ਬੁੱਤ ਨੂੰ ਬੁੱਤ ਗਲ ਮਿਲਣ
ਦਾ ਰਹਿੰਦਾ ਰਤਾ ਨਾ ਚਾਅ
ਬਾਗ਼ੀ ਫੁੱਲ ਨਾ ਮੌਲਦੇ
ਢਕੀ ਸਾਵੇ ਘਾ
ਇਸ ਅਮਰ ਮਨੁੱਖ ਦੀ ਭਟਕਣਾ
ਵਿਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜ਼ਿੰਦਗੀ
ਤੇ ਇਸ ਦਾ ਨਾਮ ਕਜ਼ਾ
ਇਹ ਭਟਕਣ ਦਾ ਹੀ ਰੂਪ ਹੈ
ਜੋ ਖੇਤ ਰਹੇ ਲਹਿਰਾ
ਇਸ ਭਟਕਣ ਦੀ ਹੀ ਕੁੱਖ 'ਚੋਂ
ਹੈ ਧਰਤੀ ਜਨਮ ਲਿਆ
ਸੂਤਰਧਾਰ
ਉਫ਼ ! ਕੇਹੀ ਇਹ ਭਟਕਣਾ
ਕੁਝ ਸੁਪਨੇ ਮੋਢਾ ਚਾ
ਜਨਮ-ਦਿਵਸ ਦੀ ਨਗਨ-ਘੜੀ
ਤੋਂ ਥਣ ਨੂੰ ਮੂੰਹ ਵਿਚ ਪਾ
ਹਿਰਨਾਂ ਸਿੰਗੀਂ ਬੈਠ ਕੇ
ਦੇਣੀ ਉਮਰ ਵੰਜਾ
ਨਟੀ
ਇਹ ਭਟਕਣ ਸਦਾ ਮਨੁੱਖ ਨੂੰ
ਅੱਗੇ ਰਹੀ ਚਲਾ
ਇਸ ਭਟਕਣ ਅੱਗੇ ਦੇਵਤੇ
ਵੀ ਜਾਂਦੇ ਸੀਸ ਨਿਵਾ
ਸੂਤਰਧਾਰ
ਹੈ ਸੰਖ ਨੇ ਵੱਜੇ ਮੰਦਰੀਂ
ਹੁਣ ਸੱਥੀ ਚਿੜੀਆਂ ਚੂਕੀਆਂ
ਤੇ ਜੰਗਲ ਬੋਲ ਪਿਆ
ਹੈ ਹੋਇਆ ਸਰਘੀ ਵੇਲੜਾ
ਤੇ ਚੰਨ ਵੀ ਬੁਝ ਗਿਆ
ਹੈ ਸੂਰਜ ਦਾ ਰਥ ਹਿੱਕਦਾ
ਸਿਰ ਭੀ ਆਏ ਪਿਆ
ਆਓ ਮੁੜੀਏ ਦੇਵ ਲੋਕ ਨੂੰ
ਗਈ ਸਾਰੀ ਰਾਤ ਵਿਹਾ
ਨਟੀ
ਕੀ ਹੋਇਆ ਸੱਜਣ ਮੈਂਡੜੇ
ਜੇ ਗਈ ਹੈ ਰਾਤ ਵਿਹਾ
ਕੀ ਹੋਇਆ ਮੇਰੇ ਸ਼ਾਮ ਜੀਉ
ਜੇ ਖੂਹੀਂ ਡੋਲ ਪਿਆ
ਜੀ ਚਾਹੁੰਦੈ ਇਸੇ ਧਰਤ ਤੇ
ਮੈਂ ਦੇਵਾਂ ਉਮਰ ਵੰਜਾ
ਸੂਤਰਧਾਰ
ਇਹ ਕੌਣ ਨੇ ਟੂਣੇ ਹਾਰੀਆਂ
ਜਿਹਨਾਂ ਕੀਲੀ ਕੁੱਲ ਫ਼ਜ਼ਾ
ਜਿਉਂ ਗੁੰਬਦ ਵਿਚ ਆਵਾਜ਼
ਦੀ ਟੁਰਦੀ ਰਹੇ ਸਦਾ
ਜਿਉਂ ਮਧੂ-ਮੁੱਖੀਆਂ ਦਾ
ਮਧੂ-ਵਣਾਂ ਵਿਚ ਟੋਲਾ ਉੱਡ ਰਿਹਾ
ਜਿਉ ਚੀਰ ਕੇ ਜੰਗਲ ਬਾਂਸ ਦੇ
ਲੰਘੇ ਤੇਜ਼ ਹਵਾ
ਜਿਉਂ ਥਲ 'ਚੋਂ ਲੰਘੇ ਕਾਫ਼ਲਾ
ਜਦ ਅੱਧੀ ਰਾਤ ਵਿਹਾ
ਹੈ ਸਾਰੀ ਵਾਦੀ ਗੂੰਜ ਪਈ
(ਗੀਤ ਦੀ ਆਵਾਜ਼ ਉਭਰਦੀ ਹੈ)
ਅੱਧੀ ਰਾਤ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਚੰਬਾ ਖਿੜਿਆ ਮਾਲਣੇ
ਉਹਦੀ ਮਹਿਲੀ ਗਈ ਖੁਸ਼ਬੋ
ਮਹਿਲੀ ਰਾਣੀ ਜਾਗਦੀ
ਉਹਦੇ ਨੈਣੀਂ ਨੀਂਦ ਨਾ ਕੋ
ਰਾਜੇ ਤਾਈਂ ਆਖਦੀ
ਮੈਂ ਚੰਬਾ ਲੈਣਾ ਸੋ
ਜੋ ਕਾਲੇ ਵਣ ਮੇਲਿਆ
ਜਿਹਦੀ ਹੋਕੇ ਜਹੀ ਖ਼ੁਸ਼ਬੋ
ਧਰਮੀ ਰਾਜਾ ਆਖਦਾ
ਬਾਹਾਂ ਵਿਚ ਪਰੋ
ਨਾ ਰੋ ਜਿੰਦੇ ਮੇਰੀਏ
ਲੱਗ ਲੈਣ ਦੇ ਲੋਅ
ਚੰਬੇ ਖ਼ਾਤਰ ਸੋਹਣੀਏ
ਜਾਸਾਂ ਕਾਲੇ ਕੋਹ
ਰਾਣੀ ਚੰਬੇ ਸਹਿਕਦੀ
ਮਰੀ ਵਿਚਾਰੀ ਹੋ
ਜੇਕਰ ਰਾਜਾ ਦੱਬਦਾ
ਮੈਲੀ ਜਾਂਦੀ ਹੋ
ਜੇਕਰ ਰਾਜਾ ਸਾੜਦਾ
ਕਾਲੀ ਜਾਂਦੀ ਹੋ
ਅੱਧੀ ਰਾਤੀਂ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਸੂਤਰਧਾਰ
ਵੇਖ ਨਟੇ!
ਸਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸਵਰ-ਮੰਡਲ ਨੂੰ
ਜਿਉ ਕੋਈ ਛੇੜ ਗਿਆ
ਕੱਤਕ ਮਾਹ ਵਿਚ ਕੂੰਜਾਂ ਦਾ
ਜਿਉ ਕੰਨੀ ਬੋਲ ਪਿਆ
ਚੇਤਰ ਦੇ ਵਿਚ ਜਿਉ ਕਰ ਬਾਗ਼ੀ
ਵਗੇ ਪੁਰੇ ਦੀ 'ਵਾ
ਸਾਉਣ ਮਹੀਨੇ ਜਿਉਂ ਕੋਇਲਾਂ ਦੀ
ਦੂਰੋਂ ਆਏ ਸਦਾ
ਨਿੱਕੀ ਕਣੀ ਦਾ ਕਹਿੰਦੇ ਛੰਨੇ
ਮੀਂਹ ਜਿਉਂ ਵਰ੍ਹੇ ਪਿਆ
ਜਿਉਂ ਪਰਬਤ ਵਿਚ ਪਾਰਵਤੀ ਦਾ
ਬਿਛੂਆ ਛਣਕ ਰਿਹਾ
ਜਾਂ ਜਿਉਂ ਹੋਵੇ ਗੂੰਜਦਾ
ਸ਼ਿਵ ਦਾ ਨਾਦ-ਮਹਾਂ
ਨਟੀ
ਜਿਉਂ ਸਾਗਰ ਦੀ ਛਾਤੀ 'ਤੇ
ਕੋਈ ਰਿਹਾ ਮਛੇਰਾ ਗਾ
ਜਾਂ ਬਿਰਹਣ ਦੇ ਵਿਚ ਕਾਲਜੇ
ਸ਼ਬਦ ਕੋਈ ਧੁਖੇ ਪਿਆ
ਜੋ ਉਹਦੇ ਝੂਠੇ ਪ੍ਰੇਮੀ ਉਸ ਦੇ
ਕੰਨੀਂ ਕਦੇ ਕਿਹਾ
ਸੂਤਰਧਾਰ
ਇਹ ਆਨੰਦ ਕਿਹਾ ?
ਕਿੰਜ ਸ਼ਬਦ ਦੀ ਮਹਿਕ ਫੜਾਂ
ਮੈਥੋਂ ਮਹਿਕ ਫੜੀ ਨਾ ਜਾ
ਜਿਉਂ ਕੋਈ ਭੋਰਾ ਗੁਣ ਗੁਣ ਕਰਦਾ
ਮਹਿਕ ਦੇ ਕੱਜਣ ਲਿਪਟੇ ਹੋਏ
ਨੀਲੇ ਸੁਪਨ ਜਿਹਾ
ਜਿਉ ਕਿਸੇ ਵਿਧਵਾ ਹੌਕਾ ਭਰਿਆ
ਸੁੰਨੀ ਸੇਜ ਵਿਛਾ
ਨਟੀ
ਇਹ ਤਾਂ ਹਨ ਚੰਬਿਆਲਣਾਂ
ਜੋ ਰਹੀਆਂ ਰਲ ਮਿਲ ਗਾ
ਸ਼ਹਿਦ-ਪਰੁੱਚੇ ਕੰਠ 'ਚੋਂ
ਲੰਮੀ ਹੇਕ ਲੱਗਾ
ਜਿਉ ਮਾਂ ਕੋਈ ਗਾਵੇ ਬਿਰਹੜਾ
ਚਰਖੇ ਤੰਦ ਵਲਾ
ਜਿਹਦਾ ਪੁੱਤਰ ਸੱਤ ਸਮੁੰਦਰੀ
ਨਾ ਮੁੜਿਆ ਲਾਮ ਗਿਆ
ਸੂਤਰਧਾਰ
ਇਹ ਤਾਂ ਸਭੋ ਰਾਣੀਏਂ
ਹਨ ਰਹੀਆਂ ਇੱਤ ਵੱਲ ਆ
ਹੱਥ ਫੁੱਲਾਂ ਦੀਆਂ ਡਾਲੀਆਂ
ਸਿਰ 'ਤੇ ਗੜਵੇ ਚਾ
ਆ ਗਗਨਾਂ ਨੂੰ ਉੱਡੀਏ
ਜਾਂ ਛੱਡ ਦਈਏ ਰਾਹ
ਬਣੀਏ ਵਾਸੀ ਧਰਤ ਦੇ
ਜਾਂ ਲਈਏ ਰੂਪ ਵਟਾ
ਨਟੀ
ਹਾਂ ਹਾਂ ਪ੍ਰਭ ਜੀ ਠੀਕ ਕਿਹਾ
ਆਓ ਲਈਏ ਰੂਪ ਵਟਾ
ਤੇ ਕਰੀਏ ਚਾਰ ਗਲੋੜੀਆਂ