ਦੀਪਾ : ਬਾਪੂ ਉਹ ਆਖਦੀ ਸੀ ਹੁਣ ਤੀਕ ਬੈਣੋ ਮੇਰੇ ਕੰਮ ਕਰਦੀ ਰਹੀ, ਅੱਜ ਮੈਂ ਬੈਣੋ ਦੇ ਕੰਮ ਮੁਕਾਉਣ ਚੱਲੀ ਆਂ।
ਕਾਕੂ : (ਗਰਜ ਕੇ) ਬੈਣੋ ਦੇ ਕੰਮ ? (ਗੁੱਸੇ ਵਿੱਚ ਕਾਕੂ ਦੇ ਨਕਸ਼ ਬਦਲ ਜਾਂਦੇ ਹਨ। ਗੰਡਾਸਾ ਚੱਕਦਾ ਹੈ ਪਰ ਵਿਹੜੇ ਵਿੱਚ ਦੋ ਕਦਮ ਜਾ ਕੇ ਯਕਦਮ ਰੁਕ ਜਾਂਦਾ ਹੈ। ਉਹ ਚੁਫੇਰੇ ਨਜਰ ਸੁਟਦਾ ਹੈ, ਆਕਾਸ਼ ਵੱਲ ਦੇਖਦਾ ਹੈ ਤੇ ਫਿਰ ਗੰਡਾਸੇ ਦੀ ਤੇਜ ਧਾਰ ਵੱਲ। ਉਹ ਦਹਾੜਦਾ ਹੈ, ਸੰਤੀਏ। ਗੰਡਾਸਾ ਸੁੱਟ ਦੇਂਦਾ ਹੈ। ਉਸ ਨੇ ਸੰਤੀ ਦੀ ਬਗਾਵਤ ਨੂੰ ਸਵੀਕਾਰ ਕਰ ਲਿਆ ਹੈ।)
ਕਾਕੂ : (ਸੰਤਾਪ ਵਿੱਚ) ਉਹ ਗੱਜਣ ਨਾਲ ਚਲੀ ਗਈ। ਸਦਾ ਲਈ। ਬਣਸੋ ਤੂੰ ਵੀ ਚਲੀ ਜਾਹ।
ਬਣਸੋ : ਚਲੀ ਜਾਵਾਂ ? ਕਿਉਂ ?
ਕਾਕੂ : ਹੁਣ ਤੇਰੀ ਲੋੜ ਨਹੀਂ। ਕਿਸੇ ਦੀ ਵੀ ਲੋੜ ਨਹੀਂ। ਜਦ ਸੰਤੀ ਇਸ ਘਰ ਦੀ ਰਾਣੀ ਸੀ ਤਾਂ ਮੈਂ ਉਸ ਨਾਲ ਦਗਾ ਕਰਦਾ ਸਾਂ। ਇਸ ਦਗੇ ਵਿੱਚ ਆਨੰਦ ਸੀ। ਤੇਰੇ ਨਾਲ ਰਿਸ਼ਤਾ ਵੀ ਉਸੇ ਕਰਕੇ ਸੀ। ਹੁਣ ਇਹ ਵਿਹੜਾ ਸੁੰਨਾ ਹੋ ਗਿਆ ਉਸਦੇ ਬਗੈਰ। ਇੱਥੇ ਹੋਰ ਕਿਸੇ ਤੀਵੀਂ ਦੀ ਥਾਂ ਨਹੀਂ। ਇਹ ਪਾਪ ਹੋਵੇਗਾ ਮੇਰੇ ਲਈ। ਚਲੀ ਜਾਹ।
ਬਣਸੋ : ਜਾਂਦੀ ਆਂ। ਆਥਣ ਡੂੰਘੀ ਹੋ ਗਈ। ਹਨੇਰਾ ਵਿਛ ਚਲਿਐ। ਜਾ ਕੇ ਤੰਦੂਰ ਤਪਾਵਾਂ। (ਉਹ ਵਿਹੜੇ ਵਿੱਚ ਲੰਮੀ ਝਾਤ ਸੁਟਦੀ ਹੈ ਤੇ ਚਲੀ ਜਾਂਦੀ ਹੈ।)
ਕਾਕੂ : ਪੁੱਤ ਦੀਪਿਆ, ਬੂਹਾ ਬੰਦ ਕਰ ਦੇਹ ਤੇ ਕੁੰਡਾ ਜੜ ਦੇਹ। (ਦੀਪਾ ਉਠ ਕੇ ਕੁੰਡਾ ਜੜਨ ਦੀ ਕੋਸ਼ਿਸ਼ ਕਰਦਾ ਹੈ।)
ਦੀਪਾ : ਬਾਪੂ, ਕੁੰਡਾ ਸਖਤ ਹੈ। ਜੜਿਆ ਨਹੀਂ ਜਾਂਦਾ।
ਕਾਕੂ : ਲਿਆ ਮੈਂ ਲਾਵਾਂ। (ਕਾਕੂ ਕੁੰਡੇ ਨਾਲ ਘੁਲਦਾ ਹੈ ਤੇ ਹਫਦਾ ਹੋਇਆ ਕੁੰਡਾ ਜੜ ਦੇਂਦਾ ਹੈ।)
ਦੀਪਾ : ਬਾਪੂ, ਅਹਿਰਨ ਉਤੇ ਰੱਖਿਆ ਲੋਹਾ ਠੰਢਾ ਹੋ ਗਿਆ।
ਕਾਕੂ : ਤੂੰ ਧੌਂਕਣੀ ਚਲਾ, ਮੈਂ ਕੁੱਟਦਾ ਹਾਂ ਇਸ ਨੂੰ। (ਦੀਪਾ ਧੌਂਕਣੀ ਚਲਾਉਂਦਾ ਹੈ ? ਕਾਕੂ ਲੋਹਾ ਕੁੱਟਣ ਲਗਦਾ ਹੈ। ਅੱਗ ਦੀ ਸੁਰਖ ਰੌਸ਼ਨੀ ਵਿੱਚ ਕਾਕੂ ਦਾ ਚਿਹਰਾ ਚਮਕਦਾ ਹੈ। ਹੌਲੀ ਹੌਲੀ ਹਨੇਰਾ । ਹਨੇਰੇ ਵਿੱਚ ਹਥੌੜੇ ਦੀਆਂ ਸੱਟਾਂ ਗੂੰਜਦੀਆਂ ਹਨ। ਮਿਊਜ਼ਕ ਉੱਚਾ ਹੋ ਜਾਂਦਾ ਹੈ।)