Back ArrowLogo
Info
Profile
ਨਾਟਕ ਦੀ ਨਾਇਕਾ ਸੱਤੀ ਉੱਤੇ ਕਈ ਲੋਕਾਂ ਨੇ ਇਤਰਾਜ ਕੀਤਾ ਕਿ ਭਾਰਤੀ ਸੰਸਕ੍ਰਿਤੀ ਵਿਚ ਡੁੱਬੀ ਨਾਰੀ ਇਸ ਤਰ੍ਹਾਂ ਦੀ ਨਿਸੰਗ ਬਗਾਵਤ ਨਹੀਂ ਕਰ ਸਕਦੀ। ਪਰ ਪਿੰਡਾਂ ਵਿੱਚ ਜ਼ੁਲਮ, ਕਤਲ, ਉਧਾਲੇ ਰੜਕਾਂ ਤੇ ਕਾਮ-ਵਸ ਬਗਾਵਤਾਂ ਆਮ ਹੁੰਦੀਆਂ ਹਨ। ਪਿੰਡ ਦੇ ਜੀਵਨ ਨੂੰ ਰੁਮਾਂਚਿਕ ਪਾਹ ਦੇ ਕੇ ਦੇਖਣ ਦੀ ਲੋੜ ਨਹੀਂ ਨਾ ਹੀ ਇਸ ਨੂੰ ਸਿਰਫ ਜਮੀਨ ਦੇ ਝਗੜਿਆਂ ਦਾ ਖੇਤਰ ਸਮਝਣਾ ਚਾਹੀਦਾ ਹੈ। ਇਸ ਦੇ ਉਪਰਲੇ ਸ਼ਾਤ ਵਿਹਾਰ ਤੇ ਘਰਾਂ ਦੇ ਸਰਲ ਜੀਵਨ ਹੇਠ ਭਾਵਨਾਵਾਂ ਦੀ ਅੱਗ ਮਘਦੀ ਹੈ।

ਲੋਹਾ ਕੁੱਟ ਜੀਵਨ ਦੀ ਕਰੜੀ ਨਿਰਦਈ, ਨਿਤਾਪ੍ਰਤੀ ਦੇ ਜੁਲਮ ਦਾ ਚਿੰਨ੍ਹ ਹੈ। ਲੋਹਾਰ ਦੀ ਭੱਠੀ ਪਾਤਰਾਂ ਦੇ ਮਾਨਸਿਕ ਕਰਮ ਅਨੁਸਾਰ ਧੁਖਦੀ ਬਲਦੀ ਤੇ ਮੱਚਦੀ ਹੈ। ਇਹ ਇਸੇ ਚਿੰਨਾਤਮਕ ਪ੍ਰਗਟਾਵੇ ਦੀ ਮੰਗ ਕਰਦੀ ਹੈ । ਹਥੌੜੇ ਦੀ ਸੱਟ ਇਸ ਦੇ ਨਾਇਕ ਦੇ ਕਰੜੇ ਸੁਭਾ ਵਿਚ ਹੈ। ਪਾਤਰਾਂ ਦੇ ਕਰਮ ਤੇ ਵਾਰਤਾਲਾਪ ਵਿਚ ਕਠੋਰਤਾ ਹੈ। ਭਾਵੁਕਤਾ ਨਹੀਂ। ਕਿਤੇ ਕਿਤੇ ਵਾਰਤਾਲਾਪ ਵਿਚ ਕਾਵਿਮਈ ਬੋਲੀ ਭਖਦੀ ਹੈ ਜੋ ਪਾਤਰਾਂ ਦੇ ਅੰਤਰੀਵ ਮਾਨਸਿਕ ਸੰਘਰਸ਼ ਉਜਾਗਰ ਕਰਨ ਲਈ ਵਰਤੀ ਗਈ ਹੈ।

ਸਾਰਾ ਨਾਟਕ ਇਕੋ ਥਾਂ ਵਾਪਰਦਾ ਹੈ। ਲੋਹਾਰ ਦੀ ਅਹਿਰਨ ਤੇ ਚੀਜ਼ਾਂ ਵਸਤਾਂ ਇਓ ਪਰਤੀਤ ਹੋਣ ਜਿਵੇਂ ਇਹਨਾਂ ਨੂੰ ਬੇਰਹਿਮੀ ਨਾਲ ਵਰਤਿਆ ਗਿਆ ਹੈ।

ਨਾਟਕ ਦੇ ਦ੍ਰਿਸ਼ਾ ਵਿਚ ਲੜੀ-ਬਧ ਗਤੀ ਪੈਦਾ ਕੀਤੀ ਹੈ। ਹਰ ਸੀਨ ਕਿਸੇ ਸਿਖਰ ਤੇ ਮੁਕਦਾ ਹੈ ਜਾਂ ਜਜ਼ਬੇ ਦੀ ਅਜਿਹੀ ਟੱਕਰ ਉਤੇ ਕਿ ਦ੍ਰਿਸ਼ਟੀਮੂਲਕ ਜਾਂ ਮੁਖ ਕਾਰਜ ਸਾਡੀ ਚੇਤਨਾ ਵਿਚ ਝੁਣਝੁਣੀ ਛੇੜ ਦੇਵੇ।

ਨਾਟਕ ਦੇ ਇਸ ਸੋਧੇ ਹੋਏ ਰੂਪ ਵਿਚ ਸਿਰਫ ਮੰਚ-ਤਕਨੀਕ ਤੇ ਕਲਾਤਮਕ ਚਮਕ ਹੀ ਨਹੀਂ ਆਈ ਸਗੋਂ ਸਾਹਿਤਕ ਗੁਣ ਵੀ ਨਿਖਰ ਕੇ ਆਏ ਹਨ।

ਨਾਟਕ ਵਿਚ ਵਾਤਾਵਰਣ ਦੀਆਂ ਆਵਾਜ਼ਾਂ ਦਾ ਪ੍ਰਯੋਗ ਇਸ ਤਰਾਂ ਹੈ ਕਿ ਉਹ ਜਜ਼ਬਿਆਂ ਨੂੰ ਹੋਰ ਮਘਾਉਣ ਦਾ ਕਾਰਜ ਨਿਭਾਉਣ। ਪਹਿਲੇ ਐਕਟ ਵਿਚ ਥਾਣੇਦਾਰ ਦੀ ਘੋੜੀ ਨੂੰ ਗਲੀ ਵਿਚ ਨਾਲ਼ ਠੋਕੇ ਜਾਦੇ ਹਨ ਤਾਂ ਕਈ ਆਦਮੀਆਂ ਨੇ ਘੋੜੀ ਨੂੰ ਰੱਸਿਆਂ ਨਾਲ ਫੜਿਆ ਹੋਇਆ ਹੈ । ਨਾਲ਼ ਠੋਕਣ ਦੀ ਆਵਾਜ਼ ਘੋੜੀ ਦੇ ਹਿਣਕਣ ਤੇ ਲੋਕਾਂ ਦੀਆਂ ਉੱਚੀਆਂ ਆਵਾਜਾਂ ਕੱਸ ਕੇ ਫੜੋ, ਜ਼ੋਰ ਦੀ ਫੜ ਕੇ ਰੱਖੋ, ਰੱਸਾ ਨਾ ਛੁੜਾ ਲਵੇ ਫੜ ਕੇ ਰੱਖੋ। ਬੈਣੋ ਦੀ ਮਾਨਸਿਕ ਦਸ਼ਾ ਤੇ ਖੌਫ ਦਾ ਭੌਤਿਕੀਕਰਣ ਕਰਦੀਆਂ ਹਨ। ਜਦੋਂ ਦੂਜੇ ਐਕਟ ਦੇ ਅੰਤ ਵਿਚ ਬੈਣੋ ਨਿਕਲ ਜਾਂਦੀ ਹੈ ਤਾਂ ਗਲੀ ਦੀਆਂ ਤੀਵੀਆਂ ਉਸ ਨੂੰ ਉੱਚੀ ਉੱਚੀ ਤ੍ਰਿਸਕਾਰਦੀਆ ਹਨ ਤੇ ਮਾਂ ਬੂਹੇ 'ਤੇ ਖੜ੍ਹ ਕੇ ਚੰਘਿਆੜਦੀ ਹੋਈ ਗਾਲਾਂ ਕੱਢਦੀ ਹੈ ਤਾਂ ਇਹ ਵੇਹੜੇ ਦੇ ਸਮੁੱਚੇ ਜ਼ੁਲਮ ਦਾ ਚਿੰਨ੍ਹ ਬਣ ਜਾਦੇ ਹਨ। ਅੰਤ ਵਿਚ ਗਲੀ ਵਿਚਲਾ ਸ਼ੋਰ, ਤੀਵੀਆਂ ਦੀਆਂ ਹਾਕਾਂ ਤੇ ਚੀਖਾਂ ਦਾ ਰੌਲਾ ਸੰਤੀ ਦੇ ਦੌੜ ਜਾਣ ਨੂੰ ਮੂਰਤੀਮਾਨ ਕਰਦਾ ਹੈ।

ਵੇਹੜੇ ਤੇ ਗਲੀ ਤੇ ਵਾੜੇ ਦੀਆਂ ਹਾਕਾਂ, ਵੈਣ ਤੇ ਝਗੜੇ ਪਿੰਡ ਦੇ ਪਿਛੋਕੜ ਨੂੰ ਗੰਡਾਸੇ ਦੀ ਧਾਰ ਵਾਂਗ ਤਿਖੇਰਾ ਕਰਦੇ ਹਨ। ਇਹ ਆਵਾਜਾਂ, ਰੌਲਾ ਤੇ ਹਾਕਾਂ ਪ੍ਰਕਿਰਤੀਵਾਦੀ ਨਹੀਂ ਹਨ ਸਗੋਂ ਇਹਨਾਂ ਨੂੰ ਨਾਟਕੀ ਢੰਗ ਨਾਲ ਸੂਤ ਕੇ ਵਿਉਂਤਬੱਧ ਕੀਤਾ ਗਿਆ ਹੈ। ਇਹ ਅਵਾਜਾਂ ਤੇ ਚੀਖਾਂ ਸਮੂਹਗਾਣ ਵਾਂਗ ਗਤੀਬੱਧ ਹਨ।

5 / 54
Previous
Next