਹੋਊ ਇਸ ਦੀ ?
ਕਾਕੂ : ਪੂਰੇ ਢਾਈ ਵਰ੍ਹਿਆਂ ਦਾ ਹੋ ਜਾਊ ਚੜ੍ਹਦੇ ਅੱਸੂ।
ਕਰਮਾ : ਹਾਲੇ ਤਾਂ ਪੱਠਾ ਈ ਐ।
ਕਾਕੂ : ਓਏ ਸੇਵਾ ਕਰੀਦੀ ਐ। ਖੁਰਾਕਾਂ ਖਵਾਈਦੀਆਂ ਨੇ। ਕਲਗੀ ਦੇਖ ਏਸ ਦੀ-ਲਾਲ ਸੂਹੀ। ਤੇ ਇਸ ਦੀਆਂ ਖਾਰਾਂ-
ਕਰਮਾ : ਬੜੀਆਂ ਤਿੱਖੀਆਂ ਨੇ।
ਕਾਕੂ : ਤੂੰ ਕੁੱਕੜਾਂ ਦੀ ਗੱਲ ਕਰਦੈ ? ਇਹ ਤਾਂ ਤਗੜੇ ਬਲੂੰਗੜੇ ਨੂੰ ਨਹੀਂ ਛੱਡਦਾ।
ਬਾਰੂ : ਪਿਛਲੀ ਵਾਰ ਗੱਜਣ ਦਾ ਕੁੱਕੜ ਵੀ ਚੰਗਾ ਲੜਿਆ ਸੀ।
ਬਾਰੂ : ਇਹ ਗੱਲ ਨਾ ਆਖ। ਲੜਦਾ ਤਾਂ ਹਿੱਕ ਤਾਣ ਕੇ ਐ। ਪਿਛਲੀ ਵਾਰ ਤੇਰੇ ਕੁੱਕੜ ਨੂੰ ਟੱਕਰਿਆ ਸੀ ਤਾਂ ਪਤਾ ਨਹੀਂ ਸੀ ਲਗਦਾ ਕਿਹੜਾ ਜਿੱਤੂਗਾ।
ਕਾਕੂ : ਫੇਰ ਜਿੱਤਿਆ ਕੌਣ ?
ਬਾਰੂ : ਇੱਕ ਨੇ ਤਾਂ ਜਿੱਤਣਾ ਹੀ ਸੀ। ਪਰ ਲੜਿਆ ਖੂਬ।
ਕਾਕੂ : ਬੈਣੋ ਦੀ ਮਾਂ।
ਸੰਤੀ : (ਅੰਦਰੋਂ) ਆਨੀ ਆਂ।
ਕਾਕੂ : ਕੀ ਹੋਇਆ ਦੁੱਧ ਨੂੰ ?
ਸੰਤੀ : ਬੈਣੋ ਗਾਂ ਚੋਣ ਗਈ ਐ। ਆਉਣ ਵਾਲੀ ਐ।
ਕਾਕੂ : ਧਾਰ ਦਿਨ ਛਿਪੇ ਤੋਂ ਪਹਿਲਾਂ ਕੱਢ ਲੈਣੀ ਸੀ। ਦੀਪਿਆ ਜਾਹ ਬੈਣੋ ਨੂੰ ਬੁਲਾ ਕੇ ਲਿਆ। (ਦੀਪਾ ਜਾਂਦਾ ਹੈ। ਸੰਤੀ ਕੁੱਕੜ ਚੁੱਕ ਕੇ ਅੰਦਰ ਚਲੀ ਜਾਂਦੀ ਹੈ। ਕੁੜੀਆਂ ਦਾ ਗੀਤ ਉਭਰਦਾ ਹੈ।)
ਤਲੋਕਾ : ਤੈਨੂੰ ਪਤੈ ਆਇਸ਼ਾਂ ਦੇ ਘਰ ਕੁੜੀ ਹੋਈ ਐ ?
ਕਾਕੂ : ਆਇਸ਼ਾ ਦੇ ਘਰ ਕੁੜੀ ? ਉਹ ਤਾਂ ਹਾਲੇ ਆਪ ਨਿੱਕੀ ਜਿਹੀ ਕੁੜੀ ਐ। ਹਾਲੇ ਕੱਲ੍ਹ ਦੀ ਗੱਲ ਐ। ਜਦੋਂ ਉਹ ਇੱਥੇ ਆ ਜਾਂਦੀ ਤੇ ਗੱਲ੍ਹਾਂ ਫੁਲਾ ਕੇ ਧੌਂਕਣੀ ਵਾਂਗ ਫੂਕਾਂ ਮਾਰਦੀ।
ਬਾਰੂ : ਹੱਦ ਹੋ ਗਈ। ਆਇਸ਼ਾਂ ਦੀ ਗੋਦੀ ਕੁੜੀ ? ਇਸ ਹਸਾਬ ਨਾਲ ਸ਼ੇਰੂ ਬਾਬਾ ਬਣ ਗਿਆ।
ਤਲੋਕਾ : ਬਾਬਾ ਨਹੀ, ਨਾਨਾ।
ਬਾਰੂ : ਹਾਂ ਸੱਚ, ਨਾਨਾ। ਇਹ ਕੁੜੀਆਂ ਬੜੀ ਛੇਤੀ ਵਧਦੀਆਂ ਨੇ। ਦਿਨਾਂ ਵਿੱਚ ਜਵਾਨ ਹੋ ਜਾਂਦੀਆਂ ਨੇ ਤੇ ਫੇਰ ਦਿਨਾਂ ਵਿੱਚ ਸ਼ਾਦੀ। (ਕੁੜੀਆਂ ਦਾ ਗੀਤ ਫਿਰ ਉੱਚਾ ਹੋ ਜਾਂਦਾ ਹੈ।)
ਕਾਕੂ : ਸ਼ਾਦੀ ਤਾਂ ਹੋਣੀ ਹੀ ਹੋਈ। ਬੈਣੋ ਨੂੰ ਵੀ ਹੁਣ ਛੇਤੀ ਵਿਆਹ ਦੇਣਾ ਐ। ਮੁੰਡਾ ਲੱਭ ਲਿਆ। ਮੈਂ ਤਾਂ ਬੜਾ ਸਾਦਾ ਜਿਹਾ ਵਿਆਹ ਕਰਨਾ ਐ। ਪਰ ਰੋਟੀ ਚੰਗੀ ਕਰੂੰ। ਹੁਣੇ ਤੋਂ ਦੋ ਬੱਕਰੇ ਲੈ ਲਏ ਨੇ । ਮੁਕਦੇ ਨਹੀਂ। ਬੈਣੋ ਦੀ ਮਾਂ ਨੂੰ ਵੀ ਰੇਸ਼ਮੀ ਸੂਟ ਸਿਲਾ ਕੇ ਦੇਣੈਂ। ਬੈਣੋ ਦੀਆਂ ਟੂਮਾਂ ਬਣਵਾ ਲਈਆਂ ਨੇ । ਨੱਥ ਤੇ ਚੂੜੀਆਂ ਸਿਉਨੇ ਦੀਆਂ। ਥੋਨੂੰ ਤਿੰਨਾਂ ਨੂੰ ਤਾਂ ਅੱਜ ਤੋਂ ਹੀ ਸੱਦਾ ਦੇ ਦਿੱਤਾ। ਭੁੱਲਿਓ ਨਾ।
ਕਰਮਾ : ਓਏ ਕਾਕੂ, ਤੇਰੀ ਧੀ ਹੋਈ ਜਾਂ ਸਾਡੀ। ਤੂੰ ਫ਼ਿਕਰ ਨਾ ਕਰ, ਤੇਰੇ ਨਾਲ ਕੰਮ ਕਰਵਾਵਾਂਗੇ, ਧੀ ਸਭਨਾਂ ਦੀ ਸਾਂਝੀ। (ਦੀਪਾ ਦੌੜਦਾ ਹੋਇਆ ਆਉਂਦਾ ਹੈ।)
ਦੀਪਾ : ਬਾਪੂ ਵਾੜੇ 'ਚ ਬੈਣੋ ਹੈ ਨਹੀਂ। ਵੱਛਾ ਸਾਰਾ ਦੁੱਧ ਚੁੰਘ ਗਿਆ। ਦੋਹਣਾ ਗਾਂ ਦੇ ਪੈਰਾਂ 'ਚ ਰਿੜ੍ਹਦਾ ਫਿਰਦਾ ਸੀ।
ਕਾਕੂ : ਹੈਂ ? ਵਾੜੇ 'ਚ ਨਹੀਂ ਉਹ ?
ਦੀਪਾ : ਨਹੀਂ!
ਕਾਕੂ : ਕਿੱਥੇ ਗਈ ਉਹ ?
ਕਾਕੂ : (ਚੀਖ ਕੇ) ਬੈਣੋ। (ਚੌਫੇਰੇ ਰੌਲਾ ਪੈ ਜਾਂਦਾ ਹੈ)
ਸੰਤੀ : ਇਸ ਕੁਲਹਿਣੀ ਨੇ ਸਾਡਾ ਮੂੰਹ ਕਾਲਾ ਕਰ ਦਿੱਤਾ। ਦੌੜ ਕੇ ਜਾਹ ਉਹਦੇ ਮਗਰ।
ਤਿੰਨੇ : ਚਲੋ! ਛੇਤੀ ਚਲੋ!! (ਕਾਕੂ ਗੁੱਸੇ ਵਿੱਚ ਤੜਪ ਕੇ ਗੰਡਾਸਾ ਚੁਕਦਾ ਹੈ ਤੇ ਤੇਜ਼ੀ ਨਾਲ ਬਾਹਰ ਨਿਕਲ ਜਾਂਦਾ ਹੈ। ਤਿੰਨੇ ਦੋਸਤ ਕਮਰਕੱਸੇ ਕਰਕੇ ਉਸ ਦੇ ਪਿੱਛੇ ਜਾਂਦੇ ਹਨ। ਗਲੀ ਵਿੱਚ ਉੱਚੀਆਂ ਆਵਾਜ਼ਾਂ।)
ਇਕ ਤੀਵੀਂ : ਧਰਤੀ ਵਿੱਚ ਗੱਡ ਸੁੱਟੋ ਇਹੋ ਜਿਹੀ ਧੀ ਨੂੰ!
ਦੂਜੀ ਤੀਵੀਂ : ਸਾਰੇ ਪਿੰਡ ਦਾ ਮੂੰਹ ਕਾਲਾ ਕਰ ਦਿੱਤਾ ਇਸ ਕਲਜੋਗਣ ਨੇ!
ਤੀਜੀ ਤੀਵੀਂ : ਮੱਥਾ ਡੰਮ੍ਹ ਸੁੱਟੋ ਇਸ ਚੁੜੇਲ ਦਾ!
ਸੰਤੀ : (ਛਾਤੀ ਪਿੱਟ ਕੇ) ਗੁੱਤੋਂ ਘਸੀਟ ਕੇ ਲਿਆਵੀਂ ਇਸ ਕਮਜ਼ਾਤ ਨੂੰ! ਕੋਠੇ ਅੰਦਰ ਸੁੱਟ ਕੇ ਡੱਕਰੇ ਕਰ ਦੇਵੀਂ ਇਸ ਪਾਪਣ ਦੇ। (ਵਾਤਾਵਰਣ ਵਿੱਚ ਸਨਸਨਾਹਟ। ਸੰਤੀ ਬਰੂਹਾਂ ਵਿੱਚ ਖੜ੍ਹੀ ਸਿਸਕ ਰਹੀ ਹੈ। ਹੌਲੀ ਹੌਲੀ ਰੌਲਾ ਬੰਦ ਹੋ ਜਾਂਦਾ ਹੈ। ਪੀਲੀ ਤੇ ਕਾਸ਼ਨੀ ਭਾਅ ਵਿਹੜੇ ਵਿਚ ਫੈਲ ਜਾਂਦੀ ਹੈ। ਹਲਕੀਆਂ ਟੱਲੀਆਂ ਦੀ ਆਵਾਜ਼ ਜਿਵੇਂ ਕਿਸੇ ਦੇ ਹਉਂਕੇ ਹੋਣ। ਸੰਤੀ ਬੂਹੇ ਵੱਲ ਦੇਖਦੀ ਹੈ। ਸੰਨਾਟੇ ਵਿਚ ਕਿਸੇ ਦੇ ਪੈਰਾਂ ਦੀ ਚਾਪ।) (ਕਾਕੂ ਭਾਰੀ ਕਦਮਾਂ ਨਾਲ ਤੁਰਦਾ ਬੈਣੋਂ ਦੀ ਲਾਸ਼ ਨੂੰ ਦੋਹਾਂ ਹੱਥਾਂ ਵਿੱਚ ਚੁੱਕੀ ਆਉਂਦਾ ਹੈ। ਖਲੋ ਜਾਂਦਾ ਹੈ ਤੇ ਸੰਤੀ ਵੱਲ ਦੇਖਦਾ ਹੈ।)
ਸੰਤੀ : ਤੂੰ ਕਤਲ ਕਰ ਦਿੱਤਾ ਉਸ ਨੂੰ ?
ਕਾਕੂ : ਹਾਂ, ਮੈਂ ਵੱਢ ਸੁਟਿਆ ਉਸ ਨੂੰ! ਅੱਧੀ ਰਾਤ ਪਿੱਛੋਂ ਜਦੋਂ ਸਾਰਾ ਪਿੰਡ ਸੌਂ ਗਿਆ ਤੇ ਖਿੱਤੀਆਂ ਨੇ ਪਹਿਰਾ ਬਦਲ ਲਿਆ ਤਾਂ ਮੈਂ ਇਸ ਨਾਮੁਰਾਦ ਧੀ ਨੂੰ ਚੁੱਕੀ ਹੌਲੀ ਹੌਲੀ ਤੁਰਦਾ ਘਰ ਨੂੰ ਪਰਤਿਆ। (ਉਹ ਧੀ ਦੀ ਲਹੂ ਨਾਲ ਲਿਬੜੀ ਲਾਸ਼ ਨੂੰ ਜ਼ਮੀਨ ਉੱਤੇ ਰਖ ਦੇਂਦਾ ਹੈ। ਸੰਤੀ ਗੋਡੇ ਟੇਕ ਕੇ ਲਾਸ਼ ਨੂੰ ਦੇਖਦੀ ਹੈ। ਲੰਮਾ ਹਉਂਕਾ ਭਰਦੀ ਹੈ। ਸਬਰ ਦਾ ਘੁੱਟ। ਫਿਰ ਉਹ ਆਪਣੇ ਜਜ਼ਬਾਤਾਂ ਉੱਤੇ ਕਾਬੂ ਕਰਕੇ ਕਾਕੂ ਵੱਲ ਕਹਿਰ ਦੀਆਂ ਨਜ਼ਰਾਂ ਨਾਲ ਦੇਖਦੀ ਹੈ।)
ਸੰਤੀ : ਦੇਖਦਾਂ ਕੀ ਹੈ ? ਕਹੀ ਚੱਕ ਤੇ ਟੋਆ ਪੱਟ। ਦੱਬ ਦੇਹ ਇਸ ਕੁਲੱਛਣੀ ਨੂੰ ਵਿਹੜੇ ਵਿੱਚ। ਤਾਂ ਜੁ ਮੇਰੀ ਇੱਜ਼ਤ ਦੱਬੀ ਰਹੇ ਧਰਤੀ ਹੇਠ ਕਿਤੇ ਭਾਫ਼ ਨਾ ਨਿਕਲੇ ਇਸ ਪਾਪਣ ਦੀ।
ਐਕਟ ਤੀਜਾ
ਸੀਨ ਪਹਿਲਾ
(ਸੰਤੀ ਕਾਕੂ ਦਾ ਉਧੜਿਆ ਹੋਇਆ ਝੱਗਾ ਸਿਉਂ ਰਹੀ ਹੈ। ਬਚਨੀ ਉਸ ਦੇ ਕੋਲ ਬੈਠੀ ਹੈ। ਥੋੜ੍ਹੀ ਦੇਰ ਖ਼ਾਮੋਸ਼ੀ ਰਹਿੰਦੀ ਹੈ।)
ਬਚਨੀ : ਬੈਣੋ ਦੀ ਕੋਈ ਉੱਘ ਸੁੱਘ ਮਿਲੀ ? (ਸੰਤੀ ਚੌਕਦੀ ਹੈ। ਉਸ ਦੇ ਚਿਹਰੇ ਉੱਤੇ ਦੱਬੇ ਹੋਏ ਪਾਪ ਦੀ ਛਾਂ ਫਿਰ ਜਾਂਦੀ ਹੈ। ਫਿਰ ਉਹ ਯਕਦਮ ਸੰਭਲਦੀ ਹੈ।)
ਸੰਤੀ : ਪੂਰਾ ਇੱਕ ਸਾਲ ਹੋ ਗਿਆ। ਇਸੇ ਪੈਂਚਵੀਂ ਨੂੰ ਗਈ ਸੀ ਉਹ। ਜੇ ਵਿਆਹ ਹੋ ਗਿਆ ਹੁੰਦਾ ਤਾਂ ਉਹ ਤੀਆਂ ਨੂੰ ਘਰ ਆਉਂਦੀ। ਇਸ ਵੇਹੜੇ ਵਿੱਚ ਗਿੱਧਾ ਪਾਉਂਦੀ। ਪੂੜੇ ਪਕਾਉਂਦੀ। ਪੀਂਘਾਂ ਝੂਟਦੀ। ਪਰ ਚੰਦਰੀ ਨੇ ਕੁਝ ਨਾ ਸੋਚਿਆ।
ਬਚਨੀ : ਜਦ ਤੈਨੂੰ ਇਸ ਤਰ੍ਹਾਂ ਕੁੜ੍ਹਦਿਆਂ ਦੇਖਦੀ ਆਂ, ਤਾਂ ਮੇਰੇ ਕਾਲਜੇ ਵਿੱਚ ਮੁੱਕੀ ਵਜਦੀ ਏ। ਤੂੰ ਸਾਡੀਆਂ ਸਾਰੀਆਂ 'ਚੋਂ ਮਲੂਕ ਹੁੰਦੀ ਸੈਂ। ਖੇਤਾਂ 'ਚੋਂ ਮੁੜਦੀ ਤਾਂ ਢਾਬ ਤੇ ਘੰਟਾ ਘੰਟਾ ਬੈਠੀ ਝਾਵੇਂ ਨਾਲ ਅੱਡੀਆਂ ਕੂਚਦੀ।
ਸੰਤੀ : ਉਹ ਸੰਤੀ ਹੋਰ ਸੀ, ਇਹ ਸੰਤੀ ਹੋਰ ਐ। ਇਉਂ ਲਗਦੈ ਜਿਵੇਂ ਯੁਗ ਬੀਤ ਗਏ ਹੋਣ। ਮੈਂ ਸਭ ਕੁਝ ਭੁੱਲ ਗਈ।
ਬਚਨੀ : ਤੂੰ ਉਹਨਾਂ ਦਿਨਾਂ ਨੂੰ ਕਿਵੇਂ ਭੁੱਲ ਗਈ ? ਕੁੜੀਆਂ ਵਿੱਚੋਂ ਗਿੱਧਾ ਪਾਉਣ ਨੂੰ ਸਭ ਤੋਂ ਅੱਗੇ ਸੀ ਤੂੰ। ਪਿੱਪਲਾਂ ਉੱਤੇ ਚੜ੍ਹਨ ਲੱਗੇ ਸਭ ਤੋਂ ਤੇਜ਼। ਢਾਬ ਉੱਤੇ ਕੱਪੜੇ ਪੌਂਦੀ ਤਾਂ ਧੁੱਪ ਦੇ ਘੇਰੇ ਚਮਕਦੇ।
ਸੰਤੀ : ਹੁਣ ਵੀ ਢਾਬ ਉੱਤੇ ਤੀਆਂ ਲਗਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਤੇ ਤੀਵੀਂਆਂ ਸਿਰ ਉੱਤੇ ਪੀਠੀ ਦੇ ਥਾਲ ਚੁੱਕੀ ਸਾਉਣ ਭਾਦੋਂ ਵਿੱਚ ਗਾਉਂਦੀਆਂ ਹੋਈਆਂ ਨਿਕਲਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਤੇ ਕੁੱਬੇ ਜੰਡ ਨੂੰ ਮੱਥਾ ਟੇਕਣ ਜਾਂਦੀਆਂ ਹੋਣਗੀਆਂ।
ਬਚਨੀ : ਹਾਂ।
ਸੰਤੀ : ਮੇਰਾ ਬਚਪਨ, ਮੇਰੀ ਜਵਾਨੀ, ਮੇਰੇ ਉਹ ਦਿਨ ਸਭ ਸ਼ੀਸ਼ੇ ਵਾਂਗ ਸਾਹਮਣੇ ਆ ਜਾਂਦੇ ਨੇ ਤੈਨੂੰ ਮਿਲ ਕੇ। ਤੈਥੋਂ ਕੀ ਲੁਕੋ। ਕਈ ਵਾਰ ਸੋਚਦੀ ਆਂ, ਬੈਣੋ ਨਿਕਲ ਗਈ ਤਾਂ ਕਿਹੜੀ ਪਰਲੋ ਆ ਗਈ। ਉਸੇ ਤਰ੍ਹਾਂ ਮੀਂਹ ਵਰ੍ਹਦੇ ਨੇ, ਵਿਆਹ ਹੁੰਦੇ ਨੇ, ਬੱਚੇ ਜੰਮਦੇ ਨੇ, ਮੇਲੇ ਲਗਦੇ ਨੇ। ਹਰ ਚੀਜ਼ ਉਸੇ ਤਰ੍ਹਾਂ ਤੁਰੀ ਜਾਂਦੀ ਐ। (ਦੀਪਾ ਬਾਹਰੋਂ ਦੌੜਦਾ ਆਉਂਦਾ ਹੈ ਤੇ ਸੰਤੀ ਦੀ ਹਿੱਕ ਨਾਲ ਲਗ ਜਾਂਦਾ ਹੈ।)
ਸੰਤੀ : ਕਿਸੇ ਨਾਲ ਲੜ ਕੇ ਆਇਆ ਏਂ ਗਲੀ ਚੋਂ ?
ਦੀਪਾ : ਆਹ ਦੇਖ, ਟੇਕੂ ਮੇਰੇ ਖਰੋਟ ਖੋਂਹਦਾ ਸੀ। ਜਦ ਮੈਂ ਜਿੱਤ ਗਿਆ ਤਾਂ ਮੈਨੂੰ ਗਾਲਾਂ ਕੱਢਣ ਲੱਗਾ। ਮੈਂ ਸਾਰੇ ਖਰੋਟ ਚੁੱਕ ਕੇ ਭੱਜ ਆਇਆ।
ਸੰਤੀ : ਨਾ ਪੁੱਤ ਲੜਿਆ ਨਾ ਕਰ।
ਦੀਪਾ : ਫੇਰ ਉਸ ਨੇ ਮੈਨੂੰ ਗਾਲ੍ਹ ਕਿਉਂ ਕੱਢੀ ?
ਸੰਤੀ : ਉਸ ਦੀ ਜੀਭ ਗੰਦੀ ਹੋਈ, ਤੇਰਾ ਕੀ ਗਿਆ (ਸਿਰ ਚੁੰਮ ਕੇ) ਮੇਰਾ ਸੁਹਣਾ ਚੰਨ! ਬੜਾ ਸਾਊ ਐ ਮੇਰਾ ਪੁੱਤ! ਤੇਰੇ ਬਾਪੂ ਨੂੰ ਤੇਰੇ ਤੇ ਬੜੀਆਂ ਆਸਾ ਨੇ... ਊਂਹ। ਕਿਹੋ ਜਿਹੀ ਮੁਸ਼ਕ ਆਉਂਦੀ ਐ ਤੇਰੇ ਵਾਲਾਂ 'ਚੋਂ। ਰੂੜੀਆਂ ਉੱਤੇ ਖੇਡਦਾ ਸੀ ?
ਦੀਪਾ : ਨਹੀਂ ਮਾਂ ? ਰਾਤੀਂ ਚਿਰ ਤੀਕ ਬਾਪੂ ਨਾਲ ਭੱਠੀ ਉੱਤੇ ਬੈਠਾ ਫੂਕਾਂ ਲਾਉਂਦਾ ਰਿਹਾ। ਮੱਚੇ ਹੋਏ ਲੋਹੇ ਦਾ ਬੂਰ ਮੇਰੇ ਸਿਰ ਵਿੱਚ ਪੈ ਗਿਆ ਹੋਊ।
ਸੰਤੀ : ਚੰਗਾ ਇਉਂ ਕਰਵੇ.... ਹੁਣ ਕਿਧਰ ਚੱਲਿਆਂ ?
ਦੀਪਾ : ਬਾਹਰ ਖੇਡਣ।
ਸੰਤੀ : ਬਥੇਰਾ ਖੇਡ ਲਿਆ। ਖਰੋਟਾ ਨੂੰ ਸਾਂਭ ਕੇ ਰੱਖ ਤੇ ਭੱਠੀ 'ਚੋਂ ਸੁਆਹ ਕੱਢ।
ਦੀਪਾ : ਨਾ।
ਸੰਤੀ : ਰਿਹਾੜ ਨਾ ਕਰ।
ਸੰਤੀ : ਬੀਬਾ ਬਣੀਂਦੈ। ਤੇਰੇ ਬਾਪੂ ਨੇ ਹੁਣੇ ਆ ਜਾਣੈ। ਤੈਨੂੰ ਟੋਲ੍ਹਦਾ ਫਿਰੂ।
ਦੀਪਾ : ਰਾਤ ਬੈਠੇ ਬੈਠੇ ਮੇਰੀ ਵੱਖੀ ਅੰਬ ਗਈ। ਫੂਕਾਂ ਲਾ ਲਾ ਮੇਰਾ ਗੁੱਟ ਦੁਖਣ ਲੱਗ ਪਿਆ। ਮੈਂ ਤਾਂ ਹੁਣ ਖੇਡਣ ਜਾਣੈ।
ਸੰਤੀ : ਤੇ ਭੱਠੀ ਦੀ ਸੁਆਹ ਕੌਣ ਕੱਢੂ ?
ਦੀਪਾ : ਮੈਂ ਕਿਉਂ ਕਰਾਂ ਬੈਣੋ ਦੇ ਕੰਮ ?
ਸੰਤੀ : ਹੁਣ ਫਿਰ ਹੋਰ ਕੌਣ ਕਰੂ ? ਤੂੰ ਹੀ ਕਰੇਂਗਾ ਨਾ ਜੀਉਣ ਜੋਗਿਆ।
ਦੀਪਾ : ਮੈਂ ਕਿਉਂ ਕਰਾਂ। ਤੂੰ ਕਰ ਬੈਣੋ ਦੇ ਕੰਮ। (ਦੌੜ ਜਾਂਦਾ ਹੈ।)
ਸੰਤੀ : ਜਦੋਂ ਦੀਪਾ ਮੇਰੀ ਹਿੱਕ ਨਾਲ ਲੱਗਿਆ, ਤਾਂ ਉਸ ਦੇ ਵਾਲਾਂ 'ਚੋਂ ਅਜੀਬ ਮੁਸ਼ਕ ਆਈ। ਇਹ ਮੇਰੇ ਕਾਲਜੇ ਦੇ ਹੇਠਾਂ ਹੀ ਹੇਠਾਂ ਉਤਰਦੀ ਗਈ। ਜੀ ਘਿਰਨ ਲਗਾ। ਬਹੁਤ ਚਿਰ ਪਹਿਲਾਂ ਜਦੋਂ ਮੈਂ ਇਸ ਘਰ ਵਿੱਚ ਪੈਰ ਪਾਇਆ ਤਾਂ ਉਸ ਵੇਲੇ ਵੀ ਮੈਨੂੰ ਇਹੋ ਮੁਸ਼ਕ ਆਈ ਸੀ। ਹਰ ਘਰ ਦੀ ਆਪਣੀ ਹੀ ਇੱਕ ਖਾਸ ਮੁਸ਼ਕ ਹੁੰਦੀ ਹੈ ਹੌਲੀ ਹੌਲੀ ਧੌਂਕਣੀ ਦੇ ਚੰਮ ਦੀ ਕੱਚੀ ਹਵਾੜ੍ਹ ਤੇ ਮੱਚੇ ਹੋਏ ਲੋਹੇ ਦੀ ਮੁਸ਼ਕ ਆਉਣੋਂ ਹਟ ਗਈ। ਅੱਜ ਉੱਨੀ ਵਰ੍ਹਿਆਂ ਪਿਛੋਂ ਇਕਦਮ ਇਹ ਮੇਰੇ ਕਾਲਜੇ ਵਿੱਚ ਵੱਜੀ।
ਬਚਨੀ : ਬੈਣੋ ਯਾਦ ਆਉਂਦੀ ਐ ?
ਸੰਤੀ : ਹਾਂ। ਕਦੇ ਕਦੇ ਉਹ ਮੇਰੇ ਢਿੱਡ ਵਿੱਚ ਛਮਕਾਂ ਮਾਰਦੀ ਐ, ਤੇ ਸ਼ਾਇਦ ਮੇਰੇ ਮਰਨ ਤੀਕ ਇਸੇ ਤਰ੍ਹਾਂ ਛਮਕਾਂ ਮਾਰਦੀ ਰਹੇ। ਮੈਂ ਇਹਨਾਂ ਨੂੰ ਜਰਨ ਦੀ ਆਦੀ ਹੋ ਗਈ ਆਂ। ਉਹ ਚਲੀ ਗਈ.. ਜਦੋਂ ਮੈਂ ਵਾੜੇ ਵਿੱਚ ਧਾਰ ਕਢਣ ਜਾਂਦੀ ਹਾਂ ਤਾਂ ਹਨੇਰੇ ਵਿੱਚ ਮੈਨੂੰ ਬੈਣੋ ਦੀ ਛਾਂ ਹਿਲਦੀ ਦਿਸਦੀ ਐ... ਡੰਗਰਾਂ ਦੇ
ਬਚਨੀ : ਪਰ ਤੀਵੀਂ ਦੀ ਘਰ ਵਿੱਚ ਹੀ ਗਤੀ ਐ। ਉਸ ਦਾ ਆਦਮੀ, ਉਸ ਦਾ ਟੱਬਰ, ਉਸ ਦੇ ਬੱਚੇ। ਤੂੰ ਦੀਪੇ ਵੱਲ ਦੇਖ।
ਸੰਤੀ : ਹਾਂ। ਦੀਪਾ ਹੁਣ ਸੁੱਖ ਨਾਲ ਤੇਰਾਂ ਸਾਲ ਦਾ ਹੋ ਗਿਐ। ਦੋ ਚਾਰ ਸਾਲ ਹੋਰ ਟੱਪੇ, ਤੇ ਵਿਆਹੁਣ ਜੋਗਾ ਹੋ ਜਾਊ। ਉਸ ਦੀ ਬਹੂ ਘਰ ਆਊ ਤੇ ਚੌਂਕਾ ਚੁੱਲਾ ਸਾਂਭ ਲਊ। ਹੋਰ ਮੈਨੂੰ ਕੀ ਚਾਹੀਦੈ ?
ਬਚਨੀ : ਚੰਗਾ ਫਿਰ ਮੈਂ ਚਲਦੀ ਹਾਂ, ਕੱਲ੍ਹ ਨੂੰ ਆਊਂਗੀ। ਖੂਹ ਤੇ ਚਲਾਂਗੀਆਂ।
ਸੰਤੀ : ਮੈਂ ਵੀ ਰੋਟੀ ਟੁਕ ਨੂੰ ਲੱਗਾਂ। ਉਸ ਦੇ ਆਉਣ ਦਾ ਵੇਲਾ ਏ। (ਬਚਨੀ ਜਾਂਦੀ ਹੈ। ਸੰਤੀ ਕਾਕੂ ਦਾ ਝੱਗਾ ਸਾਂਭਦੀ ਹੈ ਤੇ ਚੱਲ੍ਹੇ ਵਿੱਚ ਅੱਗ ਬਾਲਦੀ ਹੈ। ਹਾਂਡੀ ਵਿਚ ਡੋਈ ਫੇਰਦੀ ਹੈ। ਕਾਕੂ ਦਾਖਿਲ ਹੁੰਦਾ ਹੈ। ਉਹ ਖੁਸ਼ੀ ਵਿੱਚ ਝੂਮ ਕੇ ਸੰਤੀ ਦੀ ਪਿੱਠ ਉੱਤੇ ਧੱਫਾ ਮਾਰਦਾ ਹੈ)
ਕਾਕੂ : ਬੱਲੇ ਨੀ ਨਾਭੇ ਦੀਏ ਬੰਦ ਬੋਤਲੇ!
ਸੰਤੀ : ਅੱਜ ਫੇਰ ਪੀ ਕੇ ਆਇਐਂ ? ਉਸੇ ਦੇ ਘਰ ਗਿਆ ਹੋਵੇਂਗਾ।
ਕਾਕੂ : ਕਿਸ ਦੇ ਘਰ ?
ਸੰਤੀ : ਉਸ ਹਰਾਮਣ ਬਣਸੋ ਦੇ ਘਰ।
ਕਾਕੂ : ਕੌਣ ਕਹਿੰਦਾ ਐ ?
ਸੰਤੀ : ਮੈਂ ਕਚਹਿਰੀ ਵਿੱਚ ਨਹੀਂ ਖੜੀ ਕਿ ਕਿਸੇ ਦੀ ਗਵਾਹੀ ਲਿਆਵਾਂ। ਮੇਰਾ ਦਿਲ ਗਵਾਹ ਹੈ। ਜਦੋਂ ਤੂੰ ਉਸ ਬੇਸਵਾ ਕੋਲੋਂ ਆਉਂਦਾ ਹੈ ਤਾਂ ਤੇਰੇ ਤੌਰ ਹੀ ਹੋਰ ਹੁੰਦੇ ਨੇਂ। ਮੈਂ ਤੇਰੀ ਤੋਰ ਦੇਖ ਕੇ ਹੀ ਪਛਾਣ ਜਾਨੀ ਆਂ। ਤੇਰੀ ਆਵਾਜ਼ ਵਿੱਚ ਕੋਈ ਦੂਜੀ ਤੀਵੀਂ ਬੋਲਦੀ ਐ। ਅੱਜ ਵੀ ਉੱਥੋਂ ਈ ਆਇਐਂ।
ਕਾਕੂ : ਵੇਹੜੇ ਵਿੱਚ ਪੈਰ ਨਹੀਂ ਪਾਇਆ ਕਿ ਤੂੰ ਬੋਲਣਾ ਸ਼ੁਰੂ ਕਰ ਦਿੱਤਾ।
ਸੰਤੀ : ਬੋਲਾਂ ਵੀ ਨਾ ? ਮੇਰੇ ਅੰਦਰ ਕੀ ਮਚਦੈ, ਤੈਨੂੰ ਕੀ ਪਤਾ ? ਰਾਤਾਂ ਨੂੰ ਮੈਂ ਹਨੇਰੇ ਵਿੱਚ ਬੈਠੀ ਰੋਂਦੀ ਹਾਂ ਪਰ ਤੂੰ ਸ਼ਰਾਬ ਵਿੱਚ ਗੁੱਟ ਪਿਆ ਹੁਨੈਂ। ਜਦ ਤੂੰ ਮੈਨੂੰ
ਕਾਕੂ : ਖਬਰਦਾਰ ਜੇ ਉਹਦਾ ਨਾਂ ਲਿਆ।
ਸੰਤੀ : ਕਿਉਂ ਨਾਂ ਲਵਾਂ ? ਸੌ ਵਾਰੀ ਆਖਾਂਗੀ ਬਣਸੋ ਬਣਸੋ, ਬਣਸੋ ਉਸੇ ਦਾ ਸਿਆਪਾ ਕਰਾਂਗੀ ਇਸ ਵੇਹੜੇ ਵਿੱਚ।
ਕਾਕੂ : ਕਿਉਂ ਭੌਂਕਦੀ ਐਂ। (ਚਪੇੜ ਮਾਰਦਾ ਹੈ)।
ਸੰਤੀ : (ਛਾਤੀ ਪਿੱਟ ਕੇ) ਹੋਰ ਮਾਰ ਲੈ ਮੈਨੂੰ ਤਾਂ ਜੁ ਉਸ ਕੁੱਤੀ ਦਾ ਕਾਲਜਾ ਠੰਢਾ ਹੋਵੇ। ਚਲਿਆ ਜਾਹ ਉਸੇ ਕੋਲ। ਉਸੇ ਭੱਠ-ਝੋਕਣੀ ਦੇ ਘਰ। ਸਾਰਾ ਪਿੰਡ ਤਮਾਸ਼ਾ ਦੇਖੇ ਤੇਰਾ। ਜਾਹ ਉਸੇ ਕੋਲ।
ਕਾਕੂ : ਕਮਜ਼ਾਤੇ ਤੀਵੀਂ ਹੋ ਕੇ ਮੈਨੂੰ ਹੀ ਘਰੋਂ ਕਢਣਾ ਚਾਹੁੰਦੀ ਹੈਂ, ਮੈਂ ਇਹ ਨਿੱਤ ਦਾ ਸਿਆਪਾ ਮੁਕਾ ਦੇਵਾਂਗਾ। ਜੇ ਨਹੀਂ ਰਹਿਣਾ ਇਸ ਤਰ੍ਹਾਂ ਤਾਂ ਨਿਕਲ ਜਾਹ ਮੇਰੇ ਘਰੋਂ।
ਸੰਤੀ : ਕਿਉਂ ਨਿਕਲ ਜਾਵਾਂ ? ਇਸ ਘਰ ਵਿੱਚੋਂ ਤਾਂ ਮੇਰੀ ਅਰਥੀ ਹੀ ਨਿਕਲੂਗੀ ਵਿਆਹ ਕੇ ਲਿਆਂਦੀ ਹੋਈ ਆਂ, ਫੜ ਕੇ ਤਾਂ ਨਹੀਂ ਸੀ ਲਿਆਂਦੀ। ਜਦ ਇਸ ਘਰ ਆਈ ਸਾਂ ਤਾਂ ਤੂੰ ਮੈਨੂੰ ਇਸ ਘਰ ਦੀ ਰਾਣੀ ਆਖਿਆ ਸੀ। ਦੋਸਤਾਂ ਨੇ ਘੁੰਡ ਚੁਕਾਈ ਦਾ ਸਵਾ ਸਵਾ ਰੁਪਈਆ ਡੰਬਲ ਚਾਂਦੀ ਦਾ ਦਿੱਤਾ ਸੀ। ਇਸ ਘਰ ਵਿੱਚੋਂ ਮੈਂ ਕਿਵੇਂ ਨਿੱਕਲ ਜਾਵਾਂ। ਮੈਂ ਇਸ ਘਰ ਵਿੱਚ ਤੇਰੀ ਬਣ ਕੇ ਰਹੀ ਆਂ-ਦਿਨ ਰਾਤ ਕੰਮ ਵਿੱਚ ਰੁਝੀ ਹੋਈ।
ਕਾਕੂ : ਅੱਕ ਗਈ ਐਂ ਕੰਮ ਤੋਂ ?
ਸੰਤੀ : ਕੰਮ ਨੇ ਤਾਂ ਮੇਰੀ ਸੁਰਤ ਸਾਂਭੀ ਰੱਖੀ ਐ। ਤੂੰ ਹੀ ਦੱਸ, ਸਿਆਲ ਦੀਆਂ ਲੰਮੀਆਂ ਰਾਤਾਂ ਨੂੰ ਭੱਠੀ ਕੋਲ ਬੈਠੀ ਤੇਰੀਆਂ ਬੰਡੀਆਂ ਨਹੀਂ ਸਿਉਂਦੀ ਰਹੀ ? ਤੇਰੇ ਪੁਰਾਣੇ ਤਹਿਮਦ ਕੱਟ ਕੇ ਦੀਪੇ ਦੇ ਝੱਗੇ ਨਹੀਂ ਬਣਾਉਂਦੀ ਰਹੀ ? ਆਪ ਰੂੰ ਪਿੰਜ ਕੇ ਜੁੱਲੀਆਂ ਨਹੀਂ ਭਰਦੀ ਰਹੀ ? ਤੈਨੂੰ ਖੁਸ਼ ਰੱਖਣ ਤੇ ਘਰ ਦੀ ਇੱਜ਼ਤ ਨੂੰ ਸਾਂਭਣ ਦੇ ਸਾਰੇ ਜਤਨ ਕੀਤੇ। ਤੇਰੇ ਲਈ ਧੀ ਜੰਮੀਂ, ਪੁੱਤ ਜੰਮਿਆ। ਪਰ ਤੂੰ ਹਮੇਸ਼ਾਂ ਰੜਕ ਰੱਖੀ । ਸ਼ੱਕ ਨੂੰ ਮਨ ਵਿੱਚ ਪਾਲਿਆ। ਮੈਨੂੰ ਇੱਕ ਦਿਨ ਵੀ ਕਿਤੇ ਨਾ ਜਾਣ ਦਿੱਤਾ। ਬੱਸ ਭੱਠੀ ਨਾਲ ਬੰਨ੍ਹੀ ਰੱਖਿਆ। ਇੱਕ ਵਾਰ ਮੈਂ ਆਪਣਾ ਪੇਕਾ ਘਰ ਛੱਡਿਆ, ਦੁਬਾਰਾ ਉੱਥੇ ਜਾਣ ਨਾ ਦਿੱਤਾ।
ਕਾਕੂ : ਤੈਨੂੰ ਕਦੇ ਰੋਕਿਆ ਪੇਕੇ ਜਾਣ ਤੋਂ ?
ਸੰਤੀ : ਹੁਣ ਮੈਂ ਕੀਹਦੇ ਕੋਲ ਜਾਵਾਂ ? ਕੌਣ ਐ ਮੇਰਾ ? ਨਾ ਮਾਂ ਨਾ ਪਿਉ। ਹਾਨਣਾ ਸਨ ਉਹ ਸਭ ਵਿਆਹੀਆਂ ਗਈਆਂ। ਨਾ ਕੋਈ ਭੈਣ ਨਾ ਭਰਾ। ਮਾਂ ਦੇ ਮਰਨ ਪਿੱਛੋਂ ਮੇਰਾ ਉੱਥੇ ਜਾਣ ਨੂੰ ਕਦੇ ਜੀਅ ਨਾ ਕੀਤਾ। ਮੇਰਾ ਬਾਪ ਵੀ ਇੱਕ ਜਾਲਮ ਲੋਹਾ-ਕੁੱਟ ਸੀ - ਅੜ੍ਹਬ ਸ਼ਰੀਕਾਂ ਨਾਲ ਵੈਰ ਰੱਖਣ ਵਾਲਾ, ਸ਼ੱਕੀ। ਸਾਰੀ ਉਮਰ ਮੇਰੀ ਮਾਂ ਨੂੰ ਕੋਂਹਦਾ ਰਿਹਾ। ਇੱਕ ਦਿਨ ਉਹ ਕਚਹਿਰੀ ਗਵਾਹੀ ਦੇਣ ਗਿਆ। ਸਾਡੇ ਵੇਹੜੇ ਨਿੰਮ ਦਾ ਦਰੱਖਤ ਸੀ ਜਿਸ ਉੱਤੇ ਮੈਂ ਪੀਂਘ ਝੂਟਦੀ। ਉਸੇ ਪੀਂਘ ਦੇ ਰੱਸੇ ਨਾਲ ਮੇਰੀ ਮਾਂ ਨੇ ਫਾਹਾ ਲੈ ਲਿਆ। ਮੇਰੇ ਬਾਪ ਨੇ ਮੈਨੂੰ ਤੇਰੇ ਨਾਲ ਵਿਆਹ ਕੇ ਆਪਣਾ ਹਠ ਪੁਗਾਇਆ। ਮੈਂ ਇੱਕ ਭੱਠੀ ਤੋਂ ਦੂਜੀ ਭੱਠੀ ਦੀ ਸੁਆਹ ਫਰੋਲਣ ਲਈ ਇੱਥੇ ਆ ਗਈ। ਇੱਥੇ ਹਰ ਚੀਜ ਤੇਰੇ ਕਰੜੇ ਸੁਭਾਅ ਨੇ ਪੀਹ ਸੁੱਟੀ । ਲੋਹਾ ਕੁਟਦੇ ਕੁਟਦੇ ਤੂੰ ਆਪ ਲੋਹਾ ਹੋ ਗਿਆ (ਰੋਣ ਲਗਦੀ ਹੈ
ਕਾਕੂ : ਤੂੰ ਕਦੇ ਨਹੀਂ ਸਮਝੇਂਗੀ ਮਰਦ ਦੇ ਕਿੱਤੇ ਨੂੰ । ਜੋ ਕੰਮ ਕਰੋ ਉਸ ਵਿੱਚ ਆਪਣੀ ਦੇਹ ਢਾਲਣੀ ਪੈਂਦੀ ਹੈ। ਰੋਣ ਕਿਉਂ ਲਗ ਪਈ ? ਮਰਦ ਦਾ ਗੁੱਸਾ ਨਿਰਾ ਪਾਣੀ ਦੀ ਝੱਗ ਐ। ਮਨ ਅੰਦਰ ਕੁਝ ਨਹੀਂ ਹੁੰਦਾ। ਕਮਲੀਏ ਤੂੰ ਮੇਰੀ ਤੀਵੀਂ, ਮੈਂ ਤੇਰਾ ਮਰਦ। ਆਪਸ ਵਿੱਚ ਦਾ ਝਗੜਾ ਵੀ ਕੋਈ ਝਗੜਾ ਹੁੰਦੈ! ਤੇਰੇ ਤੇ ਮੇਰੇ ਵਿਚਕਾਰ ਕੋਈ ਹੋਰ ਨਹੀਂ। ਉਸ ਸਾਲੀ ਬਣਸੋ ਨੂੰ ਮੈਂ ਕੀ ਸਮਝਦਾ ਹਾਂ। ਉਹ ਤਾਂ ਤੇਰੇ ਪੈਰ ਦੀ ਜੁੱਤੀ ਬਰਾਬਰ ਵੀ ਨਹੀਂ। ਦੱਸ ਮੈਨੂੰ, ਅੱਜ ਮੀਢੀਆਂ ਗੁੰਦੀਆਂ ਸਨ, ਬੋਲ ਸੰਤੀਏ, ਹੁਣ ਗੱਲ ਤਾਂ ਕਰ ਮੇਰੇ ਨਾਲ।
ਸੰਤੀ : (ਹੰਝੂਆਂ ਵਿੱਚ) ਮੈਂ ਵਾਲਾਂ ਵਿੱਚ ਸੰਧੂਰ ਭਰਿਆ, ਦੰਦਾਸਾ ਮਲਿਆ, ਤੇਰੇ ਲਈ। ਕਰੂਏ ਦਾ ਵਰਤ ਰੱਖਿਆ ਹੈ ਨਾ ਅੱਜ ਮੈਂ।
ਕਾਕੂ : ਤੂੰ ਸੁਹਣੀ ਲਗਦੀ ਹੈਂ।
ਸੰਤੀ : ਕਈ ਮਹੀਨਿਆਂ ਪਿੱਛੋਂ ਤੂੰ ਆਖੀ ਐ ਇਹ ਗੱਲ।
ਕਾਕੂ : ਕਿੰਨੇ ਵਰ੍ਹੇ ਹੋ ਗਏ ਆਪਣੇ ਵਿਆਹ ਨੂੰ ?
ਸੰਤੀ : ਪੂਰੇ ਉੱਨੀ ਸਾਲ। ਚੇਤ ਦਾ ਮਹੀਨਾ ਸੀ ਜਦੋਂ ਮੈਂ ਇਸ ਘਰ ਦੀ ਦਹਿਲੀਜ਼ ਟੱਪੀ।
ਕਾਕੂ : ਦੀਵੇ ਦੀ ਲਾਟ ਵਿੱਚ ਅੱਜ ਤੂੰ ਹੋਰ ਵੀ ਸੁਹਣੀ ਲਗਦੀ ਹੈਂ।
ਸੰਤੀ : ਮੈਨੂੰ ਹਾਲੇ ਤੀਕ ਯਾਦ ਐ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਤਾਰਿਆਂ ਦੀ ਛਾਂ ਵਿੱਚ ਖੂਹ ਤੇ ਪਾਣੀ ਭਰਨ ਗਈ ਸੀ। ਨਾਲ ਮੇਰੀਆਂ ਸਹੇਲੀਆਂ। ਮੈਂ ਕੋਰਾ ਘੜਾ ਖੂਹ ਤੋਂ ਭਰਿਆ ਤਾਂ ਮਾਂ ਨੇ ਆਖਿਆ, 'ਹੁਣ ਤੂੰ ਏਸ ਰਾਹ ਤੋਂ ਆਪਣੇ ਘਰ ਵਾਪਿਸ ਨਹੀਂ ਮੁੜਨਾ। ਇਹ ਰਾਹ ਹੁਣ ਤੇਰੇ ਲਈ ਬੰਦ ਹੋ ਗਿਆ।' ਫਿਰ ਮੈਂ ਦੂਜੇ ਰਾਹ ਮੋੜ ਕੱਟ ਕੇ ਘਰ ਵਾਪਿਸ ਆਈ, ਸਿਰ ਤੇ ਪਾਣੀ ਦਾ ਘੜਾ ਚੁੱਕੀ। ਉਸ ਦਿਨ ਤੋਂ ਮੈਂ ਤੇਰੀ ਹੋ ਗਈ ਸਾਂ। ਮੈਂ ਅੱਜ ਕਰੂਏ ਦਾ ਵਰਤ ਰੱਖਿਆ ਹੈ । ਆਥਣ ਦੀ ਤੈਨੂੰ ਉਡੀਕਦੀ ਸਾਂ। ਤੈਨੂੰ ਰੋਟੀ ਖੁਆ ਕੇ ਮੈਂ ਟੁਕ ਭੰਨਣਾ ਸੀ। ਪਰ ਤੂੰ ਦਾਰੂ ਪੀ ਕੇ ਘਰ ਵੜਿਆ। ਤੀਂਵੀ ਮਰਦ ਲਈ ਸਭ ਕੁਝ ਵਾਰ ਦੇਂਦੀ ਐ। ਆਪਣਾ ਘਰ ਛੱਡ ਕੇ ਆਪਣਾ ਵੇਹੜਾ ਤੇ ਪਿੰਡ ਛੱਡ ਕੇ ਜਦੋਂ ਮੈਂ ਡੋਲੀ ਵਿੱਚ ਬੈਠੀ ਤਾਂ ਹਰ ਚੀਜ਼ ਪਰਾਈ ਹੋ ਗਈ। ਬਸ ਤੂੰ ਤੇ ਭੱਠੀ ਤੇ ਚੁੱਲ੍ਹਾ ਮੇਰਾ ਸੁਹਾਗ ਬਣ ਗਏ। ਮੈਂ ਇਹਨਾਂ ਦੀ ਪੂਜਾ ਕਰਦੀ ਆਂ। ਮੈਂ ਤੇਰੀ ਹਾਂ।
ਕਾਕੂ : ਮੈਨੂੰ ਪਤਾ ਹੈ। ਬਸ ਭੁਲ ਜਾਹ ਮੇਰੀਆਂ ਮਾੜੀਆਂ ਗੱਲਾਂ।
ਸੰਤੀ : ਰੋਟੀ ਲਿਆਵਾਂ ?
ਕਾਕੂ : ਹਾਂ, ਲਿਆ।
ਸੰਤੀ : ਚੰਦ ਨਿਕਲ ਆਇਆ। ਪਰ ਮੈਂ ਇਸ ਨੂੰ ਦੇਖਣਾ ਨਹੀਂ। ਕਾਂਸੀ ਦੇ ਥਾਲ ਵਿੱਚ ਪਾਣੀ ਪਾ ਕੇ ਦਰਸ਼ਨ ਕਰਦੀ ਹਾਂ ਚੰਦਰਮਾਂ ਦੇ। (ਸੰਤੀ ਪਾਣੀ ਨਾਲ ਭਰੇ ਥਾਲ ਵਿੱਚ ਚੰਦਰਮਾ ਦੇਖਦੀ ਹੈ। ਉਹ ਅਰਘ ਚੜ੍ਹਾਉਂਦੀ ਹੈ। ਕਾਕੂ ਸ਼ਰਾਬ ਦੀ ਬੋਤਲ ਖੋਲ੍ਹਦਾ ਹੈ ਤੇ ਗਲਾਸ ਵਿੱਚ ਪਾ ਕੇ ਗਟ ਗਟ ਪੀਣ ਲਗਦਾ ਹੈ। ਸੰਤੀ ਰਸੋਈ ਵਿੱਚ ਜਾ ਕੇ ਰੋਟੀ ਲਿਆਉਂਦੀ ਹੈ । ਕਾਕੂ ਸ਼ਰਾਬ ਵਿੱਚ ਗੁੱਟ ਚੌਫਾਲ ਪਿਆ ਹੈ। ਸੰਤੀ ਰੋਟੀ ਦਾ ਥਾਲ ਲਈ ਖੜ੍ਹੀ ਉਸ ਨੂੰ ਦੇਖਦੀ ਹੈ। ਉਸ ਦੇ ਚੇਹਰੇ ਦਾ ਦਰਦ ਗੁੱਸੇ ਵਿੱਚ ਬਦਲ ਜਾਂਦਾ ਹੈ।)
(ਹਨੇਰਾ)
ਸੀਨ ਦੂਜਾ
(ਸ਼ਾਮ ਦਾ ਵੇਲਾ। ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈ ਰਹੀਆਂ ਹਨ। ਸੰਤੀ ਭੱਠੀ ਵਿੱਚੋਂ ਸੁਆਹ ਕੱਢ ਰਹੀ ਹੈ। ਉਸ ਦੇ ਵਾਲ ਖਿਲਰੇ ਹੋਏ ਤੇ ਚਿਹਰੇ ਉੱਤੇ ਉਦਾਸੀ । ਉਹ ਖਿਆਲਾਂ ਵਿੱਚ ਡੁੱਬੀ ਹੋਈ ਹੈ। ਗੱਜਣ ਆਉਂਦਾ ਹੈ। ਸੰਤੀ ਉਸ ਨੂੰ ਚੌਂਕ ਕੇ ਹੈਰਾਨੀ ਨਾਲ ਦੇਖਦੀ ਹੈ।)
ਸੰਤੀ : ਤੂੰ ? ਕੀ ਲੈਣ ਆਇਆਂ ਏ ਏਥੇ ?
ਗੱਜਣ : ਸੋਚਿਆ ਸੀ ਇਸ ਵਿਹੜੇ ਵਿੱਚ ਕਦੇ ਪੈਰ ਨਹੀਂ ਪਾਉਣਾ।
ਸੰਤੀ : ਚਲਿਆ ਜਾਹ ਏਥੋਂ! ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ।
ਗੱਜਣ : ਮੈਨੂੰ ਪਤੈ।
ਸੰਤੀ : ਫੇਰ ਕਿਉਂ ਆਇਐਂ ਏਥੇ ?
ਗੱਜਣ : ਸੈਂਕੜੇ ਵਾਰ ਦਲੀਲਾਂ ਕੀਤੀਆਂ। ਪਿੰਡੋਂ ਤੁਰਿਆ ਤਾਂ ਰਾਹ ਵਿੱਚੋਂ ਹੀ ਵਾਪਸ ਮੁੜ ਗਿਆ। ਫਿਰ ਪਤਾ ਨਹੀਂ ਕੀ ਹੋਇਆ। ਤੂੰ ਮਨ ਵਿੱਚ ਰੜਕਦੀ ਸੀ। ਇਹ ਰੜਕ ਕੱਢਣ ਆਇਆ ਹਾਂ। ਮੈਂ ਚਾਹੁੰਦਾ ਤੂੰ ਮੈਨੂੰ ਫੇਰ ਗਾਲ੍ਹਾਂ ਕੱਢੇਂ ਤੇ ਫਿਰ ਇਸ ਵੇਹੜੇ 'ਚੋਂ ਧੱਕਾ ਦੇਵੇਂ ਤਾਂ ਜੁ ਹਮੇਸ਼ਾਂ ਲਈ ਇਹ ਰੜਕ ਮਿਟ ਜਾਵੇ।
ਸੰਤੀ : ਤੈਨੂੰ ਧੱਕਾ ਦਿੱਤਾ ਸੀ ਤਾਂ ਜੁ ਸਾਡੀ ਦੋਹਾਂ ਦੀ ਇੱਜਤ ਰਹਿ ਜਾਵੇ। ਤੇਰੀ ਵੀ ਤੇ ਮੇਰੀ ਵੀ। ਵਿਆਹ ਪਿੱਛੋਂ ਤੇਰੇ ਬਾਰੇ ਸੋਚਣਾ ਵੀ ਪਾਪ ਸੀ। ਇਸ ਪਾਪ ਨੇ ਮੈਨੂੰ ਰੱਜ ਕੇ ਤਪਾਇਆ। ਬਾਰ ਬਾਰ ਇਹ ਪਾਪ ਮੇਰੇ ਲਹੂ ਨੂੰ ਡੰਗਦਾ। ਇੱਕ ਸਵਾਲ ਬਣ ਕੇ ਮੇਰੇ ਅੱਗੇ ਖੜ੍ਹਾ ਹੋ ਜਾਂਦਾ। ਮੈਨੂੰ ਇਸ ਦਾ ਜੁਆਬ ਨਾ ਲੱਭਦਾ।
ਗੱਜਣ : ਮੈਂ ਵੀ ਅੱਜ ਉਹੀ ਜੁਆਬ ਲੈਣ ਆਇਆਂ ਤੇਰੇ ਕੋਲੋਂ ਤਾਂ ਜੁ ਦੁਬਾਰਾ ਕਦੇ ਇਸ ਪਿੰਡ ਵੱਲ ਨਾ ਝਾਕਾਂ। ਨਾ ਕਦੇ ਇਸ ਘਰ ਵਿੱਚੋਂ ਉਠਦਾ ਧੂੰਆਂ ਦੇਖਾਂ। ਨਾ ਢਾਬ ਤੇ ਕੀਤੇ ਕੌਲ ਕਰਾਰ ਯਾਦ ਆਉਣ।
ਸੰਤੀ : ਢਾਬ ਦੀ ਗੱਲ ਨਾ ਕਰ। ਉੱਥੇ ਸੰਤੀ ਦੱਬੀ ਪਈ ਐ।
ਗੱਜਣ : ਇਸੇ ਲਈ ਮੈਂ ਢਾਬ ਤੇ ਜਾਨਾਂ ਬਾਰ ਬਾਰ। ਉੱਥੇ ਮੈਨੂੰ ਧੁੱਪ ਦੇ ਘੇਰੇ ਚਮਕਦੇ ਦਿਸਦੇ ਨੇ, ਮੈਂ ਕਈ ਰਾਤਾਂ ਆਪਣੇ ਖੇਤ ਦੀ ਵੱਟ ਉੱਤੇ ਖਲੋ ਕੇ ਜਾਗਦਾ ਰਿਹਾ। ਭਾਂ ਭਾਂ ਕਰਦੀ ਰਾਤ ਦੇ ਹਨੇਰੇ ਵਿੱਚ ਮੈਨੂੰ ਤੇਰੀ ਆਵਾਜ਼ ਸੁਣਦੀ। ਯਾਦ ਐ ਤੈਨੂੰ ? ਆਪਾ ਦੋਹਾਂ ਨੇ ਪਿੱਪਲ ਉੱਤੇ ਚਾਕੂ ਨਾਲ ਗੋਲ ਦਾਇਰੇ ਖੁਰਚੇ ਸਨ।
ਸੰਤੀ : ਗੋਲ ਦਾਇਰੇ ਹੁਣ ਵੀ ਨੇ ਉੱਥੇ ?
ਗੱਜਣ : ਹਾਂ। ਸਗੋਂ ਵੱਡੇ ਹੋ ਗਏ ਨੇ। ਚੰਨ ਦੀ ਚਾਨਣੀ ਵਿੱਚ ਚਮਕਦੇ ਨੇ।
ਸੰਤੀ : ਮੈਨੂੰ ਸਭ ਕੁਝ ਭੁੱਲ ਗਿਆ ਏ ...
ਗੱਜਣ : ਪਰ ਮੈਨੂੰ ਕੁਝ ਵੀ ਨਹੀਂ ਭੁੱਲਿਆ। ਇਉਂ ਲਗਦੈ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ।
ਸੰਤੀ : ਹੁਣ ਸਭ ਕੁਝ ਬਦਲ ਗਿਆ ਏ।
ਗੱਜਣ : ਕੁਝ ਵੀ ਤੇ ਨਹੀਂ ਬਦਲਿਆ। ਪਿੰਡ ਦੇ ਘਰ, ਗਲੀਆਂ, ਢਾਬ, ਪਿੱਪਲ। ਹਰ
ਸੰਤੀ : ਦੋਵੇਂ ਘੜੀਆਂ ਸੱਚੀਆਂ ਨੇ। ਢਾਬ ਦੇ ਕੌਲ-ਕਰਾਰ ਵੀ ਸੱਚੇ ਤੇ ਤੇਰੇ ਨਾਲ ਨਫਰਤ ਵੀ ਸੱਚੀ। ਕਈ ਵਾਰ ਮੈਂ ਸੋਚਦੀ ਆਂ-
ਗੱਜਣ : ਕੀ ?
ਸੰਤੀ : ਜਦ ਕਦੇ ਰਾਤ ਨੂੰ ਕਣੀਆਂ ਉੱਤਰ ਆਉਂਦੀਆਂ ਨੇ ਤੇ ਭੱਠੀ ਗਿੱਲੀ ਹੋ ਜਾਂਦੀ ਐ ਤੇ ਵਾੜੇ ਵਿੱਚ ਗਾਂ ਰੰਭਣ ਲਗਦੀ ਐ ਤਾਂ ਮੈਂ ਕੰਬ ਉਠਦੀ ਆਂ।
ਗਜਣ : ਇੱਕ ਵਾਰ ਤੈਨੂੰ ਆਖਿਆ ਸੀ ਕਿ ਮੇਰੇ ਖੇਤ ਆਵੇਂਗੀ। ਜੇ ਤੂੰ ਆਵੇ ਤਾਂ ਮੇਰੇ ਸੁਫਨੇ ਸੱਚੇ ਹੋ ਜਾਣ, ਮੇਰੇ ਖੇਤਾਂ ਦੇ ਭਾਗ ਜਾਗ ਉੱਠਣ।
ਸੰਤੀ : ਨਹੀਂ, ਹੁਣ ਇਹ ਨਹੀਂ ਹੋ ਸਕਦਾ। ਕਦੇ ਵੀ ਨਹੀਂ।
ਗੱਜਣ : ਤੂੰ ਬੁਜਦਿਲ ਏਂ। ਡਰਪੋਕ! ਇਸੇ ਤਰ੍ਹਾਂ ਖੱਲਾਂ ਫੂਕਦੀ ਰਹੇਂਗੀ ਸਾਰੀ ਉਮਰ। ਆਪਣੀ ਜਵਾਨੀ ਵੀ ਧੋਂਖ ਲਈ ਰਹਿੰਦੀ ਵੀ ਧੋਂਖ ਲਵੇਗੀ।
ਸੰਤੀ : (ਗੁੱਸੇ ਵਿੱਚ ਤੜਪ ਕੇ।) ਚਲਿਆ ਜਾਹ ਇਥੋਂ। ਖ਼ਬਰਦਾਰ ਜੇ ਦੁਬਾਰਾ ਏਧਰ ਮੂੰਹ ਕੀਤਾ। ਨਫਰਤ ਐ ਮੈਨੂੰ ਤੇਰੇ ਕੋਲੋਂ। ਨਿਕਲ ਜਾਹ! (ਗੱਜਣ ਜਾਂਦਾ ਹੈ। ਸੰਤੀ ਭੱਠੀ ਦੀ ਅੱਗ ਭਖਾਉਂਦੀ ਹੈ। ਕੁਝ ਦੇਰ ਸੋਚਦੀ ਹੈ। ਦੀਪਾ ਦੌੜਿਆ ਹੋਇਆ ਆਉਂਦਾ ਹੈ)
ਦੀਪਾ : ਮਾਂ, ਮਾਂ, ਬੁੱਝ ਮੇਰੀ ਮੁੱਠੀ 'ਚ ਕੀ ਐ? ਟਾਂਕ ਕਿ ਜਿਸਤ ?
ਸੰਤੀ : ਜੇ ਬੁੱਝ ਦਿਤਾ ਤੇ ਫਿਰ ਕੰਮ ਕਰੇਂਗਾ ?
ਦੀਪਾ : ਹਾਂ।
ਸੰਤੀ : ਭੱਠੀ ਤੇ ਬੈਠੇਂਗਾ ?
ਦੀਪਾ : ਹਾਂ।
ਸੰਤੀ : ਧਾਰ ਕੱਢੇਂਗਾ ?
ਦੀਪਾ : ਹਾਂ।
ਸੰਤੀ : ਖੂਹ ਤੋਂ ਪਾਣੀ ਭਰ ਕੇ ਲਿਆਵੇਂਗਾ ?
ਦੀਪਾ : ਹਾਂ।
ਸੰਤੀ : ਅੱਛਾ, ਮੈਨੂੰ ਟੋਹਣ ਦੇਹ ਆਪਣੀ ਮੁੱਠੀ।
ਦੀਪਾ : ਲੈ।
ਸੰਤੀ : (ਟੋਹ ਕੇ) ਜਿਸਤ।
ਦੀਪਾ : ਨਹੀ ਬੁਝਿਆ ਗਿਆ, ਨਹੀਂ ਬੁਝਿਆ ਗਿਆ। ਦੇਖ ਟਾਂਕ ਐ। ਹੁਣ ਮੈਂ ਜਾਵਾਂ? (ਉਹ ਦੌੜ ਜਾਂਦਾ ਹੈ। ਸੰਤੀ ਭੱਠੀ ਦੀ ਅੱਗ ਭਖਾਉਂਦੀ ਹੈ। ਕਾਕੂ ਆਉਂਦਾ ਹੈ।)
ਕਾਕੂ : ਆਹ ਜੁਆਰ ਦੀ ਬੋਰੀ ਲਿਆਂਦੀ ਐ। ਨੰਬਰਦਾਰ ਨੇ ਦਿੱਤੀ ਐ। ਮੋਟੀ ਜੁਆਰ ਐ, ਚੂਚਿਆਂ ਦੇ ਕੰਮ ਆਊ।
ਕਾਕੂ : ਭੱਠੀ ਤਾਂ ਦਗੀ ਜਾਂਦੀ ਐ।
ਸੰਤੀ : ਕੋਲਿਆਂ ਨੂੰ ਰਤਾ ਛੇੜਿਆ ਤਾਂ ਇਹ ਭਖ ਉੱਠੇ।
ਕਾਕੂ : ਚੰਗਾ ਕੀਤਾ। ਮੈਂ ਲੋਹਾ ਤੇ ਕੋਲੇ ਮੰਡੀ ਤੋਂ ਹੋਰ ਲੈ ਆਇਆ ਹਾਂ। ਦੀਪਾ ਕਿੱਥੇ ਐ?
ਸੰਤੀ : ਖੇਡਣ ਗਿਆ।
ਕਾਕੂ : ਉਸ ਨੂੰ ਆਖਣਾ ਸੀ ਇੱਥੇ ਬੈਠੇ। ਸਾਰੇ ਫਾਲੇ ਅੱਜ ਰਾਤ ਨੂੰ ਡੰਗ ਕੇ ਸੌਂਣਾ ਏ। ਬੱਦਲ ਘਿਰੇ ਹੋਏ ਨੇ। (ਭੱਠੀ ਕੋਲ ਪਈ ਕਹੀ ਚੁਕਦਾ ਹੈ। ਇਹ ਕਹੀ ਕੌਣ ਰਖ ਗਿਐ ?
ਸੰਤੀ : ਗੱਜਣ।
ਕਾਕੂ : ਕਦੋਂ ਆਇਆ ਸੀ ?
ਸੰਤੀ : ਹੁਣੇ ਤੇਰੇ ਆਉਣ ਤੋਂ ਪਹਿਲਾਂ। ਆਖਦਾ ਸੀ ਇਸ ਦਾ ਪੱਤ ਖੁੰਢਾ ਹੋ ਗਿਆ, ਰਤਾ ਚੰਡਣਾ ਏਂ।
ਕਾਕੂ : ਉਸ ਨੇ ਫਿਰ ਹਲ ਤੇ ਕਹੀ ਚੰਡਾਉਣ ਦਾ ਬਹਾਨਾ ਕਰਕੇ ਇੱਥੇ ਆਉਣਾ ਸ਼ੁਰੂ ਕਰ ਦਿੱਤੈ। ਪਰ ਆਵੇ ਵੀ ਕਿਵੇਂ ਨਾ ਜਦੋਂ ਤੂੰ ਉਸ ਨੂੰ ਸ਼ਹਿ ਦੇਵੇਂ।
ਸੰਤੀ : ਉਹਨੂੰ ਕੀ ਪਤਾ ਕਿ ਤੂੰ ਘਰ ਹੈਂ ਕਿ ਨਹੀਂ।
ਕਾਕੂ : ਤੈਨੂੰ ਮਿਲਣ ਆਇਆ ਸੀ। ਤੇਰੇ ਨਾਲ ਗੱਲਾਂ ਕਰਨ।
ਸੰਤੀ : ਮੇਰੇ ਨਾਲ ਉਸ ਨੇ ਕੀ ਗੱਲ ਕਰਨੀ ਸੀ ? ਮੈਂ ਤਾਂ ਭੱਠੀ ਧੁਖਾ ਰਹੀ ਸਾਂ। ਉਸ ਨੇ ਤੇਰੇ ਬਾਰੇ ਪੁੱਛਿਆ ਤੇ ਕਹੀ ਰੱਖ ਕੇ ਮੁੜ ਗਿਆ।
ਕਾਕੂ : ਮੈਨੂੰ ਅੱਗ ਲੱਗ ਜਾਂਦੀ ਐ ਉਸ ਦਾ ਨਾਂ ਸੁਣ ਕੇ।
ਸੰਤੀ : ਐਵੇਂ ਨਾ ਨ੍ਹੇਰੀ ਵਾਂਗ ਚੜਿਆ ਰਿਹਾ ਕਰ ਹਰ ਵੇਲੇ।
ਕਾਕੂ : ਤੇਰੇ ਇਹਨਾਂ ਕਾਰਿਆਂ ਨੇ ਈ ਤਾਂ ਬੈਣੋ ਨੂੰ ਪੁੱਟਿਆ ਸੀ।
ਸੰਤੀ : ਬੈਣੋ ਦੀ ਗੱਲ ਨਾ ਛੇੜੀਂ ਮੁੜ ਕੇ।
ਕਾਕੂ : ਕਿਉਂ ਨਾ ਛੇੜਾਂ ? ਬੈਣੋ ਤੇਰੀ ਧੀ ਸੀ।
ਸੰਤੀ : ਤੇਰੀ ਵੀ ਤਾਂ ਸੀ।
ਕਾਕੂ : ਉਹ ਤੇਰੀ ਜਣੀ ਸੀ। ਉਸ ਵਿੱਚ ਜਨਮ ਤੋਂ ਹੀ ਖੋਟ ਸੀ। ਜੇ ਮੇਰੀ ਹੁੰਦੀ ਤਾਂ ਨੱਸਦੀ ਨਾ। ਇਸ ਪਿੰਡ ਵਿੱਚ ਕਦੇ ਅਜਿਹੀ ਗੱਲ ਨਹੀਂ ਸੀ ਹੋਈ। ਤੀਵੀਆਂ ਚੁੱਲ੍ਹੇ ਉੱਤੇ ਰਹੀਆਂ ਤੇ ਮਰਦ ਸਦਾ ਅਹਿਰਨ ਉੱਤੇ। ਜੇ ਪਤਾ ਹੁੰਦਾ ਉਹ ਅਜਿਹੀ ਬਦਜ਼ਾਤ ਨਿਕਲੂ ਤਾਂ ਜੰਮਦੀ ਦਾ ਹੀ ਗਲ ਘੁਟ ਸੁੱਟਦਾ।
ਸੰਤੀ : ਤਾਂਹੀਓਂ ਤੂੰ ਉਸ ਨੂੰ ਵੱਢ ਸੁੱਟਿਆ।
ਕਾਕੂ : ਮੇਰੇ ਕਰ ਕੇ ?
ਸੰਤੀ : ਹੋਰ ਕੀਹਦੇ ਕਰ ਕੇ ?
ਕਾਕੂ : ਉਸ ਰਾਤ ਮੈਂ ਉਸ ਦਾ ਪਿੱਛਾ ਕੀਤਾ ਤੇ ਟਿੱਬਿਆਂ ਕੋਲ ਜਾ ਘੇਰਿਆ। ਉਹ ਅੜ ਕੇ ਖਲੋ ਗਈ ਤੇ ਉਸ ਨੇ ਦਾਤਰੀ ਕੱਢ ਕੇ ਮੈਨੂੰ ਵੰਗਾਰਿਆ, ਉਹੀ ਦਾਤਰੀ ਜੋ ਮੈਂ ਉਸ ਨੂੰ ਸਾਣ ਉੱਤੇ ਤੇਜ਼ ਕਰਨੀ ਸਿਖਾਈ ਸੀ। ਗੁੱਸੇ ਨਾਲ ਉਸ ਦੇ ਤੌਰ ਬਦਲ ਗਏ ਤੇ ਉਸ ਦਾ ਮੁਹਾਂਦਰਾ ਤੇਰੇ ਵਰਗਾ ਹੋ ਗਿਆ। ਇਉਂ ਲੱਗਿਆ ਜਿਵੇਂ ਹਨੇਰੇ ਵਿੱਚ ਦਾਤਰੀ ਕੱਢੀ ਤੂੰ ਖੜ੍ਹੀ ਹੋਵੇਂ। ਉਸ ਦੀਆਂ ਅੱਖਾਂ ਵਿੱਚ ਬਦਲੇ ਦੀ ਅੱਗ ਸੀ-ਧੀ ਦਾ ਆਪਣੇ ਪਿਓ ਤੋਂ ਬਦਲਾ ... ਆਪਣੇ ਖੂਨ ਦਾ ਵੈਰ ...
ਕਾਕੂ : ਪਰ ਉਹ ਅਜੇ ਵੀ ਮੇਰੇ ਲਹੂ ਵਿੱਚ ਕੰਡੇ ਵਾਂਗ ਰੜਕਦੀ ਐ।
ਸੰਤੀ : ਮੇਰੇ ਲਹੂ ਵਿੱਚ ਉਹ ਘੁਲ ਗਈ ਹੈ।
ਕਾਕੂ : ਜ਼ਹਿਰ ਵਾਂਗ ?
ਸੰਤੀ : ਨਹੀਂ, ਆਪਣੇ ਲਹੂ ਵਾਂਗ।
ਕਾਕੂ : ਏਸੇ ਲਈ ਤੇਰਾ ਲਹੂ ਫਿੱਟਿਆ ਹੋਇਐ। ਤਦੇ ਤੇਰੀਆਂ ਅੱਖਾਂ ਵਿੱਚ ਵੰਗਾਰ ਐ। ਤੇਰੀ ਮੱਤ ਨੂੰ ਕਿਸੇ ਨੇ ਪੁੱਠਾ ਗੇੜਾ ਦੇ ਦਿੱਤਾ ਐ।
ਸੰਤੀ : ਤੈਨੂੰ ਹਰ ਚੀਜ਼ ਪੁੱਠੀ ਦਿਸਦੀ ਐ-ਮੈਂ ਇਸਦਾ ਕੀ ਕਰਾਂ। ਹਰ ਵੇਲੇ ਖਿਝਦਾ ਰਹਿਨੈਂ। ਤੇਰੇ ਮਨ ਉੱਤੇ ਗੁੱਸੇ ਦੀ ਕਾਲਖ ਫਿਰੀ ਹੋਈ ਐ, ਏਸੇ ਲਈ ਤੈਨੂੰ ਕੁਝ ਨਹੀਂ ਦਿਸਦਾ।
ਕਾਕੂ : ਮੈਨੂੰ ਸਭ ਕੁਝ ਦਿਸਦੈ।
ਸੰਤੀ : ਮੱਚੇ ਹੋਏ ਲੋਹੇ ਦਾ ਬੁਰ ਉਡ ਉਡ ਕੇ ਤੇਰੇ ਸਰੀਰ ਵਿੱਚ ਰਚ ਗਿਐ। ਦਿਨ ਰਾਤ ਲੋਹਾ ਕੁਟਦੇ ਕੁਟਦੇ ਤੂੰ ਆਪ ਲੋਹਾ ਹੋ ਗਿਐਂ-ਠੰਢਾ, ਬੇਕਿਰਕ ਬੇਹਿੱਸ...ਉੱਨੀ ਵਰ੍ਹੇ ਹਥੌੜੇ ਦੀਆਂ ਅੰਨ੍ਹੀਆਂ ਸੱਟਾਂ ਨੇ ਮੇਰੀ ਰੂਹ ਨੂੰ ਭੰਨ ਦਿੱਤਾ ਏ ... ਪੂਰੇ ਉੱਨੀ ਵਰ੍ਹੇ।
ਕਾਕੂ : ਕਿਉਂ ਬੁਝੇ ਹੋਏ ਸਿਵੇ ਫਰੋਲਦੀ ਐਂ।
ਸੰਤੀ : ਕਿਉਂ ਨਾ ਫਰੋਲਾਂ, ਇਹ ਸਿਵੇ ਕਦੇ ਵੀ ਨਹੀਂ ਸਨ ਬੁਝੇ। ਇਹਨਾਂ ਹੇਠ ਸਦਾ ਅੰਗਾਰ ਮਘਦੇ ਰਹੇ। ਜਦ ਬੈਣੋ ਇਸ ਘਰ ਵਿੱਚ ਸੀ ਤਾਂ ਮੇਰੇ ਅੰਦਰ ਦੋ ਤੀਵੀਆਂ ਵਸਦੀਆਂ ਸਨ । ਦੋਵੇਂ ਇੱਕ ਦੂਜੀ ਦੀਆਂ ਦੁਸ਼ਮਣ। ਮੇਰਾ ਆਪਣਾ ਲਹੂ ਮੈਨੂੰ ਡੰਗਦਾ ਸੀ। ਬੈਣੋ ਮੇਰੀ ਸ਼ਰੀਕਣ ਸੀ। ਉਹ ਠੀਕ ਸੀ ਤੇ ਮੈਂ ਗ਼ਲਤ। ਉਹ ਮੇਰੀ ਪੂਰਤੀ ਸੀ। ਮੇਰੇ ਸੁੱਤੇ ਭਾਗਾਂ ਨੂੰ ਜਗਾਉਣ ਦੀ ਜ਼ਿੰਮੇਦਾਰ। ਮੈਂ ਆਪਣੀ ਧੀ ਰਾਹੀਂ ਆਪਣੀ ਹੋਣੀ ਹੰਢਾ ਲਈ। ਬੈਣੋ ਮੇਰਾ ਹੀ ਰੂਪ ਸੀ।
ਕਾਕੂ : ਬਦਲੇ-ਖੋਰਾ ਖੂਨ! ਚੰਦਰੀ ਔਲਾਦ!
ਸੰਤੀ : ਤੂੰ ਉਸ ਨੂੰ ਡਰਾ ਕੇ ਰੱਖਿਆ, ਨੂੜ ਕੇ, ਧਮਕਾ ਕੇ। ਉਹ ਇਹ ਜ਼ੁਲਮ ਨਾ ਝੱਲ ਸਕੀ। ਉਹ ਬਾਗ਼ੀ ਹੋ ਗਈ। ਉਸ ਨੇ ਤੈਨੂੰ ਵੰਗਾਰਿਆ ਤੇ ਤੇਰੀ ਹੈਂਕੜ ਭੰਨੀ।
ਕਾਕੂ : ਤੇਰੀ ਇਹ ਮਜਾਲ ਕਿ ਮੈਨੂੰ ਇਹ ਗੱਲ ਆਖੇਂ ? ਬੇਹਯਾ ਔਰਤ! (ਮਾਰਨ ਲਗਦਾ ਹੈ।)
ਸੰਤੀ : ਖ਼ਬਰਦਾਰ ਜੇ ਮੇਰੇ ਉੱਤੇ ਹੱਥ ਚੁੱਕਿਆ। ਤੂੰ ਉਸ ਦੇ ਇਸ ਗੁਨਾਹ ਨੂੰ ਕਦੇ ਮੁਆਫ਼ ਨਾ ਕਰ ਸਕਿਆ। ਹੁਣ ਤੂੰ ਮੈਥੋਂ ਉਸ ਦਾ ਬਦਲਾ ਲੈ ਰਿਹੈਂ.. ਹੂੰਹ! ਸੱਚ ਤਾਂ ਇਹ ਹੈ ਕਿ ਮੈਂ ਤੈਨੂੰ ਕਦੇ ਵੀ ਪਿਆਰ ਨਹੀਂ ਕੀਤਾ। ਸੁਹਾਗ ਦੀ ਰਾਤ ਨੂੰ ਸ਼ਰਾਬ ਪੀ ਕੇ ਆਇਆ ਤਾਂ ਦੀਵੇ ਨੂੰ ਫੂਕ ਮਾਰ ਕੇ ਤੂੰ ਮੈਨੂੰ ਫੜ ਲਿਆ। ਮੇਰੇ ਸਰੀਰ ਨੂੰ ਜਗਾਏ ਬਗੈਰ। ਤੈਨੂੰ ਆਪਣੇ ਡੌਲਿਆਂ ਤੇ ਘੁਮੰਡ ਸੀ, ਆਪਣੇ ਹੱਥਾਂ ਦੀ ਸ਼ਕਤੀ 'ਤੇ ਜਿਨ੍ਹਾਂ ਨੂੰ ਸਿਰਫ਼ ਲੋਹਾ ਕੁੱਟਣ ਦੀ ਆਦਤ ਸੀ। ਤੂੰ ਮੈਨੂੰ ਵੀ ਲੋਹਾ ਹੀ ਸਮਝਿਆ। ਲੋਹਾ-ਜਿਸ ਵਿੱਚ ਨਾ ਕੋਈ ਰੀਝ, ਨਾ ਸੱਧਰ, ਨਾ ਤੜਪ। ਤੇਰਾ ਪਿਆਰ ? ਅੰਨ੍ਹਾਂ ਤੇ ਜ਼ਾਲਿਮ। ਸਰੀਰ ਦੀ
ਇਕਪਾਸੜ ਤੜਪ। ਤੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਸਰੀਰ ਅੰਦਰ ਕੀ ਹੋ ਰਿਹੈ। ਮੈਂ ਕੀ ਸੋਚ ਰਹੀ ਹਾਂ। ਮੇਰੇ ਸਰੀਰ ਦੀ ਆਵਾਜ਼ ਕੀ ਐ। ਤੂੰ ਇਸ ਆਵਾਜ਼ ਨੂੰ ਸੁਣੇ ਬਗੈਰ, ਇਸ ਦੇ ਜੁਆਬ ਨੂੰ ਉਡੀਕੇ ਬਗੈਰ ਮੇਰੇ ਸਰੀਰ ਉਤੇ ਟੁੱਟ ਪਿਆ। ਦੂਜੇ ਦਿਨ ਜਦੋਂ ਮੈਂ ਉੱਠੀ ਮੇਰੇ ਸਰੀਰ ਉੱਤੇ ਝਰੀਟਾਂ ਸਨ ਤੇ ਤੇਰੀਆਂ ਦੰਦੀਆਂ ਦੇ ਨਿਸ਼ਾਨ... ਆਪਣੇ ਤੂੰ ਆਪਣੇ ਦੋਸਤਾਂ ਨਾਲ ਬੈਠਾ ਆਪਣੀ ਫ਼ਤਹਿ ਦੀਆਂ ਸ਼ੇਖੀਆਂ ਮਾਰ ਰਿਹਾ ਸੈਂ। ਆਪਣੇ ਆਨੰਦ ਤੇ ਭੋਗ ਨੂੰ ਬਿਆਨ ਕਰ ਰਿਹਾ ਸੈਂ। ਤੇਰੇ ਦੋਸਤ ਹੱਸ ਰਹੇ ਸਨ। ਮੈਂ ਉਹਨਾਂ ਦਾ ਹਾਸਾ ਕੋਠੇ ਅੰਦਰ ਸੁਣਿਆ ਜਿੱਥੇ ਮੈਂ ਸ਼ਰਮ ਨਾਲ ਭਿੱਜੀ ਬੈਠੀ ਸਾਂ। ਪਰ ਮੈਨੂੰ ਪਤਾ ਸੀ ਕਿ ਤੂੰ ਕੁਝ ਵੀ ਫਤਹਿ ਨਹੀਂ ਸੀ ਕੀਤਾ। ਜ਼ਖਮੀ ਸ਼ੇਰ ਵਾਂਗ ਤੂੰ ਆਪਣਾ ਹੀ ਲਹੂ ਚੱਟ ਰਿਹਾ ਸੈਂ ... ਸੁਹਾਗ ਦੀ ਰਾਤ ਮੈਨੂੰ ਤੈਥੋਂ ਇੱਕ ਅਜੀਬ ਘਿਰਣਾ ਜਿਹੀ ਹੋਈ। ਉਹ ਗੰਧ ਜੋ ਤੂੰ ਪਿੱਛੇ ਛੱਡੀ ਉਸ ਵਿੱਚ ਲੋਹੇ ਦੀ ਰਾਖ ਸੀ, ਧੂੰਏ ਦੀ ਬੂ, ਤੇ ਤੇਰਾ ਪਸ਼ੂਪਨ। ਉਹ ਕਸਤੂਰੀ ਕਿੱਥੇ ਸੀ ? ਉਹ ਮਹਿੰਦੀ ਦੇ ਰੰਗ ? ਉਹ ਚੂੜੀਆਂ ਦੀ ਛਣਕਾਰ ? ਦੋ ਸਾਹਾਂ ਦਾ ਤਾਲ-ਮੇਲ, ਦੋ ਸਰੀਰਾਂ ਦੀ ਗੁੱਝੀ ਬੋਲੀ ? ਮੈਂ ਸੁੰਗੜੀ ਬੈਠੀ ਸਾਂ ਆਪਣੇ ਮਨ ਅੰਦਰ ਤੇ ਤੂੰ ਇਕੱਲਾ ਹੀ ਸੀ ਆਪਣੇ ਆਨੰਦ ਵਿੱਚ। ਖ਼ੁਦਗਰਜ ਤੇ ਵਹਿਸ਼ੀ ਆਨੰਦ। ਮੈਂ ਸੋਚਣ ਲੱਗੀ ਕੀ ਇਹੋ ਹੈ ਮੇਰੀ ਜਿੰਦਗੀ ? ਹੌਲੀ ਹੌਲੀ ਇਹ ਮੇਰੀ ਜ਼ਿੰਦਗੀ ਬਣ ਗਈ - ਮੈਂ ਗਰਭਵਤੀ ਹੋ ਗਈ ਫਿਰ ਬੈਣੋ ਜੰਮੀ। ਮੈਂ ਉਸ ਦੀ ਦੇਖਭਾਲ 'ਚ ਲੱਗ ਗਈ। ਨਿੱਤ ਭੱਠੀ ਭਖਾਉਣ, ਰੋਟੀ ਪਕਾਉਣ ਤੇ ਘਰ ਦੇ ਕੰਮ ਕਾਜ ਨੂੰ ਸਾਂਭਣ 'ਚ ਜੁਟ ਗਈ। ਫਿਰ ਦੀਪਾ ਜੰਮਿਆ ਪੁੱਤ ... ਖੁਸ਼ੀਆਂ ਮਨਾਈਆਂ ਗਈਆਂ। ਤੇਰੀ ਮਰਦਾਨਗੀ ਨੂੰ ਮੁਬਾਰਕਾਂ ਮਿਲੀਆਂ। ਤੂੰ ਫਿਰ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀਤੀ। ਮੈਂ ਸਮਝ ਲਿਆ ਇਹ ਮੇਰੀ ਹੋਣੀ ਐ। ਇਹੋ ਮੇਰਾ ਫਰਜ਼, ਇਹੋ ਮੇਰਾ ਧਰਮ। ਮੈਂ ਭਵਿੱਖ ਦੇ ਸੁਪਨੇ ਦੇਖਦੀ ਹੋਈ, ਕੰਮ ਵਿੱਚ ਜੁਟੀ ਰਹੀ। ਪਰ ਇਹ ਭਵਿੱਖ ਕਦੇ ਨਾ ਆਇਆ। ਇਹ ਭਵਿੱਖ ਮਰਘਟ ਹੈ ? ਸ਼ਮਸ਼ਾਨ, ਜਿਥੇ ਭਾਈਚਾਰਾ ਚੰਡਾਲ ਵਾਂਗ ਖੜ੍ਹਾ ਐ ਤੀਵੀਂ ਦੀਆਂ ਰੀਝਾਂ ਨੂੰ ਫੂਕਣ ਲਈ।
ਕਾਕੂ : ਤਾਂ ਇਹ ਐ ਤੇਰੀ ਪੁੱਠੀ ਸੋਚ ? ਇਸੇ ਪੁੱਠੀ ਸੋਚ ਨੇ ਬੈਣੋ ਦਾ ਰੂਪ ਧਾਰਿਆ ਤੇ ਉਹਨੇ ਘਰ ਦੀ ਇੱਜ਼ਤ ਪੱਟ ਦਿੱਤੀ।
ਸੰਤੀ : ਉਹ ਮੇਰੇ ਸੁਫਨਿਆਂ ਵਿੱਚ ਆਉਂਦੀ ਐ ਤੇ ਆਖਦੀ ਐ ਉੱਠ ਆਪਣੇ ਖੂਨ ਦੀ ਆਵਾਜ ਸੁਣ। ਉਸ ਸੱਚ ਦੀ ਜੋ ਹਥੌੜੇ ਹੇਠ ਖੇਰੂੰ ਖੇਰੂੰ ਹੋ ਗਿਆ। ਜਦੋ ਮੈਂ ਉਠਦੀ ਆਂ ਤਾਂ ਵੇਹੜਾ ਸੁੰਨਾ ਲਗਦਾ ਏ, ਅਸਮਾਨ ਨੀਵਾਂ, ਹਰ ਚੀਜ਼ ਸੁੰਗੜੀ ਹੋਈ ... ਛੋਟੀ... ਤੁੱਛ... ਤੇ ਮੈਂ ਆਕਾਸ਼ ਜਿੰਡੀ। ਪਰ ਜਦ ਅੱਖ ਖੁਲ੍ਹਦੀ ਐ ਤਾਂ ਉਹੀ ਧੌਂਕਣੀ, ਉਹੀ ਭੱਠੀ ਤੇ ਉਹੀ ਹਥੌੜਾ। ਮੈਂ ਨਫ਼ਰਤ ਕਰਦੀ ਆਂ ਇੱਥੋਂ ਦੀ ਹਰ ਚੀਜ਼ ਨੂੰ।
ਕਾਕੂ : (ਗੁੱਸੇ ਵਿੱਚ ਹਥੌੜਾ ਚੁਕ ਕੇ) ਤੇਰਾ ਸਿਰ ਪਾੜ ਦਿਆਂਗਾ। ਕਮਜਾਤ ਔਰਤ! (ਉਹ ਗੁੱਸੇ ਵਿੱਚ ਹਥੌੜਾ ਚੁੱਕੀ ਉਸੇ ਥਾਂ ਕੰਬਦਾ ਹੋਇਆ ਖੜਾ ਰਹਿ ਜਾਂਦਾ ਹੈ।)
(ਹੌਲੀ ਹੌਲੀ ਹਨੇਰਾ)
ਸੀਨ ਤੀਜਾ
(ਸ਼ਾਮ ਦਾ ਵੇਲਾ। ਕਾਕੂ ਭੱਠੀ ਉੱਤੇ ਬੈਠਾ ਹੈ। ਲੋਹੇ ਨੂੰ ਪਲਟ ਰਿਹਾ ਹੈ। ਦੀਪਾ ਫੂਕਾਂ ਲਾ ਰਿਹਾ ਹੈ। ਤਲੋਕਾ, ਕਰਮਾ ਤੇ ਬਾਰੂ ਬੈਠੇ ਕੌਲਿਆਂ ਵਿੱਚੋਂ ਚਾਹ ਪੀ ਰਹੇ ਹਨ।)
ਕਾਕੂ : (ਦੀਪੇ ਨੂੰ) ਸ਼ਾਬਾਸ਼ੇ ਪੁੱਤ, ਭੱਠੀ ਉੱਤੇ ਬੈਠ ਕੇ ਇਸੇ ਤਰ੍ਹਾਂ ਕੰਮ ਕਰਿਆ ਕਰ। ਔਹ ਫੜਾ ਸੰਨ੍ਹੀ। (ਸੰਤੀ ਦੀਵਾ ਬਾਲ ਕੇ ਲਿਆਉਂਦੀ ਹੈ।)
ਕਾਕੂ : ਹਨੇਰਾ ਪੈਣ ਤੋਂ ਪਹਿਲਾਂ ਰੋਟੀ ਦਾ ਕੰਮ ਮੁਕਾ ਲੈ। ਚੁਮਾਸਾ ਲਗਿਆ ਹੋਇਐ।
ਸੰਤੀ : ਹਾਲੇ ਤੀਕ ਧਾਰ ਵੀ ਨਹੀਂ ਕੱਢੀ। ਵਾੜੇ ਵਿੱਚ ਗਾਂ ਰੰਭ ਰਹੀ ਐ। ਪਹਿਲਾਂ ਧਾਰ ਕੱਢ ਲਿਆਵਾਂ।
ਕਾਕੂ : ਛੇਤੀ ਮੁੜੀਂ। (ਸੰਤੀ ਟਰੰਕ ਵਿੱਚੋਂ ਉਹੀ ਲਾਲ ਜੁੱਤੀ ਕੱਢ ਕੇ ਪਾਉਂਦੀ ਹੈ ਜੋ ਬੈਣੋ ਛੱਡ ਕੇ ਗਈ ਸੀ। ਉਹ ਕਿੱਲੀ ਤੋਂ ਹਰੀ ਚੁੰਨੀ ਲਾਹ ਕੇ ਸਿਰ ਉੱਤੇ ਲੈਂਦੀ ਹੈ।)
ਸੰਤੀ : ਦਾਲ ਚੁੱਲ੍ਹੇ ਤੇ ਧਰੀ ਹੋਈ ਐ। ਦੀਪਿਆ, ਕੜਛੀ ਫੇਰ ਦੇਵੀਂ ਕਿਤੇ ਥੱਲੇ ਨਾ ਲਗ ਜਾਏ। ਧਾਰ ਕੱਢ ਕੇ ਹੁਣੇ ਆਈ। (ਉਹ ਦੋਹਣਾ ਚੁਕ ਕੇ ਜਾਂਦੀ ਹੈ।)
ਬਾਰੂ : ਧਰਤੀ ਪਾਣੀ ਪੀ ਪੀ ਆਫਰੀ ਪਈ ਐ। ਅੰਤਾਂ ਦਾ ਅੰਨ ਹੋਊ ਐਤਕੀਂ। ਹੋਰ ਤਾਂ ਹੋਰ ਟਿੱਬਿਆਂ ਉੱਤੇ ਵੀ ਬਾਜਰਾ ਠਾਠਾਂ ਮਾਰਦੈ।
ਕਾਕੂ : ਬੜਾ ਮੀਂਹ ਪਿਆ। ਸਾਡੀ ਛੱਤ ਚੋ ਪਈ। ਤਿੰਨ ਦਿਨ ਭੱਠੀ ਠੰਢੀ ਰਹੀ। ਦੁਬਾਰਾ ਲਿੱਪੀ ਪੋਚੀ। ਕੰਮ ਇਕੱਠਾ ਹੋ ਗਿਆ। ਦੀਪਿਆ, ਰਤਾ ਹਿੰਮਤ ਨਾਲ ਫੂਕਾਂ ਲਾ।
ਤਲੋਕਾ : ਰਾਤੀਂ ਫੱਤੇ ਦੀ ਘੋੜੀ ਨਹਿਰ ਵਿੱਚ ਡੁੱਬ ਗਈ। ਮੀਂਹ ਵਰ੍ਹਨ ਨਾਲ ਨਹਿਰ ਦੇ ਕੰਢੇ ਤਿਲਕਣੇ ਸਨ। ਵਿਚਾਰੀ ਕੱਖਾਂ ਸਮੇਤ ਅੰਦਰ ਜਾ ਪਈ।
ਕਰਮਾ : ਉਹ ਰੱਸੇ ਲੈ ਕੇ ਗਏ ਤਾਂ ਹਨ। ਕੱਢ ਲਈ ਹੋਊ।
ਕਾਕੂ : ਹੂੰਹ! ਕਿੱਥੇ ? ਨਹਿਰ ਦਾ ਪਾਣੀ ਰੋੜ੍ਹ ਕੇ ਲੈ ਗਿਆ ਹੋਊ।
ਬਾਰੂ : ਕਾਲੀ ਸ਼ਾਹ! ਬੜੀ ਵਧੀਆ ਸੀ ਘੋੜੀ ਰਾਤ ਬਹੁਤ ਹਨੇਰਾ ਸੀ। ਮੈਂ ਵੀ ਠੇਡਾ ਖਾ ਕੇ ਡਿਗ ਪਿਆ।
ਦੀਪਾ : ਬਾਪੂ, ਧੌਂਕਣੀ ਦੀ ਖੱਲ ਟੁੱਕੀ ਹੋਈ ਐ ਤੇ ਇਸ ਵਿੱਚੋਂ ਹਵਾ ਨਿਕਲਦੀ ਐ।
ਕਾਕੂ : ਕਿੱਥੋਂ ?
ਦੀਪਾ : ਆਹ ਦੇਖ, ਚੂਹੇ ਟੁੱਕ ਗਏ।
ਕਾਕੂ : ਐਤਕੀਂ ਨਵੀਂ ਧੌਂਕਣੀ ਲਵਾਂਗਾ।
ਬਾਰੂ : ਤੇਰੇ ਕੋਲ ਕੋਈ ਖੱਲ ਤਿਆਰ ਐ?
ਬਾਰੂ : ਅੱਜ ਹੀ ਛੇ ਖੱਲਾਂ ਸਾਫ਼ ਕੀਤੀਆਂ ਨੇ। ਲੂਣ ਲਾ ਕੇ ਸੁੱਕਣੀਆਂ ਪਾਈਆਂ ਨੇ।
ਕਾਕੂ : ਇਸ ਧੌਂਕਣੀ ਨੂੰ ਸੌ ਟਾਂਕੇ ਲਗੇ ਹੋਏ ਨੇ, ਪਾਟੀ ਪਈ ਏ। ਨਿੱਤ ਦਾ ਝਗੜਾ। (ਦੀਪਾ ਆਟਾ ਲੈ ਕੇ ਆਉਂਦਾ ਹੈ।) ਕਾਕੂ : ਆਟਾ ਲਿਆਂਦਾ ?
ਕਾਕੂ : (ਆਟੇ ਦਾ ਪੇੜਾ ਫੜ ਕੇ) ਉਏ ਹੱਥ ਨਾਲ ਚਮੇੜ ਲਿਆਇਐਂ ? ਆਟੇ ਦਾ ਪੇੜਾ ਵੀ ਨਹੀਂ ਫੜਨਾ ਆਉਂਦਾ ? ਲਿਆ-
ਦੀਪਾ : ਬਾਪੂ, ਮੈਂ ਇਹ ਪੱਤ ਚੰਡ ਕੇ ਦਿਖਾਵਾਂ ?
ਕਾਕੂ : ਮੇਰੇ ਵਾਲੀ ਥਾਂ ਆ ਕੇ ਬੈਠ ਤੇ ਇਸ ਨੂੰ ਚੰਡ। ਮੈਂ ਧੌਂਕਣੀ 'ਤੇ ਬੈਠਦਾ ਆਂ। (ਦੋਵੇਂ ਥਾਵਾਂ ਬਦਲਦੇ ਹਨ।) ਇਉਂ ਕੰਮ ਸਿੱਖੀਦਾ ਐ-ਖੱਬੇ ਹੱਥ ਨਾਲ ਸੰਨ੍ਹੀ ਫੜ ਤੇ ਸੱਜੇ ਨਾਲ ਸੱਟ ਲਾ। ਹਾਂ, ਇਉਂ।
ਤਲੋਕਾ : ਹਰ ਚੀਜ਼ ਮਹਿੰਗੀ ਹੋ ਗਈ। ਲੋਹਾ ਵੀ ਸੋਨੇ ਦੇ ਭਾਅ ਹੋ ਗਿਆ। ਪਹਿਲਾਂ ਵਰਗੀਆਂ ਮੇਖਾਂ ਈ ਨਹੀਂ ਮਿਲਦੀਆਂ।
ਕਾਕੂ : ਜੇ ਪੈਸਾ ਪੱਲੇ ਹੋਵੇ ਤਾਂ ਹਰ ਚੀਜ਼ ਸਸਤੀ। ਪਹਿਲਾਂ ਮਜ਼ਦੂਰੀ ਵੀ ਕੀ ਸੀ ?
ਬਾਰੂ : ਮੈਂ ਵੀ ਆਪਣੇ ਪੁੱਤ ਨੂੰ ਪੜ੍ਹਨੇ ਨਹੀਂ ਪਾਉਣਾ। ਪੜ੍ਹਾਈ ਵਿੱਚ ਕੀ ਪਿਐ ? ਐਵੇਂ ਡਮਾਕ ਖੋਖਲਾ ਹੋ ਜਾਂਦੇ। ਨਾ ਏਧਰ ਦਾ ਰਹਿੰਦਾ ਐ ਨਾ ਓਧਰ ਦਾ। ਹੁਣੇ ਤੋਂ ਆਪਣੇ ਨਾਲ ਕੰਮ ਕਰਨ ਲਾ ਲਿਆ।
ਕਾਕੂ : ਦੀਪਾ ਵੀ ਦੋ ਚਾਰ ਸਾਲ ਵਿੱਚ ਕਾਰੀਗਰ ਬਣ ਜਾਊ।
ਦੀਪਾ : ਜਦੋਂ ਮੈਂ ਵੱਡਾ ਹੋ ਗਿਆ ਤਾਂ ਵੱਡੇ ਵੱਡੇ ਕੜੇ ਬਣਾਇਆ ਕਰੂੰ। ਇਕ ਵਾਰ ਮੈਂ ਬਾਜੀ ਪੈਂਦੀ ਦੇਖੀ। ਵੱਡੇ ਸਾਰੇ ਕੜੇ ਵਿੱਚ ਛੁਰੀਆਂ ਚਾਕੂ ਜੁੜੇ ਹੋਏ ਸਨ ਤੇ ਬਾਜੀਗਰ ਦਾ ਪੁੱਤ ਉਸ ਵਿਚੋਂ ਛਾਲ ਮਾਰ ਕੇ ਲੰਘ ਗਿਆ।
ਤਲੋਕਾ : ਬੈਣੋ ਦੀ ਕੋਈ ਖ਼ਬਰ ਮਿਲੀ ?
ਕਾਕੂ : ਨਾ।
ਤਲੋਕਾ : ਤੀਵੀਂ ਦਾ ਕੁਝ ਪਤਾ ਨਹੀਂ ਲਗਦਾ।
ਕਾਕੂ : ਅਸੀਂ ਲੋਹਾ ਢਾਲ ਕੇ ਨਰਮ ਬਣਾ ਲੈਂਦੇ ਆਂ। ਜਿਵੇਂ ਜੀਅ ਕਰੇ ਮੋੜ ਲਈਏ। ਪਰ ਤੀਵੀਂ ਦਾ ਮਨ ਕੋਈ ਨਹੀਂ ਢਾਲ ਸਕਦਾ। ਪਤਾ ਨਹੀਂ ਇਹ ਕਿਸ ਵੇਲੇ ਕਿਹੜੇ ਪਾਸੇ ਮੁੜ ਜਾਵੇ... ਖ਼ਬਰੇ ਕਿਸ ਲੋਹੇ ਦਾ ਬਣਿਆ ਹੁੰਦੈ ਤੀਵੀਂ ਦਾ ਮਨ।
ਬਾਰੂ : ਮੈਂ ਖੱਲਾਂ ਬਾਹਰ ਪਾ ਕੇ ਆਇਆ ਸਾਂ। ਭਿੱਜ ਨਾ ਜਾਣ।
ਤਲੋਕਾ : ਬੱਦਲ ਬੜੇ ਤਕੜੇ ਨੇ। ਵਰ੍ਹ ਕੇ ਰਹਿਣਗੇ। ਚਲੋ ਆਪਾਂ ਚਲੀਏ ਤੇ ਦਾਰੂ ਪੀਏ। (ਤਿੰਨੇ ਇੱਕ ਦੂਜੇ ਦੇ ਮੋਢਿਆਂ ਤੇ ਹੱਥ ਰਖ ਕੇ ਗਾਉਂਦੇ ਹੋਏ ਜਾਂਦੇ ਹਨ:
ਨਾਭੇ ਦੀਏ ਬੰਦ ਬੋਤਲੇ
ਤੈਨੂੰ ਪੀਣਰੀ ਨਸੀਬਾਂ ਵਾਲੇ
ਨੀ ਨਾਭੇ ਦੀਏ ਬੰਦ ਬੋਤਲੇ)
(ਬਣਸੋ ਆਉਂਦੀ ਹੈ। ਉਸ ਦੇ ਹੱਥ ਵਿੱਚ ਕਾਂਸੀ ਦਾ ਕਟੋਰਾ ਹੈ।)
ਬਣਸੋ : ਕਾਕੂ! ਪਹਿਲਾਂ ਮੈਂ ਅੱਗ ਲੈਣ ਆਉਂਦੀ ਸੀ, ਪਰ ਅੱਜ ਮੈਂ ਦੁੱਧ ਲੈਣ ਆਈ ਹਾਂ।
ਕਾਕੂ : ਠਹਿਰ ਜਾਹ ਰਤਾ। ਸੰਤੀ ਧਾਰ ਕੱਢਣ ਗਈ ਐ, ਹੁਣੇ ਆ ਜਾਂਦੀ ਐ।
ਦੀਪਾ : ਬਾਪੂ ਉਹ ਆਖਦੀ ਸੀ ਹੁਣ ਤੀਕ ਬੈਣੋ ਮੇਰੇ ਕੰਮ ਕਰਦੀ ਰਹੀ, ਅੱਜ ਮੈਂ ਬੈਣੋ ਦੇ ਕੰਮ ਮੁਕਾਉਣ ਚੱਲੀ ਆਂ।
ਕਾਕੂ : (ਗਰਜ ਕੇ) ਬੈਣੋ ਦੇ ਕੰਮ ? (ਗੁੱਸੇ ਵਿੱਚ ਕਾਕੂ ਦੇ ਨਕਸ਼ ਬਦਲ ਜਾਂਦੇ ਹਨ। ਗੰਡਾਸਾ ਚੱਕਦਾ ਹੈ ਪਰ ਵਿਹੜੇ ਵਿੱਚ ਦੋ ਕਦਮ ਜਾ ਕੇ ਯਕਦਮ ਰੁਕ ਜਾਂਦਾ ਹੈ। ਉਹ ਚੁਫੇਰੇ ਨਜਰ ਸੁਟਦਾ ਹੈ, ਆਕਾਸ਼ ਵੱਲ ਦੇਖਦਾ ਹੈ ਤੇ ਫਿਰ ਗੰਡਾਸੇ ਦੀ ਤੇਜ ਧਾਰ ਵੱਲ। ਉਹ ਦਹਾੜਦਾ ਹੈ, ਸੰਤੀਏ। ਗੰਡਾਸਾ ਸੁੱਟ ਦੇਂਦਾ ਹੈ। ਉਸ ਨੇ ਸੰਤੀ ਦੀ ਬਗਾਵਤ ਨੂੰ ਸਵੀਕਾਰ ਕਰ ਲਿਆ ਹੈ।)
ਕਾਕੂ : (ਸੰਤਾਪ ਵਿੱਚ) ਉਹ ਗੱਜਣ ਨਾਲ ਚਲੀ ਗਈ। ਸਦਾ ਲਈ। ਬਣਸੋ ਤੂੰ ਵੀ ਚਲੀ ਜਾਹ।
ਬਣਸੋ : ਚਲੀ ਜਾਵਾਂ ? ਕਿਉਂ ?
ਕਾਕੂ : ਹੁਣ ਤੇਰੀ ਲੋੜ ਨਹੀਂ। ਕਿਸੇ ਦੀ ਵੀ ਲੋੜ ਨਹੀਂ। ਜਦ ਸੰਤੀ ਇਸ ਘਰ ਦੀ ਰਾਣੀ ਸੀ ਤਾਂ ਮੈਂ ਉਸ ਨਾਲ ਦਗਾ ਕਰਦਾ ਸਾਂ। ਇਸ ਦਗੇ ਵਿੱਚ ਆਨੰਦ ਸੀ। ਤੇਰੇ ਨਾਲ ਰਿਸ਼ਤਾ ਵੀ ਉਸੇ ਕਰਕੇ ਸੀ। ਹੁਣ ਇਹ ਵਿਹੜਾ ਸੁੰਨਾ ਹੋ ਗਿਆ ਉਸਦੇ ਬਗੈਰ। ਇੱਥੇ ਹੋਰ ਕਿਸੇ ਤੀਵੀਂ ਦੀ ਥਾਂ ਨਹੀਂ। ਇਹ ਪਾਪ ਹੋਵੇਗਾ ਮੇਰੇ ਲਈ। ਚਲੀ ਜਾਹ।
ਬਣਸੋ : ਜਾਂਦੀ ਆਂ। ਆਥਣ ਡੂੰਘੀ ਹੋ ਗਈ। ਹਨੇਰਾ ਵਿਛ ਚਲਿਐ। ਜਾ ਕੇ ਤੰਦੂਰ ਤਪਾਵਾਂ। (ਉਹ ਵਿਹੜੇ ਵਿੱਚ ਲੰਮੀ ਝਾਤ ਸੁਟਦੀ ਹੈ ਤੇ ਚਲੀ ਜਾਂਦੀ ਹੈ।)
ਕਾਕੂ : ਪੁੱਤ ਦੀਪਿਆ, ਬੂਹਾ ਬੰਦ ਕਰ ਦੇਹ ਤੇ ਕੁੰਡਾ ਜੜ ਦੇਹ। (ਦੀਪਾ ਉਠ ਕੇ ਕੁੰਡਾ ਜੜਨ ਦੀ ਕੋਸ਼ਿਸ਼ ਕਰਦਾ ਹੈ।)
ਦੀਪਾ : ਬਾਪੂ, ਕੁੰਡਾ ਸਖਤ ਹੈ। ਜੜਿਆ ਨਹੀਂ ਜਾਂਦਾ।
ਕਾਕੂ : ਲਿਆ ਮੈਂ ਲਾਵਾਂ। (ਕਾਕੂ ਕੁੰਡੇ ਨਾਲ ਘੁਲਦਾ ਹੈ ਤੇ ਹਫਦਾ ਹੋਇਆ ਕੁੰਡਾ ਜੜ ਦੇਂਦਾ ਹੈ।)
ਦੀਪਾ : ਬਾਪੂ, ਅਹਿਰਨ ਉਤੇ ਰੱਖਿਆ ਲੋਹਾ ਠੰਢਾ ਹੋ ਗਿਆ।
ਕਾਕੂ : ਤੂੰ ਧੌਂਕਣੀ ਚਲਾ, ਮੈਂ ਕੁੱਟਦਾ ਹਾਂ ਇਸ ਨੂੰ। (ਦੀਪਾ ਧੌਂਕਣੀ ਚਲਾਉਂਦਾ ਹੈ ? ਕਾਕੂ ਲੋਹਾ ਕੁੱਟਣ ਲਗਦਾ ਹੈ। ਅੱਗ ਦੀ ਸੁਰਖ ਰੌਸ਼ਨੀ ਵਿੱਚ ਕਾਕੂ ਦਾ ਚਿਹਰਾ ਚਮਕਦਾ ਹੈ। ਹੌਲੀ ਹੌਲੀ ਹਨੇਰਾ । ਹਨੇਰੇ ਵਿੱਚ ਹਥੌੜੇ ਦੀਆਂ ਸੱਟਾਂ ਗੂੰਜਦੀਆਂ ਹਨ। ਮਿਊਜ਼ਕ ਉੱਚਾ ਹੋ ਜਾਂਦਾ ਹੈ।)