ਵਾਰਤਾਲਾਪ ਦੀ ਸ਼ੈਲੀ:
ਦੋ ਚਾਰ ਸ਼ਬਦ ਆਪਣੇ ਪਾਤਰਾਂ ਦੀ ਭਾਸ਼ਾ ਬਾਰੇ ਵੀ ਆਖਣਾ ਚਾਹਵਾਂਗਾ।
ਮੈਂ ਬਠਿੰਡੇ ਦੇ ਰੇਤਲੇ ਇਲਾਕੇ ਦਾ ਰਹਿਣ ਵਾਲਾ ਹਾਂ। ਸਹਿਣਾ ਪਿੰਡ ਵਿਚ ਜੰਮਿਆ, ਜੋ ਤੱਪਾ ਮੰਡੀ ਤੋਂ ਪੰਜ ਛੇ ਮੀਲ ਤੇ ਬਠਿੰਡੇ ਤੋਂ ਅਠਾਰਾਂ ਵੀਹ ਮੀਲ ਦੇ ਫਾਸਲੇ ਉਤੇ ਹੈ। ਬਚਪਨ ਇਥੇ ਗੁਜ਼ਰਿਆ। ਫਿਰ ਬਠਿੰਡੇ ਵਿਚ, ਜੋ ਉਸ ਵੇਲੇ ਪਿੰਡ ਹੀ ਤਾਂ ਸੀ। ਆਬਾਦੀ ਮਸਾਂ ਅਠਾਰਾਂ ਹਜ਼ਾਰ। ਇਥੇ ਕੱਚੀਆਂ ਗਲੀਆਂ ਵਿਚ ਮਹੱਲੇ ਦੇ ਤਖਾਣਾ, ਜੁਲਾਹਿਆਂ, ਜੱਟਾਂ ਤੇ ਮਰਾਸੀਆਂ ਦੇ ਮੁੰਡਿਆਂ ਨਾਲ ਖੇਡਦਾ ਮੈਂ ਵੱਡਾ ਹੋਇਆ। ਮਲਵਈ ਜ਼ਬਾਨ ਦਾ ਜੰਮਪਲ ਆਦਮੀ ਆਪਣੀ ਜ਼ਬਾਨ ਕਦੇ ਨਹੀਂ ਭੁੱਲਦਾ। ਦਿੱਲੀ ਦੱਖਣ ਗਾਹ ਆਵੇ ਵਲੈਤ ਫਿਰ ਆਵੇ, ਭਾਵੇਂ ਉਥੇ ਹੀ ਰਹਿ ਜਾਵੇ ਪਰ ਆਪਣੀ ਜ਼ਬਾਨ ਉਸਦੇ ਸੁਪਨਿਆਂ ਵਿਚ ਵੀ ਧੜਕਦੀ ਹੈ। ਜਦ ਬੰਦੇ ਦਾ ਘੋਰੜੂ ਵੱਜਣ ਲੱਗਦਾ ਹੈ ਤਾਂ ਉਸ ਵੇਲੇ ਵੀ ਉਹ ਆਪਣੀ ਜ਼ਬਾਨ ਵਿਚ ਹੀ ਪਾਣੀ ਮੰਗਦਾ ਹੈ।
ਮਲਵਈ ਜ਼ਬਾਨ ਮੇਰੇ ਹੱਡਾਂ ਵਿਚ ਹੈ। ਪਹਿਲਾ ਨਾਟਕ 'ਬੇਬੇ' ਮੈਂ 1943 ਵਿਚ ਮਲਵਈ ਵਿਚ ਲਿਖਿਆ। ਉਸ ਪਿਛੋਂ ਲੋਹਾ-ਕੁੱਟ ਲਿਖਿਆ ਤਾਂ ਇਸਦੀ ਬੋਲੀ ਤੇ ਮਾਹੌਲ ਮਾਲਵੇ ਦਾ ਸੀ ਪਰ ਜਿਥੇ ਸੰਤੀ ਜਜ਼ਬੇ ਵਿਚ ਭਰੀ ਆਪਣੇ ਅੰਤਰੀਵ ਭਾਵਾਂ ਨੂੰ ਪਰਗਟ ਕਰਦੀ ਹੈ ਤੇ ਨਾਟਕੀ ਸਿਖਰਾਂ ਨੂੰ ਛੋਂਹਦੀ ਹੈ ਉਥੇ ਜ਼ਬਾਨ ਭੜਕ ਕੇ ਦਘਣ ਲਗਦੀ ਹੈ, ਤੇ ਕਾਵਿਮਈ ਬਣ ਜਾਂਦੀ ਹੈ। ਇਹ ਇਕ ਸੁਚੇਤ ਪ੍ਰਕ੍ਰਿਆ ਹੈ ਜੋ ਨਾਟਕੀ ਗਤੀ ਨੂੰ ਪ੍ਰਭਾਵਕਾਰੀ ਬਣਾਉਂਦੀ ਹੈ।
ਘੋਰ ਯਥਾਰਥ ਦੇ ਨਾਟਕਾਂ ਵਿਚ- ਜਿਵੇਂ 'ਕੇਸਰੋ, ਬਿਸਵੇਦਾਰ' 'ਰਾਈ ਦਾ ਪਹਾੜ, ਨਵਾਂ ਮੁਢ, 'ਜੁਆਈ: 'ਦੋ ਅੰਨ੍ਹੇ, 'ਮੋਘਾ, ਤਕਾਲਾਂ, ਡੰਗੋਰੀ - ਵਿਚ ਮੈਂ ਮੋਟੀ ਠੁੱਲ੍ਹੀ ਮਲਵਈ ਦੀ ਵਰਤੋਂ ਕੀਤੀ ਹੈ ਕਿਉਂਕਿ ਇਹ ਪਾਤਰਾਂ ਦੇ ਸੁਭਾਅ ਤੇ ਉਹਨਾਂ ਦੇ ਨੈਣ ਨਕਸ਼ਾਂ ਨੂੰ ਵਧੇਰੇ ਚੰਗੀ ਤਰ੍ਹਾਂ ਉਘਾੜਦੀ ਹੈ। ਕਣਕ ਦੀ ਬੋਲੀ (1954) ਦੀ ਫਫੈਕਟਣੀ, ਤਾਬਾਂ ਝੰਡੂ ਤੇ ਮੱਘਰ ਦੀ ਜ਼ਬਾਨ ਨੂੰ ਵੀ ਮਲਵਈ ਪੁੱਠ ਦਿਤੀ ਹੈ, ਪਰ ਤਾਰੋ ਤੇ ਨਰੈਣਾ ਤੇ ਬਚਨਾ ਦੀ ਜ਼ਬਾਨ ਸਰੋਦੀ ਤੇ ਰਮਾਂਚਕ ਹੈ। ਇਸ ਤਰ੍ਹਾਂ ਭਾਸ਼ਾ ਨੂੰ ਨਾਟਕ ਦੀ ਗਤੀ ਤੇ ਜਜ਼ਬੇ ਦੀ ਲੋੜ ਅਨੁਸਾਰ ਵਰਤਿਆ ਹੈ।
ਪੱਤਣ ਦੀ ਬੇੜੀ' (1950) ਦੀ ਨਾਇਕਾ ਦੀਪੇ ਜੇ ਦਰਿਆ ਦੇ ਕੰਢੇ ਝੁੱਗੀ ਵਿਚ ਰਹਿੰਦੀ ਹੈ, ਟਕਸਾਲੀ ਪੰਜਾਬੀ ਬੋਲਦੀ ਹੈ। ਇਸ ਬੋਲੀ ਵਿਚ ਹੀ ਉਹ ਆਪਣੇ ਜਜ਼ਬਾਤ ਦੀਆਂ ਟੱਕਰਾਂ, ਪਿਆਰ ਦੀਆਂ ਤੜਪਾਂ ਤੇ ਗੈਰ ਮਰਦ ਲਈ ਉਬਲਦੇ ਵੇਗ ਨੂੰ ਪਰਗਟਾਉਂਦੀ ਹੈ। ਇਹ ਆਮ ਮੌਲਾਹ ਦੀ ਅਨਪੜ ਤੀਵੀਂ ਦੀ ਬੋਲੀ ਨਹੀਂ, ਸਗੋਂ ਇਹ